ਸਿੱਖ ਦਾ ਇੱਕੋ ਵੈਰੀ, ਬ੍ਰਾਹਮਣਵਾਦ
ਇਹ ਲੇਖ ਕਿਤਾਬ ਦਾ ਮੁਖ-ਬੰਦ ਹੈ। ਪੰਜਾਬੀ ਜਾਂ ਅੰਗਰੇਜ਼ੀ ਵਿਚ ਕਿਤਾਬ ਮੰਗਵਾਉਣ ਲਈ ਹੁਣੇ ਆਨਲਾਈਨ ਆਰਡਰ ਕਰੋ Click Link Here

ਸਿੱਖ ਜਗਤ ਦੇ ਪ੍ਰਬੁੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ੧੯ਵੀਂ ਸਦੀ ਦੇ ਅੰਤਲੇ ਦਹਾਕੇ ਸੰਨ ੧੮੯੮ ਈ: ਵਿਚ ਕਿਤਾਬ ਲਿਖੀ ਜਿਸ ਦਾ ਵਿਸ਼ਾ ਸੀ ‘ਹਮ ਹਿੰਦੂ ਨਹੀਂ’ ਇਸ ਰਚਨਾ ਨੂੰ ਲਿਖਣ ਦੇ ਉਦੇਸ਼ ਨੂੰ ਸਪਸ਼ਟ ਕਰਦਿਆਂ ਭਾਈ ਸਾਹਿਬ ਕਿਤਾਬ ਦੀ ਭੂਮਿਕਾ ਵਿਚ ਲਿਖਦੇ ਹਨ: >ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ, ਪਰ ਅਗਿਆਨ ਕਰਕੇ ਖ਼ਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਸਿੱਖਾਂ ਦੀ ਇਸ ਮਾਨਸਿਕ ਸਥਿਤੀ ਦੇ ਕਾਰਨ ਨੂੰ ਬਿਆਨਦੇ ਹੋਏ ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ:
ਸਾਡੇ ਵਿਚ ਬਹੁਤ ਭਾਈ ਐਸੇ ਹਨ, ਜੋ ਆਪਣੇ ਆਪ ਨੂੰ ਸਿੰਘ ਹੋ ਕੇ ਭੀ ਹਿੰਦੂ ਧਰਮੀ ਮੰਨਦੇ ਹਨ, ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਜੁਦਾ ਅਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿਚ ਹਾਨੀ ਜਾਣਦੇ ਹਨ। ਜਿਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅਨਮਤਾਂ ਦੀਆਂ ਪੋਥੀਆਂ ਔਰ ਸਵਾਰਥੀ ਪਰਪੰਚੀਆਂ ਦੀ ਸਿੱਖਿਆ ਸੁਣਨ ਵਿਚ ਉਮਰ ਬਿਤਾਈ ਹੈ।
ਭਾਈ ਸਾਹਿਬ ਦੇ ਇਹ ਵਿਚਾਰ ੧੯ਵੀਂ ਸਦੀ ਦੇ ਅੰਤ ਜਾਂ ੨੦ਵੀਂ ਸਦੀ ਦੀ ਸ਼ੁਰੂਆਤ ਤੇ ਸਿੱਖ ਸਮਾਜ ਦੀ ਦਸ਼ਾ ਨੂੰ ਮੁੱਖ ਰੱਖ ਕੇ ਬਿਆਨੇ ਸਨ । ਪਰ ਜੇ ਅੱਜ ਦੇ ਸਮੇਂ ਤੇ ਨਜ਼ਰ ਪਾਈਏ ਤਾਂ ਹਲਾਤ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ । ਪਹਿਲਾਂ ਗੱਲ ਸ਼ਬਦ ਵਿਚਾਰ ਦੀ ਘਾਟ ਕਾਰਨ ਅਗਿਆਨਤਾ ਵਿਚੋਂ ਜਨਮੀ ਸਿੱਖਾਂ ਦੀ ਮਾਨਸਿਕਤਾ ਸੀ । ਪਰ ੧੯੪੭ ਤੋਂ ਬਾਅਦ ਸੈਕਲੂਰਿਜ਼ਮ (secularism) ਦੇ ਨਾਂ ਥੱਲੇ ਆਪਣੀ ਕਿਸਮਤ ਜਿਸ ਰਾਜ ਪ੍ਰਬੰਧ ਦੇ ਹੇਠ ਫੜਾ ਦਿੱਤੀ ਹੈ, ਉਹ ਹਰ ਹੀਲੇ ਸਿੱਖਾਂ ਦੀਆਂ ਉਨ੍ਹਾਂ ਸਾਰੀਆਂ ਸੰਸਥਾਵਾਂ ਤੇ ਕਾਬਜ਼ ਹੋਣਾ ਲੋਚਦੀ ਹੈ, ਜਿਸ ਨਾਲ ਸਿੱਖ ਨੂੰ ਸ਼ਬਦ ਵਿਚਾਰ ਤੋਂ ਤੋੜੀਆ ਜਾ ਸਕੇ । ਇਹ ਭਾਰਤ ਦਾ ਰਾਜ ਪ੍ਰਬੰਧ ਬ੍ਰਾਹਮਣਵਾਦ ਦੀ ਵਿਚਾਰਧਾਰਾ ਤੇ ਖੜ੍ਹਾ ਹੈ । ਇਹ ਬ੍ਰਾਹਮਣੀ ਰਾਜ ਆਪਣੀ ਰਾਜਨੀਤਿਕ ਤਾਕਤ ਦਾ ਇਸਤੇਮਾਲ ਕਰਦਿਆਂ ਸ਼ਾਮ, ਦਾਮ, ਦੰਡ, ਭੇਦ ਦਾ ਹਰ ਵਸੀਲਾ ਵਰਤ ਕੇ ਚੌਥੇ ਵਰਨ (ਅਖੌਤੀ ਅਛੂਤ), ਸਿੱਖ, ਮੁਸਲਿਮ, ਕ੍ਰਿਸਚਨ ਤੇ ਹੋਰ ਘੱਟ ਗਿਣਤੀ ਕੌਮਾਂ ਦਾ ਨਿਰੰਤਰ ਦਮਨ ਕਰਦੀ ਰਹਿੰਦੀ ਹੈ । ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਆਪਣੇ ਲੇਖ 'ਵਾਕਿੰਗ ਵਿਦ ਦ ਕਾਮਰੇਡਜ਼' ਵਿੱਚ ਲਿਖਿਆ ਹੈ:
ਲਗਭਗ ਉਸੇ ਸਮੇਂ ਤੋਂ ਜਦੋਂ ਤੋਂ ਭਾਰਤ ਇਕ ਪ੍ਰਭੂਸੱਤਾ ਦੇਸ਼ ਬਣਿਆ ਹੈ, ਇਹ ਬਸਤੀਵਾਦ ਤਾਕਤ ਵਿਚ ਬਦਲ ਗਿਆ ਹੈ, ਪ੍ਰਦੇਸ਼ਾਂ ਨੂੰ ਸਮਿਲਿਤ ਕਰਨਾ, ਜੰਗ ਛੇੜਨੀ । ਰਾਜਨੀਤਿਕ ਸਮੱਸਿਆ ਦੇ ਹੱਲ ਲਈ ਫ਼ੌਜੀ ਦਖਲਅੰਦਾਜ਼ੀ ਕਰਨ ਵਿਚ ਇਸ ਨੇ ਕਦੇ ਸੰਕੋਚ ਨਹੀਂ ਕੀਤਾ- ਕਸ਼ਮੀਰ, ਹੈਦਰਾਬਾਦ, ਗੋਆ, ਨਾਗਾਲੈਂਡ, ਮਨੀਪੁਰ, ਤੇਲੰਗਾਨਾ, ਅਸਾਮ, ਪੰਜਾਬ, ਨਕਸਲੀ ਵਿਦਰੋਹ ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਹੁਣ ਕੇਂਦਰੀ ਭਾਰਤ ਦੇ ਆਦੀਵਾਸੀ ਇਲਾਕਿਆਂ ਵਿਚ । ਹਜ਼ਾਰਾਂ ਹੀ ਹਜ਼ਾਰਾਂ ਲੋਕਾਂ ਨੂੰ ਦੰਡ-ਰਹਿਤ ਵਿਵਸਥਾ ਵਿਚ ਮਾਰ ਦਿੱਤਾ ਗਿਆ ਹੈ, ਸੈਂਕੜੇ ਹਜ਼ਾਰਾਂ ਨੂੰ ਤਸੀਹੇ ਦਿੱਤੇ ਗਏ ਹਨ । ਇਹ ਸਭ ਲੋਕਤੰਤਰ ਦੇ ਸਰਬੋਤਮ ਨਕਾਬ ਦੇ ਪਿੱਛੇ ਕੀਤਾ । ਇਹ ਜੰਗ ਕਿਸ ਦੇ ਵਿਰੁੱਧ ਚਲਾਈ ਗਈ ਹੈ? ਮੁਸਲਮਾਨ, ਈਸਾਈ, ਸਿੱਖ, ਕਮਿਊਨਿਸਟ, ਦਲਿਤ, ਆਦਿਵਾਸੀ ਅਤੇ ਸਭ ਤੋਂ ਵੱਧ, ਗਰੀਬਾਂ ਦੇ ਵਿਰੁੱਧ ਜੋ ਉਨ੍ਹਾਂ ਵਲ ਸੁਟੇ ਟੁਕੜਿਆਂ ਨੂੰ ਸਵੀਕਾਰ ਕਰਨ ਦੀ ਬਜਾਏ ਉਹਨਾਂ ਦੀ ਤਾਕਤ ਨੂੰ ਸਵਾਲ ਕਰਨ ਦੀ ਹਿੰਮਤ ਕਰਦੇ ਹਨ । ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਭਾਰਤ ਦਾ ਰਾਜ ਇਕ ਉੱਚ-ਜਾਤੀ ਹਿੰਦੂ ਰਾਜ ਹੈ (ਭਾਵੇਂ ਪਾਰਟੀ ਸੱਤਾ ਵਿਚ ਕੋਈ ਵੀ ਹੋਵੇ) ਜੋ ‘ਦੂਸਰੇ’ ਪ੍ਰਤੀ ਕ੍ਰਿਯਾਸ਼ੀਲ ਵੈਰ ਨੂੰ ਆਸਰਾ ਦਿੰਦਾ ਹੈ।
ਸਿੱਖਾਂ ਦੇ ਪੰਜ ਸਦੀਆਂ ਦੇ ਲਘੂ ਜੀਵਨ ਵਿਚ ਸਿੱਧੇ ਤੌਰ ਤੇ ਬ੍ਰਾਹਮਣੀ ਰਾਜ ਦੇ ਅਧੀਨ ਹੋਣ ਦਾ ਵਰਤਾਰਾ ਪਹਿਲੀ ਵਾਰ ੧੯੪੭ ਤੋਂ ਬਾਅਦ ਆਇਆ ਹੈ । ਸਿੱਖ ਇਤਿਹਾਸ ਵਿਚ ਮੁਗ਼ਲ ਸਲਤਨਤ ਦੇ ਅਧੀਨ ਵਾਪਰੇ ਘੱਲੂਘਾਰੇ ਅਤੇ ਬੇਮਿਸਾਲ ਸ਼ਹਾਦਤਾਂ ਨੂੰ ਤਾਂ ਹਰ ਸਿੱਖ ਦੀ ਮਾਨਸਿਕਤਾ ਵਿਚ ਵਾਜਬ ਸਥਾਨ ਮਿਲਿਆ ਹੈ, ਪਰ ੧੯੪੭ ਤੋਂ ਬਾਅਦ ਦੀਆਂ ਸ਼ਹਾਦਤਾਂ ਅਤੇ ਘੱਲੂਘਾਰੇ ਉਹ ਸਥਾਨ ਨਾ ਲੈ ਸਕੇ ਕਿਉਂਕਿ ਮੌਜੂਦਾ ਰਾਜ ਸ਼ਕਤੀ ਵੱਲੋਂ ਖੜ੍ਹਾ ਕੀਤਾ ਫਰਜੀ ਰਾਸ਼ਟਰਵਾਦ ਦਾ ਭਰਮ ਆਮ ਨਾਗਰਿਕ ਦੀ ਮਾਨਸਿਕਤਾ ਦਾ ਸੰਸਕਾਰ ਬਣ ਚੁੱਕਾ ਹੈ । ਆਮ ਸਿੱਖ ਨੂੰ ਰਾਸ਼ਟਰ ਜਾਂ ਧਰਮ ਵਿਚੋਂ ਇੱਕ ਨੂੰ ਪਹਿਲ ਦੇਣ ਦੇ ਨੀਵੇਂ ਪੱਧਰ ਦੇ ਸਵਾਲਾਂ ਵਿਚ ਹੀ ਉਲਝਾ ਕੇ ਰੱਖ ਦਿੱਤਾ ਹੈ । ਅੱਜ ਸੁਆਲ ਕੇਵਲ ਇਸ ਗੱਲ ਦਾ ਨਬੇੜਾ ਕਰਨ ਤੱਕ ਸੀਮਤ ਨਹੀਂ ਰਹਿ ਗਿਆ ਕਿ ‘ਹਮ ਹਿੰਦੂ ਨਹੀਂ’ ਬਲਕਿ ਹੁਣ ਸਵਾਲ ਸਿੱਖ ਦੀ ਹੋਂਦ ਤੇ ਹੈ, ‘ਕੀ ਬ੍ਰਾਹਮਣੀ ਰਾਜ ਅਧੀਨ ਸਿੱਖ ਆਪਣੀ ਹੋਂਦ ਬਚਾਅ ਪਾਏਗਾ?’ ਇਹ ਉਹ ਵਿਸ਼ਾ ਹੈ ਜੋ ਸਿੱਖ ਪ੍ਰਚਾਰਕਾਂ ਅਤੇ ਬੁੱਧੀਜੀਵੀਆਂ ਦਾ ਪਹਿਲਾ ਵਿਸ਼ਾ ਹੋਣਾ ਚਾਹੀਦਾ ਸੀ, ਪਰ ਇਸ ਨੂੰ ਖੁੱਲ੍ਹ ਕੇ ਵਿਚਾਰ ਦਾ ਵਿਸ਼ਾ ਬਣਾਉਣ ਵਿਚ ਬਹੁਤੇ ਵਿਦਵਾਨ ਹਿੰਦੂ-ਸਿੱਖ ਦੇ ਭਾਈਚਾਰੇ ਨੂੰ ਸੱਟ ਵੱਜਣ ਦਾ ਖ਼ਦਸ਼ਾ ਜਤਾਉਂਦੇ ਹਨ । ਇਹ ਖ਼ਦਸ਼ਾ ਵੀ ਬ੍ਰਾਹਮਣੀ ਰਾਜ ਨੇ ਆਪਣੇ ਫ਼ਾਇਦੇ ਵਾਸਤੇ ਘੱਟ ਗਿਣਤੀਆਂ ਦੇ ਮਨਾ ਵਿਚ ਬਿਠਾ ਦਿੱਤਾ ਹੈ । ਅਸਲ ਵਿਚ ਇਹ ਹੀਣ ਭਾਵਨਾ ਸਵਰਨ ਜਾਤੀ ਕਹਿਲਾਉਣ ਵਾਲੀਆਂ ਦੀ ਨਾਰਾਜ਼ਗੀ ਦੇ ਡਰ ਵਿਚੋਂ ਜਨਮੀ ਹੈ । ਜੇਕਰ ਕ੍ਰਿਸਮਸ, ਈਦ ਤਿਉਹਾਰਾਂ ਨਾਲ ਰਲਗੱਡ ਹੋਏ ਬਗੈਰ ਸਿੱਖਾਂ ਦਾ ਇਸਾਈ ਜਾਂ ਮੁਸਲਿਮ ਭਾਈਚਾਰੇ ਨਾਲ ਸਾਂਝ ਉੱਪਰ ਕੋਈ ਅਸਰ ਨਹੀਂ ਪੈਂਦਾ, ਫਿਰ ਸਿੱਖੀ ਸਿਧਾਂਤਾਂ ਦੇ ਉਲਟ ਕਰਵਾ-ਚੌਥ ਜਾਂ ਰੱਖੜੀ ਵਰਗੇ ਮਿਥਿਹਾਸ ਤੇ ਟਿਕੇ ਬ੍ਰਾਹਮਣੀ ਤਿਉਹਾਰਾਂ ਨਾਲ ਰਲਗੱਡ ਹੋਣਾ ਹਿੰਦੂ-ਸਿੱਖ ਭਾਈਚਾਰੇ ਵਾਸਤੇ ਜ਼ਰੂਰੀ ਕਿਉਂ ਸਮਝ ਲਿਆ ਗਿਆ ਹੈ ? ਫਿਰਕੂ ਸਦਭਾਵਨਾ ਦਾ ਨਿਯੰਤਰਿਤ ਬਿਰਤਾਂਤ ਸਿੱਖ ਮਾਨਸਿਕਤਾ ਦਾ ਜੀਵਨ ਦਾ ਸਾਧਾਰਨ ਵਿਹਾਰ ਬਣ ਜਾਣਾ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਹੈ । ਭਾਈਚਾਰਕ ਸਾਂਝ ਦੂਸਰੇ ਦੇ ਮਜ਼੍ਹਬ ਦੀ ਵਿਲੱਖਣਤਾ ਦਾ ਸਨਮਾਨ ਕਰਨ ਵਿਚ ਹੈ ਨਾ ਕਿ ਰਾਜਨੀਤਿਕ ਪੱਖੋਂ ਕਮਜ਼ੋਰ ਧਿਰ ਦੇ ਸਭਿਆਚਾਰ ਨੂੰ ਭਾਈਚਾਰਕ ਸਾਂਝ ਦੇ ਨਾਂ ਹੇਠ ਜਜ਼ਬ ਕਰਨ ਵਿਚ । ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਰੌਸ਼ਨ ਦਿਮਾਗ਼ ਡਾ ਭੀਮ ਰਾਓ ਅੰਬੇਦਕਰ ਦੇ ਮਨ ਵਿਚ ਇਹ ਹੀਣ ਭਾਵਨਾ ਕਦੇ ਨਹੀਂ ਆਈ ਕਿਉਂਕਿ ਉਹ ਸਮਝ ਚੁੱਕੇ ਸਨ ਕਿ ਦਲਿਤ ਸਮਾਜ ਦਾ ਉਧਾਰ ਬ੍ਰਾਹਮਣ ਦੇ ਬਣਾਏ ਹੋਏ ਸਮਾਜ ਨੂੰ ਪੂਰੀ ਤਰ੍ਹਾਂ ਨਕਾਰਕੇ ਹੀ ਹੋ ਸਕਦਾ ਹੈ । ਉਨ੍ਹਾਂ ਨੇ ਆਪਣੇ ਵਿਚਾਰ ਬਿਨਾ ਕਿਸੇ ਡਰ ਜਾਂ ਦਲਿਤ-ਬ੍ਰਾਹਮਣ ਭਾਈਚਾਰਾ ਵਰਗੇ ਅਖੌਤੀ ਖ਼ਦਸ਼ਿਆਂ ਨੂੰ ਦਰ ਕਿਨਾਰ ਕਰ ਕੇ ਦਿੱਤੇ । ਡਾ ਅੰਬੇਦਕਰ ਦੇ ਮਸ਼ਹੂਰ ਲੇਖ ‘ਜਾਤ-ਪਾਤ ਦਾ ਬੀਜ ਨਾਸ਼’ (Annihilation of Caste) ਵਿਚ ਉਨ੍ਹਾਂ ਨੇ ਲਿਖਿਆ:
ਤੁਹਾਨੂੰ ਉਹੀ ਸਟੈਂਡ ਲੈਣਾ ਚਾਹੀਦਾ ਹੈ ਜੋ ਬੁੱਧ ਨੇ ਲਿਆ ਸੀ । ਤੁਹਾਨੂੰ ਉਹੀ ਸਟੈਂਡ ਲੈਣਾ ਚਾਹੀਦਾ ਹੈ ਜੋ ਗੁਰੂ ਨਾਨਕ ਨੇ ਲਿਆ ਸੀ । ਤੁਹਾਨੂੰ ਸ਼ਾਸਤਰਾਂ ਨੂੰ ਸਿਰਫ਼ ਰੱਦ ਹੀ ਨਹੀਂ ਕਰਨਾ ਚਾਹੀਦਾ ਬਲਕਿ ਉਨ੍ਹਾਂ ਦੀ ਸਮਰੱਥਾ ਨੂੰ ਵੀ ਨਕਾਰਨਾ ਚਾਹੀਦਾ ਹੈ, ਜਿਵੇਂ ਬੁੱਧ ਤੇ ਨਾਨਕ ਨੇ ਕੀਤਾ । ਤੁਹਾਡੇ ਵਿਚ ਹਿੰਦੂਆਂ ਨੂੰ ਦੱਸਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਖੋਟ ਉਨ੍ਹਾਂ ਦੇ ਮਜ਼੍ਹਬ ਵਿਚ ਹੈ- ਉਹ ਮਜ਼੍ਹਬ ਜਿਨਹੇ ਜਾਤ ਦੀ ਪਵਿੱਤਰਤਾ ਦਾ ਵਿਚਾਰ ਉਨ੍ਹਾਂ ਵਿਚ ਪੈਦਾ ਕੀਤਾ ਹੈ । ਕੀ ਤੁਸੀਂ ਇਹ ਹਿੰਮਤ ਦਿਖਾਉਗੇ ?
ਡਾ ਅੰਬੇਦਕਰ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਸਦਕਾ ਹਿੰਦੂਆਂ ਨੂੰ ਬ੍ਰਾਹਮਣਵਾਦ ਵਿਚੋਂ ਕੱਢਨ ਦੀ ਪ੍ਰੇਰਨਾ ਕਰਦੇ ਹਨ, ਪਰ ਗੁਰੂ ਨਾਨਕ ਦੇ ਅਖਵਾਉਂਦੇ ਸਿੱਖ ਆਪ ਹੀ ਇਸ ਦਲ-ਦਲ ਵਿੱਚ ਧੱਸਦੇ ਜਾ ਰਹੇ ਨੇ । ਦਸਮੇਸ਼ ਪਿਤਾ ਦੇ ਆਖ਼ਰੀ ਹੁਕਮ ‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਅਨੁਸਾਰ ਜੇ ਸਿੱਖ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਿਆ ਹੁੰਦਾ ਤਾਂ ਬ੍ਰਾਹਮਣਵਾਦ ਦੀ ਲਾਗ ਨਾ ਲਗਦੀ ਤੇ ਰੋਗੀ ਨਾ ਹੂੰਦਾ ।
ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਗੁਰੂ ਗ੍ਰੰਥ ਸਾਹਿਬ (ਮਃ ੧) ਅੰਗ ੬੬੧
ਇਸ ਵਿੱਚ ਕਿਸੇ ਤਰਾਂ ਦਾ ਭਰਮ ਨਹੀਂ ਹੋਨਾ ਚਾਹਿਦਾ ਕਿ ਬ੍ਰਾਹਮਣਵਾਦ ਕੋਈ ਧਰਮ ਨਹੀਂ, ਪਰ ਲੋਕਾਂ ਵਿੱਚ ਮਨੁੱਖਤਾ ਵਿਰੁਧ ਵਿਚਾਰਧਾਰਾ ਪ੍ਰਤੀ ਪਵਿੱਤਰਤਾ ਦਾ ਵਿਚਾਰ ਧਰਮ ਦਾ ਨਾਮ ਦੇਕੇ ਹੀ ਪੈਦਾ ਕੀਤਾ ਗਿਆ ਹੈ । ਵੇਦਾਂ ਸ਼ਾਸਤਰਾਂ ਤੇ ਖੜੇ ਬ੍ਰਾਹਮਣਵਾਦ ਦਾ ਗੁਰਬਾਣੀ ਤੇ ਆਧਾਰਿਤ ਸਿੱਖ ਫ਼ਲਸਫ਼ੇ ਵਿਚ ਐਨਾ ਹੀ ਫ਼ਰਕ ਹੈ, ਜਿਨ੍ਹਾਂ ਹਨੇਰੇ ਅਤੇ ਚਾਨਣ ਵਿਚ, ਜਿਨ੍ਹਾਂ ਅੱਗ ਅਤੇ ਪਾਣੀ ਵਿਚ, ਜਿਨ੍ਹਾਂ ਗ਼ੁਲਾਮੀ ਅਤੇ ਆਜ਼ਾਦੀ ਵਿਚ, ਜਿਨ੍ਹਾਂ ਬਿੱਖ ਅਤੇ ਅਮ੍ਰਿਤ ਵਿਚ, ਜਿਨ੍ਹਾਂ ਸ਼ੈਤਾਨ ਅਤੇ ਰੱਬ ਵਿਚ । ਗੱਲ ਇਹ ਕਿ ਬ੍ਰਾਹਮਣਵਾਦ ਅਤੇ ਗੁਰਮਤਿ ਦੋਵੇਂ ਵਿਪਰੀਤ ਅਰਥ ਦੀ ਵਿਚਾਰਧਾਰਾਵਾਂ ਹਨ, ਕਿਉਂਕਿ ਜਿੱਥੇ ਬ੍ਰਾਹਮਣਵਾਦ ਜਾਤ-ਪਾਤ, ਰੰਗ, ਨਸਲ, ਲਿੰਗ ਦੇ ਵਖਰੇਵਿਆਂ ਨੂੰ ਲੈ ਕੇ ਅਸਮਾਨਤਾ ਅਤੇ ਮਿਥਿਹਾਸ ਤੇ ਖੜ੍ਹਾ ਹੈ ਉੱਥੇ ਹੀ ਸਿੱਖ ਫ਼ਲਸਫ਼ਾ ੴ, ਇੱਕ ਕਰਤਾਰ, ਦੀ ਸਰਬ-ਸਾਂਝੀ ਵਿਚਾਰ ਤੇ ਖੜ੍ਹਾ ਹੈ ਜਿਸ ਨੂੰ ਗੁਰੂਆਂ ਨੇ ਮਨੁੱਖਤਾ ਦੇ ਭਲੇ ਲਈ ਅਮਲੀ ਜੀਵਨ ਵਿਚ ਉਤਾਰਿਆ । ਪਰ ਅੱਜ ਸਿੱਖ ਸਮਾਜ ਰਾਜਨੀਤਿਕ ਅਤੇ ਆਰਥਿਕ ਪੱਖੋਂ ਭਾਰਤ ਵਿਚ ਬ੍ਰਾਹਮਣੀ ਰਾਜ ਪ੍ਰਬੰਧ ਦੇ ਅਧੀਨ ਹੈ । ਪੰਜਾਬ ਦੀ ਹਵਾ, ਪਾਣੀ, ਜ਼ਮੀਨ, ਕਿਸਾਨੀ, ਵਿਆਪਾਰ, ਵਿੱਦਿਆ ਸਭ ਉੱਤੇ ਕੇਂਦਰ ਸਰਕਾਰ ਦਾ ਨਿਯੰਤਰਨ ਹੈ । ਇਸ ਸਭ ਦੇ ਬਾਵਜੂਦ ਦੇਸ਼ ਭਗਤੀ ਦੇ ਫਰਜੀ ਫ਼ਲਸਫ਼ੇ ਦੇ ਅਧੀਨ ਸਮਾਜ ਦੇ ਵੱਡੇ ਤਬਕੇ ਨੂੰ ਇਹਨਾਂ ਗ਼ੁਲਾਮੀ ਦੀਆਂ ਜ਼ੰਜੀਰਾ ਦਾ ਅਹਿਸਾਸ ਹੀ ਨਹੀਂ । ਸਿੱਖ ਦਾ ਕਿਸੇ ਨਾਲ ਕੋਈ ਵੈਰ ਨਹੀਂ, ਪਰ ਸਿੱਖ ਦਾ ਵੈਰੀ ਜ਼ਰੂਰ ਹੈ ਜਿਸ ਬਾਰੇ ਅਵੇਸਲੇ ਹੋਣਾ ਮੂਰਖਤਾ ਅਤੇ ਘਾਤਕ ਹੈ । ਇਸ ਕਿਤਾਬ ਦਾ ਮਕਸਦ ਪਾਠਕ ਦੇ ਮਨ ਵਿਚ ਦੋ ਵਿਚਾਰਧਾਰਾਵਾਂ ਦੇ ਜ਼ਮੀਨ-ਅਸਮਾਨ ਦੇ ਫ਼ਰਕ ਨੂੰ ਨਿਖੇੜਕੇ ਨਿਆਰੇਪਨ ਦਾ ਅਹਿਸਾਸ ਕਰਾਉਣਾ ਹੈ । ਸਿੱਖ ਆਪਣੀ ਰਾਜਨੀਤਿਕ ਅਤੇ ਆਰਥਿਕ ਆਜ਼ਾਦੀ ਵਾਸਤੇ ਉਦੋਂ ਤੱਕ ਸੁਚੇਤ ਨਹੀਂ ਹੋਵੇਗਾ ਜਦੋਂ ਤੱਕ ਉਹ ਗੁਰਬਾਣੀ ਦੀ ਰੌਸ਼ਨੀ ਵਿਚ ਇਸ ਫ਼ਰਕ ਨੂੰ ਸਮਝ ਕੇ ਨਿਸ਼ਚਾ ਨਹੀਂ ਕਰ ਲੈਂਦਾ ਕਿ – ਸਿੱਖ ਦਾ ਇੱਕੋ ਵੈਰੀ, ਬ੍ਰਾਹਮਣਵਾਦ।



