ਸਿੱਖੋ! ਭਰਾ-ਮਾਰੂ ਜੰਗ ਤੋਂ ਹਟ ਕੇ ਜਗਤ ਜਲੰਦੇ ਨੂੰ ਰੋਸ਼ਨਾਓ
ਕੋਈ ਵੀ ਸਵਾਲ ਗਲਤ ਨਹੀਂ ਹੂੰਦਾ, ਸਵਾਲਾਂ ਨੂੰ ਪੁਛਣ ਦੀ ਕਾਬਲਿਅਤ ਨੂੰ ਖਤਮ ਕਰ ਦੇਣਾ ਯਕੀਨਨ ਤਬਾਹਕੁਨ ਹੈ

ਕਰੋਨਾ ਮਹਾਮਾਰੀ ਸਾਰੇ ਸੰਸਾਰ ਉਤੇ ਕਹਿਰ ਬਰਪਾ ਰਹੀ ਹੈ। ਜਿਥੇ ਇਕ ਪਾਸੇ ਵੱਡਾ ਮੈਡਿਕਲ ਸੰਕਟ ਆ ਖੜਾ ਹੋਇਆ ਹੈ ਉਥੇ ਭਰਿਸ਼ਟ ਸਰਕਾਰਾਂ ਦਾ ਅਣਮਨੁਖੀ ਕਰੂਪ ਚਹਿਰਾ ਵੀ ਸਾਹਮਣੇ ਆ ਗਿਆ ਹੈ। ਤਾਨਾਸ਼ਾਹ ਨਿਜ਼ਾਮ ਇਸ ਸਮੇਂ ਮਨੁਖੀ ਹੱਕਾਂ ਨੂੰ ਕੁਚਲ ਕੇ ਆਪਣੀ ਸੱਤਾ ਹੋਰ ਪੱਕਾ ਕਰਨ ਵਿਚ ਰੁਝੀਆਂ ਹੋਈਆਂ ਹਨ। ਭਾਰਤ ਵਿਚ ਕਰੋੜਾ ਮਜ਼ਦੂਰਾਂ ਨੂੰ ਨਾ ਸਿਰਫ ਭੁੱਖਮਰੀ ਵਲ ਧਕੇਲ ਦਿੱਤਾ ਹੈ ਬਲਕਿ ਕਈ ਦਹਾਕੀਆਂ ਦੀ ਜਦੋ-ਜਹਿਦ ਤੋਂ ਬਾਦ ਮਿਲੇ ਮਜ਼ਦੂਰਾਂ ਦੇ ਹੱਕ (labour laws) ਨੂੰ ਇਕ ਝੱਟਕੇ ਵਿਚ ਘਟਾ ਦਿੱਤਾ ਹੈ। ਇਸ ਸਾਰੇ ਵਰਤਾਰੇ ਵਿਚ ਜੇ ਅਸੀਂ ਪੰਥ ਵਿਚ ਮਹਾਮਾਰੀ ਤੋਂ ਪਹਿਲਾਂ ਸ਼ੁਰੂ ਹੋਏ ਵਿਵਾਦ ਉਤੇ ਨਜ਼ਰ ਪਾਇਏ ਤਾਂ ਉਹ ਬਹੁਤ ਹੀ ਨੀਂਵੇਂ ਪੱਧਰ ਦਾ ਜਾਪਦਾ ਹੈ। ਪੰਥ ਦੋ ਧਿਰਾਂ ਵਿਚ ਵੰਡਿਆ ਦਿਸਦਾ ਹੈ ਅਤੇ ਭਰਾ-ਮਾਰੂ ਜੰਗ ਵਲ ਵੱਧ ਰਿਹਾ ਹੈ।
ਇਹ ਵਿਵਾਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਉਨ੍ਹਾਂ ਨਾਲ ਜੁੜੇ ਪ੍ਰਚਾਰਕਾਂ ਵਲੋਂ ਭਾਈ ਰੰਜੀਤ ਸਿੰਘ ਢੱਡਰੀਆਂ ਵਾਲੇ ਦੀ ਵਿਆਖਿਆ ਪ੍ਰਣਾਲੀ ਨੂੰ ਲੈਕੇ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਕੀਤੀ ਸ਼ਿਕਾਇਤ ਤੋਂ ਹੂੰਦਾ ਹੈ। ਪਰ ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ ਨਾ ਕਿ ਵਾਰਤਕ ਰੂਪ ਵਿਚ। ਗੁਰਬਾਣੀ ਵਿਆਖਿਆ ਦੀ ਡੁੰਗਾਈ ਅਤੇ ਵਿਸਤਾਰ ਦਾ ਸਮੇਂ, ਸਥਾਨ ਜਾਂ ਮਨੁਖ ਦੀ ਸਮਝ ਦੀ ਸੀਮਾਵਾਂ ਅਨੁਸਾਰ ਅੰਤਰ ਤਾਂ ਆਵੇਗਾ ਹੀ। ਗੁਰਬਾਣੀ ਦੇ ਉਹ ਅਰਥ ਹੀ ਸਹੀ ਕਹੇ ਜਾ ਸਕਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਠ ਮੂਲ ਮੰਤਰ ਵਿਚ ਦਰਜ ਏਕੰਕਾਰ ਦੀ ਵਿਚਾਰਧਾਰਾ ਅਧੀਨ ਕੀਤੇ ਗਏ ਹੋਣ। ਕਿ ਇਸ ਮਤਭੇਦ ਦਾ ਨਿਬੇੜਾ ਭਰਾ-ਮਾਰੂ ਜੰਗ ਨਾਲ ਹੀ ਹੋ ਸਕਦਾ ਹੈ? ਕਿ ਸਭ ਨੂੰ ਆਪਣੀ ਗਲ ਰੱਖਣ ਦੀ ਖੁਲ ਨਹੀਂ ਹੋਣੀ ਚਾਹੀਦੀ? ਘੱਟੋ-ਘੱਟ ਇਸ ਗਲ ਤੇ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਕਿ ਅਸੀਂ ਇਕ-ਦੂਜੇ ਤੋਂ ਅਸਿਹਮਤ ਹਾਂ- Let us agree to disagree.
ਸ਼ਿਕਾਇਤ ਹੈ ਕਿ?
ਭਾਈ ਰੰਜੀਤ ਸਿੰਘ ਖਿਲਾਫ ਜੋ ਸ਼ਿਕਾਇਤ ਕੀਤੀ ਗਈ ਉਸ ਵਿਚ ਪ੍ਰਮੁਖ ਇਹ ਹਨ ਕਿ ਉਹ ਆਪਣੇ ਪ੍ਰਚਾਰ ਦੋਰਾਨ ਇਹ ਕਹਿੰਦੇ ਹਨ ਕਿ- ਗੁਰੂ "ਗਿਆਨ" ਹੈ; ਗੁਰਬਾਣੀ ਗੁਰੂ ਤੱਕ ਪਹੁੰਚਣ ਦਾ "ਜ਼ਰਿਆ" ਹੈ; ਅਕਾਲ ਤਖਤ "ਈਮਾਰਤ" ਹੈ। ਇਥੇ ਇਹ ਗਲ ਦੱਸਣੀ ਬਣਦੀ ਹੈ ਕਿ ਇਹ ਬੋਲ ਬੜੇ ਲੰਬੇ-ਲੰਬੇ ਵਿਖਿਆਨ ਦਾ ਇਕ ਹਿੱਸਾ ਹਨ ਅਤੇ ਪੂਰੇ ਸੰਦਰਭ ਨੂੰ ਸਮਝੇ ਬਗੈਰ ਕਿਸੇ ਵੀ ਵਿਸ਼ੇ ਦਾ ਨਿਰਣਾ ਨਹੀਂ ਕਢਿਆ ਜਾ ਸਕਦਾ। ਪਰ ਸ਼ਿਕਾਇਤ ਨੂੰ ਜਿਸ ਤਰਾਂ ਸੰਗਤ ਤਕ ਪਹੁੰਚਾਇਆ ਗਿਆ ਹੈ ਅਸੀਂ ਉਸੇ ਤਰਾਂ ਹੀ ਲਿਖ-ਵਿਚਾਰ ਰਹੇ ਹਾਂ। ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤ ਹੈ ਕਿ ਭਾਈ ਰੰਜੀਤ ਸਿੰਘ ਉਨ੍ਹਾਂ ਪ੍ਰਚਲਤ ਜਨਮ-ਸਾਖੀਆਂ ਨੂੰ ਵੀ ਨਕਾਰਦੇ ਹਨ ਜਿਨਾ ਵਿਚ "ਕਰਾਮਾਤਾਂ" ਹੋਈਆਂ ਦੱਸਿਆਂ ਜਾਂਦੀਆਂ ਹਨ।
"ਗਿਆਨ" ਲਫ਼ਜ਼ ਦਾ ਬਹੁਤ ਵਿਸ਼ਾਲ ਦਾਇਰਾ ਹੈ। ਕਿਸਦੇ ਗਿਆਨ ਦੀ ਗਲ ਹੋ ਰਹੀ ਹੈ, ਇਸ ਲਫ਼ਜ਼ ਦੀ ਮਹੱਤਤਾ ਉਸਤੇ ਨਿਰਭਰ ਕਰਦੀ ਹੈ। ਗੁਰਬਾਣੀ ਵਿਚ ਇਕ ਕਰਤਾਰ ਦੇ ਸੱਚੇ ਗਿਆਨ ਨੂੰ ‘ਗੁਰੂ’ ਕਈ ਥਾਈਂ ਕਿਹਾ ਗਿਆ ਹੈ।
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥ ਪੰ: ੮੬੪; ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ॥ ਪੰ: ੧੭੩
"ਜ਼ਰਿਆ" ਨਾਲੋਂ ਬੇਹਤਰ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਜੇ ਗੁਰਬਾਣੀ ਦਾ ਫੁਰਮਾਨ ਹੈ- 'ਪੋਥੀ ਪਰਮੇਸਰ ਕਾ ਥਾਨੁ॥' ਤਾਂ ਫਿਰ "ਜ਼ਰਿਆ" ਇਕ ਹੇਠਲੇ ਦਰਜੇ ਦੀ ਵਿਆਖਿਆ ਹੀ ਕਹੀ ਜਾ ਸਕਦੀ ਹੈ। ਪਰ ਜੇ ਗੁਰੂ ਨੂੰ "ਲਵ-ਕੁਸ਼ ਦੀ ਔਲਾਦ" ਜਾਂ ਗੁਰਬਾਣੀ ਦਾ ਵੇਦਿਕ "ਮੰਤਰਾਂ" ਵਾੰਗੂ ਜਾਪ ਕਰਕੇ ਮਨ ਭਾਉਂਦੇ ਫਲ ਪਾਉਣ ਦਾ ਪ੍ਰਚਾਰ ਕੀਤਾ ਜਾ ਸਕਦਾ ਤਾਂ ਫਿਰ "ਜ਼ਰਿਆ" ਤੇ ਬਵਾਲ ਖੜਾ ਕਰਨਾ ਸ਼ਰਧਾ ਅਧੀਨ ਨਹੀਂ ਬਲਕਿ ਸਾਜਿਸ਼ ਅਧੀਨ ਹੀ ਜਾਪਦਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਜਾਂ ਹੋਰ ਗੁਰੂ ਸਾਹਿਬ ਨਾਲ ਜੁੜੇ ਇਤਿਹਾਸਕ ਸਥਾਨ ਸਿੱਖਾਂ ਵਾਸਤੇ ਕੇਵਲ "ਈਮਾਰਤ" ਨਹੀਂ ਹੋ ਸਕਦੇ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੋਰ ਸੰਸਥਾ ਹੈ ਜੋ ਲਾਸਾਨੀ ਸ਼ਹੀਦੀ ਇਤਿਹਾਸ ਦਾ ਗਵਾਹ ਹੈ ਅਤੇ ਪੰਥ ਦੀ ਪ੍ਰਭੂਸੱਤਾ ਦਾ ਪ੍ਰਤੀਕ ਹੈ। "ਈਮਾਰਤ" ਵਰਗੇ ਸ਼ਬਦਾਂ ਤੋਂ ਸੰਕੋਚ ਕਰਨਾ ਬਣਦਾ ਹੈ। ਪਰ ਜਿਸ ਸੰਦਰਭ ਵਿਚ ਇਹ ਗਲ ਕਹੀ ਗਈ ਹੈ ਉਹ ਸ਼ਬਦਾਂ ਦੀ ਚੋਣ ਜਿਨ੍ਹਾਂ ਹੀ ਜ਼ਰੂਰੀ ਹੈ। ਇਸ ਵਿਚ ਕੋਈ ਸ਼ਕ ਦੀ ਗਲ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਰਾਜਨੀਤਕ ਲਾਭ ਵਾਸਤੇ ਗਲਤ ਇਸਤਮਾਲ ਹੂੰਦਾ ਆਇਆ ਹੈ। ਜਥੇਦਾਰ ਵਲੋਂ ਜਨਰਲ ਡਾਇਰ ਨੂੰ ਸਿਰੋਪਾ ਦੇਣ ਤੋਂ ਲੈਕੇ ਸਿਰਸੇ ਵਾਲੇ ਸੋਧਾ ਸਾਧ ਨੂੰ ਦਿੱਤੀ ਮੁਆਫੀ ਦੀਆਂ ਕਈ ਘਟਨਾਵਾਂ ਹਨ ਜਿਸ ਕਾਰਨ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜੇਕਰ ਪੰਥ ਦਰਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਬਰਕਰਾਰ ਰਖਣ ਲਈ ਵਾਕਈ ਹੀ ਸੰਜੀਦਾ ਹਨ ਤਾਂ ਫਿਰ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ੨੦੧੫ ਵਲੋਂ ਲੱਖਾਂ ਦੀ ਸੰਗਤ ਸਾਹਮਣੇ ਪੜਿਆ ਗਿਆ ਮੱਤਾ ਨੰ:੨ ਨੂੰ ਪੂਰਨ ਕਰਨ ਵਲ ਕਦਮ ਪੁਟਣ। ਉਹ ਇਸ ਤਰਾਂ ਹੈ:
“ਅਜ ਦਾ ਸਰਬੱਤ ਖਾਲਸਾ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ, ਖੁਦਮੁਖਤਿਆਰੀ ਅਤੇ ਸਿਧਾਂਤ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਕਾਇਮ ਕਰਨ ਲਈ ਗੰਭੀਰ ਯਤਨ ਕਰਨ ਦਾ ਐਲਾਨ ਕਰਦਾ ਹੈ। ਇਸ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਸਮੁਚੀ ਕਾਰਜ ਪ੍ਰਣਾਲੀ ਨੂੰ ਨਿਅਤ ਕਰਨ ਲਈ ਇਕ ਸੁਚੱਜਾ, ਨਿਰਪੱਖ ਤੇ ਪਾਰਦਰਸ਼ੀ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ। ਇਸ ਸਬੰਧੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਨਾਮਜ਼ਦ ਦੇਸ਼-ਵਿਦੇਸ਼ਾ ਦੇ ਸਿੱਖ ਨੁਮਾਇੰਦਿਆਂ ਨੂੰ ਸ਼ਾਮਿਲ ਕਰਕੇ ੩੦ ਨਵੰਬਰ ੨੦੧੫ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਖੁਦਮੁਖਤਿਆਰ ਪ੍ਰਸ਼ਾਸ਼ਨਿਕ ਢਾਂਚੇ ਦੇ ਖਰੜੇ ਨੂੰ ਤਿਆਰ ਕਰਨਗੇ। ਇਸ ਖਰੜੇ ਨੂੰ ਵਿਸਾਖੀ ੨੦੧੬ ਨੂੰ ਹੋਣ ਵਾਲੇ ਸਰਬੱਤ ਖਾਲਸਾ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਮੀਰੀ ਅਤੇ ਪੀਰੀ ਦੇ ਖੂਬਸੂਰਤ ਸੁਮੇਲ ਨੂੰ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਸਾਰੀਆਂ ਹੱਦਾਂ ਬੰਨੇ ਟੁੱਟ ਗਏ ਜਦੋਂ ਪੰਜ ਸਿੰਘ ਸਾਹਿਬਾਨ ਨੇ ੨੪ ਸਤੰਬਰ ੨੦੧੫ ਨੂੰ ਸੀ.ਬੀ.ਆਈ. ਵਲੋਂ ਕਤਲਾਂ, ਬਲਾਤਕਾਰਾਂ ਵਿਚ ਉਲਝੇ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਨੂੰ ਬਿਨਾ ਮੰਗੇ ਅਤੇ ਬਿਨਾ ਪੇਸ਼ ਹੋਏ ਮੁਆਫੀ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।“
ਇਸ ਨੂੰ ਦੋਗਲਾਪਨ ਅਤੇ ਕਪਟ ਹੀ ਕਿਹਾ ਜਾ ਸਕਦਾ ਹੈ ਕਿ ਲੱਖਾਂ ਸੰਗਤ ਦੀ ਮੋਜੂਦਗੀ ਵਿਚ ਸਰਬੱਤ ਖਾਲਸਾ ਵਲੋਂ ਚੁਣੇ ਗਏ ਜਥੇਦਾਰਾਂ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਰਕਰਾਰ ਰਖਣ ਦੇ ਮੱਤੇ ਵਲ ਤਾਂ ਇਕ ਇੰਚ ਵੀ ਨਹੀਂ ਵਧੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ "ਈਮਾਰਤ" ਕਹਿਣ ਤੇ ਇਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ। ਸਟੇਜ ਤੇ ਹੱਥ ਖੜੇ ਕਰ ਕੇ ਮੱਤਾ ਪਾਸ ਕਰਨ ਵਾਲੇ ਜਥੇਦਾਰਾਂ ਨੇ ਤਾਂ ਸਰਬੱਤ ਖਾਲਸਾ ਦੀ ਸੰਸਥਾ ਨਾਲ ਵੀ ਧੋਖਾ ਕੀਤਾ ਹੈ। ਹੁਣ ਕੋਣ ਇਹਨਾ ਦੀ ਸ਼ਿਕਾਇਤ ਕਰੇ ਅਤੇ ਕੇਹੜੀ ਪੰਜ ਮੈਂਬਰੀ ਕਮੇਟੀ ਜਾਂਚ ਕਰੇ?
ਕਰਾਮਾਤਾਂ ਨੂੰ ਮਨਣਾ ਜਾ ਨਾ ਮਨਣਾ ਕੋਈ ਨਵੀਂ ਬਹਿਸ ਨਹੀਂ ਹੈ। ਇਹ ਠੀਕ ਹੈ ਕਿ ਗੁਰੂ ਪ੍ਰਤੀ ਸ਼ਰਧਾ ਅਧੀਨ ਹੀ ਲੋਕ ਕਰਾਮਾਤੀ ਕਹਾਨੀਆਂ ਨੂੰ ਮੰਨਦੇ ਹਨ। ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਜਿਹੜੇ ਇਨ੍ਹਾਂ ਨੂੰ ਨਕਾਰਦੇ ਹਨ ਉਹ ਵੀ ਗੁਰੂ ਪ੍ਰਤੀ ਬੇਅੰਤ ਸ਼ਰਧਾ ਅਧੀਨ ਹੀ ਨਕਾਰ ਰਹੇ ਹੂੰਦੇ ਹਨ। ਉਦਾਹਰਣ ਵਜੋਂ- ਗੁਰੂ ਗੋਬਿੰਦ ਸਿੰਘ ਜੀ ਨੂੰ ਹੇਮਕੁੰਟ ਦਾ ਤਪੀਸਰ ਜਾਨ ਕੇ ਅਨੇਕਾ ਸਿੱਖ ਸ਼ਰਧਾ ਵਸ ਹੇਮਕੁੰਟ ਪਹਾੜ ਦੀ ਲੰਬੀ ਅਤੇ ਔਖੀ ਯਾਤਰਾ ਤੇ ਨਿਕਲ ਜਾਂਦੇ ਹਨ। ਦੂਜੇ ਪਾਸੇ ਉਹ ਸਿੱਖ ਭੀ ਦਸ਼ਮੇਸ਼ ਪਿਤਾ ਵਿਚ ਬੇਅੰਤ ਸ਼ਰਧਾ ਹੋਣ ਦੇ ਕਾਰਨ ਹੀ ਗੁਰੂ ਨੂੰ ਪਿਛਲੇ ਜਨਮ ਦਾ ਤਪੱਸਵੀ ਮਨਣ ਵਿਚ ਗੁਰੂ ਨਾਨਕ ਦੇ ਘਰ ਦੀ ਤੌਹੀਨ ਜਾਣਦੇ ਹਨ। ਇਸੇ ਤਰਾਂ ਕੋਈ ਗੁਰੂ ਨਾਨਕ ਸਾਹਿਬ ਵਲੋਂ ਇਕ ਹੱਥ ਵਿਚੋਂ ਖੂਨ ਤੇ ਦੂਜੇ ਹੱਥ ਵਿਚੋਂ ਦੁਧ ਦੀ ਸਾਖੀ ਨਾਲ ਪ੍ਰਭਾਵਿਤ ਹੂੰਦਾ ਹੈ ਤਾਂ ਕੋਈ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥‘ ਦੇ ਉਪਦੇਸ਼ ਨੂੰ ਹੀ ਪਰਿਪੂਰਣ ਜਾਣਦੇ ਹਨ। ਕਿਸਦੀ ਸ਼ਰਧਾ ਸੱਚੀ ਤੇ ਕਿਸਦੀ ਝੂਠੀ? ਕੌਣ ਸ਼ਰਧਾ-ਹੀਣ ਹੈ ਤੇ ਕੌਣ ਅੰਧ-ਵਿਸ਼ਵਾਸੀ? ਇਸਦਾ ਨਿਬੇੜਾ ਲੱਠ-ਮਾਰ ਜਾਂ ਦੂਜੇ ਨੂੰ ਚੁਪ ਕਰਾ ਕੇ ਨਹੀਂ, ਇਸਦਾ ਹਲ ਕੇਵਲ ਇਹ ਹੈ- ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਸ਼ਿਕਾਇਤ ਕਰਤਾ ਧਿਰ ਕੌਣ
ਸ਼ਿਕਾਇਤ ਕਰਤਾ ਧਿਰ ਉਹ ਹੈ ਜਿਸਨੇ ਅਜੋਕੇ ਸਮੇਂ ਵਿਚ ਸਮੇਂ ਦਿਆਂ ਸਰਕਾਰਾ ਨਾਲ ਰਲ ਕੇ ਪੰਥ ਦੇ ਨਿਆਰੇਪਨ ਨੂੰ ਢਾਹ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਆਪਣੇ ਆਪ ਨੂੰ ਸ਼ਹੀਦਾਂ ਦੀ ਜਥੇਬੰਦੀ ਵਜੋਂ ਪ੍ਰਚਾਰਦੀ ਹੈ ਪਰ ਕਈ ਸਾਲ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਮੁਨਕਰ ਰਹੀ ਅਤੇ ਪੰਥ ਨਾਲ ਸ਼ਰੇਆਮ ਝੂਠ ਬੋਲਦੀ ਰਹੀ। ਦਮਦਮੀ ਟਕਸਾਲ ਦਾ ਅਮਰੀਕ ਸਿੰਘ ਅਜਨਾਲਾ ਵਾਲਾ ਧੜਾ ਅਜ ਤਕ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਨਹੀਂ ਮੰਨਦਾ। ਇਥੇ ਹੀ ਬਸ ਨਹੀਂ ਬਲਕਿ ਦਮਦਮੀ ਟਕਸਾਲ ਅਤੇ ਅਖੋਤੀ ਸੰਤ-ਸਮਾਜ ਨੇ ਆਰ.ਐਸ.ਐਸ. ਦੀ ਮਨਸ਼ਾ ਅਨੁਸਾਰ ਕਈ ਸਾਲਾਂ ਦੀ ਮੇਹਨਤ ਤੋਂ ਬਾਦ ਅਪਣਾਇਆ ਖਾਲਸੇ ਦਾ ਆਪਣਾ ਨਿਆਰਾ ਨਾਨਕਸ਼ਾਹੀ ਕਲੈਂਡਰ ਰੱਦ ਕਰਾ ਕੇ ਮੁੜ ਬ੍ਰਾਹਮਣਵਾਦੀ ਬਿਕਰਮੀ ਕਲੰਡਰ ਲਾਗੂ ਕਰਾ ਦਿੱਤਾ। ਇਨ੍ਹਾਂ ਆਪਣੇ ਛਪਵਾਏ ਗੁਟਕੀਆਂ ਵਿਚ ਮੂਲਮੰਤਰ ਨੂੰ 'ਗੁਰਪ੍ਰਸਾਦਿ' ਦੀ ਜਗਾ 'ਨਾਨਕ ਹੋਸੀ ਭੀ ਸਚੁ' ਸਿਧ ਕਰਨ ਦੀ ਜ਼ਿਦ ਵਾਸਤੇ 'ਗੁਰਪ੍ਰਸਾਦਿ' ਅਤੇ 'ਜਪੁ' ਵਿਚਕਾਰ ਦੋ ਡੰਡੀਆਂ '।।' ਨੂੰ ਹੀ ਛਾਪਨਾ ਬੰਦ ਕਰ ਦਿੱਤਾ। ਇਹ ਰਾਮ ਰਾਏ ਵਾਲੀ ਭੱਜਰ ਕੁਰਹਿਤ ਪੰਥ ਕਿਵੇਂ ਬਰਦਾਸ਼ਤ ਕਰ ਬੈਠਾ ਹੈ, ਸਮਝ ਤੋਂ ਬਾਹਰ ਹੈ।
ਭਾਈ ਰੰਜੀਤ ਸਿੰਘ ਬਾਰੇ ਲਿਖਤੀ ਸ਼ਿਕਾਇਤ ਆਉਣ ਤੋਂ ਪਹਿਲਾਂ ਉਨ੍ਹਾਂ ਉਤੇ ਜਾਨ ਲੇਵਾ ਹਮਲਾ ਹੋ ਚੁਕਾ ਸੀ ਜਿਸ ਵਿਚ ਇਕ ਬੇਕਸੂਰ ਗੁਰ-ਭਾਈ ਦੀ ਮੋਤ ਹੋ ਗਈ ਸੀ। ਇਹ ਹਮਲਾ ਸਿਖਾਂ ਦੀ ਸਤਿਕਾਰਤ ਛਬੀਲ ਦੀ ਸੰਸਥਾ ਨੂੰ ਦਾਗਦਾਰ ਕਰਕੇ ਕੀਤਾ ਗਿਆ ਸੀ। ਇਹ ਸਭ ਐਂਵੇਂ ਹੀ ਭੁਲ ਜਾਣ ਵਾਲੀ ਘਟਨਾ ਨਹੀਂ ਸੀ। ਪਰ ਜਦ ਮੁਲਜ਼ਿਮ ਸਰਕਾਰੀ ਸਰਪ੍ਰਸਤੀ ਹੇਠ ਹੋਵੇ ਫਿਰ ਸਭ ਗੁਨਾਹ ਮਾਫ ਹੂੰਦੇ ਹਨ।
ਅੱਸਲੀ ਮੁੱਦਾ ਜਿਸ ਤੋਂ ਭਟਕਾਇਆ ਗਿਆ
ਭਾਈ ਰੰਜੀਤ ਸਿੰਘ ਖੁਦ ਆਪਣੇ-ਆਪ ਨੂੰ 'ਬਾਬਾ' ਤੋਂ 'ਭਾਈ' ਦੇ ਸਫਰ ਦਾ ਪਾਂਧੀ ਮਣਦੇ ਹਨ। ਪੂਜਾਰੀ-ਨੁਮਾ ਬਾਬੇ ਇਸ ਐਲਾਨਿਆ ਸਫਰ ਤੋਂ ਬਹੁਤ ਦੁਖੀ ਸਨ। ਸੰਪ੍ਰਦਾਈ ਬਾਬੇਆਂ ਨੇ ਪੰਥ ਦੀਆਂ ਪ੍ਰਮੁਖ ਸਟੇਜਾਂ ਤੇ ਤਾਂ ਸਫਲਤਾ ਪੂਰਵਕ ਕਬਜ਼ਾ ਕਰ ਲਿਆ ਹੈ, ਪਰ ਪਿੰਡਾ ਵਿਚ ਹੂੰਦੇ ਦੀਵਾਨ ਅਤੇ ਸੋਸ਼ਲ ਮਿਡੀਏ ਰਾਹੀਂ ਬਾਘੀ ਸੁਰਾਂ ਨੂੰ ਚੁਪ ਕਰਾਉਣ ਦੇ ਮੋਕੇ ਦੀ ਭਾਲ ਵਿਚ ਸਨ। ਪੂਜਾਰੀ ਨੇ ਬੜੀ ਚਾਲਾਕੀ ਨਾਲ ਪੰਥਕ ਸੰਸਥਾਵਾਂ ਦੀ ਅਜ਼ਾਦੀ ਲਈ ਚਲ ਰਹੀ ਜਦੋ-ਜਹਿਦ ਨੂੰ ਗੁਰਬਾਣੀ ਵਿਆਖਿਆ ਪ੍ਰਣਾਲੀ ਵਿਚ ਬਦਲ ਦਿੱਤਾ। ਜਿਵੇਂ ਨਾਨਕਸ਼ਾਹੀ ਕਲੰਡਰ ਦਾ ਭੋਗ ਪਾਉਣ ਲਈ ਵਾਰਤਾ ਦਾ ਰੁਖ ਪੁਰਾਤਨ ਪਰੰਪਰਾ ਦੀ ਰਾਖੀ ਵਲ ਮੋੜ ਦਿੱਤਾ ਗਿਆ ਸੀ।
ਸੰਗਤ ਸੜਕਾਂ ਤੇ ਉਤਰ ਆਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ, ਬੰਦੀ ਸਿੰਘਾ ਦੀ ਰਿਹਾਈ ਹੋਵੇ ਅਤੇ ਸ਼੍ਰੀ ਅਕਾਲ ਤਖਤ ਸਿਆਸੀ ਚੁੰਗਲ ਤੋਂ ਅਜ਼ਾਦ ਹੋਵੇ। ਹੁਣ ਉਸ ਸੰਗਤ ਨੇ ਆਪਣਾ ਟੀਚਾ ਇਕ ਪ੍ਰਚਾਰਕ ਨੂੰ ਬੋਰੀ ਵਿਚ ਪਾ ਕੇ ਕੁਟਣ (ਚੁਪ ਕਰਾਉਣ) ਤਕ ਸੀਮਤ ਕਰਤਾ। ਹਿੰਦੂਤਵੀ ਸਰਕਾਰੀ ਤੰਤਰ ਇਕ ਵਾਰ ਫਿਰ ਆਪਣੇ ਫਿੱਟ ਕੀਤੇ ਪੂਜਾਰੀ ਰਾਹੀਂ ਸਿੱਖ ਨੂੰ ਸਿੱਖ ਨਾਲ ਲੜਾਉਣ ਵਿਚ ਸਫਲ ਹੋਈ ਅਤੇ ਸਿੱਖਾਂ ਨੂੰ ਆਪਣੇ ਗੁਰੂ ਵਲੋਂ ਬਖਸ਼ੇ ਪ੍ਰਭੂਸੱਤਾ ਦੇ ਨਿਸ਼ਾਨੇ ਤੋਂ ਭਟਕਾ ਦਿੱਤਾ।
ਇਨ੍ਹਾਂ ਸਭ ਘਟਨਾਵਾਂ ਦੀ ਗੰਭੀਰਤਾ ਨੂੰ ਲੈਕੇ ਪੰਥ ਦਾ ਵੱਢਾ ਹਿੱਸਾ ਕਾਫ਼ੀ ਹੱਦ ਤਕ ਅਵੇਸਲਾ ਹੀ ਹੈ। ਸਿੱਖਾਂ ਨੂੰ ਉਹੀ ਮੱਸਲੇ ਗੰਭੀਰ ਜਾਪਦੇ ਹਨ ਜਿਹੜੇ ਸਰਕਾਰੀ ਸ਼ਹਿ ਤੇ ਪੂਜਾਰੀ ਪੇਸ਼ ਕਰਦਾ ਹੈ। ਇਸਦਾ ਮੁਖ ਕਾਰਨ ਇਹ ਹੈ ਕਿ ਅਜੋਕੇ ਸਮੇਂ ਵਿਚ ਗੁਰੂ ਘਰਾਂ ਦਿਆਂ ਪ੍ਰਮੁਖ ਸਟੇਜਾਂ ਤੇ ਦਮਦਮੀ ਟਕਸਾਲ ਜਾਂ ਉਸਦੇ ਹਿਮਾਇਤੀ ਪ੍ਰਚਾਰਕਾਂ ਦਾ ਹੀ ਬੋਲ-ਬਾਲਾ ਹੈ। ਟੀ.ਵੀ. ਚੈਨਲਾਂ ਤੇ ਜਿਹੜੇ ਕਥਾਵਾਚਕ ਆਉਂਦੇ ਹਨ ਉਹ ਸਭ ਇਕੋ ਦਰਸ਼ਨ ਦੇ ਹਨ। ਚਾਹੇ ਉਹ ਮੰਜੀ ਸਾਹਿਬ ਹੋਵੇ, ਗੁਰਦੁਆਰਾ ਬੰਗਲਾ ਸਾਹਿਬ ਜਾਂ ਕੋਈ ਹੋਰ। ਪੰਥ ਨੂੰ ਗੁਰਬਾਣੀ ਵਿਆਖਿਆ ਦੇ ਵੱਖ-ਵੱਖ ਪਹਿਲੂਆਂ ਤੋਂ ਬੜੇ ਯੋਜਨਾਬੰਦ ਤਰੀਕੇ ਨਾਲ ਵਾਂਝਾ ਰਖਿਆ ਜਾ ਰਿਹਾ ਹੈ।
ਇਹ ਵਰਤਾਰਾ ਬਿਲਕੁਲ ਉਸੇ ਤਰਾਂ ਹੈ ਜਿਂਵੇ ਭਾਰਤ ਦਾ ਮੁਖ-ਧਾਰਾ ਮੀਡੀਆ ਸਰਕਾਰ ਦੇ ਗੁਣ-ਗਾਣ ਵਿਚ ਲੱਗਾ ਰਹਿੰਦਾ ਹੈ। ਆਮ ਲੋਕਾਈ ਨੂੰ ਨਾ ਸਿਰਫ ਅਸਲ ਮੁਦਿਆਂ ਤੋਂ ਦੂਰ ਰੱਖਿਆ ਜਾਂਦਾ ਹੈ, ਬਲਕਿ ਜਿਹੜਾ ਜਾਗਰਤ ਕਰਨ ਦਾ ਕੰਮ ਕਰੇ ਉਸਨੰ ਐਂਟੀ-ਨੈਸ਼ਨਲ ਕਹਿ ਕੇ ਭੰਡਿਆ ਜਾਂਦਾ ਹੈ। ਭਾਰਤੀ ਨਿਉਜ਼ ਚੈਨਲਾ ਦੇ ਦਰਸ਼ਕਾਂ ਨੇ ਰੋਟੀ-ਰੋਜ਼ਗਾਰ-ਨਿਆਂ ਨਾਲੋਂ ਮੰਦਿਰ-ਪਾਕਿਸਤਾਨ- ਜਹਾਦ ਨੂੰ ਅਸਲੀ ਮੁੱਦਾ ਮਨ ਲਿਆ ਹੈ। ਅਜ ਸਮਝਦਾਰ ਹਿੰਦੂਆਂ ਲਈ ਸਭ ਤੋਂ ਵਧ ਚਿੰਤਾ ਦਾ ਕਾਰਨ ਇਹ ਹੈ ਕਿ ਹਿੰਦੂ ਧਰਮ ਦਿਆਂ ਸਾਰੀਆਂ ਧਾਰਮਿਕ ਸੰਸਥਾਵਾਂ ਉਪਰ ਕੇਵਲ ਇਕ ਜਥੇਬੰਦੀ ਦਾ ਕਬਜ਼ਾ ਹੋ ਚੁਕਾ ਹੈ। ਜਿਹੜਾ ਵੀ ਆਰ.ਐਸ.ਐਸ. ਦਾ ਵਿਰੋਧ ਕਰਦਾ ਹੈ ਉਸਨੂੰ ਹਿੰਦੂ-ਵਿਰੋਧੀ ਕਹਿ ਕੇ ਦਰ-ਕਿਨਾਰ ਕਰ ਦਿੱਤਾ ਜਾਂਦਾ ਹੈ। ਇਹੀ ਹਿੰਦੂ ਧਰਮ ਲਈ ਸਭ ਤੋਂ ਵੱਡਾ ਖਤਰਾ ਹੈ।
ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਕਿ ਇਹ ਵਰਤਾਰਾ ਸਿੱਖ ਪੰਥ ਤੇ ਵੀ ਵਾਪਰ ਰਿਹਾ ਹੈ। ਜੇਕਰ ਕੋਈ ਅੱਡਰੀ ਵਿਚਾਰ ਪੇਸ਼ ਕਰਦਾ ਹੈ ਤਾਂ ਉਸਨੂੰ ਪੰਥ-ਵਿਰੋਧੀ ਕਹਿ ਕੇ ਭੰਡਿਆ ਜਾਂਦਾ ਹੈ ਅਤੇ ਗੁਰੂ ਘਰ ਦਿਆਂ ਸਟੇਜਾਂ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਸਾਰੀਆਂ ਧਾਰਮਿਕ ਸੰਸਥਾਵਾਂ ਤੇ ਇਕ ਧੜੇ ਦਾ ਕਬਜ਼ਾ ਕਿਸੇ ਵੀ ਕੌਮ ਲਈ ਘਾਤਕ ਹੈ। ਇਕ ਧੜੇ ਦੇ ਹੱਥ ਆਉਣ ਨਾਲ ਕੌਮ ਦੀ ਚੜਤ ਵਿਚ ਖੜੋਤ ਆ ਜਾਂਦੀ ਹੈ ਕਿਉਂਕੀ ਉਹ ਤੇਜ਼ੀ ਨਾਲ ਬਦਲਦੇ ਸਮੇਂ ਮੁਤਾਬਿਕ ਨਵੇਂ ਵਿਚਾਰਾਂ ਨੂੰ ਜਗਾ ਨਹੀਂ ਦੇ ਸਕਦੀ। ਇਹ ਵਰਤਾਰਾ ਤਾਂ ਅਸੀਂ ਗੁਰੂ ਸਾਹਿਬ ਦੇ ਸਮੇਂ ਵਿਚ ਵੀ ਵੇਖਿਆ। ਗੁਰੂ ਰਾਮ ਦਾਸ ਜੀ ਵਲੋਂ ਕਾਇਮ ਕੀਤੀ ਮਸੰਦ ਸੰਸਥਾ ਜਦ ਵਿਗਾੜ ਵਲ ਚਲੀ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਸਨੂੰ ਖਤਮ ਕਰ ਦਿੱਤਾ।
ਜਦ ਤਕ ਕੌਮੀ ਨਿਸ਼ਾਨਾ ਇਕ ਹੋਵੇ, ਵੱਖ-ਵੱਖ ਸੰਸਥਾਵਾਂ ਬਾਗ ਵਿਚ ਲਗੇ ਫੁਲਾਂ ਵਾਂਗੂ ਆਪਣੇ ਵੱਖ-ਵੱਖ ਖਿਤੀਆਂ ਵਿਚ ਹੁਨਰ ਦੀ ਖੁਸ਼ਬੂ ਸਕਦਾ ਕੌਮ ਨੂੰ ਬੁਲੰਦੀਆਂ ਤੇ ਲੈ ਜਾਂਦੀਆਂ ਹਨ। ਪਰ ਜਦ ਟੀਚਾ ਕੌਮੀ ਭਲਾਈ ਨਾ ਰਹਿ ਕੇ ਨਿਜੀ ਅਤੇ ਰਾਜਨੀਤਕ ਲਾਭ ਤਕ ਹੀ ਸੀਮਤ ਰਹਿ ਜਾਵੇ, ਫਿਰ ਕੌਮਾਂ ਦਾ ਢਹਿੰਦੀ ਕਲਾ ਵਲ ਜਾਨਾ ਤਹਿ ਹੈ।
ਪੂਜਾਰੀ ਅਤੇ ਰਾਜੇ ਦੇ ਗਠਜੋੜ ਤੋਂ ਘਾਤਕ ਕੁਛ ਨਹੀਂ। ਪੂਜਾਰੀ ਦਾ ਤੇ ਕਾਰਜ ਹੀ ਲੋਕਾਈ ਨੂੰ ਗੁਮਰਾਹ ਕਰਕੇ ਕਮਜ਼ੋਰ ਬਣਾ ਦੇਣਾ ਹੈ ਤਾਕਿ ਰਾਜੇ ਦੀ ਸੱਤਾ ਤੇ ਪਕੜ ਮਜ਼ਬੂਤ ਹੋ ਸਕੇ।
ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥
ਤੂੰ ਬਾਮ੍ਹਨ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ॥ ਤੁਮ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ॥(ਗੁਰੂ ਗ੍ਰੰਥ ਸਾਹਿਬ, ਭ. ਕਬੀਰ, ਅੰਗ ੪੮੨)
ਇਸ ਲਈ ਪੰਥ ਦੀ ਭਲਾਈ ਇਸੇ ਵਿਚ ਹੈ ਕਿ ਕੋਈ ਵੀ ਧੜਾ ਐਨਾ ਹਾਵੀ ਨਾ ਹੋ ਜਾਵੇ ਕਿ ਕੌਮ ਦੀ ਤਕਦੀਰ ਦਾ ਮਾਲਕ ਬਣ ਬੈਠੇ।
ਬੁਧੀਜੀਵੀਆਂ ਦਾ ਰੋਲ
ਪਰ ਇਸ ਵਿਵਾਦ ਵਿਚ ਪੰਥ ਦੇ ਕੁਝ ਬੁਧੀਜੀਵੀਆਂ ਦਾ ਰੋਲ ਬੜਾ ਨਿਰਾਸ਼ਾਜਨਕ ਰਿਹਾ ਹੈ। ਸਿੱਖ ਵਿਦਵਾਨ ਆਪਣੀਆਂ ਕਿਤਾਬਾਂ ਵਿਚ ਵੀਂਹਵੀ ਸਦੀ ਦੇ ਸਿੱਖ ਇਤਿਹਾਸ ਨੂੰ ਲਿਖਦੇ ਹੋਏ ਉਸ ਸਮੇਂ ਦੇ ਬੁਧੀਜੀਵੀਆਂ ਦੀ ਆਲੋਚਨਾ ਜ਼ਰੂਰ ਕਰਦੇ ਹਨ। ਭਵਿੱਖ ਵਿਚ ਵੀ ਜਦੋਂ ਉਸ ਸਮੇਂ ਦੇ ਵਿਦਵਾਨ ਸਾਲ ੨੦੨੦ ਬਾਰੇ ਲਿਖ ਰਹੇ ਹੋਣਗੇ ਤਾਂ ਅਜ ਦੇ ਬੁਧੀਜੀਵੀਆਂ ਨੂੰ ਕਸੂਰਵਾਰ ਠਹਿਰਾਉਣਗੇ। ਕਿ ਸਿਖ ਬੁਧੀਜੀਵੀ ਆਪਣੇ ਇਸ ਵਿਗਾੜ ਤੋਂ ਮੁਕਤ ਹੋ ਸਕਣਗੇ ਕਿ ਉਹ ਅਤੀਤ ਦਾ ਹੀ ਸਹੀ ਨਰੀਖਣ ਕਰ ਸਕਦੇ ਹਨ ਵਰਤਮਾਨ ਦਾ ਨਹੀਂ?
ਪੰਥ ਦੇ ਕੁਛ ਬੁਧੀਜੀਆਂ ਨੇ ਇਕ ਪੱਖ ਲੈਣਾ ਸ਼ਾਇਦ ਇਸ ਲਈ ਠੀਕ ਸਮਝਿਆ ਕਿ ਸ਼ਿਕਾਇਤ ਕਰਤਾ ਧਿਰ ਦੀਆਂ ਬਦਮਾਸ਼ੀ ਅਤੇ ਗਪੋੜਾਂ ਨੂੰ ਚੁਨੌਤੀ ਦੇਣਾ ਉਨ੍ਹਾਂ ਦੀ ਵਿਦਵਤਾ ਲਈ ਹੇਠੀ ਹੋ ਸਕਦੀ ਸੀ। ਇਸ ਲਈ ਡਾ ਗੁਰਦਰਸ਼ਨ ਸਿੰਘ ਢਿਲੋਂ ਨੇ "ਗਿਆਨ", "ਜ਼ਰਿਆ" ਜਾਂ "ਈਮਾਰਤ" ਨੂੰ ਚੁਨੌਤੀ ਦੇਣਾ ਜਾਇਜ਼ ਸਮਝਿਆ। ਆਪਣੀ ਵਿਦਵਤਾ ਨਾਲ ਉਹ ਇਨ੍ਹਾਂ ਅਖਰਾਂ ਦੇ ਦੀਰਘ ਅਰਥ ਸਮਝਾ ਰਹੇ ਹਨ ਜਿਹੜੇ ਸਰੋਤਿਆਂ ਨੇ ਤਾਂ ਕਿ ਵਕਤਾ ਨੇ ਵੀ ਨਾ ਸੋਚੇ ਹੋਣ। ਹਿਸਟੋਰਿਅਨ ਅਜਮੇਰ ਸਿੰਘ ਨੇ ਤਾਂ ਕਰਾਮਾਤਾਂ ਨੂੰ ਇਹ ਕਹਿ ਕੇ ਜਾਇਜ਼ ਦੱਸਿਆ ਕਿ ਦੈਵੀ ਹਸਤੀ ਦੇ ਪ੍ਰਗਟਾਵੇ ਲਈ ਕਰਾਮਾਤਾਂ ਜ਼ਰੂਰੀ ਹਨ ਅਤੇ ਉਸ ਬਗੈਰ ਗੁਰੂ ਦਾ ਬਿੰਬ ਬੜਾ ਖੁਸ਼ਕ ਜਿਹਾ ਜਾਪਦਾ ਹੈ।
ਹਾਂ ਜੀ, ਵਿਦਵਾਨ ਦਾ ਫਰਜ਼ ਹੈ ਕਿ ਗੁਰਬਾਣੀ ਦੀ ਰੋਸ਼ਨੀ ਵਿਚ ਆਲੋਚਨਾ ਕਰ ਕੇ ਵਿਚਾਰ ਦਾ ਪੱਧਰ ਉੱਚਾ ਚੁੱਕੇ। ਪਰ ਇਕ ਪਾਸੜ ਪੱਖ ਰੱਖ ਕੇ ਚਲ ਰਹੇ ਵੱਡੇ ਵਰਤਾਰੇ ਵਿਚ ਸਿੱਖ ਧਾਰਮਿਕ ਸੰਸਥਾਵਾਂ ਉੱਤੇ ਪੂਜਾਰੀ ਦੀ ਜਕੜ ਨੂੰ ਮਜ਼ਬੂਤ ਕਰਨ ਦਾ ਕਾਰਜ ਹੀ ਕੀਤਾ ਹੈ। ਚਲ ਰਹੇ ਰੁਝਾਨ ਅਨੁਸਾਰ ਉਹ ਸਮਾਂ ਦੂਰ ਨਹੀਂ ਜਦ ਰਾਜ ਸ਼ਕਤੀ ਦੀ ਸਹਾਇਤਾ ਨਾਲ ਇਕ ਬ੍ਰਾਹਮਣੀ ਧੜੇ ਦਾ ਸਿੱਖ ਪੰਥ ਤੇ ਕਬਜ਼ੇ ਦਾ ਮਨਸੂਬਾ ਪੂਰਨ ਹੋ ਜਾਏਗਾ ਅਤੇ ਬਾਕੀ ਸਭ ਵਿਚਾਰਾਂ ਦਾ ਸਾਹ ਘੋਟ ਦਿੱਤਾ ਜਾਵੇਗਾ। ਭਵਿੱਖ ਵਿਚ ਵਿਦਵਾਨ ਅਤੀਤ ਦੀ ਇਕ ਵਾਰ ਫਿਰ ਸਹੀ ਸਮੀਖਿਆ ਕਰਦੇ ਹੋਏ ਅਜ ਦੇ ਬੁਧੀਜੀਵੀਆਂ ਦਾ ਰੋਲ ਇਕ ਲਾਈਨ ਵਿਚ ਸਮੇਟਦੇ ਹੋਏ ਲਿਖਣਗੇ- ‘ਜਦ ਕੁਛ ਸਿੱਖ ਪ੍ਰਚਾਰਕ ਵਲੋਂ ਪੂਜਾਰੀ ਖਿਲਾਫ ਜ਼ੋਰਦਾਰ ਅਵਾਜ਼ ਚੁਕੀ ਜਾ ਰਹੀ ਸੀ ਤਾਂ ਬੁਧੀਜੀਆਂ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਜਿਸ ਨਾਲ ਪੂਜਾਰੀ ਨੂੰ ਹੋਰ ਬਲ ਮਿਲਿਆ।‘ ਇਨ੍ਹਾਂ ਵਲੋਂ ਕੀਤੇ ਦੀਰਘ ਅਰਥ ਇਸ ਵੱਡੇ ਵਰਤਾਰੇ ਵਿਚ ਕਿਸੇ ਖਾਤੇ ਨਹੀਂ ਪੈਣੇ।
ਸਾਰੇ ਵਿਵਾਦਾਂ ਦਾ ਹੱਲ
ਪਿਛਲੇ ਕੁਝ ਸਮੇਂ ਵਿਚ ਸਿਖ ਨੇਸ਼ਨ ਦੀਆਂ ਜੋ ਖਬਰਾਂ ਦੁਨਿਆ ਵਿਚ ਚਰਚਾ ਦਾ ਵਿਸ਼ਾ ਬਣਿਆ ਉਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:
੧) ਰੋਹਿੰਗਿਆ, ਕਸ਼ਮੀਰੀਆਂ, ਅਤੇ ਸੀ.ਏ.ਏ. ਦੇ ਵਿਰੋਧ ਵਿਚ ਮੁਸਲਿਮ ਭਾਈਚਾਰੇ ਦੇ ਹੱਕ ਵਿਚ ਸਿੱਖ ਵਧ-ਚੜਕੇ ਨਿਕਲੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਦ ਕਈ ਵਾਰ ਸਟੇਜਾਂ ਤੋਂ ਮਨੁਖੀ ਹੱਕਾਂ ਦੀ ਰਾਖੀ ਲਈ ਬਿਆਨ ਦਿੱਤੇ ਤਾਂ ਉਹ ਵੀ ਸੁਰਖ਼ੀਆਂ ਬਣੀਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਨ ਵਧਿਆ।
੨) ਕੁਦਰਤੀ ਆਪਦਾ ਅਤੇ ਕੋਰੋਨਾ ਮਹਾਮਾਰੀ ਦੋਰਾਨ ਸਿੱਖਾਂ ਨੇ ਲੋੜਵੰਦਾਂ ਲਈ ਦਿਲ ਖੋਲਕੇ ਲੰਗਰ-ਪਾਣੀ ਨਾਲ ਸੇਵਾ ਕੀਤੀ।
ਬਗੈਰ ਕਿਸੇ ਚਮੱਤਕਾਰ ਦੇ ਦੁਨਿਆ ਨੇ ਦੇਖ ਲਿਆ ਕਿ ਗੁਰੂ ਦੇ ਸਿੱਖ ਖੁਸ਼ਕ ਨਹੀਂ ਹਨ ਬਲਕਿ ਮਨੁਖੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੀ ਰੂਹਾਨਿਅਤ ਨਾਲ ਅੋਤ-ਪ੍ਰੋਤ ਹਨ।
ਸਿੱਖਾਂ ਨੂੰ ਦੁਨਿਆ ਵਿਚ ਚਲ ਰਹੀ ਵੱਡੀ ਬਹਿਸਾਂ- ਵਾਤਾਵਰਣ, ਭੁਖਮਰੀ, ਮਾਹਮਾਰੀ, ਮਨੁਖੀ ਹੱਕਾਂ ਦਾ ਘਾਣ- ਵਿਚ ਗੁਰਬਾਣੀ ਦੀ ਰੋਸ਼ਨੀ ਵਿਚ ਆਪਣਾ ਯੋਗਤਾਨ ਪਾ ਕੇ ਮਾਨਵ ਸਭਿਅਤਾ ਨੂੰ ਰਾਹ ਰੋਸ਼ਨਾਉਣ ਦੀ ਲੋੜ ਹੈ। ਪਰ ਜਦ ਸਿੱਖ ਆਪਣਾ ਕੀਮਤੀ ਸਮਾਂ ਭਰਾ-ਮਾਰੂ ਵਤੀਰੇ ਵਿਚ ਵਿਅਰਥ ਗਵਾ ਰਹੇ ਹਨ ਤਾਂ ਬੜੀ ਨਿਰਾਸ਼ਾ ਹੂੰਦੀ ਹੈ।
ਦੁਨਿਆ ਦੀਆਂ ਵੱਡੀ ਬਹਿਸਾਂ ਵਿਚ ਅਸੀਂ ਕਿਵੇਂ ਸ਼ਾਮਿਲ ਹੋ ਸਕਦੇ ਹਾਂ ਅਗਰ ਆਪਣੇ ਘਰ ਵਿਚ ਹੀ ਇਕ ਦੂਜੇ ਦੇ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਨੇ ਤਾਂ ਔਖੇ ਤੋਂ ਔਖਾ ਸਵਾਲ ਪੁਛਣ ਦੀ ਜਾਚ ਸਿਖਾਈ ਹੈ। ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਦੁਨਿਆ ਨੂੰ ਸਵਾਲ ਪੁਛਣ ਦਾ ਗੁਣ ਵੰਡਣ। ਕਿਸੇ ਵੀ ਹਾਲਤ ਵਿਚ ਵਿਚਾਰ-ਵਟਾਂਦਰੇ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣਾ ਸਮੇਂ ਦੀ ਮੁਖ ਲੋੜ ਹੈ। ਜਿਹੜੇ ਪਰਿਵਾਰ ਵਿਚ ਬੱਚਿਆਂ ਨੂੰ ਆਪਣੇ ਮਾਪੇਆਂ ਦੇ ਨਾਲ ਖੁਲ ਕੇ ਗਲ ਕਰਨ ਦਾ ਮਾਹੌਲ ਨਾ ਮਿਲੇ, ਉਹ ਬਾਹਰ ਦਾ ਅਸਰ ਕਬੂਲ ਕੇ ਭੱਟਕ ਸਕਦੇ ਹਨ। ਇਸੇ ਤਰਾਂ ਅਗਰ ਕੌਮ ਵਿਚ ਵਿਚਾਰ-ਵਿਮਰਸ਼ ਦਾ ਮਾਹੌਲ ਖਤਮ ਹੋ ਜਾਵੇ, ਉਹ ਵੀ ਰੂੜੀਵਾਦ ਅਤੇ ਅੰਧ-ਵਿਸ਼ਵਾਸ ਵਿਚ ਭਟਕ ਜਾਂਦੀ ਹੈ। ਕੋਈ ਵੀ ਸਵਾਲ ਗਲਤ ਨਹੀਂ ਹੂੰਦਾ, ਸਵਾਲਾਂ ਨੂੰ ਪੁਛਣ ਦੀ ਕਾਬਲਿਅਤ ਨੂੰ ਖਤਮ ਕਰ ਦੇਣਾ ਯਕੀਨਨ ਤਬਾਹਕੁਨ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਧੜਿਆਂ ਤੋਂ ਉਪਰ ਹੈ ਅਤੇ ਸਭ ਦੀ ਸਾਂਝੀ ਸੰਸਥਾ ਹੈ। ਗਿਆਨੀ ਹਰਪ੍ਰੀਤ ਸਿੰਘ ਅਗਰ ਇਹ ਦੋ ਕਾਰਜ ਕਰ ਵਖਾਣ ਤਾਂ ਪੰਥ ਉਨ੍ਹਾਂ ਨੂੰ ਸਦਾ ਯਾਦ ਰਖੇਗਾ:
ਪਹਿਲਾ: ਗੁਰੂ ਘਰ ਦਿਆਂ ਪ੍ਰਮੁਖ ਸਟੇਜਾਂ- ਖਾਸਕਰ ਜਿਹਣਾ ਨੂੰ ਸੰਗਤ ਟੀ.ਵੀ. ਚੈਨਲਾਂ ਤੇ ਰੋਜ਼ਾਨਾ ਸੁਣਦੀ ਹੈ ਜਿਵੇਂ ਮੰਜੀ ਸਾਹਿਬ, ਬੰਗਲਾ ਸਾਹਿਬ, ਆਦਿ ਤੇ ਸਭ ਨੂੰ ਬਰਾਬਰ ਬੋਲਣ ਦਾ ਮੋਕਾ ਦਿੱਤਾ ਜਾਵੇ। ਜਿਹੜੇ ਪ੍ਰਚਾਰਕ ਦੱਸ ਗੂਰੂ ਸਾਹਿਬਾਨ ਵਿਚ ਪੂਰਾ ਨਿਸ਼ਚਾ ਰੱਖਦੇ ਹਨ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮਣਦੇ ਹਨ- ਦਮਦਮੀ ਟਕਸਾਲ, ਮਿਸ਼ਨਰੀ, ਸੰਪ੍ਰਦਾਈ, ਬੁਧਿਜੀਵੀ- ਸਭ ਨੂੰ ਬੋਲਣ ਦਾ ਬਰਾਬਰ ਸਮਾਂ ਮਿਲੇ। ਦਸਮ ਗ੍ਰੰਥ, ਰਹਿਤ ਮਰਿਆਦਾ, ਮਾਸ, ਕਰਾਮਾਤਾਂ, ਅਤੇ ਹੋਰ ਸਾਰੇ ਵਿਸ਼ਿਆਂ ਦੇ ਹਰ ਪੱਖ ਤੋਂ ਜਾਨੂੰ ਹੋਣ ਦਾ ਸੰਗਤ ਨੂੰ ਹੱਕ ਹੈ। ਵੱਖ-ਵੱਖ ਜਥੇਬੰਦੀਆਂ ਨਾਲ ਜੁੜੀ ਸੰਗਤ ਜਦ ਸਭ ਨੂੰ ਇਕ ਸਟੇਜ ਤੋਂ ਖੁਸ਼ਨੁਮਾ ਮਾਹੌਲ ਵਿਚ ਆਪਣੇ ਵਿਚਾਰ ਪੇਸ਼ ਕਰਦੇ ਦੇਖੇਗੀ ਤਾਂ ਪੰਥ ਵਿਚ ਆਪਸੀ ਪਿਆਰ ਆਪ ਮੁਹਾਰੇ ਵਧੇਗਾ। ਜਿਹੜੇ ਧੜੇ ਇਸ ਵਿਚਾਰ-ਵਿਮਰਸ਼ ਦੇ ਮਾਹੌਲ ਦਾ ਵਿਰੋਧ ਕਰਣਗੇ, ਉਨ੍ਹਾਂ ਦਾ ਪੰਥ ਵਿਰੋਧੀ ਚਹਿਰਾ ਜਗ-ਜ਼ਾਹਿਰ ਹੋ ਜਾਵੇਗਾ।
ਦੂਜਾ: ਸਰਬੱਤ ਖਾਲਸਾ ੨੦੧੫ ਵਿਚ ਕੀਤਾ ਗਿਆ ਮੱਤਾ ਨੰ: ੨ ਗਿਆਨੀ ਹਰਪ੍ਰੀਤ ਸਿੰਘ ਆਪਣੇ ਹੱਥੀ ਲੈ ਕੇ ਸਿਰੇ ਚਾੜਣ।



