ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਦਿੱਲੀ ਮਾਡਲ)
ਪਰਯੋਗ ਉਸ ਚੀਜ਼ ਦਾ ਕਰਨਾ ਬਣਦਾ ਹੈ ਜਿਸਨੇ ਪੁਰਾਣੀਆਂ ਗਲਤੀਆਂ ਨੂੰ ਸੁਧਾਰਨ ਲਈ ਕਦਮ ਚੁਕੇ ਹੋਣ। ਗਲਤ ਊਮੀਦਵਾਰਾਂ ਨਾਲ ਚੁਣੀਆਂ ਬਹੁਮਤ ਸਰਕਾਰਾਂ ਹੰਕਾਰੀ ਤੇ ਲੋਕ-ਮਾਰੂ ਬਣ ਜਾਂਦੀਆਂ ਹਨ।

ਪ੍ਰਾਪੇਗੰਡਾ ਦੇ ਅਸਰ ਹੇਠ ਆਪਣੇ-ਆਪ ਨੂੰ ਬੜਾ ਪੜਿਆ-ਲਿਖਿਆ ਤੇ ਸਿਆਣਾ ਕਹਿਣ ਵਾਲੇ ਵੀ ਧੋਖਾ ਖਾ ਜਾਂਦੇ ਹਨ। ਅੱਜ ਬਹੁਤ ਸਾਰੇ ਪੰਜਾਬੀ 'ਦਿੱਲੀ ਮਾਡਲ' ਤੇ ਲੋਟ ਹੋਏ ਫਿਰਦੇ ਹਨ। ਜਦ ਲੋਕ ਸਭਾ 2014 ਦੀ ਚੋਣਾ ਤੋਂ ਪਹਿਲਾਂ ਕੋਈ ਮੈਨੂੰ 'ਗੁਜਰਾਤ ਮਾਡਲ' ਦੀ ਗਲ ਸੁਣਾ ਕੇ ਮੋਦੀ ਦੀ ਹਿਮਾਇਤ ਕਰਦਾ ਸੀ, ਮੇਰਾ ਇੱਕ ਹੀ ਜੁਆਬ ਹੁੰਦਾ ਸੀ- ਕੁਦਰਤ ਦੇ ਅਸੂਲ ਕਦੇ ਨਹੀਂ ਬਦਲਦੇ। ਇਹ ਅਟਲ ਹੁਕਮ ਹੈ, ਜੋ ਬੀਜੋਗੇ ਉਹ ਹੀ ਵੱਢੋਗੇ। ਜੋ ਇਨਸਾਨ ਨਫ਼ਰਤ ਦੀ ਰਾਜਨੀਤੀ ਦੇ ਸਹਾਰੇ ਖੜਾ ਹੋਇਆ ਹੋਵੇ, ਉਸ ਕੋਲੋਂ ਚੰਗੇ ਭਵਿੱਖ ਦੀ ਆਸ ਕਰਨੀ ਰੱਬੀ ਹੁਕਮ ਤੋਂ ਇਨਕਾਰੀ ਹੋਣਾ ਹੈ।
ਕੇਜਰੀਵਾਲ ਨੇ ਸਕੂਲ ਤੇ ਹਸਪਤਾਲਾਂ ਦੇ ਢਾਂਚੇ ਦੇ ਸੁਧਾਰ ਵਿਚ ਕੁਛ ਕੰਮ ਕੀਤਾ ਹੈ, ਜਿਸਦਾ ਪਰਚਾਰ ਕੰਮ ਤੋਂ ਕਿਤੇ ਵੱਧ ਹੈ। ਪਰ ਇਹ ਕੇਵਲ ਢਾਂਚਾ ਹੈ, ਜਿਵੇਂ ਗੁਜਰਾਤ ਵਿਚ ਵੀ ਸੜਕਾਂ, ਇੰਡਸਟਰੀ ਤੇ ਕੁਛ ਕੰਮ ਤਾਂ ਹੋਇਆ ਹੀ ਸੀ। ਪਰ ਸਕੂਲ-ਹਸਪਤਾਲਾਂ ਦੀ ਰੂਹ ਤਾਂ ਟੀਚਰ ਤੇ ਡਾਕਟਰ ਹੂੰਦੇ ਹਨ। ਕਿ ਤੁਹਾਨੂੰ ਕਿਸੇ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਨੇ ਕਿੰਨੇ ਨਵੇਂ ਟੀਚਰ ਜਾਂ ਡਾਕਟਰਾਂ ਨੂੰ ਭਰਤੀ ਕੀਤਾ? ਜੇ ਦੱਸਿਆ ਨਹੀਂ, ਤਾਂ ਇਹ ਸੁਆਲ ਤੁਹਾਡੇ ਦਿਮਾਗ ਵਿਚ ਕਿਸ ਅਸਰ ਹੇਠ ਪੈਦਾ ਨਾ ਹੋਇਆ? ਟੀਚਰ ਡਾਕਟਰ ਆਏ ਦਿਨ ਦਿੱਲੀ ਸਰਕਾਰ ਅੱਗੇ ਖੁਦ ਨੂੰ ਪੱਕਾ ਕਰਨ ਲਈ ਮੁਜ਼ਾਹਰੇ ਕਰਦੇ ਕਿਉਂ ਨਹੀਂ ਨਜ਼ਰ ਆਉਂਦੇ?
ਹਸਪਤਾਲਾਂ ਦੇ ਢਾਂਚੇ ਦੀ ਪੋਲ ਤਾਂ ਕਰੋਨਾ ਮਹਾਮਾਰੀ ਨੇ ਖੋਲ ਦਿੱਤੀ ਸੀ। ਕਰੋਨਾ ਮਹਾਮਾਰੀ ਵੇਲੇ ਦਿੱਲੀ ਵਿਚ ਪਰਵਾਸੀ ਮਜ਼ਦੂਰਾਂ ਨੂੰ ਭੁਖਮਰੀ ਨਾਲ ਮਰਦੇ ਤੇ ਦਿੱਲੀ ਛੱਡਦੇ ਜਾਂਦੇ ਸਭ ਨੇ ਦੇਖਿਆ। ਪਰ ਪਰਵਾਸੀ ਮਜ਼ਦੂਰਾਂ ਲਈ ਭੁਖਮਰੀ ਵਰਗੇ ਬੁਰੇ ਹਾਲਾਤ ਪੰਜਾਬ ਵਿਚ ਨਹੀਂ ਸਨ। ਫਿਰ ਕਿਉਂ ਲੋਕੀਂ 'ਦਿੱਲੀ ਮਾਡਲ' ਤੇ ਫਿੱਦਾ ਹੋਈ ਜਾਂਦੇ ਹਨ? ਕਿ ਇਹ ਭੁਖਮਰੀ ਦਾ 'ਦਿੱਲੀ ਮਾਡਲ' ਤੁਸੀਂ ਪੰਜਾਬ ਵਿਚ ਵੀ ਲਾਗੂ ਕਰਨਾ ਚਾਹੁੰਦੇ ਹੋ?
ਪੰਜਾਬ ਦੇ ਮੱਸਲੇ ਬਹੁਤ ਵੱਢੇ ਹਨ ਜੋ ਸੰਘੀ ਕਦਰਾਂ ਦੇ ਹੇਠ ਹੀ ਲੋਕ ਤੰਤਰ ਨੂੰ ਬਚਾ ਕੇ ਹਲ ਕੀਤੇ ਜਾ ਸਕਦੇ ਹਨ। 'ਦਿੱਲੀ ਮਾਡਲ' ਨੂੰ ਚੁਣ ਕੇ ਤੁਸੀਂ ਜੋ ਬੀਜ ਰਹੇ ਹੋ, ਉਸਨੂੰ ਬਾਅਦ ਵਿਚ ਆਪ ਹੀ ਵੱਢਣਾ ਪਵੇਗਾ। ਕੁਛ ਕੂ ਬੀਜ ਇਸ ਤਰਾਂ ਹਨ:
- ਕੇਜਰੀਵਾਲ ਭਾਰਤੀ ਸੰਘੀ ਢਾਂਚੇ ਦਾ ਗਲਾ ਘੁਟਣ ਵਾਲੀਆਂ ਦੇ ਨਾਲ ਖੜਾ ਹੈ। ਉਸਨੇ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਉਸਨੇ ਜਮੂ-ਕਸ਼ਮੀਰ ਸਟੇਟ ਨੂੰ ਤੋੜਨ ਲਈ ਵੋਟ ਦਿੱਤੀ। ਤੁਸੀਂ ਸੰਘੀ ਢਾਂਚੇ ਦੇ ਕਾਤਲ ਬੀਜ ਰਹੇ ਹੋ, ਬਦਲੇ ਵਿਚ ਚੰਗਾ ਲੋਕ ਤੰਤਰ ਨਾ ਮੰਗਣਾ।
- ਪੰਜਾਬ ਲਈ ਸਭ ਤੋਂ ਅਹਿਮ ਮਸਲਾ ਦਰਿਆਈ ਪਾਣੀ ਬਾਰੇ ਆਪ ਪਾਰਟੀ ਸਦਾ ਟਾਲ ਮਟੋਲ ਕਰਦੀ ਹੈ। ਤੁਸੀਂ ਗੰਭੀਰ ਮੱਸਲਿਆਂ ਤੇ ਕਾਣੀ ਵੱਟ ਮਾਰਨ ਵਾਲੀ ਕਮਜ਼ੋਰੀ ਬੀਜ ਰਹੇ ਹੋ, ਬਦਲੇ ਵਿਚ ਪਾਣੀਆਂ ਦੀ ਲੁਟ ਤੇ ਰੋਕ ਦੀ ਉਮੀਦ ਨਾ ਕਰਨਾ।
- ਨਸ਼ੇਆਂ ਦੇ ਆਰੋਪੀ (ਬਿਕਰਮ ਮਜੀਠੀਆ) ਤੋਂ ਮੁਆਫ਼ੀ ਮੰਗਣ ਵਾਲੇ ਅਗਰ ਬੀਜੋਗੇ ਤਾਂ ਬਦਲੇ ਵਿਚ ਇਹਨਾ ਕੋਲੋਂ ਨਸ਼ੇਆਂ ਖਿਲਾਫ ਲੜਣ ਦੀ ਆਸ ਨਾ ਰਖਣਾ।
- ਤੁਸੀਂ ਬਗੈਰ ਟੀਚਰਾਂ-ਡਾਕਟਰਾਂ ਨੂੰ ਨੌਕਰੀ ਦਿੱਤੇ ਸਕੂਲ-ਕਲੀਨਕ ਦੇ ਢਾਂਚੇ ਬੀਜ ਰਹੇ ਹੋ, ਬਦਲੇ ਵਿੱਚ ਚੰਗੀ ਨੌਕਰੀਆਂ ਨਾ ਮੰਗਣਾ।
- ਤੁਸੀਂ ਪੂੰਜੀਪਤੀ (ਕੁਲਵੰਤ ਸਿੰਘ, ਮੁਹਾਲੀ ਵਰਗੇ) ਉਮੀਦਵਾਰ ਬੀਜ ਰਹੇ ਹੋ, ਬਦਲੇ ਵਿਚ ਆਮ ਜਨਤਾ ਲਈ ਰੈਣ ਬਸੇਰਾ ਨਾ ਮੰਗਣਾ।
- ਤੁਸੀਂ ਬਦਮਾਸ਼ੀ ਤੇ ਨਕਲੀ ਸ਼ਰਾਬ ਦੇ ਆਰੋਪਾਂ ਵਿਚ ਘਿਰੇ ਊਮੀਦਵਾਰ (ਸ਼ੀਤਲ ਅੰਗੂਰਾਲ, ਜਲੰਧਰ ਵਰਗੇ) ਬੀਜ ਰਹੇ ਹੋ, ਬਦਲੇ ਵਿਚ ਜੇ ਪੰਜਾਬ ਨੂੰ ਦਿੱਲੀ ਵਾਂਗ ਰੇਪ-ਕੈਪਿਟਲ ਕਿਹਾ ਜਾਣ ਲਗਿਆ ਜਾਵੇ, ਤਾਂ ਤੁਹਡਾ ਹੀ ਕਸੂਰ ਹੋਵੇਗਾ।
- ਆਪ ਪਾਰਟੀ ਨੇ ਕਈ ਐਸੇ ਊਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਜੋ ਕੁਛ ਦਿੱਨ ਪਹਿਲਾਂ ਕਾਂਗਰਸ, ਭਾਜਪਾ ਤੇ ਹੋਰ ਪਾਰਟੀਆਂ ਵਿਚ ਹੀ ਸਨ। ਦੂਜੇ ਦੇ ਕੂੜੇ ਨੂੰ ਬੀਜ ਕੇ ਸਫਾਈ ਦੇ ਬਦਲਾਅ ਦੀ ਆਸ ਹਾਸੋਹੀਣੀ ਹੈ।
- ਰਾਘਵ ਚੱਢਾ ਦੇ ਕਾਂਗਰਸ ਵਲੋਂ ਹਿੰਦੂ ਮੁਖਮੰਤਰੀ ਨਾ ਬਣਾਉਨ ਤੇ ਦੁਖ ਦਾ ਇਜ਼ਹਾਰ ਕਰਨਾ ਜਾਂ ਕੇਜਰੀਵਾਲ ਵਲੋਂ ਹਿੰਦੂਆਂ ਨੂੰ ਸੁਰਖਿਆ ਵਿਚ ਆਏ ਖੱਤਰੇ ਦਾ ਹਊਆ ਖੜਾ ਕਰਨਾ ਬੇਹਦ ਘਟਿਆ ਸਿਆਸਤ ਹੈ। ਜੇ ਪੰਜਾਬ ਦੇ ਸ਼ਾਂਤਮਈ ਮਾਹੋਲ ਵਿਚ ਫਿਰਕੂ ਮਾਹੌਲ ਨੂੰ ਬੀਜਣ ਨਾਲ ਨਤੀਜਾ ਵੀ ਦਿੱਲੀ ਵਾਂਗ ਫਿਰਕੂ ਦੰਗਿਆਂ ਦਾ ਹੋ ਜਾਵੇ, ਕਸੂਰਵਾਰ ਤੁਸੀਂ ਆਪ ਹੋਵੋਗੇ।
- ਪ੍ਰੋਫੈਸਰ ਭੁਲਰ ਦੀ ਬਣਦੀ ਰਿਹਾਈ ਨੂੰ ਰੋਕਣ ਵਾਲੇ ਫਰੇਬੀ ਸੁਭਾਅ ਨੂੰ ਬੀਜ ਕੇ, ਆਪਣੇ ਹੱਕਾਂ ਦੀ ਰਾਖੀ ਦੀ ਉਮੀਦ ਨਾ ਕਰਨਾ।
15 ਫਰਵਰੀ ਨੂੰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਦੀ ਦੁਖਦਾਈ ਖਬਰ ਆਈ ਜੋ ਪੰਜਾਬ ਲਈ ਬਹੁਤ ਵੱਡਾ ਘਾਟਾ ਹੈ। ਉਹ ਹਰ ਸਮੇਂ ਲੋਕਾਂ ਨੂੰ ਜਾਗਰੁਕ ਕਰਿਆ ਕਰਦਾ ਸੀ ਕਿ "ਇਹ ਹੌਂਦ ਦੀ ਲੜਾਈ ਹੈ"। ਸਿਮਰਨਜੀਤ ਸਿੰਘ ਮਾਨ ਦੇ ਚੋਣ ਪਰਚਾਰ ਵੇਲੇ ਦੀਪ ਸਿੱਧੂ ਦਾ ਹੋਕਾ ਬਹੁਤ ਡੂੰਗੇ ਭਾਵ ਵਾਲਾ ਸੀ। ਉਸਨੇ ਇੱਕ ਹੱਥ ਵਿਚ ਸ਼ਮਸ਼ੀਰ ਤੇ ਦੂਜੇ ਹੱਥ ਵਿਚ ਝਾੜੂ ਪਕੜ ਕੇ ਭਰੀ ਸੰਗਤ ਨੂੰ ਪੁਛਿਆ- "ਇਹ ਦੋਹਾਂ ਵਿਚੋਂ ਕਿਹੜੀ ਚੀਜ਼ ਸਾਡੀ ਹੈ।" ਸ਼ਮਸ਼ੀਰ ਤੋਂ ਉਸਦਾ ਭਾਵ ਗੁਰੂ ਸਾਹਿਬ ਵਲੋਂ ਬਖਸ਼ੀ ਆਜ਼ਾਦ ਅਤੇ ਜੁਝਾਰੂ ਸੋਚ ਤੋਂ ਸੀ। ਝਾੜੂ ਤੋਂ ਭਾਵ ਜਿੱਥੇ ਆਪ ਪਾਰਟੀ ਦੇ ਚੋਣ ਨਿਸ਼ਾਨ ਨਾਲ ਹੈ ਉਥੇ ਹੀ ਛੋਟੀ ਸੋਚ ਨਾਲ ਵੀ।
ਪ੍ਰਾਪੇਗੰਡਾ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਜਿਸ ਨੀਵੇਂ ਪਧਰ ਤੇ ਸੁਟ ਦਿੱਤਾ ਹੈ, ਉਹ ਬਹੁਤ ਅਫ਼ਸੋਸ ਦੀ ਗਲ ਹੈ। ਪਿਛਲੀ ਚੋਣਾਂ ਸਮੇਂ ਨਸ਼ੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਨੌਕਰੀਆਂ, ਦਰਿਆਈ ਪਾਣੀ, ਵਗੈਰਾ ਗੰਭੀਰ ਮੁਦੇ ਸਨ। ਪਰ ਇਸ ਵਾਰ ਲੋਕੀ ਸਕੂਲ-ਕਲੀਨਕ ਦੀ ਈਮਾਰਤਾਂ ਤੇ ਹੀ ਭਰਮਾ ਲਏ ਗਏ ਹਨ।
ਉਪਰ ਲਿਖੀ ਗੱਲ 'ਦਿੱਲੀ ਮਾਡਲ' ਦੇ ਪ੍ਰਾਪੇਗੰਡਾ ਨੂੰ ਮੁਖ ਰੱਖ ਕੇ ਲਿਖੀ ਗਈ ਹੈ, ਇਸਲਈ ਕੇਵਲ ਆਪ ਪਾਰਟੀ ਦੇ ਸੰਦਰਭ ਵਿਚ ਹੈ। ਇਹ ਕਿਸੀ ਹੋਰ ਪਾਰਟੀ ਦੇ ਸਮਰਥਨ ਵਿਚ ਨਹੀਂ। ਕੋਈ ਵੀ ਪਾਰਟੀ ਪੰਜਾਬ ਹਿਤੈਸ਼ੀ ਨਹੀਂ। ਅਕਸਰ ਲੋਕ ਕਹਿੰਦੇ ਹਨ ਕਿ ਬਾਕੀਆਂ ਨੂੰ ਦੇਖ ਲਿਆ, ਹੁਣ ਨਵੀਂ ਪਾਰਟੀ ਨੂੰ ਮੌਕਾ ਮਿਲਣਾ ਚਾਹੀਦਾ ਹੈ। ਨਾ ਤੇ ਪੰਜਾਬ ਕੋਈ ਪਰਯੋਗ ਸ਼ਾਲਾ ਹੈ ਤੇ ਨਾ ਹੀ ਪੰਜ ਸਾਲ ਕੌਈ ਥੋੜਾ ਸਮਾਂ ਹੁੰਦਾ ਹੈ। 2014 ਵਿਚ ਵੀ ਤੇ ਬਦਲਾਅ ਦੇ ਪਰਯੋਗ ਵਾਸਤੇ ਗੁਜਰਾਤ ਮਾਡਲ ਲਿਆਂਦਾ ਸੀ। ਪਰਯੋਗ ਉਸ ਚੀਜ਼ ਦਾ ਕਰਨਾ ਬਣਦਾ ਹੈ ਜਿਸਨੇ ਪੁਰਾਣੀਆਂ ਗਲਤੀਆਂ ਨੂੰ ਸੁਧਾਰਨ ਲਈ ਕਦਮ ਚੁਕੇ ਹੋਣ।
ਐਸੇ ਮਾਹੋਲ ਵਿਚ ਪੰਜਾਬੀਆਂ ਨੂੰ ਕਿਸੇ ਪਾਰਟੀ ਦਾ 'ਭਗਤ' ਨਹੀਂ ਬਣਨਾ ਚਾਹੀਦਾ। ਕੋਈ ਵੀ ਪਾਰਟੀ ਨਾਂ ਤਾ ਪੰਜਾਬ ਹਿਤੈਸ਼ੀ ਸਾਬਤ ਹੋਈ ਹੈ ਅਤੇ ਨਾ ਚੰਗੇ ਕਿਰਦਾਰ ਵਾਲੀ। ਪਰ ਕੁਛ ਪਾਰਟੀਆਂ ਨੇ ਕੁਛ ਚੰਗੇ ਊਮੀਦਵਾਰ ਜ਼ਰੂਰ ਉਤਾਰੇ ਹਨ। ਕਿਸੇ ਪਾਰਟੀ ਦੇ ਨਾਂ ਦੇ ਝਾਂਸੇ (ਭਗਤੀ) ਵਿਚ ਆਏ ਬਗੈਰ ਆਪਣਾ ਵੋਟ ਹਲਕੇ ਦੇ ਸਭ ਤੋਂ ਅੱਛੇ ਕਿਰਦਾਰ ਵਾਲੇ ਅਤੇ ਦਲੇਰ ਊਮੀਦਵਾਰ ਨੂੰ ਦੇਵੋ, ਉਹ ਭਾਵੇਂ ਕਿਸੀ ਵੀ ਪਾਰਟੀ ਦਾ ਹੋਵੇ। ਵੋਟਾਂ ਤੋਂ ਬਾਅਦ ਅਗਰ ਚੰਗੇ ਊਮੀਦਵਾਰਾਂ ਵਾਲੀਆਂ ਦੋ ਪਾਰਟੀਆਂ ਦਾ ਗੱਠਜੋੜ ਹੋ ਜਾਵੇ ਉਹ ਪੰਜਾਬ ਲਈ ਬਹਿਤਰ ਹੋਵੇਗਾ। ਨਾਲੇ ਹਰ ਪਾਰਟੀ ਨੂੰ ਸਬਕ ਮਿਲੇਗਾ ਅੱਗੇ ਤੋਂ ਚੰਗੇ ਊਮੀਦਵਾਰ ਉਤਾਰਣ ਲਈ। ਭਾਰਤੀ ਰਾਜਨੀਤੀ ਵਿਚ ਗੱਠਜੋੜ ਸਰਕਾਰਾਂ ਬਹੁਮਤ ਸਰਕਾਰਾਂ ਨਾਲੋ ਹਮੇਸ਼ਾ ਵੱਧ ਲੋਕ-ਪੱਖੀ ਰਹੀਆਂ ਹਨ। ਜਦਕਿ ਹਰ ਪਾਰਟੀ ਇਹ ਪਰਚਾਰ ਕਰਦੀ ਹੈ ਕਿ ਉਸਨੂ ਪੂਰਨ ਬਹੁਮਤ ਨਾਲ ਜਿਤਾਕੇ ਸਥਿਰ ਸਰਕਾਰ ਬਣਾਵੋ। ਇਹ ਛਲਾਵਾ ਹੈ। ਗਲਤ ਊਮੀਦਵਾਰਾਂ ਨਾਲ ਚੁਣੀਆਂ ਬਹੁਮਤ ਸਰਕਾਰਾਂ ਹੰਕਾਰੀ ਤੇ ਲੋਕ-ਮਾਰੂ ਬਣ ਜਾਂਦੀਆਂ ਹਨ।
ਜੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨ ਖਿਲਾਫ ਬੁਲੰਦ ਆਵਾਜ਼ ਚਾਹੁੰਦੇ ਹੋ ਤਾਂ ਸੁਖਪਾਲ ਸਿੰਘ ਖਹਿਰਾ ਜਿਤਾਉ। ਜੇ ਪਾਕਿਸਤਾਨ ਨਾਲ ਦੋਸਤਾਨਾ ਸਬੰਧ ਅਤੇ ਟਰੇਡ ਤੇ ਬਾਰਡਰ ਨੂੰ ਖੋਲਣ ਦੀ ਊਮੀਦ ਜੀਉਂਦੀ ਰਖਣਾ ਚਾਹੁੰਦੇ ਹੋ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਿਤਾਉ। ਜੇ ਪੰਜਾਬੀ ਮਾਂ ਬੋਲੀ ਬਾਰੇ ਵਿਧਾਨ ਸਭਾ ਵਿਚ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਤਾਂ ਲੱਖਾ ਸਿਧਾਣਾ ਜਿਤਾਉ। ਜੇ ਪੰਜਾਬ ਦੀ ਖੁਦਮੁਖਤਿਆਰੀ ਦੀ ਤੁਹਾਡੀ ਜ਼ਿੰਦਗੀ ਵਿਚ ਕੋਈ ਅਹਿਮੀਅਤ ਹੈ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉ। ਜੇ ਬਿਨਾ ਪੱਕੀ ਨੌਕਰੀ ਵਾਲੇ ਟੀਚਰ-ਡਾਕਟਰਾਂ ਦੇ ਸਕੂਲ-ਕਲੀਨਕ ਦੀ ਈਮਾਰਤਾਂ ਹੀ ਤੁਹਾਡੇ ਜੀਵਨ ਦਾ ਮਿਆਰ ਹੈ ਤਾਂ ਦਿੱਲੀ ਮਾਡਲ ਬਹੁਤ ਵਧਿਆ ਹੈ।
ਹੁਣ ਤਕ ਪੰਜਾਬ ਦੀ ਬਦਹਾਲੀ ਦਾ ਕਾਰਨ ਵੀ ਇਹ ਹੀ ਸੀ ਕਿ ਪਾਰਟੀ ਦੇ ਨਾਂ ਥਲੇ ਗਲਤ ਊਮੀਦਵਾਰਾਂ ਨੂੰ ਚੁਣਿਆ ਗਿਆ। ਜੇ ਬਦਲਾਅ ਚਾਹੁੰਦੇ ਹੋ ਤਾਂ ਆਪਣੀ ਇਸ ਮਾਨਸਿਕਤਾ ਨੂੰ ਬਦਲੋ। ਕੁਦਰਤ ਦੇ ਅਸੂਲਾਂ ਨੂੰ ਕਦੇ ਨਾ ਭੁਲੋ ਜੋ ਤੁਹਾਡੀ ਅੱਖਾਂ ਬੰਦ ਕਰਨ ਨਾਲ ਬਦਲ ਨਹੀਂ ਜਾਨੇ।



