ਸਿੱਖੀ ਖਿਲਾਫ ਖੱਬੇਪੱਖੀ ਤੇ ਬ੍ਰਾਹਮਣਵਾਦੀ ਸਾਂਝੇ ਕਿਉਂ
ਖੱਬੇਪੱਖੀਆਂ ਦਾ ਸਿੱਖੀ ਖਿਲਾਫ਼ ਭੁਗਤਣਾ, ਕੋਈ ਗੋਦੀ ਮੀਡੀਆ ਦੇ ਡਰ ਚੋਂ ਨਹੀਂ, ਬਲਕਿ ਵਿਚਾਰਧਾਰਾ ਦੇ ਉਹ ਗੂੜ੍ਹੇ ਭੇਦਾਂ ਵਿਚੋਂ ਜਨਮਿਆ ਹੈ ਜਿਸਨੂੰ ਹਰ ਸਿੱਖ ਲਈ ਸਮਝਨਾ ਬਹੁਤ ਜ਼ਰੂਰੀ ਹੈ।

ਹਰ ਸਰਕਾਰ ਵਿਰੋਧੀ ਅੰਦੋਲਨ ਦੇ ਖਿਲਾਫ਼ ਵਰਤਿਆ ਜਾਂਦਾ ਹਥਿਆਰ ਕਿਸਾਨ ਅੰਦੋਲਨ ਖਿਲਾਫ਼ ਵੀ ਤਰਤਿਆ ਗਿਆ। ਉਹ ਸੀ ਅੰਦੋਲਨ ਨੂੰ ਦੇਸ਼ ਵਿਰੋਧੀ ਦੱਸਣ ਵਾਸਤੇ ਮਾਉਵਾਦੀ, ਅਤੰਕਵਾਦੀ, ਨਕਸਲੀ, ਖਾਲਿਸਤਾਨੀ, ਟੁਕੜੇ-ਟੁਕੜੇ ਗੈਂਗ, ਆਦਿ ਦੇ ਨਾਮ ਨਾਲ ਬਦਨਾਮ ਕਰਨਾ। ਇਸ ਦੇਸ਼ ਦੀ ਸੱਤਾ ਤੇ ਕਾਬਜ਼ ਹਿੰਦੂਤਵੀਆਂ ਨੇ ਸਿੱਖਾਂ ਵਿਚ ਐਸੀ ਹੀਣ ਭਾਵਨਾ ਪੈਦਾ ਕਰ ਦਿੱਤੀ ਹੈ ਕਿ ਜਿਵੇਂ ਹੀ ਖਾਲਿਸਤਾਨ ਦਾ ਨਾਂ ਆਉਂਦਾ ਹੈ ਝੱਟ ਹੀ ਹਰ ਕੋਈ ਆਪਣੇ-ਆਪ ਨੂੰ ਇਸ ਤੋਂ ਵੱਖ ਕਰਕੇ ਦੇਸ਼ ਭਗਤ ਸਾਬਤ ਕਰਨ ਲਗ ਜਾਂਦਾ ਹੈ।
ਚਾਹੇ ਕੋਈ ਕਿਸੇ ਵਿਚਾਰਧਾਰਾ ਤੋਂ ਸਹਿਮਤ ਹੋਵੇ ਜਾਂ ਨਾ ਪਰ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਸ਼ਾਂਤੀ ਪੂਰਵਕ ਅਪਣੀ ਗਲ ਕਰਨ ਦਾ ਹੱਕ ਹੈ। ਪਰ ਸਰਕਾਰੀ ਪਰਚਾਰ ਤੰਤਰ ਨੇ ਖਾਲਿਸਤਾਨ ਨੂੰ ਆਤੰਕਵਾਦ ਨਾਲ ਜੋੜ ਰਖਿਆ ਹੈ। ਨਤੀਜਾ ਇਹ ਕਿ ਕਿਸੇ ਕੋਲ ਇਹਨੀ ਹਿੰਮਤ ਨਹੀਂ ਕਿ ਇਹ ਕਹਿ ਸਕੇ ਕਿ ਇਕ ਪਾਸੇ ਤਾਂ ਖੁਲੇ-ਆਮ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਰਖਣ ਵਾਲੇ ਰਾਜ ਕਰ ਸਕਦੇ ਹਨ ਅਤੇ ਹਿੰਸਾ ਕਰਦੇ ਵੇਖੇ ਜਾਂਦੇ ਹਨ, ਪਰ ਦੂਜੇ ਪਾਸੇ ਸ਼ਾਂਤੀ ਨਾਲ ਖਾਲਿਸਤਾਨ ਦੀ ਗਲ ਵੀ ਨਹੀਂ ਕੀਤੀ ਜਾ ਸਕਦੀ? ਪਰ ਜਦ ਰਾਜਨਿਤਕ ਗੁਲਾਮੀ ਕਬੂਲ ਕਰ ਹੀ ਲਈ ਹੈ ਫ਼ਿਰ ਇਹ ਸਮਝੌਤਾ ਭਾਰਤੀ ਹੋਣ ਦਾ ਫ਼ਰਜ਼ ਲਗਣ ਲਗ ਜਾਂਦਾ ਹੈ। ਸੈਕੁਲਰ ਭਾਰਤ ਵਿਚ ਸਮਝੌਤਿਆਂ ਭਰੇ ਜੀਵਨ ਵਿਚੋਂ ਹੀ ਸਵੈ-ਦੋਸ਼ ਦੀ ਹੀਣ ਭਾਵਨਾ ਪੈਦਾ ਹੁੰਦੀ ਹੈ।
ਪੰਜਾਬ ਦੇ ਸਿੱਖ ਕਿਸਾਨਾ ਦੀ ਅਗਵਾਈ ਸਭ ਨੇ ਕਬੂਲੀ
ਇਸ ਵਿਚ ਕਿਸੇ ਨੂੰ ਕੋਈ ਸ਼ਕ ਨਹੀਂ ਕਿ ਕਿਸਾਨ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾ ਦਾ ਅੰਦੋਲਨ ਹੈ ਪਰ ਇਸ ਵਿਚ ਵੀ ਕੋਈ ਸ਼ਕ ਨਹੀਂ ਕਿ ਇਸ ਦੀ ਕਮਾਨ ਪੰਜਾਬ ਦੇ ਸੰਭਾਲੀ। ਇਹ ਬੜੇ ਫ਼ਕਰ ਵਾਲੀ ਗਲ ਹੈ ਕਿ ਸਾਰੇ ਦੇਸ਼ ਦੇ ਕਿਸਾਨਾ ਨੇ ਪੰਜਾਬ ਦੀ ਅਗਵਾਈ ਨੂੰ ਬਿਣਾ ਕਿਸੇ ਸੰਕੋਚ ਦੇ ਕਬੂਲ ਕੀਤਾ। ਹਰਿਆਣੇ ਵਾਲੇਆਂ ਨੇ ਪੰਜਾਬ ਨੂੰ ਵੱਡਾ ਭਰਾ ਮੰਨਿਆ ਅਤੇ ਇਹ ਨੇੜਤਾ ਇਤਿਹਾਸਕ ਹੋ ਨਿਬੜੀ।
ਨਿਸ਼ਾਨ ਸਾਹਿਬ ਹੇਠ ਬਾਬੇ ਨਾਨਕ ਦਾ ਲੰਗਰ ਇਸ ਅੰਦੋਲਨ ਦੀ ਸਾਹ-ਰਗ ਬਣਕੇ ਸਾਹਮਣੇ ਆਇਆ। ਪ੍ਰਧਾਨਮੰਤਰੀ ਮੋਦੀ ਖੁਦ ਸਿਰ ਤੇ ਸਿੱਖੀ ਦਾ ਨਿਸ਼ਾਨ ਲਾ ਕੇ ਗੁਰਦੁਆਰਾ ਰਕਾਬ ਗੰਜ ਮੱਥਾ ਟੇਕਣ ਗਿਆ ਤਾਕਿ ਸਿਖਾਂ ਨੂੰ ਭਰਮਾਈਆ ਜਾ ਸਕੇ। ਇਸੇ ਗਲ ਨੂੰ ਲੈਕੇ ਸਰਕਾਰ ਪਹਿਲੇ ਦਿਨ ਤੋਂ ਆਪਣੇ ਮੀਡੀਆ ਰਾਂਹੀ ਭੰਡੀ ਪਰਚਾਰ ਕਰ ਰਹੀ ਸੀ ਕਿ ਕੇਵਲ ਪੰਜਾਬ ਯਾਨੀ ਸਿੱਖ ਹੀ ਅੰਦੋਲਨ ਕਰ ਰਹੇ ਹਨ, ਦੇਸ਼ ਦੇ ਬਾਕੀ ਕਿਸਾਨ ਤਾਂ ਤਿੰਨ ਕਾਨੂੰਨਾ ਤੋਂ ਖੁਸ਼ ਹਨ। ਪਰ ਸਾਰੇ ਦੇਸ਼ ਦੇ ਕਿਸਾਨਾ ਅਤੇ ਵਰਗਾਂ ਤੋਂ ਮਿਲੇ ਸਾਥ ਨੇ ਸਰਕਾਰ ਦਾ ਇਹ ਪੈਂਤੜਾ ਫੇਲ ਕਰ ਦਿੱਤਾ।
ਸਾਰੇ ਨਿਰਪੱਖ ਪੱਤਰਕਾਰ ਅਤੇ ਚਿੰਤਕਾਂ ਨੇ ਅਨੇਕਾਂ ਲੇਖ ਲਿਖੇ ਕਿ ਕਿਵੇਂ ਸਿੱਖ ਕਿਸਾਨ ਪੂਰੇ ਭਾਰਤ ਦੇ ਕਿਸਾਨਾ ਦੀ ਅਵਾਜ਼ ਬਣੇ। ਯੂ.ਪੀ. ਦੇ ਉਘੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਪਣੀ ਤਕਰੀਰ ਵਿਚ ਖੁਲੇ-ਆਮ ਕਿਹਾ- "ਸਾਡੀਆਂ ਔਰਤਾਂ ਮੰਦਿਰਾਂ ਵਿਚ ਦੁਧ ਚੜਾ-ਚੜਾ ਕੇ ਨਹੀਂ ਥੱਕਦੀਆਂ ਪਰ ਕਿਸੇ ਮੰਦਿਰ ਨੇ ਕਿਸਾਨਾ ਨੂੰ ਇੱਕ ਕੱਪ ਚਾਹ ਵੀ ਨਹੀਂ ਪੁਛੀ। ਮੰਦਿਰਾਂ ਨੂੰ ਵੀ ਗੁਰਦੁਆਰਿਆਂ ਕੋਲੋਂ ਕੁਝ ਸਿਖਣਾ ਚਾਹੀਦਾ ਹੈ।" ਹਰਿਆਣੇ ਦੇ ਜਾਟਾਂ ਵਲੋਂ ਸਿੱਖੀ ਅਪਣਾਉਣ ਦੀਆਂ ਵੀ ਸੁਰਖੀਆਂ ਬਣੀਆ। ਇਹ ਗਲ ਆਮ ਚਰਚਾ ਦਾ ਵਿਸ਼ਾ ਬਣ ਗਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਹਨਾ ਪਿਛਲੇ ਸੋ ਸਾਲ ਵਿਚ ਪਰਚਾਰ ਕੀਤਾ ਉਸ ਨਾਲੋਂ ਵਧ ਕਿਸਾਨ ਅੰਦੋਲਨ ਨੇ ਕਰ ਦਿੱਤਾ।
ਪੰਜਾਬ ਸੈਂਟਰ ਨੂੰ ਕਾਂਗਰਸ ਜਾਂ ਬੀ.ਜੇ.ਪੀ. ਵਿਚ ਵੰਡਕੇ ਨਹੀਂ, ਦਿੱਲੀ ਤੱਖਤ ਵਜੋਂ ਦੇਖਦਾ ਹੈ। ਪੰਜਾਬ ਦਾ ਦਿੱਲੀ ਨਾਲ ਰਿਸ਼ਤੇ ਵਿਚ 1947 ਤੋਂ ਪਹਿਲਾਂ ਅਤੇ ਬਾਦ ਵਿਚ ਕੋਈ ਫ਼ਰਕ ਨਹੀਂ ਆਇਆ। ਪੰਜਾਬੀ ਗਾਇਕਾਂ ਵਲੋਂ ਕਿਸਾਨ ਅੰਦੋਲਨ ਤੇ ਗਾਇਆ ਤਕਰੀਬਨ ਹਰ ਗੀਤ 'ਦਿੱਲੀਏ' ਆਖਕੇ ਲਲਕਾਰਦਾ ਹੈ। ਇਹ ਹੀ ਕਾਰਨ ਹੈ ਕਿ ਤਿੰਨ ਕਾਨੂੰਨਾ ਤੇ ਸੈਂਟਰ ਦੀ ਨਿਅਤ ਜਿਨੀਂ ਸਪੱਸ਼ਟਾ ਨਾਲ ਕਿਸਾਨ ਜਥੇਬੰਦੀਆਂ ਸਿੱਖਾਂ ਨੂੰ ਸਮਝਾ ਸਕੀਆਂ, ਉਹਨਾ ਬਾਕੀ ਦੇਸ਼ ਨਹੀਂ। ਸਿੱਖ ਸਮਾਜ ਦੇ ਹਰ ਵਰਗ ਨੇ ਇਸ ਮੁਦੇ ਦਾ ਪੁਰਜ਼ੋਰ ਸਮਰਥਨ ਕੀਤਾ- ਕਿਸਾਨ, ਮਜ਼ਦੂਰ, ਪੇਂਡੂ, ਸ਼ਹਿਰੀ, ਜੱਟ, ਖੱਤਰੀ, ਮਜ਼ਹਬੀ, ਨਿਹੰਗ, ਪੰਜਾਬ ਜਾਂ ਪੰਜਾਬ ਤੋਂ ਬਾਹਰ। ਦੂਜੀਆਂ ਕੌਮਾਂ ਖਾਸਕਰ ਮੁਸਲਮਾਨਾ ਨੇ ਆਪਣਿਆਂ ਨੂੰ ਸਿੱਖਾਂ ਤੋਂ ਇੱਕ-ਜੁਟਤਾ ਦੀ ਸੇਧ ਲੈਣ ਦੀ ਗਲ ਕੀਤੀ। ਕਿਸਾਨ ਆਗੂਆਂ ਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦਾ ਖਾਸ ਧੰਨਵਾਦ ਕੀਤਾ ਜੋ ਬਾਹਰਲੇ ਦੇਸ਼ਾਂ ਵਿਚ ਕਿਸਾਨਾਂ ਦੀ ਅਵਾਜ਼ ਬਣੇ। ਵਿਦੇਸ਼ਾਂ ਵਿਚ ਵੀ ਸਾਰੇ ਮੁਜ਼ਾਹਰੇ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਹੀ ਹੋਏ। ਚਾਹੇ ਇਹ ਅੰਦੋਲਨ ਸਿੱਖ ਮੁਦਿਆਂ ਤੇ ਨਹੀਂ, ਪਰ ਸਿੱਖ ਕਦਰਾਂ, ਇਤਹਾਸ ਤੇ ਪਰੰਪਰਾਂਵਾਂ ਕਿਸਾਨੀ ਅੰਦੋਲਨ ਨੂੰ ਖੜਾ ਕਰਨ ਦਾ ਕਾਰਨ ਜ਼ਰੂਰ ਬਣੀਆਂ।
ਇਸ ਵਰਤਾਰੇ ਦਾ ਵਰਣਨ ਸਿੱਖ ਚਿੰਤਕਾਂ ਨੇ ਅਪਣੇ-ਅਪਣੇ ਢੰਗ ਨਾਲ ਕੀਤਾ ਜਿਸਦਾ ਸਾਰ ਇਹ ਹੀ ਹੂੰਦਾ- ਗੁਰੂ ਦੀ ਕਲਾ ਵਰਤ ਰਹੀ ਹੈ। ਇਸ ਪਿਛੋਕੜ ਵਿਚ ਜਦ ਕਿਸਾਨ ਆਗੂ ਨਿਸ਼ਾਨ ਸਾਹਿਬ ਨੂੰ ਅੰਦੋਲਨ ਤੋਂ ਵੱਖ ਕਰਨ ਦੀ ਗਲ ਕਰਦੇ ਤਾਂ ਇਹ ਉਹਨਾ ਦੀ ਕੇਵਲ ਕਮਜ਼ੋਰੀ ਨਹੀਂ ਬਈਮਾਨੀ ਵੀ ਦਰਸਾਉਂਦਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਕਾਰੀ ਚਾਲ ਵਿੱਚ ਫੱਸੇ
ਸਭ ਤਰਾਂ ਦੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦਿਆਂ ਮੋਰਚਾ ਸਿਖਰਾਂ ਛੂ ਰਿਹਾ ਸੀ। ਇਸੇ ਦੋਰਾਨ ਕਿਸਾਨ ਨੇਤਾਵਾਂ ਦੀ ਸਰਕਾਰ ਨਾਲ ਕਈ ਗੇੜ ਦੀ ਫੈਸਲਾ-ਰਹਿਤ ਗਲਬਾਤ ਨੇ ਖੜੋਤ ਲੈ ਆਂਦੀ। ਮੋਰਚੇ ਵਿਚ ਨਵੀਂ ਜਾਨ ਪਾਉਣ ਅਤੇ ਸਰਕਾਰ ਤੇ ਦਬਾਅ ਪਾਉਣ ਵਾਸਤੇ ਕਿਸਾਨ ਲੀਡਰਾਂ ਵਲੋਂ 26 ਜਨਵਰੀ ਨੂੰ ਦਿੱਲੀ ਅੰਦਰ ਟਰੈਕਟਰ ਲੈਕੇ 'ਦਿੱਲੀ ਦੀ ਹਿੱਕ' ਤੇ ਵੱਜਨ ਦੀਆਂ ਜੋਸ਼ੀਲੀ ਅਪੀਲਾਂ ਕੀਤੀਆਂ ਗਈਆਂ। ਦਰਅਸਲ 26 ਜਨਵਰੀ ਦਾ ਪਰੋਗਰਾਮ ਹੀ ਸਰਕਾਰ ਨੂੰ ਅੰਦੋਲਨ ਨੂੰ ਹਿੰਸਕ ਦਰਸਾਉਣ ਦਾ ਸੁਨਿਹਰੀ ਮੌਕਾ ਸੀ ਜਿਸ ਵਿਚ ਸਾਰੀਆਂ ਧਿਰਾਂ ਸਰਕਾਰੀ ਚਾਲ ਦਾ ਹਿੱਸਾ ਬਣੀਆਂ।
ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਸਾਰੇ ਆਗੂ ਅਕਸਰ ਸਟੇਜ ਤੋਂ ਬਾਰ-ਬਾਰ ਸਿਆਣੀ ਅਪੀਲ ਲਗਾਤਾਰ ਕਰਦੇ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖੋ, ਹਿੰਸਾ ਸਰਕਾਰ ਦੇ ਫਾਇਦੇ ਵਿਚ ਭੁਗਤੇਗੀ। ਪਰ ਜਿਹੜੀ ਸਰਕਾਰ ਦੇਸ਼ ਦੇ ਸੰਵੀਧਾਨ ਤੋਂ ਨਹੀਂ ਬਲਕਿ ਚਾਣਕਿਆ ਨੀਤੀ ਨਾਲ ਚਲਦੀ ਹੋਵੇ ਉਸਨੂੰ ਅੰਦੋਲਨਕਾਰੀਆਂ ਵਲੋਂ ਹਿੰਸਾ ਦੀ ਉਡੀਕ ਨਹੀਂ। ਇੱਕ ਸਾਲ ਪਹਿਲਾਂ ਤਿਰੰਗੇ ਝੰਡੇ ਦੀ ਛਾਂ ਹੇਠ ਚਲਦੇ ਸ਼ਾਹੀਨ ਬਾਗ ਦੇ ਅੰਦੋਲਨ ਨੂੰ ਹਿੰਦੂਤਵੀ ਭੀੜਾਂ ਵਲੋਂ ਹਿੰਸਕ ਬਣਾਕੇ ਬੜੀ ਬੇਰਰਿਹਮੀ ਨਾਲ ਕੁਚਲ ਦਿੱਤਾ ਸੀ। 1 ਜਨਵਰੀ 2018 ਨੂੰ ਵੀ ਭੀਮਾ ਕੋਰੇਗਾਂਉ ਵਿਚ ਹਿੰਦੂਤਵੀ ਭੀੜਾਂ ਨੇ ਹਿੰਸਾ ਕੀਤੀ ਪਰ ਇਲਜ਼ਾਮ ਦਲਿਤ ਅੰਦੋਲਨਕਾਰੀਆਂ ਤੇ ਹੀ ਮੜਿਆ। ਸਰਕਾਰੀ ਸ਼ਹਿ ਤੇ ਦੰਗਾਈਆਂ ਵਲੋਂ ਕੀਤੀ ਜਾਂਦੀ ਹਿੰਸਾ ਦਾ ਕੋਈ ਪੈਂਤਰਾਂ ਵਿਚਾਰੇ ਬਗੈਰ 26 ਜਨਵਰੀ ਦੀ ਪਰੇਡ ਤਾਂ ਸਰਕਾਰ ਨੂੰ ਸੁਨਿਹਰੀ ਅਵਸਰ ਸੀ।
ਕਿਸਾਨ ਲੀਡਰ ਦਿੱਲੀ ਵਿਚ ਪਰੇਡ ਕਰਨ ਦੀਆਂ ਗਰਮਾ-ਗਰਮ ਤਕਰੀਰਾਂ ਕਰਦੇ ਰਹੇ। ਰਾਜਪੱਥ ਤੇ ਸਰਕਾਰੀ ਪਰੇਡ ਦੇ ਬਰਾਬਰ ਟਰੈਕਟਰ ਪਰੇਡ ਤੋਂ ਗਲ ਸ਼ੁਰੂ ਹੋਈ, ਫ਼ਿਰ ਪਾਰਲੀਮੈਂਟ ਤੇ ਕਬਜ਼ੇ ਦੀ ਗਲ ਚਲੀ, ਉਸ ਉਪਰੰਤ ਲਾਲ ਕਿਲੇ ਤੇ ਝੰਡੇ ਝੂਲਾਉਣ ਦੀ ਵੀ ਗਲ ਹੋਈ ਅਤੇ ਅੰਤ ਵਿਚ ਰਿੰਗ ਰੋਡ ਤੇ ਪਰੇਡ ਦਾ ਪਰੋਗਰਾਮ ਸੀਮਤ ਹੋਇਆ। ਦੂਜੇ ਪਾਸੇ ਦਿੱਲੀ ਪੁਲਿਸ ਤੋਂ ਮਨਜ਼ੂਰੀ ਅਤੇ ਰੂਟ ਲਈ ਵਾਰਤਾ ਚਲਦੀ ਰਹੀ।
ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਕਈ ਦੌਰ ਦੀ ਮੀਟਿੰਗਾਂ ਵਿਚ ਉਲਝਾਈ ਰੱਖਿਆ। ਪਰ ਨੌਜਵਾਨਾਂ ਵਿਚ ਜੋਸ਼ ਦਿੱਨ-ਬ-ਦਿੱਨ ਵਧਦਾ ਗਿਆ ਅਤੇ ਲੱਖਾਂ ਦੀ ਤਦਾਦ ਵਿਚ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ 'ਦਿੱਲੀ ਕੂਚ' ਕਰਨ ਦੀ ਤਿਆਰੀ ਕਰਨ ਲਗਾ। ਮਸਾਂ ਦੋ ਦਿਨ ਪਹਿਲਾਂ ਦਿੱਲੀ ਪੁਲਿਸ ਤੋਂ ਜਿਹੜਾ ਰੂਟ ਮਨਜ਼ੂਰ ਹੋਇਆ ਉਹ ਰਿੰਗ ਰੋਡ ਤੋਂ ਕਾਫ਼ੀ ਪਰੇ ਸੀ ਅਤੇ ਕਈ ਵਲ-ਵਲੇਵੇਂ ਨਾਲ ਦਿੱਲੀ ਅੰਦਰ ਘਟ ਅਤੇ ਬਾਹਰਲੇ ਇਲਾਕੇ ਵਿਚ ਜ਼ਿਆਦਾ ਸੀ। ਯਕੀਨਨ ਇਹ ਜੋਸ਼ ਵਿਚ ਆਏ ਨੋਜਵਾਨਾ ਲਈ ਨਿਰਾਸ਼ਾ ਦੀ ਗਲ ਸੀ।
ਬਲਬੀਰ ਸਿੰਘ ਰਾਜੇਵਾਲ ਨੇ ਇਹ ਦਲੀਲ ਦਿੱਤੀ ਕਿ ਉਹ ਆਪ ਚਾਹੁੰਦੇ ਸਨ ਕਿ ਰੂਟ ਹਾਈਵੇ ਨਾਲੋਂ ਰਿਹਾਈਸ਼ੀ ਈਲਾਕਿਆਂ ਵਿਚੋਂ ਲੰਗੇ ਤਾਕਿ ਸਥਾਨਕ ਲੋਕ ਵੀ ਸਮਰਥਨ ਦਾ ਮੁਜ਼ਾਹਰਾ ਕਰ ਸਕਨ। ਪਰ ਸਰਕਾਰੀ ਅਗੰਸੀਆਂ ਦੀ ਸ਼ਰਾਰਤ ਦੇ ਪਿਛੋਕੜ ਵਿਚ ਇਸਨੂੰ ਮੂਰਖਤਾ ਭਰੀ ਚਾਹਣਾ ਹੀ ਕਿਹਾ ਜਾ ਸਕਦਾ ਸੀ। ਇਹ ਚਾਹਣਾ ਉਹਨਾ ਨੇ ਦਿੱਲੀ ਪੁਲਿਸ ਨਾਲ ਰੂਟ ਫਾਈਨਲ ਕਰਨ ਤੋਂ ਪਹਿਲਾਂ ਸਟੇਜ ਤੋਂ ਕਦੇ ਜ਼ਾਹਰ ਨਹੀਂ ਸੀ ਕੀਤੀ। ਰਿਹਾਇਸ਼ੀ ਇਲਾਕਿਆਂ ਵਿਚ ਤਾਂ ਕਈ ਮੋਕੇ ਮਿਲਣੇ ਸਨ ਮਾਹੌਲ ਨੂੰ ਖਰਾਬ ਕਰਨ ਦੇ। ਮੰਦੀਪ ਪੁਨਿਆ ਪੱਤਰਕਾਰ ਨੇ ਆਪਣੀ ਜਾਨਕਾਰੀ ਸਾਂਝੇ ਕਰਦੇ ਦੱਸਿਆ ਕਿ ਬਵਾਨਾ ਮੋਹੱਲੇ ਵਿਚ ਹਿੰਦੂਤਵੀ ਭੀੜ ਵਲੋਂ ਕਿਸਾਨਾ ਉੱਤੇ ਪੈਟਰੋਲ ਬੰਬ ਸੁਟਣ ਦੀ ਪੂਰੀ ਤਿਆਰੀ ਸੀ। ਇਸ ਨੂੰ ਗੋਦੀ ਮੀਡੀਏ ਵਲੋਂ ਕਿਸਾਨਾ ਦਾ ਸਥਾਨਕ ਲੋਕਾਂ ਨਾਲ ਝਗੜਾ ਕਰਨ ਦਾ ਭੰਡੀ ਪਰਚਾਰ ਕਰਨਾ ਸੀ। ਜੇਕਰ ਲਾਲ ਕਿਲੇ ਦੀ ਘਟਨਾ ਨਾ ਵੀ ਹੂੰਦੀ, ਰਿਹਾਈਸ਼ੀ ਇਲਾਕਿਆਂ ਵਿਚ ਚਾਣਕਿਆ ਦੇ ਚੇਲਿਆਂ ਕੋਲ ਪਲਾਨ-ਬੀ ਦੇ ਤੋਰ ਤੇ ਹੋਰ ਕਈ ਮੋਕੇ ਮਿਲਣੇ ਸੀ ਅਤੇ ਵਰਤੇ ਵੀ ਗਏ।
ਕਿਸਾਨ ਆਗੂ ਇੱਕ ਪਾਸੇ ਕਹਿ ਰਹੇ ਸਨ ਕਿ ਲੱਖਾਂ ਟਰੈਕਟਰ ਦੀ ਪਰੇਡ ਨੂੰ 48 ਤੋਂ 72 ਘੰਟੇ ਲਗ ਜਾਣਗੇ। ਇਥੇ ਤਕ ਹਿਦਾਇਤਾਂ ਦਿੱਤੀਆਂ ਗਈਆਂ ਕਿ ਕੇਵਲ ਟਰੈਕਟਰ ਆਉਣਗੇ ਕੋਈ ਟਰਾਲੀ ਨਹੀਂ ਆਵੇਗੀ ਅਤੇ ਕੋਈ ਹਥਿਆਰ ਨਹੀਂ ਰਖੇਗਾ। 72 ਘੰਟੇ ਵਿਚ ਬਜ਼ੁਰਗ, ਔਰਤਾਂ, ਬੱਚੇ ਕਿਥੇ ਸੋਣਗੇ, ਖਾਣਗੇ ਤੇ ਜੰਗਲ-ਪਾਣੀ ਜਾਣਗੇ ਇਸ ਦਾ ਕੋਈ ਵੇਰਵਾ ਨਹੀਂ। ਹਥਿਆਰਾਂ ਤੋਂ ਬਗੈਰ ਦਿਨੇ ਜਾਂ ਰਾਤ ਸਮੇਂ ਹਿੰਦੂਤਵੀ ਭੀੜਾਂ ਕਿ ਕੁਝ ਕਰ ਸਕਦੀਆਂ ਸਨ ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਨਵੰਬਰ 1984 ਵਿਚ ਵੀ ਦਿੱਲੀ ਪੁਲਿਸ ਨੇ ਸਿੱਖਾਂ ਦੇ ਘਰੋਂ ਹਥਿਆਰ ਜ਼ਬਤ ਕਰ ਲਏ ਸਨ ਤਾਕਿ ਕਾਤਲ ਭੀੜਾਂ ਅਗੇ ਸਿੱਖ 'ਹਿੰਸਾ' ਨਾ ਕਰ ਸਕਨ। ਹਥਿਆਰਾਂ ਤੋਂ ਵਾਂਝੇ ਰੱਖਣਾ ਕਿਤੇ ਦਿੱਲੀ ਪੁਲਿਸ ਦੀ ਹੀ ਸਲਾਹ ਤਾਂ ਨਹੀਂ ਸੀ?
ਇਹ ਵੀ ਕਿਹਾ ਗਿਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਦਿੱਲੀ ਪੁਲਿਸ ਨੇ ਰੋਸ ਪ੍ਰਦਰਸ਼ਨ ਲਈ ਨੋ ਓਬਜੈਕਸ਼ਨ ਸਰਟੀਫਿਕੇਟ (NOC) ਦਿੱਤਾ ਹੈ। ਦੂਜੇ ਪਾਸੇ ਦਿੱਲੀ ਪੁਲਿਸ ਨੇ ਸਿਰਫ਼ ਪੰਜ ਹਜ਼ਾਰ ਟਰੈਕਟਰ ਦੀ ਇਜਾਜ਼ਤ ਦੀ ਗਲ ਪਰੈਸ ਸਾਹਮਣੇ ਕਹੀ। ਇਤਨਾ ਭੰਬਲਭੂਸੇ ਅਤੇ ਆਤਮ-ਸਮਰਪਣ ਵਾਲਾ ਅਨ.ਓ.ਸੀ. ਵਾਕਈ ਇਤਿਹਾਸ ਵਿਚ ਪਹਿਲੀ ਵਾਰ ਸੁਣਿਆ ਸੀ।
ਦਿੱਲੀ ਪੁਲਿਸ ਨਾਲ ਇਕ-ਤਰਫ਼ਾ ਇਕਰਾਰ ਨੇ ਪਾਈ ਫ਼ੁਟ
ਬੇਸ਼ਕ ਸੰਘਰਸ਼ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਚਲ ਰਿਹਾ ਹੈ। ਪਰੇਡ ਕੋਈ ਨਿਸ਼ਾਨਾ ਨਹੀਂ ਸੀ। ਇਹ ਅਹਿਮ ਨਹੀਂ ਸੀ ਕਿ ਪਰੇਡ ਰਿੰਗ ਰੋਡ ਤੇ ਹੋਵੇ ਜਾਂ ਨਾ ਹੋਵੇ। ਜੋ ਰੂਟ ਕਿਸਾਨ ਜਥੇਬੰਦੀਆਂ ਨੇ ਪੁਲਿਸ ਕੋਲੋਂ ਮਨਜ਼ੂਰ ਕਰਵਾਇਆ ਦੱਸਿਆ ਜਾਂਦਾ ਸੀ, ਉਹ ਕੋਈ ਘਟ ਨਹੀਂ ਸੀ ਅਗਰ ਉਪਰ ਲਿੱਖੇ ਸ਼ੰਕਿਆਂ ਤੋਂ ਨਿਰਲੇਪ ਹੁੰਦਾ ਅਤੇ ਕੁਝ ਹੋਰ ਦਿਨ ਪਹਿਲਾਂ ਐਲਾਨ ਹੋ ਜਾਂਦਾ। ਪਰ ਪਰੇਡ ਦਾ ਉਦੇਸ਼ ਅੰਦੋਲਨ ਵਿਚ ਆਈ ਖੜੋਤ ਨੂੰ ਦੂਰ ਕਰਨਾ ਸੀ ਜੋ ਭੁਖ-ਹੜਤਾਲਾਂ ਵਾਂਗ ਸਰਕਾਰੀ ਰਜ਼ਾਮੰਦੀ ਵਾਲਾ ਰੂਟ ਪੂਰਾ ਨਹੀਂ ਸੀ ਕਰਦਾ। ਸੋ ਨੋਜਵਾਨਾ ਦਾ ਰੋਸ ਜਾਇਜ਼ ਸੀ ਕਿਉਂਕੀ ਪਰੇਡ ਸਰਕਾਰ ਉੱਤੇ ਦਬਾਅ ਦਾ ਇੱਕ ਪੈਂਤੜਾ ਸੀ।
ਇਸ ਸੰਘਰਸ਼ ਨੇ ਨੋਜਵਾਨਾ ਨੂੰ ਵੀ ਵਿਚਾਰ ਦੀ ਅਹਿਮਿਅਤ ਬਾਰੇ ਜਾਗਰੁਕ ਕੀਤਾ ਹੈ। ਕਿਸਾਨ ਅੰਦੋਲਨ ਤੋਂ ਪਹਿਲਾਂ ਪੰਥ ਵਿਚ ਭਰਾ-ਮਾਰੂ ਜੰਗ ਦਾ ਮਾਹੋਲ ਬਣਿਆ ਪਿਆ ਸੀ। ਨੋਜਵਾਨਾ ਦੀਆਂ ਭਾਵਨਾਵਾਂ ਨੂੰ ਬ੍ਰਾਹਮਣਵਾਦੀ ਡੇਰੇਦਾਰਾਂ ਨੇ ਵੱਖਰੀ ਵਿਚਾਰ ਰੱਖਣ ਵਾਲੇ ਸਿੱਖ ਪ੍ਰਚਾਰਕਾਂ ਖਿਲਾਫ ਭੁਗਤਾ ਕੇ ਹਮਲੇ ਅਤੇ ‘ਸੋਧੇ’ ਲਵਾ ਦਿੱਤੇ ਸਨ। ਨੋਜਵਾਨਾ ਨੇ ਦੇਖ ਲਿਆ ਕਿ 'ਅਨੁਭਵੀ' ਅਤੇ ਅਖੋਤੀ ਬ੍ਰਹਮਗਿਆਨੀ ਸਾਧ ਅਸਲੀ ਦੁਸ਼ਮਨ ਅਗੇ ਕਿਨੇ ਤੁੱਛ ਹਨ। ਇਹਨਾ ਸਾਧਾਂ ਦੀ ਕਾਬਲਿਅਤ ਭਰਾਵਾਂ ਦੀ ਭਰਾਵਾਂ ਹੱਥੋਂ ਪੱਗਾਂ ਲੁਹਾਉਣ ਤੋਂ ਵਧ ਨਹੀਂ। ਹੁਣ ਨੋਜਵਾਨ ਵੀਚਾਰ ਨਾਲ ਜੁੜਨਾ ਚਾਹੁੰਦੇ ਸਨ ਜਿਸ ਨਾਲ ਉਹ ਤਾਕਤਵਰ ਦੁਸ਼ਮਨ ਦੀਆਂ ਚਾਲਾਂ ਸਮਝ ਸਕਣ। ਦੀਪ ਸਿੱਧੂ ਤੇ ਲੱਖਾ ਸਿਧਾਣਾ ਸਿੱਖ ਨੋਜਵਾਨਾ ਵਲੋਂ ਬਹੁਤ ਪਸੰਦ ਕੀਤੇ ਜਾਨ ਲਗੇ ਜੋ ਭਾਂਵੇਂ 'ਪਤਿਤ' ਹਨ। ਡਾ. ਸੁਖਪ੍ਰੀਤ ਸਿੰਘ ਉਦੋਕੇ ਦੇ ਰੋਲ ਨੂੰ ਵੀ ਬਹੁਤ ਸਲਾਹਿਆ ਗਿਆ, ਜਿਹਨਾ ਨੂੰ ਅਖੋਤੀ ਸੰਤ ਸਮਾਜ 'ਮਿਸ਼ਨਰੀ ਲਾਣਾ' ਕਹਿ ਕੇ ਭੰਡਦਾ ਸੀ। ਭਾਵ ਸੰਘਰਸ਼ ਨੇ ਨੋਜਵਾਨਾਂ ਨੂੰ ਵਿਚਾਰਵਾਨ ਹੋਣ ਵਲ ਪ੍ਰੇਰਯਾ।
ਵਿਚਾਰ ਦੀ ਹਰ ਕੱਸਵੱਟੀ ਤੇ ਨੋਜਵਾਨਾ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਇੱਕ-ਤਰਫ਼ਾ ਇਕਰਾਰ ਕਮਜ਼ੋਰੀ ਵਜੋਂ ਲੈਣਾ ਸੁਭਾਵਕ ਸੀ। ਨੋਜਵਾਨਾ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ, ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੈ, 'ਸਾਡਾ ਰੂਟ ਰਿੰਗ ਰੋਡ' ਦਾ ਐਲਾਨ ਕਰ ਦਿੱਤਾ। ਇੱਕ ਦਿਨ ਪਹਿਲਾਂ 25 ਦੀ ਰਾਤ ਨੂੰ ਨੌਜਵਾਨ ਰਿੰਗ ਰੋਡ ਦੀ ਮੰਗ ਕਰ ਕੇ ਸਟੇਜ ਤੇ ਚੜ ਗਏ। ਇਕ ਰਾਏ ਇਹ ਵੀ ਰਹੀ ਕਿ ਸੰਘਰਸ਼ ਦੇ ਰਸਤੇ ਵਿਚ ਆਉਂਦੇ ਪੜਾਅ ਵਿਚ ਥੋੜੀ-ਬਹੁਤ ਤਬਦੀਲੀ, ਜੋ ਸਿਧਾਂਤਕ ਪੱਖੋਂ ਕਮਜ਼ੋਰੀ ਨਾ ਦਰਸਾਏ, ਕੋਈ ਗਲਤ ਨਹੀਂ। ਜਦ ਤਕ ਕਿਸਾਨ ਜਥੇਬੰਦੀਆਂ ਆਪਣੇ ਟੀਚੇ ਤੋਂ ਨਹੀਂ ਹਟਦੀਆਂ, ਉਹਨਾ ਦਾ ਪੂਰਾ ਸਮਰਥਨ ਹੋਵੇ। ਇਸੇ ਗਲ ਨੂੰ ਧਿਆਨ ਵਿਚ ਰੱਖਦੇ ਹੋਏ ਸਟੇਜ ਤੇ ਚੜੇ ਨੋਜਵਾਨਾ ਦੇ ਨੁਮਾਇੰਦੇ ਸਾਰੀ ਰਾਤ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨਾਲ ਗਲਬਾਤ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹਨਾ ਦੀ ਦਿੱਲੀ ਪੁਲਿਸ ਨਾਲ ਕੀਤੀ ਇੱਕ-ਤਰਫ਼ਾ ਵਚਨਬੱਧਤਾ ਨੇ ਗਲ ਨਾ ਬਣਨ ਦਿੱਤੀ।
ਪੰਥਕ ਭਾਵਨਾਵਾ ਪ੍ਰਤੀ ਹੀਣ-ਭਾਵਨਾ ਨੂੰ ਸਰਕਾਰ ਨੇ ਬਣਾਇਆ ਹਥਿਆਰ
ਜਿਦਾਂ ਹੀ 26 ਜਨਵਰੀ ਦੇ ਦਿਨ ਲਾਲ ਕਿਲੇ ਦੇ ਖਾਲੀ ਪੋਸਟ ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਝੂਲਾਉਣ ਦੀਆਂ ਤਸਵੀਰਾਂ ਆਈਆਂ ਤਾਂ ਉਹ ਪਲ ਲੱਖਾਂ ਸਿੱਖਾਂ ਲਈ ਅਲੋਕਿਕ ਸਨ। ਲਾਲ ਕਿਲੇ ਤੇ ਖਾਲਸਈ ਨਿਸ਼ਾਨ ਝੂਲਣੇ ਮਿੱਥੇ ਪਰੋਗਰਾਮ ਵਿਚ ਚਾਹੇ ਨਹੀਂ ਸੀ ਪਰ ਲੱਖਾਂ ਦੀ ਮਾਨਸਿਕਤਾ ਵਿਚ ਜ਼ਰੂਰ ਸੀ। ਪਿਛਲੇ ਦੋ ਮਹੀਨੇਆਂ ਵਿਚ ਸਟੇਜ ਅਤੇ ਗੀਤਾਂ ਵਿਚ ਦਿੱਲੀ ਫਤੇਹ ਕਰਨ ਵਾਲੇ ਬਾਬਾ ਬਘੇਲ ਸਿੰਘ ਨੂੰ ਕਈ ਵਾਰ ਯਾਦ ਕੀਤਾ ਗਿਆ ਸੀ। 26 ਨਵੰਬਰ ਵੇਲੇ ਵੀ ਮਿੱਥੇ ਪਰੋਗਰਾਮ ਤੋਂ ਹੱਟ ਕੇ ਨੋਜਵਾਨਾ ਬੈਰੀਕੇਡ ਤੋੜੇ ਤੇ ਸਿੰਘੂ ਬਾਡਰ ਅਪੜ ਕੇ ਸਭ ਇਕੱਠੇ ਹੋ ਗਏ ਸੀ ਅਤੇ ਬੈਰੀਕੇਡ ਤੋੜਨਾ ਸਹੀ ਸਾਬਤ ਹੋਇਆ ਸੀ। ਉਸੇ ਤਰਾਂ ਜੇ ਹੁਣ ਫਿਰ ਦੋਬਾਰਾ ਇਕੱਠੇ ਹੋ ਜਾਂਦੇ ਤਾਂ ਨਿਸ਼ਾਨ ਸਾਹਿਬ ਦੇ ਝੂਲਣ ਦੀਆਂ ਤਸਵੀਰਾਂ ਇਸ ਅੰਦੋਲਨ ਨੂੰ ਹੋਰ ਊਰਜਾ ਦਿੰਦੀਆਂ। ਪਰ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂਆਂ ਨੇ ਉਹ ਸਟੈਂਡ ਨਾ ਲਿਆ ਜੋ ਉਹਨਾ ਦੋ ਮਹੀਨੇ ਪਹਿਲਾਂ ਲਿਆ ਸੀ। 'ਸਾਡਾ ਰੂਟ ਰਿੰਗ ਰੋਡ' ਦਾ ਨਾਅਰਾ ਦੇਣ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਲਾਲ ਕਿਲੇ ਤੋਂ ਪਾਸਾ ਵੱਟ ਲਿਆ।
ਛੇਤੀ ਹੀ ਖਬਰਾਂ ਸਾਹਮਣੇ ਆ ਗਈਆਂ ਕਿ ਦਿੱਲੀ ਪੁਲਿਸ ਨੇ ਜਾਨ-ਬੁਝ ਕੇ ਮਿੱਥੇ ਰੂਟ ਤੇ ਕਈ ਜਗ੍ਹਾ ਬੈਰੀਕੇਡ ਲਾਏ ਹੋਏ ਸਨ ਤਾਕਿ ਵਧ ਤੋਂ ਵਧ ਕਿਸਾਨ ਰਿੰਗ ਰੋਡ ਤੇ ਹੀ ਜਾਨ। ਨਾ ਕੇਵਲ ਸਿੰਘੂ ਬਾਡਰ ਬਲਕਿ ਟਿਕਰੀ ਅਤੇ ਗਾਜ਼ੀਪੁਰ ਬਾਡਰ ਤੋਂ ਵੀ ਲੋਕ ਰਿੰਗ ਰੋਡ ਤੇ ਫਿਰ ਲਾਲ ਕਿਲੇ ਪਹੁੰਚਨ ਲਗੇ। ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂ ਖੁਦ ਹੀ ਨਿਰਧਾਰਤ ਰਸਤੇ ਤੋਂ ਦੂਰ ਹੋ ਕੇ ਰਿੰਗ ਰੋਡ ਤੇ ਆ ਗਏ। ਗੁਰਨਾਮ ਸਿੰਘ ਚੜੂਨੀ ਤਾਂ ਗੁਰੂਦੁਆਰਾ ਮਜਨੂੰ ਕਾ ਟਿੱਲਾ ਤੋਂ ਵੀ ਅਗੇ ਲੰਘ ਗਏ ਸਨ। ਗਾਜ਼ੀਪੁਰ ਬਾਡਰ ਤੋਂ ਆਂਦੇ ਕਿਸਾਨਾਂ ਨਾਲ ਆਈ.ਟੀ.ਓ. ਤੇ ਪੁਲਿਸ ਨੇ ਹਿੰਸਾ ਕੀਤੀ ਜੋ ਗੋਦੀ ਮੀਡੀਆ ਤੇ ਕਿਸਾਨਾ ਵਲੋਂ ਹੋਈ ਹਿੰਸਾ ਦੱਸੀ। ਇਥੇ ਹੀ ਨੋਜਵਾਨ ਨਵਰੀਤ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਜਿਸਨੂੰ ਮੀਡੀਆ ਵਿਚ ਟਰੈਕਟਰ ਪਲਟਨ ਕਰਕੇ ਹੋਈ ਮੌਤ ਦੱਸਿਆ ਗਿਆ। ਲਾਲ ਕਿਲੇ ਵਿਚ ਵੀ ਕਿਸਾਨਾ ਨੂੰ ਦਾਖਲ ਹੋਣ ਵਿਚ ਕੋਈ ਮੁਸ਼ਕਿਲ ਨਾ ਆਈ। ਇਤਨੀ ਭੀੜ ਹੋਣ ਦੇ ਬਾਵਜੂਦ ਭਾਰਤੀ ਤਿਰੰਗੇ ਦਾ ਕੋਈ ਅਪਮਾਨ ਨਾ ਹੋਇਆ ਅਤੇ ਖਾਲੀ ਪੋਸਟ ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਝੂਲਾ ਦਿੱਤਾ ਗਿਆ।
ਸਾਰੇ ਕਿਸਾਨ ਆਗੂਆਂ ਨੇ ਟਰੈਕਟਰ ਪਰੇਡ ਰੋਕ ਕੇ ਸਭ ਨੂੰ ਆਪਣੇ-ਆਪਣੇ ਟਿਕਾਨੇ ਵਾਪਸ ਆਉਣ ਦੀ ਅਪੀਲ ਕਰ ਦਿੱਤੀ। 48 ਤੋਂ 72 ਘੰਟੇ ਵਾਲੀ ਪਰੇਡ ਨੂੰ ਰੋਕਨਾ ਸਿਆਣਪ ਸੀ ਕਿਉਂਕੀ ਦਿੱਲੀ ਪੁਲਿਸ ਦਾ ਜੋ ਰੋਲ ਸਭ ਲੀਡਰਾਂ ਨੇ ਦੇਖ ਲਿਆ ਸੀ ਰਾਤ ਰਸਤੇ ਵਿਚ ਗੁਜ਼ਾਰਨਾ ਖੱਤਰੇ ਤੋਂ ਖਾਲੀ ਨਹੀਂ ਸੀ। ਚਾਹੀਦਾ ਤਾਂ ਇਹ ਸੀ ਕਿ ਸਾਰਾ ਅਰੋਪ ਅਸਲ ਦੋਸ਼ੀ, ਦਿੱਲੀ ਪੁਲਿਸ ਵਲੋਂ ਕੀਤੀ ਹਿੰਸਾ ਤੇ ਸੁਟਦੇ ਪਰ ਕਿਸਾਨ ਆਗੂਆਂ ਨੇ ਦੀਪ ਸਿੱਧੂ ਨੂੰ ਮੋਹਰਾ ਬਣਾ ਕੇ ਸਿੱਖ ਸੰਗਤ ਦੀ ਭਾਵਨਾਵਾਂ ਤੇ ਦੂਸ਼ਨ ਲਗਾ ਕੇ ਪੂਰੇ ਅੰਦੋਲਨ ਨੂੰ ਨਿਰਾਸ਼ਤਾ ਵਲ ਧਕੇਲ ਦਿੱਤਾ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਲੋਂ ਜ਼ਹਿਰੀਲੇ ਭਾਸ਼ਨ ਰਾਹੀਂ ਸਟੇਜ ਤੋਂ ਸਰਦਾਰ ਤੇ ਗੱਦਾਰ ਦੇ ਜੋ ਖਿਤਾਬ ਵੰਡੇ ਗਏ, ਉਸਨੇ ਰਿੰਗ ਰੋਡ ਤੇ ਲਾਲ ਕਿਲੇ ਤੇ ਜਾਨ ਵਾਲੇ ਲੱਖਾਂ ਲੋਕਾਂ ਨੂੰ ਠੱਗਿਆ ਮਹਿਸੂਸ ਕਰਵਾਈਆ ਅਤੇ ਅੰਦੋਲਨ ਨੂੰ ਨੀਵਾਣ ਵਲ ਲਿਜਾਣ ਦਾ ਕਾਰਜ ਕੀਤਾ। ਇਸ ਨਕਾਰਾਤਮਕ ਸਟੈਂਡ ਨੇ ਸਰਕਾਰ ਨੂੰ ਸਿੱਖਾਂ ਖਿਲਾਫ਼ ਤਸ਼ਦਦ ਕਰਨ ਦਾ ਵੀ ਬਹਾਨਾ ਦੇ ਦਿੱਤਾ।
ਚੋਣਾ ਲੜਨ ਵਾਲੀ ਸਵਰਾਜ ਪਾਰਟੀ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਲਾਲ ਕਿਲੇ ਤੇ ਝੰਡਾ ਝੁਲਾਉਣਾ ਅਮਰੀਕਾ ਵਿਚ ਟਰੰਪ ਸਮਰਥਕਾਂ ਵਲੋਂ ਕੈਪਿਟਲ ਹਿੱਲ ਤੇ ਕੀਤੀ ਹੁਲੜਬਾਜ਼ੀ ਦੇ ਬਰਾਬਰ ਹੈ। ਜਦ ਕਿ ਕਿਸਾਨਾ ਵਲੋਂ ਕੁਝ ਵੀ ਗੈਰ-ਸੰਵਿਧਾਨਕ ਜਾਂ ਹਿੰਸਕ ਨਹੀਂ ਸੀ ਕੀਤਾ ਗਿਆ। ਲਾਲ ਕਿਲੇ ਤੇ ਨਿਸ਼ਾਨ ਸਾਹਿਬ 2014 ਵਿਚ ਵੀ ਝੂਲਾਈਆ ਸੀ, ਸਰਕਾਰ ਨੇ ਖੁਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਦਿੱਲੀ ਫਤੇਹ ਦਿਵਸ ਨੂੰ ਸਮਰਪਿਤ ਪਰੋਗਰਾਮ ਕੀਤਾ ਸੀ। ਮੁਗਲਾਂ ਨਾਲ ਹੋਈ ਜੰਗ ਦੀ ਯਾਦ ਵਿਚ ਤਾਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਸਕਦਾ ਹੈ ਕਿਉਂਕੀ ਇਸ ਨਾਲ ਸਿੱਖਾਂ ਨੂੰ ਮੁਸਲਮਾਨਾ ਖਿਲਾਫ ਵਰਤਿਆ ਜਾ ਸਕਦਾ ਹੈ, ਪਰ ਉਹ ਸਰਕਾਰ ਪ੍ਰਤੀ ਰੋਸ ਵਜੋਂ ਆਪਣੀ ਮਰਜ਼ੀ ਨਾਲ ਝੂਲਾ ਦੇਣ ਤਾਂ ਅਤੰਕਵਾਦੀ। ਕਿ ਸਿੱਖਾਂ ਨੇ ਦੇਸ਼ ਵਿਚ ਰਹਿਣ ਦੀ ਕੀਮਤ ਵਜੋਂ ਆਪਣੇ-ਆਪ ਨੂੰ ਵਰਤੇ ਜਾਣ ਨੂੰ ਸਵੀਕਾਰ ਕਰ ਲਿਆ ਹੈ? ਜਿਥੇ ਤਕ ਪ੍ਰਦਰਸ਼ਨ ਕਰਨ ਦੀ ਗਲ ਹੈ ਤਾਂ ਸਾਲ 1988 ਵਿਚ ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਸਿੰਹ ਟਿਕੈਤ ਨੇ ਵੀ ਦਿੱਲੀ ਵਿਚ ਲੱਖਾਂ ਕਿਸਾਨਾ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਅਪਣੀ ਮੰਗਾ ਮਣਵਾਉਣ ਲਈ ਰਾਜਪੱਥ ਉੱਤੇ ਵਿਜੇ ਚੌਕ ਤੋਂ ਇੰਡੀਆ ਗੇਟ ਤਕ ਕਬਜ਼ਾ ਕਰ ਲਿਆ ਸੀ। ਇਸ ਅੰਦੋਲਨ ਦੀ ਸਫਲਤਾ ਕਰਕੇ ਉਹਨਾ ਨੂੰ ਬਾਬਾ ਟਿਕੈਤ ਵੀ ਕਿਹਾ ਜਾਂਦਾ ਹੈ। ਸਾਲ 2012 ਵਿਚ ਬੀਬੀ ਨਿਰਭਯਾ ਦੀ ਹਤਿਆ ਅਤੇ ਬਲਾਤਕਾਰ ਦੇ ਰੋਸ ਵਿਚ ਤਾਂ ਸੰਵਿਧਾਨਕ ਈਮਾਰਤ ਰਾਸ਼ਟਰਪਤੀ ਭਵਨ ਦੇ ਬਾਹਰ ਬਹੁਤ ਜ਼ਬਰਦੱਸਤ ਪ੍ਰਦਰਸ਼ਨ ਹੋਇਆ। ਆੰਸੂ ਗੈਸ ਅਤੇ ਪਾਣੀ ਦੀਆਂ ਤੋਪਾਂ ਵੀ ਚਲੀਆਂ ਪਰ ਮੀਡੀਆ ਨੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਹੀ ਰੀਪੋਰਟਿੰਗ ਕੀਤੀ ਸੀ। ਯੋਗੇਂਦਰ ਯਾਦਵ ਵਰਗੇ ਸਿਆਸੀ ਲੋਕਾਂ ਦੇ ਬਿਆਨ ਅਤੇ ਫੈਸਲੇ ਨੈਤਿਕਤਾ ਨਾਲੋਂ ਵਧ ਚੋਣਾਂ ਵਿਚ ਨਫਾ-ਨੁਕਸਾਨ ਦੇ ਪੈਮਾਨੇ ਤੇ ਹੁੰਦੇ ਹਨ।
ਮੀਡੀਆ ਰਾਹੀਂ ਲਾਲ ਕਿਲੇ ਦੀ ਘਟਨਾ ਬਾਰੇ ਰਾਸ਼ਟਰਵਾਦ ਦੀ ਆੜ ਵਿਚ ਸਿੱਖਾਂ ਵਿਰੋਧੀ ਮਾਹੌਲ ਬਣਾਉਣਾ ਤਹਿ ਹੀ ਸੀ। ਕੇਵਲ ਸਵਰਣ ਜਾਤੀ ਦੀ ਨੁਮਾਇੰਦਗੀ ਕਰਦਾ ਮੁਖ-ਧਾਰਾ ਦੇ ਮੀਡੀਏ ਤੋਂ ਤਾਂ ਹਿੰਦੂਤਵੀ ਸਰਕਾਰ ਖਿਲਾਫ਼ ਜਾਂਦੇ ਕਿਸੇ ਵੀ ਅੰਦੋਲਨ ਦਾ ਸਾਥ ਦੇਣ ਦੀ ਆਸ ਹੈ ਹੀ ਨਹੀਂ। ਹਮੇਸ਼ਾਂ ਸੱਤਾ ਦੀ ਗੋਦ ਵਿਚ ਖੇਡਣ ਕਰਕੇ ਹੀ ਤਾਂ ਇਸ ਨੂੰ ਗੋਦੀ ਮੀਡੀਆ ਕਹਿੰਦੇ ਹਨ। ਗੋਦੀ ਮੀਡੀਆ ਤੋਂ ਪਰੇਡ ਬਾਰੇ ਸੋਹਿਲੇ ਸੁਣਨ ਦੀ ਉਮੀਦ ਕਿਸ ਨੂੰ ਸੀ? ਜੇ ਗੋਦੀ ਮੀਡੀਆ ਅਗੇ ਘੁਟਨੇ ਹੀ ਟੇਕਨੇ ਸਨ ਫ਼ਿਰ ਤਾਂ 26 ਜਨਵਰੀ ਦਾ ਸੱਦਾ ਹੀ ਗਲਤ ਸੀ। ਜਿਥੇ ਤਕ ਅੰਤਰ ਰਾਸ਼ਟਰੀ ਮੀਡੀਆ ਦੀ ਗਲ ਹੈ ਤਾਂ ਲਾਲ ਕਿਲੇ ਦੀ ਘਟਨਾ ਦੀ ਸਭ ਪਾਸੇ ਕਿਸਾਨਾ ਦੇ ਹੱਕ ਵਿਚ ਹੀ ਰਿਪੋਰਟਿੰਗ ਹੋਈ ਜਿਸ ਨਾਲ ਦੁਨਿਆ ਭਰ ਵਿਚ ਅਵਾਜ਼ ਹੋਰ ਬੁਲੰਦ ਹੋਈ।
ਸਰਕਾਰ ਦਾ ਦਾਅ ਪੁਠਾ ਪੈ ਸਕਦਾ ਸੀ ਅਗਰ ਲਾਲ ਕਿਲੇ ਤੇ ਇੱਕ ਹੋਰ ਮੋਰਚਾ ਸ਼ੁਰੂ ਕਰਨ ਦਾ ਕਿਸਾਨ ਆਗੂ ਐਲਾਨ ਕਰ ਦਿੰਦੇ। ਇਸ ਸਾਰੇ ਘਟਨਾਕ੍ਰਮ ਤੋਂ ਤਾਂ ਐਵੇਂ ਜਾਪਦਾ ਹੈ ਕਿ ਸਰਕਾਰ ਨਾ ਕੇਵਲ ਸਿੱਖਾਂ ਦੀ ਦਿੱਲੀ ਤੱਖਤ ਪ੍ਰਤੀ ਮਾਨਸਿਕਤਾ ਬਾਰੇ ਸੁਚੇਤ ਸੀ ਬਲਕਿ ਕਿਸਾਨ ਆਗੂਆਂ ਦੀ ਸਿੱਖ ਨਿਸ਼ਾਨਾ ਪ੍ਰਤੀ ਹੀਣ-ਭਾਵਨਾ ਤੇ ਵੀ ਸਰਕਾਰ ਨੂੰ ਪੂਰਾ ਭਰੋਸਾ ਸੀ। ਨਿਸ਼ਾਨ ਸਾਹਿਬ ਝੂਲਾਉਣ ਤੋਂ ਬਾਦ ਕਿਸਾਨ ਆਗੂਆਂ ਦੀ ਪ੍ਰਤਿਕ੍ਰਿਆ ਇਸ ਤਰਾਂ ਦੀ ਰਹੀ ਮਾਨੋ ਉਹ ਸਰਕਾਰ ਤੋਂ ਫ਼ੋਨ ਤੇ ਨਿਰਦੇਸ਼ ਲੈਕੇ ਸਭ ਕੁਝ ਕਰ ਰਹੇ ਹੋਣ। ਸਿੱਖੀ ਖਿਲਾਫ਼ ਇਹ ਭਾਵਨਾ ਕੋਈ ਮੀਡੀਆ ਦੇ ਡਰ ਤੋਂ ਨਹੀਂ ਸੀ ਬਲਕਿ ਖੱਬੇਪੱਖੀ ਵਿਚਾਰਧਾਰਾ ਦੇ ਉਹ ਗੂੜ੍ਹੇ ਭੇਦਾਂ ਵਿਚੋਂ ਜਨਮੀ ਸੀ ਜਿਸਨੂੰ ਸਮਝਨਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ।
ਪੰਜਾਬ ਦੇ ਆਗੂਆਂ ਨੇ ਅਪਣਾ ਵਕਾਰ ਘਟਾਇਆ
ਇਸ ਅੰਦੋਲਨ ਦੀ ਬਹੁਤ ਵੱਡੀ ਉਪਲੱਬਦੀ ਰਹੀ ਕਿ ਜਾਤਾਂ-ਧਰਮਾਂ ਵਿਚ ਵੰਡੇ ਸਮਾਜ ਵਿਚ ਭਾਈਚਾਰਕ ਸਾਂਝ ਬਣ ਗਈ। ਇਹ ਗਲ ਸਭ ਦੇ ਸਮਝ ਵਿਚ ਪੈ ਗਈ ਕਿ ਸਾਰਿਆਂ ਦਾ ਸਾਂਝਾ ਦੁਸ਼ਮਨ ਬ੍ਰਾਹਮਣਵਾਦੀ ਤੰਤਰ ਹੈ ਜੋ ਸਭ ਨੂੰ ਇੱਕ-ਦੂਜੇ ਨਾਲ ਲੜਾ ਕੇ ਆਪ ਰਾਜ ਕਰ ਰਿਹਾ ਹੈ। ਹਰ ਕਿਸੇ ਨੇ ਜਿਥੇ ਆਪਣਾ ਸਾਂਝਾ ਦੁਸ਼ਮਨ ਪਛਾਣ ਲਿਆ ਉਥੇ ਹੀ ਸਿੱਖਾਂ ਨੂੰ ਸਾਂਝੇ ਦੋਸਤ ਵਜੋਂ ਜਾਣਿਆ।
ਇਸੇ ਵਰਤਾਰੇ ਦੀ ਸਮਝ ਵਿਚੋਂ ਰਾਕੇਸ਼ ਟਿਕੈਤ ਦੇ ਅਥਰੂ ਨਿਕਲੇ। ਉਹ ਸਮਝ ਚੁਕਾ ਸੀ ਖੱਬੇਪੱਖੀਆਂ ਦੀ ਕਮਜ਼ੋਰੀ ਦਾ ਫਾਇਦਾ ਚੁਕਦੇ ਹੋਏ, ਬ੍ਰਾਹਮਣੀ ਤੰਤਰ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਭਾਈਚਾਰੇ ਨੂੰ ਮੁੜ ਤੋਂ ਤੋੜਨਾ ਚਾਹੁੰਦਾ ਹੈ ਜਿਸ ਨਾਲ ਅੰਦੋਲਨ ਵੀ ਖਤਮ ਹੋ ਸਕਦਾ ਹੈ। ਸਿੱਖਾਂ ਦੇ ਹੱਕ ਵਿਚ ਰਾਕੇਸ਼ ਟਿਕੈਤ ਦੇ ਲਏ ਸਟੈਂਡ ਨੇ ਉਸਨੂੰ ਲੋਕ ਨਾਇਕ ਵਜੋਂ ਉਭਾਰਿਆ। ਅੰਦੋਲਨ ਪੰਜਾਬ ਦੀ ਅਗਵਾਈ ਵਿਚ ਚਲ ਰਿਹਾ ਸੀ ਇਸ ਦੇ ਬਾਵਜੂਦ ਕੋਈ ਪੰਜਾਬ ਦਾ ਆਗੂ ਉਹ ਰੁਤਬਾ ਨਾ ਹਾਸਿਲ ਕਰ ਸਕਿਆ, ਇਸ ਪਿਛੇ ਉਹਨਾ ਦੀ ਸਿੱਖੀ ਖਿਲਾਫ ਖੱਬੇਪੱਖੀ ਸੋਚ ਸੀ। ਰਾਕੇਸ਼ ਟਿਕੈਤ ਚਾਹੇ ਸਿੱਖੀ ਅਸੂਲਾਂ ਤੋਂ ਪੂਰੀ ਤਰਾਂ ਜਾਨੂ ਨਾ ਹੋਵੇ ਪਰ ਉਹ ਜ਼ਮੀਨ ਨਾਲ ਜੁੜੀਆ ਆਗੂ ਹੈ ਅਤੇ ਖੱਬੇਪੱਖੀ ਸੋਚ ਤੋਂ ਮੁਕਤ ਹੈ।
ਸਿੱਖੀ ਖਿਲਾਫ਼ ਕਿਉਂ ਭੁਗਦਤੇ ਹਨ ਖੱਬੇਪੱਖੀ?
ਕਮਯੁਨਿਸਟ, ਲੈਫ਼ਟ ਜਾਂ ਖੱਬੇਪੱਖੀ ਸਿਧਾਂਤਕ ਤੋਰ ਤੇ ਸਮਾਜਵਾਦ ਤੇ ਖੜੀ ਹੈ। ਇਹ ਸਮਾਜ ਵਿਚ ਬਰਾਬਰੀ ਅਤੇ ਨਿਆਂ ਲਿਆਣ ਦੀ ਗਲ ਕਰਦੇ ਹਨ ਜੋ ਕਿ ਸ਼ੁਭ ਵਿਚਾਰ ਹਨ। ਜਰਮਨ ਦੇ ਕਾਰਲ ਮਾਕਸ ਨੂੰ ਕਮਯੁਨਿਸਟ ਵਿਚਾਰਧਾਰਾ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਦਾ ਬਹੁਤ ਪ੍ਰਸਿੱਧ ਕਥਨ ਹੈ- "ਧਰਮ ਲੋਕਾਂ ਦੀ ਅਫੀਮ ਹੈ।" ਉਸਦਾ ਮਣਨਾ ਸੀ ਕਿ ਜਿਵੇਂ ਅਫੀਮ ਨਾਲ ਲੋਕ ਅਪਣਾ ਦਰਦ ਭੁਲ ਜਾਂਦੇ ਹਨ ਉਸੇ ਤਰਾਂ ਧਰਮ ਦਾ ਇਸਤਮਾਲ ਕਰਕੇ ਸ਼ਾਸਕ ਲੋਕਾਂ ਉੱਤੇ ਹੁੰਦੇ ਜ਼ੁਲਮ ਨੂੰ ਭੁਲਾ ਦਿੰਦਾ ਹੈ। ਇਸਲਈ ਧਰਮ ਅਤੇ ਸੱਤਾ ਦੋਨੋ ਵੱਖ ਹੋਣੇ ਚਾਹੀਦੇ ਹਨ। ਉਸਦਾ ਮਣਨਾ ਸੀ ਕਿ ਸਮਾਜਵਾਦੀ ਇੰਕਲਾਬ ਲਈ ਧਰਮ ਇੱਕ ਰੁਕਾਵਟ ਹੈ। ਸਮਾਜਵਾਦ ਦੇ ਉਦੇਸ਼ਾਂ ਨੂੰ ਹਾਸਲ ਕਿਵੇਂ ਕਰਨਾ ਹੈ ਇਸ ਵਿਚ ਦੇਸ਼ਾਂ-ਪ੍ਰਾਂਤਾ ਵਿਚ ਲੈਫਟ ਦੀਆਂ ਕਈ ਭਿੰਨਤਾਵਾਂ ਹਨ, ਪਰ ਧਰਮ ਨੂੰ ਨਕਾਰ ਕੇ ਸੱਤਾ ਵਿਵਸਥਾ ਖੜੀ ਕਰਨਾ ਸਭ ਦਾ ਮੂਲ ਹੈ।
ਮਾਰਸਵਾਦ ਦੇ ਧਰਮ ਤੇ ਲਾਏ ਇਲਜ਼ਾਮ ਹਰ ਪੂਜਾਰੀ ਪ੍ਰਧਾਨ ਵਿਵਸਥਾ ਤੇ ਸਹੀ ਹਨ। ਭਾਰਤ ਵਿਚ ਬ੍ਰਾਹਮਣਵਾਦੀ ਰਾਜ ਤੰਤਰ ਵਿਚ ਤਾਂ ਸੋ ਫੀਸਦੀ ਸਹੀ ਹਨ। ਪਰ ਮਾਰਸਵਾਦ ਦੇ ਧਰਮ ਪ੍ਰਤੀ ਕੀਤੀ ਟਿਪਣੀ ਸਿੱਖੀ ਤੇ ਸਹੀ ਸਾਬਤ ਨਹੀਂ ਹੁੰਦੀ। ਸਿੱਖੀ ਤਾਂ ਆਪ ਹੀ ਮਨੁਖਤਾ ਨੂੰ ਬਰਾਬਰੀ ਅਤੇ ਨਿਆਂ ਦਿਵਾਣ ਤੇ ਖੜੀ ਹੈ। ਜੋ ਗਿਲੇ ਖੱਬੇਪੱਖੀ ਧਰਮ ਤੇ ਕਰਦੇ ਹਨ ਉਹ ਤਾਂ ਬਾਬੇ ਨਾਨਕ ਨੇ ਵੀ ਕੀਤੇ ਹਨ ਅਤੇ ਪੂਜਾਰੀ ਨੂੰ ਉਜਾੜੇ ਦਾ ਕਾਰਨ ਦੱਸਿਆ ਹੈ।
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਮ:1, ਪੰਨਾ: 662)
ਮਾਰਕਸਵਾਦ ਅਤੇ ਸਿੱਖੀ ਦੋਨੋ ਚੰਗੇ ਸਮਾਜ ਦੀ ਸਿਰਜਨਾ ਦਾ ਟੀਚਾ ਰੱਕਦੇ ਹਨ, ਪਰ ਜਿਥੇ ਮਾਰਕਸਵਾਦ ਧਰਮ ਨੂੰ ਪੂਰੀ ਤਰਾਂ ਨਕਾਰਦਾ ਹੈ ਉਥੇ ਹੀ ਬਾਬਾ ਨਾਨਕ ਧਰਮ ਦੀ ਨਵੀਂ ਪਰੀਭਾਸ਼ਾ ਕਰਦੇ ਹਨ ਜੋ ਰੱਬੀ ਗੁਣਾ ਅਤੇ ਸਰਬਵਿਆਪੀ ਹੁਕਮ ਤੇ ਟਿਕਿਆ ਹੈ।
ਭਗਤੀ ਤੋਂ ਹੀਣੇ ਲੋਕਾਂ ਕੋਲ ਜਦ ਸ਼ਕਤੀ ਆ ਜਾਂਦੀ ਹੈ ਤਾਂ ਉਦੇਸ਼ ਪਿਛੇ ਰਹਿ ਜਾਂਦੇ ਹਨ ਅਤੇ ਸੱਤਾ ਕਾਇਮ ਰਖਣ ਲਈ ਹਰ ਹਥਕੰਡਾ ਜਾਇਜ਼ ਲੱਗਦਾ ਹੈ ਚਾਹੇ ਮਨੁੱਖਤਾ ਦਾ ਕਿਨਾ ਵੀ ਘਾਣ ਕਿਉਂ ਨਾ ਹੋ ਜਾਵੇ। ਕਮਯੁਨਿਸਟਾਂ ਨੂੰ ਦੁਨਿਆ ਦੇ ਕਈ ਦੇਸ਼ਾਂ ਵਿਚ ਰਾਜ ਕਰਨ ਦਾ ਮੋਕਾ ਮਿਲਿਆ ਹੈ, ਜਿਵੇਂ- ਰੂਸ, ਚੀਨ, ਵੇਤਨਾਮ, ਕਯੂਬਾ, ਕੋਰੀਆ। ਪਰ ਅਜ ਤਕ ਕਿਤੇ ਵੀ ਉਹ ਸਮਾਜਵਾਦੀ ਵਿਵਸਥਾ ਸਥਾਪਤ ਨਹੀਂ ਕਰ ਪਾਏ ਜਿਸਦਾ ਉਹਨਾ ਟੀਚਾ ਰਖਿਆ ਸੀ, ਉਲਟਾ ਇਹਨਾ ਦਾ ਰਾਜ ਫਾਸੀਵਾਦ ਵਾਂਗ ਹੀ ਕਰੂਰ ਰਾਜ ਵਜੋਂ ਜਾਣਿਆ ਜਾਂਦਾ ਹੈ। ਸਿੱਖੀ ਸ਼ਕਤੀ ਤੇ ਭਗਤੀ ਦੇ ਸੁਮੇਲ ਤੇ ਖੜੀ ਹੈ। ਗੁਰਬਾਣੀ ਭਰਮਾਂ ਤੋਂ ਮੁਕਤ ਕਰਾ ਕੇ ਮਨੁਖਤਾ ਦੀ ਸੇਵਾ ਨੂੰ ਹੀ ਧਰਮ ਕਰਮ ਸਮਝਾਉਂਦੀ ਹੈ। ਇਹ ਹੀ ਕਾਰਨ ਹੈ ਕਿ ਸਿੱਖਾਂ ਕੋਲ ਜਦ ਵੀ ਰਾਜ ਆਇਆ ਤਾਂ ਉਹ ਲੋਕ ਕਲਿਆਣ ਲਈ ਮੀਲ ਪੱਥਰ ਸਾਬਤ ਹੋਇਆ। ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਕੁਝ ਸਾਲਾਂ ਦਾ ਰਾਜ ਹੋਵੇ ਜਾਂ ਮਹਾਰਾਜਾ ਰੰਜੀਤ ਸਿੰਘ ਦਾ ਪੰਜਾਹ ਸਾਲ ਦਾ ਰਾਜ। ਅਜ ਸਿੱਖਾਂ ਕੋਲ ਅਪਣਾ ਕੋਈ ਮੁਲਕ ਨਾ ਹੋਣ ਦੇ ਬਾਵਜੂਦ ਵੀ ਪੂਰੀ ਦੁਨਿਆ ਵਿਚ ਮਨੁਖਤਾ ਦੇ ਭਲੇ ਲਈ ਕਾਰਜ ਕਰਨ ਲਈ ਸਿੱਖ ਕੌਮ ਜਾਨੀ ਜਾਂਦੀ ਹੈ।
ਸਮਾਜਕ ਨਿਆਂ ਦੇ ਸਵੈ-ਘੋਸ਼ਿਤ ਰੱਖਿਅਕ ਖੱਬੇਪੱਖੀ ਕਦੇ ਵੀ ਸਿੱਖੀ ਨੂੰ ਅਗੇ ਆਉਂਦਾ ਨਹੀਂ ਦੇਖ ਸਕਦੇ। ਸਿੱਖਾਂ ਨਾਲ ਪ੍ਰਸਿੱਧੀ ਸਾਂਝਾ ਕਰਨ ਦੀ ਥਾਂ ਉਹ ਅਪਣੇ ਮਕਸਦ ਨੂੰ ਛੱਡਣਾ ਪਸੰਦ ਕਰਨਗੇ, ਭਾਵੇਂ ਇਸ ਵਾਸਤੇ ਉਹਨਾ ਨੂੰ ਕੱਟੜ ਸੱਜੇਪੱਖੀ ਬ੍ਰਾਹਮਣਵਾਦੀ ਤਾਕਤਾਂ ਦਾ ਸਾਥ ਹੀ ਕਿਉਂ ਨਾ ਲੈਣਾ ਪਵੇ। ਸਿੱਖੀ ਨੂੰ ਨਾ ਕੇਵਲ ਬ੍ਰਾਹਮਣਵਾਦੀ ਬਲਕਿ ਕਮਯੁਨਿਸਟ ਵੀ ਆਪਣੇ ਲਈ ਅਸਤਿਤਵ ਖਤਰਾ ਸਮਝਦੇ ਹਨ। ਸਿੱਖੀ ਰੱਬੀ ਹੁਕਮ ਦੇ ਦਾਇਰੇ ਵਿਚ ਰਹਿ ਕੇ ਸਮਾਜਕ ਨਿਆਂ ਦੀ ਗਲ ਕਰਦੀ ਹੈ, ਇਹ ਵਿਚਾਰ ਕਮਯੁਨਿਜ਼ਮ ਨੂੰ ਢਾਹ ਦਿੰਦਾ ਹੈ।
26 ਜਨਵਰੀ ਦਾ ਪੂਰਾ ਘਟਨਾਕ੍ਰਮ ਵਿਚਾਰਧਾਰਾਵਾਂ ਦੀ ਇਸ ਕਸ਼ਮਕਸ਼ ਵਿਚੋਂ ਦੇਖਿਆ ਜਾਨਾ ਚਾਹੀਦਾ ਹੈ। ਪਿਛੋਕੜ ਵਿਚ ਵੀ ਐਸੀਆਂ ਘਟਨਾਵਾਂ ਹੋਈਆਂ ਹਨ ਪਰ ਸਾਧਾਰਨ ਸਿੱਖ ਮਨੁਖੀ ਸੋਚ ਪਿਛੇ ਕੰਮ ਕਰਦੀ ਸੂਖਮ ਵਿਚਾਰਧਾਰਾਵਾਂ ਨੂੰ ਸਮਝਣ ਵਿਚ ਅਸਮਰਥ ਰਿਹਾ ਹੈ। ਕਿਸਾਨ ਅੰਦੋਲਨ ਨੇ ਇਹ ਵਖਰੇਂਵੇਂ ਸਪੱਸ਼ਟਾ ਨਾਲ ਸਾਹਮਣੇ ਰੱਖ ਦਿੱਤੇ ਹਨ ਜੋ ਸਿੱਖ ਸਮਾਜ ਨੂੰ ਹੋਰ ਸੁਚੇਤ ਅਤੇ ਵੀਚਾਰਵਾਨ ਬਣਾਏਗਾ।
ਇਸ ਅੰਦੋਲਨ ਦਾ ਕੋਈ ਇੱਕ ਲੀਡਰ ਨਾ ਹੋਣਾ, ਇਸਦੀ ਤਾਕਤ ਹੈ। ਹਰ ਕੋਈ ਵੱਖ-ਵੱਖ ਵਿਚਾਰਧਾਰਾ ਨਾਲ ਸਬੰਧ ਰੱਖਦਾ ਹੈ, ਜੋ ਇਸਦੀ ਖੂਬਸੂਰਤੀ ਵਧਾਉਣਦਾ ਹੈ। ਇਸਲਈ ਕਿਸੇ ਇੱਕ ਮਨੁਖ ਦੀ ਰਾਏ ਨਾਲੋਂ ੩੨ ਜਥੇਬੰਦੀਆਂ ਦੀ ਸਾਂਝੀ ਰਾਏ ਜ਼ਿਆਦਾ ਸਿਆਣਪ ਭਰੀ ਹੀ ਹੋਵੇਗੀ। ਕਿਸਾਨ ਆਗੂਆਂ ਦੀ ਸਰਕਾਰ ਨਾਲ ਸੂਝ ਭਰੀ ਗਲਬਾਤ ਅਤੇ ਸਾਂਝੇ ਫੈਸਲਿਆਂ ਦੀ ਹਮੇਸ਼ਾ ਤਰੀਫ ਹੋਈ ਹੈ। ਪਰ ੨੬ ਜਨਵਰੀ ਬਾਰੇ ਲਏ ਗਏ ਫੈਸਲੇ ਅਤੇ ਉਸਤੋਂ ਬਾਦ ਦਾ ਸਟੈਂਡ, ਪਰੈਸ ਕਾਨਫਰੰਸ ਅਤੇ ਸਟੇਜ ਤੋਂ ਸਰਦਾਰ ਤੇ ਗਦਾਰ ਦੀ ਤਕਰੀਰ ਯਕੀਨਨ ਸਾਂਝੀ ਰਾਏ ਵਿਚੋਂ ਲਿਆ ਫੈਸਲਾ ਨਹੀਂ ਸੀ ਬਲਕਿ ਇੱਕ ਵਿਚਾਰਧਾਰਾ ਦਾ ਹਾਵੀ ਹੋਣਾ ਸਪੱਸ਼ਟ ਦਿਖ ਰਿਹਾ ਸੀ। ਪੂਰੀ ਉਮੀਦ ਹੈ ਕਿ ਅੰਦੋਲਨ ਦੀ ਸਫਲਤਾ ਵਾਸਤੇ ਕਿਸਾਨ ਆਗੂ ਅਗੇ ਤੋਂ ਇਸ ਬਾਰੇ ਸਚੇਤ ਰਹਿਣਗੇ ਅਤੇ ਹਰ ਵਰਗ ਨੂੰ ਨਾਲ ਲੈ ਕੇ ਪਾਰਦਰਸ਼ਤਾ ਨਾਲ ਫੈਸਲੇ ਕਰਨਗੇ। ਇਹ ਅੰਦੋਲਨ ਰੋਜ਼ ਨਵੀਂ ਚੁਨੌਤੀ ਲੈਕੇ ਆ ਰਿਹਾ ਹੈ ਜਿਸਨੇ ਸਮਾਜ ਨੂੰ ਪਹਿਲਾਂ ਨਾਲੋਂ ਸਿਆਣਾ ਬਣਾਇਆ ਹੈ। ਗੁਰੂ ਆਪ ਕਲਾ ਵਰਤਾ ਰਿਹਾ ਹੈ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।


