The Incisive Pen

6th March 2021

0 Comment(s)

0 View(s)

ਭੱਟਾਂ ਦੇ ਸਵਈਏ ਵਿਚ ਆਈ ਗੁਰੂ ਦੀ ਜਾਤ ਬਾਰੇ ਪਾਏ ਭੁਲੇਖੇ

ਸਮਾਜ ਵਿਚ ਪਰਵਾਨਿਤ ਹੋ ਚੁਕੀਆਂ ਜਾਤਾਂ ਬ੍ਰਾਹਮਣ ਨੇ ਨਹੀਂ ਬਣਾਈਆਂ, ਉਸਨੇ ਪਹਿਲਾਂ ਤੋਂ ਚਲੀ ਆ ਰਹੀ ਜਾਤਾਂ ਨੂੰ ਵਰਣ-ਵਿਵਸਥਾ ਵਿਚ ਘੜਕੇ ਊਂਚ-ਨੀਚ ਦੇ ਭੇਦ-ਭਾਵ ਦਾ ਮੱਕੜਜਾਲ ਬੁਣਿਆ ਹੈ

35 personalities from different castes to contributed to Guru Granth Sahib

ਗੁਰਬਾਣੀ ਦੀ ਵਿਚਾਰ ਕਰਦਿਆਂ ਮਨ ਵਿਚ ਸਵਾਲ ਪੈਦਾ ਹੋਣੇ ਸੁਭਾਵਕ ਹਨ। ਇਕ-ਦੂਜੇ ਨਾਲ ਗਿਆਨ ਸਾਂਝਾ ਕਰਕੇ ਅਕਸਰ ਐਸੇ ਸ਼ੰਕਿਆਂ ਦਾ ਨਿਵਾਰਨ ਹੋ ਜਾਂਦਾ ਹੈ। ਪਰ ਕਈ ਵਾਰ ਸਮਝ ਦੀ ਸੀਮਾਵਾਂ ਕਾਰਨ ਕੁਝ ਪ੍ਰਸ਼ਨਾਂ ਦੇ ਉੱਤਰ ਨਹੀਂ ਵੀ ਮਿਲ ਪਾਂਦੇ। ਜੇ ਸਾਡੇ ਪ੍ਰਸ਼ਨਾਂ ਦੇ ਉੱਤਰ ਨਾ ਮਿਲ ਪਾਣ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸ਼ੰਕੇ ਵਾਜਬ ਹਨ ਅਤੇ ਹਉਮੇ-ਵਸ਼ ਅਪਣੇ-ਆਪ ਨੂੰ ਗੁਰਬਾਣੀ ਵਿਚ ਗਲਤੀ ਕਢਣ ਦੇ ਸਮਰਥ ਸਮਝਣ ਦਾ ਕੁਫ਼ਰ ਕਰ ਲਇਏ। ਜਦ ਤਕ ਸਹੀ ਜਵਾਬ ਨਾ ਮਿਲੇ ਨਿਮਰਤਾ ਵਿਚ ਰਹਿ ਕੇ ਖੋਜ ਕਰਦੇ ਰਹਿਣਾ ਚਾਹਿਦਾ ਹੈ।

ਭੱਟਾਂ ਦੇ ਸਵਈਏ ਵਿਚ ਆਈ ਗੁਰੂਆਂ ਦੀ ਜਾਤ ਬਾਰੇ ਪਾਏ ਭੁਲੇਖੇ ਵੀ ਇਸੇ ਨਾਸਮਝੀ ਅਤੇ ਹਉਮੇ ਵਿਚੋਂ ਜਨਮੇ ਹਨ। ਇਹ ਕਿਹਾ ਜਾਂਦਾ ਹੈ ਕਿ ਗੁਰਬਾਣੀ ਤਾਂ ਜਾਤ-ਪਾਤ ਨੂੰ ਮੰਨਦੀ ਨਹੀਂ ਇਸਲਈ ਭੱਟਾਂ ਨੇ ਗੁਰੂ ਦੀ ਕੁਲ ਲਿਖਕੇ ਅਵਗਿਆ ਕੀਤੀ ਹੈ। ਭਾਵ, ਗੁਰੂ ਅਰਜਨ ਸਾਹਿਬ ਜੀ ਵਲੋਂ ਚੋਣ ਕੀਤੀ ਬਾਣੀ ਤੇ ਸਵਾਲ ਚੁਕ ਦਿੱਤਾ ਜਾਂਦਾ ਹੈ ਜਿਸ ਨਾਲ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚੇ ਨੂੰ ਠੇਸ ਪਹੁੰਚਦੀ ਹੈ। ਇਸ ਵਿਸ਼ੇ ਤੇ ਵਿਚਾਰ ਕਰਨ ਤੋਂ ਪਹਿਲਾਂ ਆਉ ਭੱਟਾਂ ਦੇ ਕੁਝ ਉਹਨਾ ਸਵਈਏ ਦੇ ਦਰਸ਼ਨ ਕਰ ਲਈਏ ਜਿਹਨਾ ਵਿਚ ਗੁਰੂ ਸਾਹਿਬਾਨ ਜੀ ਦੀ ‘ਭਲੇ’ ਅਤੇ ‘ਸੋਢੀ’ ਕੁਲ ਦਾ ਜ਼ਿਕਰ ਹੈ:

ਲਹਣੈ ਪੰਥੁ ਧਰਮ ਕਾ ਕੀਆ ॥ ਅਮਰਦਾਸ ਭਲੇ ਕਉ ਦੀਆ ॥
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ ॥ {ਗੁਰੂ ਗ੍ਰੰਥ ਸਾਹਿਬ, ਭਟ ਗਯੰਦ, ਪੰਨਾ 1401}

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ {ਗੁਰੂ ਗ੍ਰੰਥ ਸਾਹਿਬ, ਭਟ ਕੀਰਤ, ਪੰਨਾ 1406}

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ { ਗੁਰੂ ਗ੍ਰੰਥ ਸਾਹਿਬ, ਭਟ ਕਲ੍ਯ੍ਯ, ਪੰਨਾ 1407}

ਸਮਾਜਕ ਬਣਤਰ ਦੀ ਬੇਸਮਝੀ ਵਿਚੋਂ ਜਨਮਿਆ ਇਹ ਸ਼ੰਕਾ

ਆਮ ਬੋਲ-ਚਾਲ ਵਿਚ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁਰਬਾਣੀ ਜਾਤ-ਪਾਤ ਨੂੰ ਨਹੀਂ ਮੰਨਦੀ। ਗੁਰੂ ਘਰਾਂ ਵਿਚ ਐਸੇ ਸਟਿੱਕਰ ਜਾਂ ਪੋਸਟਰ ਵੀ ਆਮ ਦੇਖੇ ਜਾ ਸਕਦੇ ਹਨ ਜਿਸ ਵਿਚ ਲਿਖਿਆ ਹੁੰਦਾ ਹੈ- "ਸਿੱਖ ਦੀ ਕੋਈ ਜਾਤ ਨਹੀਂ, ਜਿਸਦੀ ਜਾਤ ਹੈ ਉਹ ਸਿੱਖ ਨਹੀਂ।" ਇਹ ਵਿਚਾਰ ਜਿਸ ਸਮਾਨਤਾ ਦੀ ਭਾਵਨਾ ਵਿਚੋਂ ਨਿਕਲਿਆ ਹੈ ਉਹ ਤਾਂ ਸੱਚੀ ਹੈ, ਪਰ ਇਸ ਦੇ ਅਰਥ ਸਮਾਜਕ ਬਣਤਰ ਨੂੰ ਸਮਝਣ ਵਿਚ ਸਹਾਈ ਨਾ ਹੋਣ ਕਰਕੇ ਭੁਲੇਖੇ ਵੀ ਪਾ ਦਿੰਦਾ ਹੈ। ਆਪ ਹੀ ਅਸੀਂ ਕੱਚੀ ਬਾਣੀ ਦੇ ਪੋਸਟਰ ਛਾਪੇ ਫਿਰ ਆਪ ਹੀ ਸਵਾਲ ਕਰਨ ਲਗ ਪਏ ਕਿ ਭੱਟਾਂ ਨੇ ਗੁਰੂ ਦੀ ਜਾਤ ਜਾਂ ਕੁਲ ਕਿਉਂ ਲਿੱਖੀ।

ਇੱਕ ਗਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਮਾਜ ਵਿਚ ਪਰਵਾਨਿਤ ਹੋ ਚੁਕੀਆਂ ਜਾਤਾਂ ਬ੍ਰਾਹਮਣ ਨੇ ਨਹੀਂ ਬਣਾਈਆਂ, ਉਸਨੇ ਪਹਿਲਾਂ ਤੋਂ ਚਲੀ ਆ ਰਹੀ ਜਾਤਾਂ ਨੂੰ ਵਰਣ-ਵਿਵਸਥਾ ਵਿਚ ਘੜਕੇ ਊਂਚ-ਨੀਚ ਦੇ ਭੇਦ-ਭਾਵ ਦਾ ਮੱਕੜਜਾਲ ਬੁਣਿਆ ਹੈ। ਇਸ ਵਰਣ-ਵਿਵਸਥਾ ਵਿਚ ਬ੍ਰਾਹਮਣ ਨੇ ਖੁਦ ਨੂੰ ਸਭ ਤੋਂ ਉੱਤੇ ਰਖਿਆ, ਭਾਰਤ ਦੇ ਬਾਕੀ ਸਭ ਮੂਲਨਿਵਾਸੀਆਂ ਨੂੰ ਅਪਣੇ ਤੋਂ ਨੀਂਵੇਂ ਰਖਿਆ। ਹੱਥੀ ਕਿਰਤ ਕਰਨ ਵਾਲੇ ਕਾਮੇ ਜਾਂ ਜੰਗਲ ਤੇ ਨਿਰਭਰ ਆਦੀਵਾਸੀਆਂ ਨੂੰ ਸਭ ਤੋਂ ਨਿਚਲਾ ਸਥਾਨ ਦੇਕੇ ਸ਼ੂਦਰ ਜਾਂ ਅਛੂਤ ਆਖਿਆ।

ਇਸ ਵਿਚ ਕੋਈ ਸ਼ਕ ਨਹੀਂ ਕਿ ਮਾਨਵ ਸਭਿਅਤਾ ਦੇ ਅਰੰਭ ਵਿਚ ਕੋਈ ਜਾਤ ਜਾਂ ਕੁਲ ਨਹੀਂ ਸੀ। ਵਿਗਿਆਨੀਆਂ ਦਾ ਮਣਨਾ ਹੈ ਕਿ ਦੁਨਿਆ ਦੇ ਕੋਨੇ-ਕੋਨੇ ਵਿਚ ਵਸਣ ਵਾਲੇ ਸਭ ਮਨੁਖਾਂ ਦੇ ਪੂਰਵਜ ਅਫ਼ਰੀਕੀ ਮਹਾਦੀਪ ਦੇ ਹੀ ਹਨ। ਪਰ ਜਿਵੇਂ-ਜਿਵੇਂ ਮਨੁਖ ਨੇ ਧਰਤੀ ਦੇ ਵੱਖ-ਵੱਖ ਖੇਤਰਾਂ ਵਿਚ ਅਪਣਾ ਬਸੇਰਾ ਬਣਾਇਆ, ਰਹਿਣ-ਸਹਿਣ, ਭਾਸ਼ਾ, ਖਾਣ-ਪੀਨ, ਰੰਗ ਆਦਿ ਦੇ ਵਖਰੇਵਿਆਂ ਕਾਰਨ ਕਈ ਜਾਤਾਂ, ਨਸਲਾਂ ਦਾ ਜਨਮ ਹੋਇਆ। ਤਕਰੀਬਨ ਤਿਨ ਹਜ਼ਾਰ ਸਾਲ ਪਹਿਲਾਂ ਭਾਰਤੀ ਉਪ-ਮਹਾਦੀਪ ਤੇ ਅਰਿਅਨ ਲੋਕਾਂ ਨੇ ਧਾਵਾ ਬੋਲਿਆ। ਉਸ ਸਮੇਂ ਭਾਰਤ ਦੀ ਸਿੰਧੂ ਘਾਟੀ ਬਰਾਬਰੀ ਦੇ ਅਸੂਲਾਂ ਤੇ ਖੜੀ ਬਹੁਤ ਵਿਕਸਤ ਸਭਿਅਤਾ ਸੀ। ਸਮਾਜ ਉੱਤੇ ਧਾਰਮਕ, ਆਰਥਕ ਤੇ ਰਾਜਨੀਤਕ ਪਕੜ ਬਣਾਉਣ ਵਾਸਤੇ ਅਰਿਅਨ ਬ੍ਰਾਹਮਣ ਲੋਕਾਂ ਨੇ ਧਰਮ ਦੇ ਨਾਂ ਹੇਠ ਵਰਣ-ਵਿਵਸਥਾ ਦਾ ਘਿਣੋਨਾ ਪਾਖੰਡ ਰਚਿਆ ਜੋ ਬ੍ਰਾਹਮਣਵਾਦ ਦਾ ਪ੍ਰਮੁੱਖ ਥੰਮ੍ਹ ਹੈ।

ਗੁਰਬਾਣੀ ਸਮਾਜਕ ਵਿਕਾਸ ਅਧੀਨ ਬਣਦੀਆਂ-ਵਿਗੜਦੀਆਂ ਜਾਤਾਂ ਦੀ ਭਿੰਨਤਾ ਨੂੰ ਨਹੀਂ ਨਕਾਰਦੀ, ਬਲਕਿ ਬ੍ਰਾਹਮਣ ਵਲੋਂ ਘੜੀ ਊਂਚ-ਨੀਚ ਦੀ ਵਰਣ-ਵਿਵਸਥਾ ਨੂੰ ਨਕਾਰਦੀ ਹੈ। ਗੁਰਬਾਣੀ ਸਮਾਜਿਕ ਬਣਤਰ ਦੀ ਵਿਭਿੰਨਤਾ ਨੂੰ ਕਬੂਲਦੇ ਹੋਏ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਸਭ ਦੀ ਉਤਪਤੀ ਪੰਜ ਤੱਤਾਂ ਤੋਂ ਇੱਕ ਕਰਤਾਰ ਨੇ ਕੀਤੀ ਹੈ ਅਤੇ ਜਾਤ ਦਾ ਗਰਬ ਕਰਨਾ ਮੂਰਖਤਾ ਹੈ ਜੋ ਵਿਕਾਰਾਂ ਨੂੰ ਜਨਮ ਦਿੰਦਾ ਹੈ।

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ { ਗੁਰੂ ਗ੍ਰੰਥ ਸਾਹਿਬ, ਮਹਲਾ ੫, ਪੰਨਾ 612}

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥
ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥
ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥ {ਗੁਰੂ ਗ੍ਰੰਥ ਸਾਹਿਬ, ਮਹਲਾ ੩, ਪੰਨਾ 1127-1128}

ਗੁਰਬਾਣੀ ਦੀ ਮੁਢਲੀ ਜਾਣਕਾਰੀ ਤੋਂ ਅਵੇਸਲੇ ਹੋਣ ਕਾਰਨ ਪੈਦਾ ਹੋਇਆ ਸ਼ੰਕਾ

ਭੱਟਾਂ ਦੇ ਸਵਈਏ ਵਿਚ ਗੁਰੂ ਦੀ ਕੁਲ ਕਿਉਂ ਆਈ ਹੈ? ਇਹ ਸਵਾਲ ਅਪਣੇ-ਆਪ ਵਿਚ ਹੀ ਗੁਰਬਾਣੀ ਪ੍ਰਤੀ ਅਗਿਆਨਤਾ ਦਰਸਾਉਂਦਾ ਹੈ। ਕਿਉਂਕੀ ਗੁਰਬਾਣੀ ਵਿਚ ਕੇਵਲ ਗੁਰੂ ਦੀ ਹੀ ਨਹੀਂ, ਭਗਤ ਸਾਹੀਬਾਨ ਦੀ ਕੁਲ ਦਾ ਵੀ ਜ਼ਿਕਰ ਆਇਆ ਹੈ। ਭਗਤ ਰਵੀਦਾਸ ਜੀ ਬਿਨਾ ਕਿਸੇ ਝਿਜਕ ਦੇ ਬਾਣੀ ਵਿਚ ਆਪਣੀ ਜਾਤ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਹਨ ਕਿ ਉਹਨਾ ਨੇ ਉਸ ਪਰਮ ਅਨੰਦ ਦੀ ਅਵਸਥਾ ਪ੍ਰਾਪਤ ਕਰ ਲਈ ਹੈ ਜੋ ਮਜੀਠ ਦੇ ਰੰਗ ਵਾਂਗ ਪੱਕਾ ਅਤੇ ਅਡੋਲ ਹੈ। ਉਹਨਾ ਦੇ ਸਤਸੰਗੀ ਸਾਥੀ (ਹਮਸ਼ਹਰੀ) ਵੀ ਉਹ ਰੂਹਾਂ ਹੀ ਹਨ ਜੋ ਇਸੇ ਰੱਬੀ ਪਿਆਰ ਵਿਚ ਭਿਜੀਆਂ ਹੋਈਆਂ ਹਨ।

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥ {ਗੁਰੂ ਗ੍ਰੰਥ ਸਾਹਿਬ, ਭ. ਰਵਿਦਾਸ, ਪੰਨਾ 346}

ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥ {ਗੁਰੂ ਗ੍ਰੰਥ ਸਾਹਿਬ, ਭ. ਰਵਿਦਾਸ, ਪੰਨਾ 345}

ਭਗਤ ਨਾਮਦੇਵ ਜੀ ਤਾਂ ਆਪਣੀ ਜਾਤ ਦਾ ਜ਼ਿਕਰ ਕਰਦੇ ਹੋਏ ਬ੍ਰਾਹਮਣ ਵਲੋਂ ਉਹਨਾ ਨੂੰ ਨੀਚ ਕਹਿ ਕੇ ਕੀਤੇ ਜਾਂਦੇ ਧੱਕੇ ਦਾ ਖੁਲ ਕੇ ਵਿਰੋਧ ਕਰਦੇ ਹਨ।
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥ {ਗੁਰੂ ਗ੍ਰੰਥ ਸਾਹਿਬ, ਭ. ਨਾਮਦੇਵ, ਪੰਨਾ 1164}

ਇਹ ਬ੍ਰਾਹਮਣ ਖੁਦ ਨੂੰ ਆਲਾਵੰਤੀ (ਸਰਵ-ਉਚ) ਹੋਣ ਦਾ ਭ੍ਰਮੁ ਪਾਲੀ ਬੈਠੇ ਹਨ, ਪਰ ਅਖੋਤੀ ਨੀਵੀਂ ਜਾਤਾਂ ਨੂੰ ਸ਼ੂਦਰ-ਸ਼ੂਦਰ ਕਹਿ ਕੇ ਜ਼ੁਲਮ ਕਰਦੈ ਹਨ।
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥ {ਗੁਰੂ ਗ੍ਰੰਥ ਸਾਹਿਬ, ਭ. ਨਾਮਦੇਵ, ਅੰਗ 1292}

ਗੁਰੂ ਅਰਜਨ ਸਾਹਿਬ ਜੀ ਤਾਂ ਇਹਨਾਂ ਭਗਤ ਸਾਹਿਬਾਨ ਨੂੰ ਯਾਦ ਕਰਦੇ ਹੋਏ ਇਹਨਾ ਦੀ ਜਾਤ ਉਚੇਚਾ ਲਿਖਦੇ ਹਨ। ਇਹਨਾ ਜਾਤਾਂ ਨੂੰ ਬ੍ਰਾਹਮਣ ਨੇ ਨੀਚ ਕਹਿ ਕੇ ਧਰਮ ਤੋਂ ਅਤੇ ਮੰਦਰਾਂ ਤੋਂ ਬੇਦੱਖਲ ਕੀਤਾ ਹੋਇਆ ਸੀ। ਗੁਰੂ ਸਾਹਿਬ ਬ੍ਰਾਹਮਣ ਵੋਲੋਂ ਘੜੀ ਇਸ ਵਰਣ-ਵਿਵਸਥਾ ਨੂੰ ਚੁਨੌਤੀ ਦਿੰਦੇ ਹੋਏ ਇਹਨਾ ਨੂੰ ਅਸਲ ਧਾਰਮਕ ਆਗੂ ਮੰਨਦੇ ਹੋਏ ‘ਵਡਭਾਗੀ’ ਭਗਤ ਲਿਖਦੇ ਹਨ ਜਿਹਨਾ ਸੱਚ ਰੂਪੀ ‘ਹਰੀ ਦੇ ਦਰਸ਼ਨ ਕੀਤੇ’ ਅਤੇ ‘ਗੁਣਾਂ ਨਾਲ ਭਰਪੂਰ’ ਹੋਣ ਕਰਕੇ ‘ਲੱਖਪਤੀ’ ਹੋਏ:
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥ {ਗੁਰੂ ਗ੍ਰੰਥ ਸਾਹਿਬ, ਮਹਲਾ ੫, ਪੰਨਾ 487}

ਵੰਨਸੁਵੰਨਤਾ ਪਰਵਾਨ ਭੇਦਭਾਵ ਨਹੀਂ

ਮਨੁਖ ਦੇ ਪੈਦਾ ਹੋਣ ਨਾਲ ਹੀ ਉਸ ਨਾਲ ਕਈ ਤਰਾਂ ਦੀ ਪਛਾਣ ਜੁੜ ਜਾਂਦੀ ਹੈ। ਜਿਵੇਂ-
ਰੰਗ: ਗੋਰਾ, ਕਾਲਾ, ਭੂਰਾ।
ਭਾਸ਼ਾ: ਪੰਜਾਬੀ, ਮਰਾਠੀ, ਬੰਗਾਲੀ, ਫਰੈਂਚ, ਅੰਗਰੇਜ਼ ਆਦਿ।
ਨਾਗਰਿਕਤਾ: ਭਾਰਤੀ, ਅਮਰੀਕੀ, ਬਰਤਾਨਵੀ, ਕਨੇਡੀਅਨ, ਆਦਿ।
ਧਰਮ: ਹਿੰਦੂ, ਮੁਸਲਿਮ, ਸਿੱਖ, ਈਸਾਈ, ਯਹੂਦੀ, ਆਦਿ।
ਜਦ ਤਕ ਇਹ ਵੰਨਸੁਵੰਨਤਾ ਪਛਾਣ ਦਾ ਹਿੱਸਾ ਹੈ, ਇਸ ਵਿਚ ਕੁਛ ਗਲਤ ਨਹੀਂ। ਅਸੀਂ ਬੜੇ ਗਰਵ ਨਾਲ ਕਹਿੰਦੇ ਹਾਂ ਕਿ ਸਾਨੂੰ ਸਿੱਖ ਹੋਣ ਤੇ ਜਾਂ ਪੰਜਾਬੀ ਹੋਣ ਤੇ ਮਾਨ ਹੈ। ਇਸ ਵਿਚ ਕੁਛ ਵੀ ਗਲਤ ਨਹੀਂ। ਪਰ ਜਦ ਭਿੰਨਤਾ ਇਕ-ਦੂਜੇ ਨੂੰ ਨੀਵਾਂ ਦਿਖਾਣ ਦਾ ਵਸੀਲਾ ਬਣ ਜਾਵੇ ਫਿਰ ਜ਼ਰੂਰ ਨਿੰਦਨਯੋਗ ਹੈ।

ਜਾਤੀ ਜਾਂ ਕੁਲ ਵੀ ਸਮਾਜਕ ਬਣਤਰ ਦਾ ਹੀ ਹਿੱਸਾ ਹੈ। ਜਾਤਾਂ ਬਣਨ ਪਿਛੇ ਕਈ ਤਰਾਂ ਦੇ ਸਮਾਜਕ ਅਤੇ ਇਤਹਾਸਕ ਕਾਰਨ ਹੁੰਦੇ ਹਨ। ਇਹ ਬਣਦੀਆਂ-ਟੁੱਟਦੀਆਂ ਰਹਿੰਦੀਆਂ ਹਨ। ਬੋਧ ਕਾਲ ਸਮੇਂ ਨਾਗ ਵੰਸ਼ੀਆਂ ਦਾ ਬਹੁਤ ਬੋਲਬਾਲਾ ਸੀ। ਤਕਰੀਬਨ ਦੋ-ਢਾਈ ਸੌ ਸਾਲ ਪਹਿਲਾਂ ਸਿੱਖਾਂ ਦੇ ਮਹਾਨ ਜਰਨੈਲਾਂ ਦੀ ਮਿਸਲ ਨਾਲ ਜੁੜੇ ਹੋਣ ਕਰਕੇ ਰਾਮਗੜੀਆ ਅਤੇ ਆਹਲੂਵਾਲੀਆ ਕੁਲਾਂ ਦਾ ਜਨਮ ਹੋਈਆ। ਇਸੇ ਤਰਾਂ ਕੇਵਲ ਭਾਰਤ ਹੀ ਨਹੀਂ, ਪੂਰੀ ਦੁਨੀਆ ਵਿਚ ਲੱਖਾਂ ਹੀ ਜਾਤਾਂ ਮੌਜੂਦ ਹਨ।

ਕੋਈ ਆਪਣੇ-ਆਪ ਨੂੰ ਜੱਟ, ਰੰਗਰੇਟੇ, ਚਮਾਰ, ਰਾਮਗੜਿਆ ਆਦਿ ਹੋਣ ਕਰਕੇ ਮਾਨ ਮਹਿਸੂਸ ਕਰੇ ਇਸ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਰ ਜਦ ਕਿਸੇ ਨੂੰ ਉਸਦੀ ਅਖੋਤੀ ਨੀਵੀਂ ਜਾਤ ਕਾਰਨ ਵਿਤਕਰਾ ਝਲਨਾ ਪਵੇ (ਜਿਵੇਂ ਮਜ੍ਹਬੀ ਸਿੱਖਾਂ ਨੂੰ) ਤਾਂ ਇਹ ਅਤਿ ਨਿੰਦਨਯੋਗ ਹੈ। ਇਹ ਨਿਘਾਰ ਸਿੱਖੀ ਵਿਚ ਬ੍ਰਾਹਮਣਵਾਦ ਦੀ ਘੁਸਪੈਠ ਦੇ ਕਾਰਨ ਹੈ। ਸਮਾਜਕ ਵਰਤਾਰੇ ਤੋਂ ਅਣਜਾਨ ਜਾਂ ਜਾਣਬੁਝ ਕੇ ਸਿੱਖਾਂ ਨੂੰ ਬੈਕਫੁਟ ਤੇ ਕਰਨ ਵਾਸਤੇ 'ਜੱਟਵਾਦ' ਦਾ ਨਵਾਂ ਨਾਮ ਦੇ ਦਿੱਤਾ ਗਿਆ ਹੈ। ਜਦਕਿ ਇਸ ਤਰਾਂ ਦੇ ਵਿਤਕਰੇ ਕੇਵਲ ਜੱਟਾਂ ਵਲੋਂ ਹੀ ਨਹੀਂ ਬਲਕਿ ਖੱਤਰੀਆਂ ਜਾਂ ਹੋਰਨਾ ਵਲੋਂ ਵੀ ਕੀਤੇ ਜਾਂਦੇ ਹਨ। ਜੱਟਵਾਦ ਵਰਗੀ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਇਸ ਨਾਮਜ਼ਦਗੀ ਨਾਲ ਵਿਗਾੜ ਨੂੰ ਸਮਝਣ ਵਿਚ ਕੋਈ ਸਹਾਇਤਾ ਨਹੀਂ ਮਿਲਦੀ। ਅਖੋਤੀ ਨੀਵੀਂ ਜਾਤਾਂ ਦੇ ਹੁੰਦੇ ਸ਼ੋਸ਼ਣ ਕਾਰਨ ਉਹ ਅਕਸਰ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਹਨ। ਕਿ ਇਸ ਕਮਜ਼ੋਰੀ ਨੂੰ ਸ਼ੂਦਰਵਾਦ ਕਹਾਂਗੇ? ਬੇਸ਼ਕ ਨਹੀਂ। ਜਾਤ ਪ੍ਰਤੀ ਹੰਕਾਰ ਜਾਂ ਹੀਣਤਾ ਨਾਲ ਆਏ ਸਮਾਜਕ ਵਿਗਾੜ ਨੂੰ ਉਸੇ ਨਾਮ ਨਾਲ ਹੀ ਬੁਲਾਉਣਾ ਚਾਹੀਦਾ ਹੈ ਜਿਸ ਤੋਂ ਇਹ ਬਿਮਾਰੀ ਉਧਾਰੀ ਲਿੱਤੀ ਹੈ ਅਤੇ ਜਿਸ ਨਾਲ ਸੁਧਾਰ ਵਲ ਵਧਿਆ ਜਾ ਸਕੇ, ਉਹ ਹੈ- ਬ੍ਰਾਹਮਣਵਾਦ।

ਇਹ ਬੜੇ ਅਫ਼ਸੋਸ ਦੀ ਗਲ ਹੈ ਕਿ ਮਨੁਖ ਦੇ ਹੰਕਾਰ ਨੇ ਸਮਾਜਕ ਵੰਨਸੁਵੰਨਤਾ ਵਿਚੋਂ ਭੇਦਭਾਵ ਪੈਦਾ ਕਰ ਮਨੁਖ ਜਾਤੀ ਨੂੰ ਵੰਡਣ ਦਾ ਕੰਮ ਕੀਤਾ। ਅਮਰੀਕਾ ਅਤੇ ਸਾਊਥ ਅਫ਼ਰੀਕਾ ਵਿਚ ਕਾਲੇ ਰੰਗ ਦੇ ਲੋਕਾਂ ਨਾਲ ਬਹੁਤ ਭੇਦਭਾਵ ਹੋਇਆ। ਆਦੀਵਾਸੀ ਲੋਕਾਂ ਉੱਤੇ ਹਮਲਾਵਰ ਧਿਰ ਵਲੋਂ ਸਾਰੇ ਵਿਸ਼ਵ ਵਿਚ ਸੋਸ਼ਨ ਹੁੰਦਾ ਆਇਆ ਹੈ। ਨਾਜ਼ੀਆਂ ਨੇ ਯਹੂਦੀ ਨਸਲ ਦੇ ਲੋਕਾਂ ਨੂੰ ਭਿਆਨਕ ਤਸੀਹੇ ਦਿੱਤੇ। ਅਜੋਕੇ ਸਮੇਂ ਯਹੂਦੀ ਸਰਕਾਰ ਫ਼ਲਸਤੀਨੀਆਂ ਨਾਲ ਧੱਕਾ ਕਰ ਰਹੀ ਹੈ।

ਪਰ ਦੁਨਿਆ ਦੇ ਦੂਸਰੇ ਖੇਤਰਾਂ ਵਿਚ ਜਾਤ-ਰੰਗ-ਨਸਲ ਦੇ ਅਧਾਰ ਤੇ ਹੁੰਦੇ ਜ਼ੁਲਮਾਂ ਦਾ ਭਾਰਤ ਨਾਲੋਂ ਸਿਧਾਂਤਕ ਫ਼ਰਕ ਹੈ। ਕੇਵਲ ਭਾਰਤ ਹੀ ਐਸਾ ਖਿੱਤਾ ਹੈ ਜਿੱਥੇ ਭੇਦਭਾਵ ਵਾਲੇ ਬ੍ਰਾਹਮਣਵਾਦੀ ਵਰਣ-ਆਸ਼ਰਮ ਨੂੰ ਧਰਮ ਵਲੋਂ ਅਧਿਕਾਰ ਪ੍ਰਾਪਤ ਹੈ। ਇਹੀ ਕਾਰਨ ਹੈ ਕਿ ਦੁਨਿਆ ਦੇ ਦੂਸਰੇ ਦੇਸ਼ਾਂ ਵਿਚ ਭੇਦਭਾਵ ਖਿਲਾਫ ਸਮਾਜ ਵਿਚੋਂ ਹੀ ਅਵਾਜ਼ ਉਠੀ ਅਤੇ ਇਸ ਨੂੰ ਰੋਕਣ ਵਾਸਤੇ ਅਸਰਦਾਰ ਕਾਨੂੰਨ ਬਣੇ। ਕਿਉਂਕੀ ਇਹ ਭੇਦਭਾਵ ਉਹਨਾ ਦੇ ਧਰਮ ਵਲੋਂ ਪ੍ਰਵਾਨਯੋਗ ਨਹੀਂ ਸਨ। ਇਸਲਾਮ ਤੇ ਇਸਾਈ ਸਭ ਨੂੰ ਆਦਮ ਅਤੇ ਹੱਵਾਹ ਦੀ ਸੰਤਾਨ ਮੰਨਦੇ ਹਨ। ਪਰ ਭਾਰਤ ਵਿਚ ਇਹ ਭੇਦਭਾਵ ਤਿੰਨ ਹਜ਼ਾਰ ਸਾਲਾਂ ਤੋਂ ਨਿਰੰਤਰ ਚਲ ਰਿਹਾ ਹੈ। ਅਗਰ ਕੋਈ ਹਿੰਦੂ ਧਰਮ ਵਿਚ ਰਹਿ ਕੇ ਵਰਣ-ਵਿਵਸਥਾ ਦੇ ਖਿਲਾਫ ਬੋਲਦਾ ਹੈ ਤਾਂ ਉਸਨੂੰ ਮਹੱਤਵਹੀਣ ਜਾਂ ਐਂਟੀ-ਹਿੰਦੂ ਗਰਦਾਨ ਦਿੱਤਾ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਬ੍ਰਾਹਮਣਾਂ ਨੂੰ ਪਿਛਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਦਾ ਫ਼ਲ ਸਵਰੂਪ ਅਖੋਤੀ ਉੱਚੀ ਜਾਤ ਵਿਚ ਜਨਮ ਮਿਲਿਆ ਹੈ ਜਦਕਿ ਸ਼ੂਦਰ ਜਾਤ ਵਿਚ ਜਨਮ ਪਿਛਲੇ ਜਨਮਾਂ ਦੀ ਸਜ਼ਾ ਹੈ। ਰਿਗਵੇਦ ਅਤੇ ਮੰਨੂੰ ਸਿਮ੍ਰਿਤੀ ਵਿੱਚ ਕਿਹਾ ਹੈ ਕਿ ਬ੍ਰਾਹਮਣ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ ਹੈ, ਛੱਤਰੀ ਬਾਂਹਾਂ ਤੋਂ ਪੈਦਾ ਹੋਇਆ ਹੈ, ਵੈਸ਼ ਪੱਟਾਂ ਤੋਂ ਅਤੇ ਸ਼ੂਦਰ ਪੈਰਾ ਤੋਂ ਪੈਦਾ ਹੋਇਆ ਹੈ। ਇਸਲਈ ਇਹਨਾ ਚਾਰਾਂ ਦਾ ਧਰਮ-ਕਰਮ ਵੱਖ-ਵੱਖ ਹੈ। ਧਰਮ ਵਲੋਂ ਪ੍ਰਵਾਨਗੀ ਇਸ ਭੇਦ-ਭਾਵ ਨੂੰ ਸਦੀਵੀ ਬਣਾਉਂਦੀ ਹੈ।

ਜਗਤ ਗੁਰੂ ਕਹਾਏ

ਬ੍ਰਾਹਮਣੀ ਸਮਾਜ ਵਿਚ ਗੁਰੂ ਕੇਵਲ ਬ੍ਰਾਹਮਣ ਹੀ ਹੋ ਸਕਦਾ ਸੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਭਗਤ ਸਾਹਿਬਾਨਾ ਨੇ ਜਨਮ ਅਧਾਰਕ ਜਾਤ-ਪਾਤੀ ਵਿਤਕਰੇ ਖਿਲਾਫ ਬਹੁਤ ਅਸਰਦਾਰ ਅਵਾਜ਼ ਚੁਕੀ। ਪਰ ਉਹ ਆਪਣੇ ਸਮਾਜ ਅਤੇ ਪੈਰੋਕਾਰਾਂ ਨੂੰ ਬਰਾਬਰ ਦੇ ਹੱਕ ਦਵਾਉਣ ਵਿਚ ਸਫਲ ਨਾ ਹੋ ਪਾਏ। ਇਸਦਾ ਵੱਡਾ ਕਾਰਨ ਇਹ ਸੀ ਕਿ ਉਹਨਾ ਨੂੰ ਸਮਾਜ ਤੇ ਕਾਬਜ਼ ਅਖੋਤੀ ਉਚੀ ਜਾਤਾਂ ਦਾ ਸਾਥ ਨਾ ਮਿਲਿਆ। ਕੁਦਰਤ ਨੇ ਇਸ ਕਾਰਜ ਵਾਸਤੇ ਬਾਬਾ ਨਾਨਕ ਅਤੇ ਇਹਨਾ ਦੇ ਨੌ ਜਾਮੀਆਂ ਨੂੰ ਚੁਣਿਆ। ਦਸ ਗੁਰੂ ਸਾਹਿਬਾਨ ਉਸ ਸਮਾਜ ਵਿਚੋਂ ਆਉਂਦੇ ਸਨ ਜਿਹਨਾ ਨੂੰ ਬ੍ਰਾਹਮਣ ਨੇ ਸ਼ੂਦਰ ਤੋਂ ਉੱਚੀ ਜਾਤ ਹੋਣ ਦਾ ਭਰਮ ਪਾਲ ਰੱਖਿਆ ਸੀ। ਇਹ ਭਰਮ ਸਦੀਵੀ ਰਹੇ ਇਸ ਲਈ ਗੁਰੂ ਅਖਵਾਉਣ ਦਾ ਹੱਕ ਕੇਵਲ ਬ੍ਰਾਹਮਣ ਨੂੰ ਹੀ ਸੀ। ਇਥੇ ਤਕ ਕਿ ਪੁਰਾਣਕ ਕਹਾਣੀਆਂ ਅਨੁਸਾਰ ਜਿਹੜੇ ਅਵਤਾਰ ਵੀ ਹੋਏ ਹਨ ਉਹ ਵੀ ਬ੍ਰਾਹਮਣ ਗੁਰੂ ਅਗੇ ਹੀ ਮੱਥਾ ਟੇਕਦੇ ਦੱਸੇ ਗਏ ਹਨ।

ਬੇਦੀ, ਤ੍ਰੇਹਨ, ਭੱਲਾ ਤੇ ਸੋਢੀ ਨਾਮ ਬ੍ਰਾਹਮਣ ਨੇ ਨਹੀਂ ਦਿੱਤੇ। ਪਰ ਇਹਨਾ ਨੂੰ ਖੱਤਰੀਆਂ ਵਿੱਚ ਇਕੱਠਾ ਕਰ ਕੇ ਬ੍ਰਾਹਮਣ ਤੋਂ ਨੀਂਵਾਂ ਅਤੇ ਸ਼ੂਦਰ ਤੋਂ ਉੱਚਾ ਕਰਨ ਦਾ ਕਾਰਜ ਬ੍ਰਾਹਮਣ ਦਾ ਜ਼ਰੂਰ ਹੈ। ਦਸ ਗੁਰੂ ਸਾਹਿਬਾਨ ਦਾ ਖੱਤਰੀ ਜਾਤਾਂ ਤੋਂ ਆਉਣ ਕਾਰਨ ਆਪਣੇ-ਆਪ ਨੂੰ ਉੱਚੀ ਜਾਤ ਦਾ ਮਣਨ ਵਾਲਿਆਂ ਦੀ ਅਖੋਤੀ ਨੀਵੀਂ ਜਾਤਾਂ ਨਾਲ ਸਾਂਝ ਵੱਧਣ ਦਾ ਕਾਰਨ ਬਣਿਆ। ਸਰਬ ਸਾਂਝੇ ਲੰਗਰ, ਬਉਲੀ, ਸਰੋਵਰਾਂ ਨੇ ਜਿੱਥੇ ਸ਼ੂਦਰ ਜਾਤਾਂ ਦੇ ਮਨਾ ਵਿਚੋਂ ਹੀਣ ਭਾਵਨਾ ਕੱਢੀ ਉੱਥੇ ਹੀ ਖੱਤਰੀ, ਬ੍ਰਾਹਮਣ, ਵੈਸ਼ ਦੇ ਮਨਾ ਵਿਚੋਂ ਉੱਚੀ ਜਾਤ ਦਾ ਹੰਕਾਰ। ਹਰ ਜਾਤ ਦੇ ਲੋਕਾਂ ਨੇ ਸਿੱਖੀ ਨੂੰ ਅਪਣਾਇਆ। ਜਿਹੜੀਆਂ ਜਾਤਾਂ ਚਾਰ ਵਰਣਾ ਵਿਚ ਵੰਡ ਦਿਤੀਆਂ ਗਈਆਂ ਸਨ, ਗੁਰੂ ਸਾਹਿਬਾਨ ਨੇ ਵੱਖ-ਵੱਖ ਜਾਤੀਆਂ ਨਾਲ ਸੰਬੰਧ ਰਖਣ ਵਾਲੇ ੩੫ ਸਤਪੁਰਸ਼ਾਂ ਦੀ ਬਾਣੀ ਨੂੰ ਇਕ ਥਾਂ ਇਕੱਠਾ ਕਰ ਦਿੱਤਾ। ਗੁਰਬਾਣੀ ਦੀ ਸਾਂਝੀ ਵਾਲਤਾ ਦੇ ਸੰਦੇਸ਼ ਨੇ ਜਗਤ ਜਲੰਦੇ ਵਿਚ ਠੰਡ ਵਰਤਾਈ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ {ਗੁਰੂ ਗ੍ਰੰਥ ਸਾਹਿਬ, ਮਹਲਾ ੫, ਪੰਨਾ 747}

ਇਹਨਾ ੩੫ ਸਤਪੁਰਸ਼ਾਂ ਵਿਚੋਂ ੧੧ ਉਹ ਭੱਟ ਵੀ ਸਨ ਜੋ ਜਨਮ ਤੋਂ ਬ੍ਰਾਹਮਣ ਹੋਣ ਕਰਕੇ ਆਪਣੇ ਤੋਂ 'ਨੀਵੀਂ' ਜਾਤ ਵਾਲੇ ਨੂੰ ਪਹਿਲਾਂ ਕਦੇ ਗੁਰੂ ਨਹੀਂ ਸੀ ਕਬੂਲ ਕੀਤਾ। ਪਰ ਭੱਟਾਂ ਵਲੋਂ ਉਚੇਚਾ ਗੁਰੂ ਦੀ ਕੁਲ ਦਾ ਜ਼ਿਕਰ ਕਰਦੇ ਹੋਏ ਉਹਨਾ ਨੂੰ ਗੁਰੂ ਲਿਖਣਾ ਅਤੇ ਮਣਨਾ ਸਮਾਜ ਵਿਚ ਕੀਤੇ ਸਕਾਰਾਤਮਕ ਪਰਿਵਰਤਨ ਦਾ ਗਵਾਹ ਹਨ। ਇਥੇ ਇਹ ਗਲ ਦੱਸਣੀ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ੧੧ ਭੱਟਾਂ ਦੀ ਬਾਣੀ ਦਰਜ ਹੈ ਉਹਨਾ ਵਿਚੋਂ ਦੋ- ਭੱਟ ਮਥਰਾ ਤੇ ਭੱਟ ਕੀਰਤ- ਨੇ ਛੇਵੇਂ ਪਾਤਸ਼ਾਹ ਵੇਲੇ ਸਿੱਖ ਇਤਿਹਾਸ ਦੀ ਅੰਮ੍ਰਿਤਸਰ ਵਿਚ ਹੋਈ ਪਹਿਲੀ ਜੰਗ ਵਿਚ ਸ਼ਹੀਦੀ ਪਾਈ ਸੀ। ਇਹ ਤੱਥ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਭੱਟਾਂ ਦਾ ਜੀਵਨ ਗੁਰੂ ਦਰਬਾਰ ਵਿਚ ਆ ਕੇ ਪੂਰੀ ਤਰਾਂ ਬਦਲ ਗਿਆ ਸੀ। ਉਹ ਆਪਣੀ ਵਰਣ-ਆਸ਼ਰਮ ਦੀ ਬੰਦਸ਼ਾਂ ਤੋਂ ਅਜ਼ਾਦ ਹੋ ਕੇ ਸ਼ਸਤਰਧਾਰੀ ਹੋਏ ਅਤੇ ਖੱਤਰੀ ਕਹੇ ਜਾਣ ਵਾਲੇ ਦੀ ਗੁਰਿਆਈ ਕਬੂਲੀ।
ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥ {ਗੁਰੂ ਗ੍ਰੰਥ ਸਾਹਿਬ, ਭਟ ਮਥੁਰਾ, ਪੰਨਾ 1408}

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥
ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥
ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ੍ਯ ਸਹਾਰੁ ਤੋਹਿ ਜਸੁ ਬਕਤਾ ॥
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ {ਭਟ ਕਲ੍ਯ੍ਯ, ਗੁਰੂ ਗ੍ਰੰਥ ਸਾਹਿਬ : ਪੰਨਾ 1407}

ਸਮਾਜਕ ਜਟਿਲਤਾਵਾਂ ਦੀ ਨਾਸਮਝੀ ਵਿਚੋਂ ਜਨਮੇ ਸ਼ੰਕੇ ਗੁਰਬਾਣੀ ਦੀ ਵਿਸ਼ਾਲਤਾ ਨੂੰ ਸਮਜਣ ਵਿਚ ਅਸਮਰਥ ਬਣਾ ਦਿੰਦੇ ਹਨ। ਜੇ ਸਮਾਜ ਦਾ ਭਲਾ ਚਾਹੁੰਦੇ ਹਾਂ ਤਾਂ ਗੁਰਬਾਣੀ ਤੇ ਪੂਰਨ ਨਿਸ਼ਚਾ ਰੱਖ ਕੇ, ਆਉ ਆਪਣੀ ਸਮਝ ਦਾ ਘੇਰਾ ਵਧਾਈਏ। ਸਮਾਜ ਵਿਚ ਵਰਣ-ਆਸ਼ਰਮ ਦਾ ਕੋਹੜ, ਜਾਤਾਂ ਤੋਂ ਮੁਕਰਨ ਨਾਲ ਨਹੀਂ ਬਲਕਿ ਇਹਨਾ ਦੀ ਹੋਂਦ ਨੂੰ ਸਵੀਕਾਰ ਕੇ ਅਤੇ ਉਚ-ਨੀਚ ਦੇ ਪਾੜੇ ਨੂੰ ਸਮਝ ਕੇ ਹੀ ਮਿਟਾਇਆ ਜਾ ਸਕਦਾ ਹੈ। ਇਸ ਤੋਂ ਇਨਕਾਰੀ ਹੋਣਾ ਤਾਂ ਦੋਸ਼ੀ ਧਿਰ ਦੇ ਹੱਕ ਵਿਚ ਉਸੇ ਤਰਾਂ ਭੁਗਦਤਾ ਹੈ ਜਿਵੇਂ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੇ।

0 Comment(s)

Post a comment

Read our other posts

29th March 2020

0

0

Miracle is curse

The belief in miracles not only spiritually weakens the human being, but the intellect becomes shallow and so the ability to ask questions is eliminated

25th April 2022

0

0

ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿਚ ਪਾਠ-ਭੇਦਾਂ ਦੀ ਸੁਧਾਈ ਕਦੋਂ ਹੋਵੇਗੀ ਅਤੇ ਕੌਣ ਕਰੇਗਾ?

'ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।'

14th June 2023

0

0

Social Media Sikh Warriors Require Detoxification Thru Series Of Gurbani Kirtan & Vichaar

If we have started hating others based on their color, religion, nationality, or caste. This is a sign we are missing Gurbani vichaar.

18th May 2020

0

0

Hinduism is in real danger

The hegemony of one ideology is not Hinduistic and is a definitive threat. The hypocrisy, along with chosen diversity, has got replaced with naked communal majoritarianism along with bigotry.

© 2022 Sikh Saakhi. All rights reserved
Technical Lead Amitoj Singh