The Incisive Pen

3rd January 2022

0 Comment(s)

0 View(s)

ਨਾਨਕਸ਼ਾਹੀ ਕਲੈਂਡਰ ਦੇ ਵਿਰੋਧੀ ਬ੍ਰਾਹਮਣੀ ਤਾਕਤਾਂ ਦੇ ਥਾਪੇ ਹੋਏ

ਬਿਕਰਮੀ ਕੈਲੰਡਰ ਦਾ ਨਿਯੰਤਰਨ ਪੂਰੀ ਤਰਾਂ ਨਾਲ ਪੰਡਤਾਂ ਦੀ ਟਕਸਾਲਾਂ ਦੇ ਹੱਥ ਹੈ। 1964 ਵਿਚ ਜਾਰੀ ਕੀਤਾ ਦ੍ਰਿਗ ਗਣਿਤ ਪੰਚਾਂਗ ਛਾਪਣ ਤੋਂ ਪਹਿਲਾਂ ਪੰਡਿਤਾਂ ਨੇ ਕਿਸੇ ਸਿੱਖ ਜਥੇਬੰਦੀ ਦੀ ਸਲਾਹ ਨਹੀਂ ਸੀ ਲਿੱਤੀ।

Nanakshahi Calendar has fixed seasons

ਹਰ ਧਰਮ ਦੇ ਪੈਰੋਕਾਰਾਂ ਨੇ ਅਪਣੇ ਬਾਨੀ ਦੇ ਨਾਂ ਤੇ ਕਲੈਂਡਰ ਬਣਾਏ ਹਨ, ਫਿਰ ਸਿੱਖ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕਿਉਂ ਨਹੀਂ ਬਣਾ ਸਕਦੇ? ਸਾਲ 2003 ਵਿਚ ਜਦ ਨਾਨਕਸ਼ਾਹੀ ਕਲੈਂਡਰ ਲਾਗੂ ਹੋਇਆ ਤਾਂ ਆਰ.ਐਸ.ਐਸ. ਮੁਖੀ ਕੇ.ਐਸ. ਸੁਦਰਸ਼ਨ ਨੇ ਸਿੱਖਾਂ ਨੂੰ ਇਸ ਤੇ ਧੱਮਕੀ ਦਿੱਤੀ। ਆਰ.ਐਸ.ਐਸ. ਨੇ ਬਾਦਲ ਦੀ ਮਦਦ ਨਾਲ ਨਾਨਕਸ਼ਾਹੀ ਕਲੈਂਡਰ ਦੇ ਵਿਰੋਧੀਆਂ ਦਾ ਗੁਰਦੁਆਰੀਆਂ ਤੇ ਕਬਜ਼ਾ ਕਰਵਾਇਆ, ਉਪਰੰਤ ਨਾਨਕਸ਼ਾਹੀ ਕਲੈਂਡਰ ਨੂੰ ਮੁੜ ਬਿਕਰਮੀ ਕਲੈਂਡਰ ਵਿੱਚ ਤਬਦੀਲ ਕਰ ਦਿੱਤਾ। ਤਥਾ-ਕਥਿਤ ਸੰਤ ਸਮਾਜ ਨੇ ਮਰਯਾਦਾ ਦੇ ਨਾਂ ਹੇਠ ਨਾਨਕਸ਼ਾਹੀ ਕੈਲੰਡਰ ਦਾ ਖੁਲ ਕੇ ਵਿਰੋਧ ਕੀਤਾ। ਚੋਣਾਂ ਸਮੇਂ ਸੰਤ ਸਮਾਜ ਅਤੇ ਹਰਨਾਮ ਸਿੰਘ ਧੁੰਮਾ ਦੇ ਟਕਸਾਲੀ ਗਰੁਪ ਨਾਲ ਸਮਝੋਤੇ ਅਧੀਨ, ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਤੋਂ ਬਿਕਰਮੀ ਕੈਲੰਡਰ ਅਨੁਸਾਰ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਕਰਵਾਈਆਂ।

ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ 29 ਜਨਵਰੀ 2010 ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲਣ ਦਾ ਝੂਠਾ ਇਲਜ਼ਾਮ ਲਗਾ ਕੇ ਸਿੱਖ ਕੌਮ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ। ਇਹ ਹੁਕਮਨਾਮਾ ਸਿਰਸੇ ਵਾਲੇ ਬਲਾਕਾਰੀ ਬਾਬੇ ਨੂੰ ਬਿਨਾ ਸ਼ਰਤ ਮੁਆਫੀ ਦੇਣ ਵਾਲੇ ਬਾਦਲ ਵਲੋਂ ਥਾਪੇ ਅਕਾਲ ਤੱਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦਿਵਾਇਆ ਗਿਆ ਸੀ। ਪ੍ਰੋਫੈਸਰ ਦਰਸ਼ਨ ਸਿੰਘ ਨੇ ਆਰ.ਐਸ.ਐਸ. ਮੁਖੀ ਕੇ.ਐਸ. ਸੁਦਰਸ਼ਨ ਨੂੰ ਨਾਨਕਸ਼ਾਹੀ ਕੈਲੰਡਰ ਨੂੰ ਲੈਕੇ ਸਿੱਖਾਂ ਦੇ ਅੰਦੂਰਨੀ ਮੱਸਲੇ ਵਿੱਚ ਦਖਲ-ਅੰਦਾਜੀ ਕਰਨ ਖਿਲਾਫ ਖੁਲ ਕੇ ਵਿਰੋਧ ਕੀਤਾ ਸੀ।

ਬਲਵੰਤ ਸਿੰਘ ਨੰਦਗੜ੍ਹ ਨੂੰ 17 ਜਨਵਰੀ 2015 ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹਨਾ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਹੋਰ ਤਬਦੀਲੀ ਦਾ ਖੁੱਲ ਕੇ ਵਿਰੋਧ ਕੀਤਾ ਸੀ। ਉਹਨਾ ਵਿਸ਼ਵ ਪ੍ਰਸਿੱਧ ਕੈਲਂਡਰ ਵਿਗਿਆਨੀ ਪਾਲ ਸਿੰਘ ਪੁਰੇਵਾਲ ਵਾਲਾ 2003 ਵਿੱਚ ਸ਼ੁਰੂ ਕੀਤਾ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਜ਼ੋਰ ਦਿੱਤਾ ਸੀ। ਹਾਲਾਂਕਿ ਬਲਵੰਤ ਸਿੰਘ ਨੰਦਗੜ੍ਹ ਖੁਦ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਣ ਵਾਲੇ ਪੰਜ ਜਥੇਦਾਰਾਂ ਵਿਚ ਸ਼ਾਮਲ ਸਨ।

ਨਾਨਕਸ਼ਾਹੀ ਕੈਲੰਡਰ ਗੁਰਬਾਣੀ ਵਿਚ ਦਰਜ ਬਾਰਾਹ ਮਾਹਾ ਅਤੇ ਰੁਤੀ ਸਲੋਕ ਦੇ ਅਧਾਰ ਤੇ ਸੂਰਜੀ ਕੈਲੰਡਰ ਹੈ। ਜਦਕਿ ਬਿਕਰਮੀ ਕੈਲੰਡਰ ਸੂਰਜੀ ਤੇ ਚੰਦਰਮਾ ਦੇ ਮਿਸ਼ਰਨ ਦੇ ਅਧਾਰ ਤੇ ਹੋਣ ਕਰਕੇ ਉਹ ਗੁਰਬਾਣੀ ਵਿਚ ਦਰਜ ਰੁਤਾਂ ਦੇ ਅਨੁਕੂਲ ਨਹੀਂ। ਯਾਦ ਰਹੇ ਰੁੱਤਾ ਧਰਤੀ ਦੇ ਸੂਰਜ ਦਾ ਚੱਕਰ ਲਗਾਉਣ ਕਾਰਨ ਬਣਦੀਆਂ ਹਨ। ਚੰਦਰਮਾ ਦੇ ਧਰਤੀ ਦਾ ਚੱਕਰ ਲਗਾਉਣ ਨਾਲ ਨਹੀਂ। ਬਿਕਰਮੀ ਕੈਲੰਡਰ ਰਾਜਾ ਵਿਕਰਮਾਦਿਤਿਆ ਨੇ ਸ਼ੁਰੂ ਕੀਤਾ ਸੀ। ਨਾਨਕਸ਼ਾਹੀ ਕੈਲੰਡਰ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦਾ ਪਹਿਲਾ ਮਹੀਨਾ ਗੁਰਬਾਣੀ ਅਨੁਸਾਰ ਚੇਤ ਦਾ ਹੈ ਅਤੇ ਆਖਰੀ ਫੱਗਣ ਦਾ। ਇਸ ਵਿੱਚ ਰੁੱਤਾਂ ਪੰਜਾਬ ਦੇ ਮੌਸਮ ਅਨੁਸਾਰ ਹਨ ਜਿਸਦਾ ਹਵਾਲਾ ਗੁਰਬਾਣੀ ਵਿੱਚ ਹੈ। ਇਸਦੇ ਦਿਨ ਦੀ ਸ਼ੁਰੂਆਤ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਸੂਰਜ ਦੀ ਪਹਿਲੀ ਕਿਰਨ ਦੇ ਸਮੇਂ ਤੋਂ ਹੁੰਦੀ ਹੈ।

ਸੂਰਜੀ ਮਹੀਨੇ ਤੇ ਰੁੱਤਾ ਨੂੰ ਨਿਰਧਾਰਤ ਕਰਨ ਨਾਲ ਇਸਦੇ ਗੁਰਪੁਰਬ ਦੀ ਤਾਰੀਕਾਂ ਵਿਚ ਤਬਦੀਲੀ ਨਹੀਂ ਆਉਂਦੀ। ਜਦਕਿ ਬਿਕਰਮੀ ਕੈਲੰਡਰ 354 ਦਿਨਾਂ ਦੇ ਹੋਣ ਕਾਰਨ ਸੂਰਜੀ ਕੈਲੰਡਰ ਤੋਂ 11 ਦਿਨ ਛੋਟਾ ਹੈ। ਇਸ ਘਾਟ ਨੂੰ ਪੂਰਾ ਕਰਨ ਵਾਸਤੇ ਲਗਭਗ ਹਰ ਤੀਹ ਮਹੀਨੇ ਬਾਅਦ ਇੱਕ ਵੱਧ ਮਹੀਨਾ ਜੋੜ ਦਿੱਤਾ ਜਾਂਦਾ ਹੈ ਜਿਸਨੂੰ ਅਧਿੱਕ ਮਾਸ ਜਾਂ ਮਲ ਮਾਸ ਕਹਿੰਦੇ ਹਨ। ਇਸ ਨਾਲ ਉਸ ਸਾਲ 13 ਮਹੀਨੇ ਜਾਂ 384 ਦਿਨ ਆ ਜਾਂਦੇ ਹਨ, ਜਦਕਿ ਗੁਰਬਾਣੀ ਵਿਚ ਕੇਵਲ ਬਾਰਾਂ ਮਹੀਨਿਆਂ ਦਾ ਜ਼ਿਕਰ ਹੀ ਹੈ। ਇਸ ਕਾਰਨ ਗੁਰਪੁਰਬ ਦੀਆਂ ਤਾਰੀਕਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਕਿਸੇ ਸਾਲ ਵਿਚ ਦੋ ਵਾਰੀ ਤੇ ਕਿਸੇ ਸਾਲ ਇੱਕ ਵਾਰ ਵੀ ਨਹੀਂ ਆਉਂਦਾ।

ਬਾਰਾਹ ਮਾਹਾ ਤੁਖਾਰੀ ਵਿਚ ਮਹਲਾ ਪਹਿਲਾ ਵਲੋਂ ਅਸਾੜ ਮਾਹ ਦੀ ਵਿਚਾਰ ਵਿਚ ਬੜਾ ਸਪਸ਼ਟਤ ਸੰਕੇਤ ਹੈ:
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ {ਪੰਨਾ 1108}
"ਰਥੁ ਫਿਰੈ" ਦਾ ਅਰਥ ਭਾਈ ਕਾਹਨ ਸਿੰਘ ਨਾਭਾ ਮਹਾਨਕੋਸ਼ ਵਿਚ ਲਿਖਦੇ ਹਨ- ਸੂਰਜ ਦਾ ਦੱਖਿਣਾਯਨ ਅਥਵਾ ਉੱਤਰਾਯਣ ਵੱਲ ਹੋਣਾ। ਭਾਵ ਸਾਲ ਦਾ ਸਭ ਤੋਂ ਲੰਬਾ ਦਿਨ। ਗੁਰੂ ਨਾਨਕ ਸਾਹਿਬ ਦੇ ਸਮੇਂ ਇਹ 15 ਅਸਾੜ ਨੂੰ ਆਉਂਦਾ ਸੀ, ਜੋ ਅੱਜ ਦੇ ਬਿਕਰਮੀ ਕਲੈਂਡਰ ਵਿਚ 9 ਅਸਾੜ ਨੂੰ ਆਉਂਦਾ ਹੈ। ਹੋਰ 600 ਸਾਲ ਬਾਦ ਇਹ ਜੇਠ ਮਹੀਨੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ, ਜਦਕਿ ਗੁਰਬਾਣੀ ਵਿਚ ਤਾਂ "ਰਥੁ ਫਿਰੈ" ਅਸਾੜ ਵਿਚ ਹੀ ਲਿਖਿਆ ਹੈ। ਇਸ ਤੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਬਿਕਰਮੀ ਕੈਲੰਡਰ ਗੁਰਬਾਣੀ ਦੇ ਅਨੁਕੂਲ ਨਹੀਂ ਹੈ। ਰੁਤਾਂ ਭਾਂਵੇ ਦੁਨਿਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ ਹੋਣ ਪਰ "ਰਥੁ ਫਿਰੈ" ਦਾ ਦਿਨ ਸਾਰੀ ਦੁਨਿਆ ਵਾਸਤੇ ਸਾਂਝਾ ਹੈ। ਨਾਨਕਸ਼ਾਹੀ ਕੈਲੰਡਰ ਵਿਚ "ਰਥੁ ਫਿਰੈ" ਦਾ ਦਿਨ ਹਮੇਸ਼ਾ ਅਸਾੜ (ਹਾੜ) ਵਿਚ ਹੀ ਆਵੇਗਾ। ਹੋਰ ਉਦਾਹਰਣ ਦੇਖੋ: ਗੁਰਬਾਣੀ ਵਿਚ ਦਰਜ ਹੈ- ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਸੰਤ ਰੁਤ ਸਦਾ ਚੇਤ ਮਹੀਨੇ ਵਿਚ ਹੀ ਆਵੇਗੀ। ਸੂਰਜੀ ਹੋਣ ਕਰਕੇ ਗੁਰਪੁਰਬ ਦੀ ਤਾਰੀਕ ਵੀ ਹਮੇਸ਼ਾ ਸਥਿਰ ਰਹਿੰਦੀ ਹੈ।

ਬਿਕਰਮੀ ਕੈਲੰਡਰ ਚੰਦਰਮਾ ਦੇ ਅਧਾਰ ਤੇ ਹੋਣ ਕਰਕੇ ਉਹ ਗੁਰਬਾਣੀ ਵਿਚ ਦਰਜ ਰੁਤਾਂ ਦੇ ਅਨੁਕੂਲ ਨਹੀਂ। ਬਿਕਰਮੀ ਕੈਲੰਡਰ ਅਨੁਸਾਰ ਰੁੱਤਾਂ ਨਿਰੰਤਰ ਸ਼ਿਫਟ ਹੋ ਰਹੀਆਂ ਹਨ- ਔਸਤਨ 1 ਦਿਨ ਹਰ 70/71 ਸਾਲ ਬਾਅਦ ਅਗੇ ਚਲੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੁਣ ਤਕ ਹੀ 7/8 ਦਿਨਾਂ ਨਾਲ ਰੁੱਤਾਂ ਸ਼ਿਫਟ ਹੋ ਵੀ ਚੁਕੀਆਂ ਹਨ। ਇਸ ਮੱਸਲੇ ਨੂੰ ਸੁਲਝਾਉਣਾ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਮੰਤਵਾਂ ਵਿਚੋਂ ਇੱਕ ਹੈ।

ਵੈਸਾਖੀ ਪਿਛਲੀ ਸਦੀ ਵਿਚ 12 ਅਪ੍ਰੈਲ ਨੂੰ ਆਉਂਦੀ ਸੀ, ਫਿਰ ਇਹ 13 ਅਪ੍ਰੈਲ, ਤੇ ਹੁਣ 14 ਅਪ੍ਰੈਲ ਨੂੰ ਆਉਂਦੀ ਹੈ। ਸਨ 3000 ਵਿਚ ਵੈਸਾਖੀ 1 ਮਈ ਤਕ ਚਲੇ ਜਾਵੇਗੀ, ਜੋ ਗਰਮੀ ਦੀ ਰੁਤ ਹੋਵੇਗੀ। ਇਸੇ ਤਰਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਬਰਸਾਤ ਰੁਤ ਵਿਚ ਆ ਜਾਵੇਗਾ। ਇਹ ਇਕ ਗੰਭੀਰ ਮਸਲਾ ਹੈ ਜਿਸਦਾ ਹਲ ਨਾਨਕਸ਼ਾਹੀ ਕੈਲੰਡਰ ਹੈ। ਨਾਨਕਸ਼ਾਹੀ ਕੈਲੰਡਰ ਵਿਚ ਵੈਸਾਖੀ ਹਰ ਸਾਲ 14 ਅਪ੍ਰੈਲ ਨੂੰ ਹੀ ਆਵੇਗੀ।

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋਹ ਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਪੋਹ ਦਾ ਮਹੀਨਾ 14 ਦਸੰਬਰ ਤੋਂ ਸ਼ੁਰੂ ਹੁੰਦਾ ਹੈ, ਜਿਸ ਨਾਲ ਗੁਰਪੁਰਬ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ। ਪਰ ਕੁਛ ਇਤਿਹਾਸਕ ਸਰੋਤਾਂ ਵਿਚ ਤਿਥੀ ‘ਪੋਹ ਸੁਦੀ ਸਤਵੀਂ ਵੀ ਲਿੱਖੀ ਮਿਲਦੀ ਹੈ ਜਿਸਨੂੰ ਵਿਰੋਧੀ ਬਹੁਤ ਵਧਾ-ਚੜਾ ਕੇ ਦੱਸਦੇ ਹਨ। ਧਿਆਨ ਰਹੇ ਵੱਧੀ ਅਤੇ ਸੁਦੀ ਚੰਦਰਮਾ ਦੀਆਂ ਤਿਥਾਂ ਹਨ। 23 ਪੋਹ ਤੋਂ ਭਾਵ ਹੈ- ਪੋਹ ਦੇ ਮਹੀਨੇ ਦੀ 23ਵੀਂ ਤਾਰੀਕ। ਪੋਹ ਸੁਦੀ ਸਤਵੀਂ ਦਾ ਮਤਲਬ ਹੈ- ਪੋਹ ਦੇ ਮਹੀਨੇ ਵਿਚ ਚੰਦਰਮਾ ਦੇ ਸੁਦੀ ਪੱਖ ਦਾ ਸਤਵਾਂ ਦਿਨ। ਬਿਕਰਮੀ ਕੈਲੰਡਰ ਅਨੁਸਾਰ ਪੋਹ ਦੇ ਮਹੀਨੇ ਸੁਦੀ-ਸਤਵੀਂ ਨੂੰ ਗੁਰਪੁਰਬ ਹਰ ਸਾਲ ਬਦਲਦਾ ਰਹੇਗਾ। ਜਦਕਿ 23 ਪੋਹ ਇਤਿਹਾਸਕ ਤਾਰੀਖ ਹੈ ਜੋ ਸਥਿਰ ਹੈ।

ਚਾਰ ਸਾਹਿਬਜ਼ਾਦੀਆਂ ਦਾ ਸ਼ਹੀਦੀ ਪੁਰਬ ਤਾਂ ਵੱਦੀ-ਸੁਦੀ ਦੇ ਹਿਸਾਬ ਨਾਲ ਨਹੀਂ ਮਣਾਇਆ ਜਾਂਦਾ। 6 ਪੋਹ (19 ਦਸੰਬਰ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛਡਿਆ ਸੀ, 8 ਪੋਹ (21 ਦਸੰਬਰ) ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 13 ਪੋਹ (26 ਦਸੰਬਰ) ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਅਸੀਂ ਸ਼ਹੀਦੀ ਹੱਫ਼ਤਾ ਇਸੇ ਅਨੁਸਾਰ ਮਣਾਉਂਦੇ ਹਾਂ, ਨਾ ਕਿ ਵੱਦੀ-ਸੁਦੀ ਅਨੁਸਾਰ। ਫ਼ਿਰ ਦਸ਼ਮੇਸ਼ ਗੁਰੂ ਦਾ ਜਨਮ ਦਿਹਾੜਾ 23 ਪੋਹ ਦੀ ਜਗਾ ਪੋਹ ਸੁਦੀ ਸਤਵੀਂ ਕਿਉਂ?

ਨਾਨਕਸ਼ਾਹੀ ਕੈਲੰਡਰ ਦੇ ਵੋਰੋਧੀ ਸੰਗਤਾਂ ਦੇ ਕੈਲੰਡਰ ਬਾਰੇ ਘਟ ਗਿਆਨ ਦਾ ਫਾਇਦਾ ਚੁਕਦੇ ਹਨ। ਸੰਗਤਾਂ ਨੂੰ ਅਧੂਰੇ ਗਿਆਨ ਅਤੇ ਭਾਵਨਾਵਾਂ ਵਿਚ ਵਹਾ ਕੇ ਪੰਥ ਦੇ ਵਿਦਵਾਨਾਂ ਖਿਲਾਫ਼ ਭੜਕਾਉਂਦੇ ਹਨ ਅਤੇ ਬ੍ਰਾਹਮਣੀ ਤਾਕਤਾਂ ਦਾ ਪੱਖ ਪੂਰਦੇ ਹਨ।

ਇੱਕ ਹੋਰ ਨੁਕਤਾ ਸਮਝਨ ਵਾਲਾ ਹੈ ਕਿ ਬਿਕਰਮੀ ਕੈਲੰਡਰ ਦੇਸ਼ ਦੀ ਵੱਖ-ਵੱਖ ਪੰਡਤਾਂ ਦੀ ਟਕਸਾਲ ਤੋਂ ਜਾਰੀ ਹੁੰਦਾ ਹੈ ਅਤੇ ਇਹ ਆਪਸ ਵਿਚ ਮੇਲ ਨਹੀਂ ਖਾਂਦਾ। ਚੰਡੀਗੜ ਤੋਂ ਛਪਦੇ ਦ੍ਰਿਗ ਗਣਿਤ ਪੰਚਾਂਗ ਕੈਲੰਡਰ ਦਾ ਪੂਨੇ ਤੋਂ ਛਪਦੇ ਤਿਲਕ ਪੰਚਾਂਗ ਨਾਲ ਫਰਕ ਹੈ। ਗੁਰੂ ਕਾਲ ਸਮੇਂ ਸੂਰਯ ਸਿਧਾਂਤ (ਵਾਕਯ ਪੰਚਾਂਗ) ਵਰਤਿਆ ਜਾਂਦਾ ਸੀ ਜੋ ਅਜ ਦੇ ਬਿਕਰਮੀ ਕੈਲੰਡਰ ਨਾਲ ਮੇਲ ਨਹੀਂ ਖਾਂਦਾ। ਬਿਕਰਮੀ ਕੈਲੰਡਰ ਦਾ ਨਿਯੰਤਰਨ ਪੂਰੀ ਤਰਾਂ ਨਾਲ ਪੰਡਤਾਂ ਦੀ ਟਕਸਾਲਾਂ ਦੇ ਹੱਥ ਹੈ। ਇਸ ਵਿਚ ਜਦ ਕੋਈ ਤਬਦੀਲੀ ਵੀ ਹੁੰਦੀ ਹੈ ਤਾਂ ਉਹ ਆਪ ਹੀ ਫੈਸਲਾ ਲੈਂਦੇ ਹਨ, ਉਹ ਕਿਸੇ ਸਿੱਖ ਜਥੇਬੰਦੀ ਦੀ ਸਲਾਹ ਨਹੀਂ ਲੈਂਦੇ। ਕਾਂਚੀ ਸ਼ੰਕਰਾਚਾਰੀਆ ਮੱਠ ਦੀ ਸਰਪ੍ਰਸਤੀ ਹੇਠ 1887 ਵਿਚ ਦ੍ਰਿਗ ਪੰਚਾਗ ਨੂੰ ਮਨਜ਼ੂਰੀ ਮਿਲੀ ਅਤੇ ਇਹ ਪ੍ਰਕਾਸ਼ਿਤ ਹੋਣ ਲੱਗਾ। ਪੰਜਾਬ ਵਿਚ ਛਪਦੇ ਦ੍ਰਿਗ ਗਣਿਤ ਪੰਚਾਗ ਵਿਚ ਆਖਰੀ ਵਾਰ 1964 ਵਿਚ ਤਬਦੀਲੀ ਕੀਤੀ ਗਈ, ਇਸੇ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਗੁਰਪੁਰਬਾਂ ਦੀ ਤਾਰੀਕ ਨਿਅਤ ਕਰਦੀ ਹੈ। ਪਰ ਦ੍ਰਿਗ ਪੰਚਾਗ ਵਿਚ ਤਬਦੀਲੀ ਕਰਨ ਤੋਂ ਪਹਿਲਾਂ ਪੰਡਿਤਾਂ ਨੇ ਕਿਸੇ ਸਿੱਖ ਜਥੇਬੰਦੀ ਦੀ ਸਲਾਹ ਨਹੀਂ ਸੀ ਲਿੱਤੀ।

ਇਹ ਅਕਸਰ ਕਿਹਾ ਜਾਂਦਾ ਹੈ ਕਿ ਗੁਰਬਾਣੀ ਵਿਚ ਬਿਕਰਮੀ ਸਾਲਾਂ ਅਤੇ ਤਿਥਾਂ ਦਾ ਜ਼ਿਕਰ ਹੈ ਜਿਸਨੂੰ ਨਹੀਂ ਛਡਿਆ ਜਾ ਸਕਦਾ, ਜਿਵੇਂ- ਆਵਨਿ ਅਠਤਰੈ ਜਾਨਿ ਸਤਾਨਵੈ। ਇਹ ਜ਼ਿਕਰ ਇਤਿਹਾਸ ਦੇ ਹਵਾਲੇ ਨਾਲ ਹੈ। ਇਹ ਗੁਰਬਾਣੀ ਦੇ ਕਿਸੇ ਸਿਧਾਂਤ ਨਾਲ ਨਹੀਂ ਜੁੜਿਆ ਹੋਇਆ। ਜਿਥੇ ਤਕ ਸਿਧਾਂਤ ਦੀ ਗਲ ਹੈ, ਗੁਰਬਾਣੀ ਬੜੀ ਸਪਸ਼ਟ ਹੈ- ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਇਹ ਸਿਧਾਂਤ ਹੀਣ ਦਲੀਲਾਂ ਦੇਣ ਵਾਲੀਆਂ ਨੂੰ ਪੁਛੋ ਗੁਰਬਾਣੀ ਵਿਚ ਐਸਾ ਬਹੁਤ ਕੁਛ ਹੈ ਜਿਸਨੂੰ ਉਹ ਛੱਡ ਚੁਕੇ ਹਨ। ਗੁਰਬਾਣੀ ਵਿਚ ‘ਖੁਰਾਸਾਨ’ ਦਾ ਜ਼ਿਕਰ ਹੈ ਪਰ ਇਹ ‘ਅਫਗਾਨਿਸਤਾਨ’ ਕਿਉਂ ਬੋਲਦੇ ਹਨ? ਗੁਰਬਾਣੀ ਵਿਚ ਦੂਰੀ ਲਈ ਯੋਜਨ ਜਾਂ ਕੋਸ ਹੈ, ਪਰ ਇਹ ਕਿਲੋਮੀਟਰ ਕਿਉਂ ਵਰਤਦੇ ਹਨ? ਇਸੇ ਤਰਾਂ ਗੁਰਬਾਣੀ ਵਿਚ ਲੰਬਾਈ ਵਾਸਤੇ ਗਜ, ਹੱਥ, ਅੰਗੁਲ ਹੈ। ਭਾਰ ਵਾਸਤੇ ਮਣ, ਸੇਰ, ਤੋਲਾ, ਮਾਸਾ ਆਉਂਦਾ ਹੈ। ਸਮੇਂ ਵਾਸਤੇ ਮਹੂਰਤ, ਘੜੀ ਅਤੇ ਪਲ ਆਉਂਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਗੁਰਦੁਆਰੇ ਦੀ ਦੀਵਾਰ ਤੇ ਲਗੀ ਘੜੀ ਨੂੰ ਦੇਖ ਕੇ ਘੰਟੇ, ਮਿੰਟ ਅਤੇ ਸਕਿੰਟ ਅਨੁਸਾਰ ਕਥਾ ਦਾ ਟਾਈਮ ਕਿਉਂ ਨਿਸ਼ਚਿਤ ਕਰਦੇ ਹਨ?

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦੇ ਸਵਾਲ ਪਾਲ ਸਿੰਘ ਪੁਰੇਵਾਲ ਜਾਂ ਹੋਰ ਹਿਮਾਈਤੀ ਹਮੇਸ਼ਾ ਦੇਣ ਲਈ ਤਿਆਰ ਹਨ ਅਤੇ ਪਹਿਲਾਂ ਵੀ ਦਿੱਤੇ ਹਨ। ਪਰ ਵਿਰੋਧੀ ਬੰਦ ਕਮਰਾ ਮੀਟਿੰਗ ਕਰਨ ਦੇ ਗਿੱਝੇ ਹਨ ਅਤੇ ਸਟੇਜਾਂ ਤੋਂ ਇੱਕ ਤਰਫ਼ਾ ਅਧੂਰਾ ਪੱਖ ਰਖਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ।

ਪਹਿਲਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਵੱਖ-ਵੱਖ ਜਥੇਬੰਦੀਆਂ ਦੇ ਵਿਚਾਰ ਸੁਣਨ ਨੂੰ ਮਿਲਦੇ ਸਨ। ਸੰਗਤ ਨੂੰ ਗੁਰਬਾਣੀ ਦੇ ਵਖ-ਵੱਖ ਵਿਚਾਰਾਂ ਨਾਲ ਅਮੀਰ ਕਰਨਾ ਵੀ ਚਾਹਿਦਾ ਹੈ। ਪਰ ਸਾਲ 2003 ਤੋਂ ਬਾਦ ਕੇਂਦਰੀ ਸਟੇਜਾਂ ਤੋਂ ਹੋਲੀ-ਹੋਲੀ ਉਹਨਾ ਸਭ ਪਰਚਾਰਕਾਂ ਨੂੰ ਇੱਕ-ਇੱਕ ਕਰਕੇ ਹਟਾ ਦਿੱਤਾ ਗਿਆ ਜੋ ਬ੍ਰਾਹਮਣਵਾਦ ਦਾ ਖੁਲ ਕੇ ਵਿਰੋਧ ਕਰਦੇ ਸਨ। ਹੁਣ ਕੇਵਲ ਇੱਕ ਜਥੇਬੰਦੀ ਦੇ ਪਿੱਛ-ਲੱਗੂ ਪਰਚਾਰਕ ਹੀ ਇਹਨਾ ਸਟੇਜਾਂ ਤੇ ਕਥਾ ਕਰਦੇ ਦੇਖੇ ਜਾਂਦੇ ਹਨ।

ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਕੇਵਲ ਉਹ ਕਥਾਵਾਚਕ ਹੀ ਬੋਲ ਸਕਦੇ ਹਨ ਜੋ ਹਰਨਾਮ ਸਿੰਘ ਧੁੰਮਾ ਵਾਲੇ ਟਕਸਾਲੀ ਜੱਥੇ ਨਾਲ ਜੁੜੇ ਹਨ ਜਾਂ ਫ਼ਿਰ ਸਮਝੋਤਾ ਹੈ। ਪੰਥ ਨੂੰ ਗੁਰਬਾਣੀ ਵਿਆਖਿਆ ਦੇ ਵੱਖ-ਵੱਖ ਪਹਿਲੂਆਂ ਤੋਂ ਬੜੇ ਯੋਜਨਾਬੰਦ ਤਰੀਕੇ ਨਾਲ ਵਾਂਝਾ ਰਖਿਆ ਜਾ ਰਿਹਾ ਹੈ। ਇਹ ਕਥਾਵਾਚਕ ਹਰ ਉਸ ਸਿੱਖ ਪਰਚਾਰਕ ਖਿਲਾਫ਼ ਨਫ਼ਰਤ ਅਤੇ ਭੱਦੇ ਸ਼ਬਦ ਬੋਲਦੇ ਹਨ ਜਿਸਦੇ ਵਿਚਾਰ ਇਹਨਾ ਦੀ ਟਕਸਾਲ ਨਾਲ ਮੇਲ ਨਹੀਂ ਖਾਂਦੇ। ਇਹ ਖੁਦ ਤਾਂ ਬ੍ਰਾਹਮਣਵਾਦ ਦੀ ਗਹਰੀ ਖੱਡ ਵਿੱਚ ਢਿੱਗੇ ਪਏ ਹਨ, ਹੋਰਾਂ ਨੂੰ ਕਾਮਰੇਡ ਹੋਣ ਦੇ ਸਰਟੀਫਿਕੇਟ ਵੰਡਦੇ ਫਿਰਦੇ ਹਨ। ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨਾਂ ਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ ਸੀ।

ਇਹ ਵਰਤਾਰਾ ਬਿਲਕੁਲ ਉਸੇ ਤਰਾਂ ਹੈ ਜਿਵੇਂ ਭਾਰਤ ਦਾ ਮੁਖ-ਧਾਰਾ ਮੀਡੀਆ ਸਰਕਾਰ ਦਾ ਵਿਰੋਧ ਕਰਨ ਵਾਲੇ ਹਰ ਕਿਸੇ ਨੂੰ ਐਂਟੀ-ਨੈਸ਼ਨਲ ਕਹਿ ਕੇ ਭੰਡਦਾ ਹੈ। ਅਜ ਸਮਝਦਾਰ ਹਿੰਦੂ ਬਹੁਤ ਚਿੰਤਤ ਹਨ ਕਿ ਹਿੰਦੂਆਂ ਦਿਆਂ ਸਾਰੀਆਂ ਧਾਰਮਿਕ ਸੰਸਥਾਵਾਂ ਉਪਰ ਕੇਵਲ ਇਕ ਜਥੇਬੰਦੀ ਦਾ ਕਬਜ਼ਾ ਹੋ ਚੁਕਾ ਹੈ। ਜਿਹੜਾ ਵੀ ਆਰ.ਐਸ.ਐਸ. ਦਾ ਵਿਰੋਧ ਕਰਦਾ ਹੈ ਉਸਨੂੰ ਹਿੰਦੂ-ਵਿਰੋਧੀ ਕਹਿ ਕੇ ਦਰ-ਕਿਨਾਰ ਕਰ ਦਿੱਤਾ ਜਾਂਦਾ ਹੈ। ਹਿਮਾਇਤੀਆਂ ਨੂੰ ਉਹਨਾ ਦੇ ਦਿਮਾਗੀ ਦੀਵਾਲੀਆਪਨ ਹੋਣ ਕਰਕੇ ਮਖੋਲ ਵਿੱਚ 'ਭਗਤ' ਕਿਹਾ ਜਾਂਦਾ ਹੈ।

ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਕਿ ਇਹੀ ਮਾਡਲ ਸਿੱਖ ਪੰਥ ਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਅੱਡਰੀ ਵਿਚਾਰ ਪੇਸ਼ ਕਰਦਾ ਹੈ ਤਾਂ ਉਸਨੂੰ ਪੰਥ-ਵਿਰੋਧੀ ਕਹਿ ਕੇ ਭੰਡਿਆ ਜਾਂਦਾ ਹੈ ਅਤੇ ਗੁਰੂ ਘਰ ਦਿਆਂ ਸਟੇਜਾਂ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ ਜਾਂ ਛੇਕ ਦਿੱਤਾ ਜਾਂਦਾ ਹੈ। ਸਾਰੀਆਂ ਧਾਰਮਕ ਸੰਸਥਾਵਾਂ ਤੇ ਰਾਜਨੀਤਿਕ ਦਖਲ ਨਾਲ ਇਕ ਧੜੇ ਦਾ ਕਬਜ਼ਾ ਕਿਸੇ ਵੀ ਕੌਮ ਲਈ ਘਾਤਕ ਹੈ।

ਗੁਰੂ ਘਰ ਦਿਆਂ ਪ੍ਰਮੁਖ ਸਟੇਜਾਂ, ਖਾਸਕਰ ਜਿਹਣਾ ਨੂੰ ਸੰਗਤ ਟੀ.ਵੀ. ਚੈਨਲਾਂ ਤੇ ਰੋਜ਼ਾਨਾ ਸੁਣਦੀ ਹੈ ਜਿਵੇਂ ਮੰਜੀ ਸਾਹਿਬ, ਬੰਗਲਾ ਸਾਹਿਬ, ਆਦਿ ਤੇ ਸਭ ਨੂੰ ਬਰਾਬਰ ਬੋਲਣ ਦਾ ਮੋਕਾ ਦਿੱਤਾ ਜਾਣਾ ਚਾਹਿਦਾ ਹੈ। ਜਿਹੜੇ ਪ੍ਰਚਾਰਕ ਦੱਸ ਗੂਰੂ ਸਾਹਿਬਾਨ ਵਿਚ ਪੂਰਾ ਨਿਸ਼ਚਾ ਰੱਖਦੇ ਹਨ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮਣਦੇ ਹਨ, ਉਹਨਾ ਨੂੰ ਵਿਚਾਰ ਕਹਿਣ ਦਾ ਪੂਰਾ ਮੋਕਾ ਮਿਲਣਾ ਚਾਹੀਦਾ ਹੈ। ਵੱਖ-ਵੱਖ ਜਥੇਬੰਦੀਆਂ ਨਾਲ ਜੁੜੀ ਸੰਗਤ ਜਦ ਸਭ ਨੂੰ ਇਕ ਸਟੇਜ ਤੋਂ ਖੁਸ਼ਨੁਮਾ ਮਾਹੌਲ ਵਿਚ ਆਪਣੇ ਵਿਚਾਰ ਪੇਸ਼ ਕਰਦੇ ਦੇਖੇਗੀ ਤਾਂ ਪੰਥ ਵਿਚ ਆਪਸੀ ਪਿਆਰ ਆਪ ਮੁਹਾਰੇ ਵਧੇਗਾ। ਜਿਹੜੇ ਧੜੇ ਇਸ ਵਿਚਾਰ-ਵਿਮਰਸ਼ ਦੇ ਮਾਹੌਲ ਦਾ ਵਿਰੋਧ ਕਰਣਗੇ, ਉਨ੍ਹਾਂ ਦਾ ਪੰਥ ਵਿਰੋਧੀ ਚਹਿਰਾ ਜਗ-ਜ਼ਾਹਿਰ ਹੋ ਜਾਵੇਗਾ।

ਗੁਰੂ ਨਾਨਕ ਸਾਹਿਬ ਨੇ ਤਾਂ ਔਖੇ ਤੋਂ ਔਖਾ ਸਵਾਲ ਪੁਛਣ ਦੀ ਜਾਚ ਸਿਖਾਈ ਹੈ। ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਦੁਨਿਆ ਨੂੰ ਸਵਾਲ ਪੁਛਣ ਦਾ ਗੁਣ ਵੰਡਣ। ਕਿਸੇ ਵੀ ਹਾਲਤ ਵਿਚ ਵਿਚਾਰ-ਵਟਾਂਦਰੇ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣਾ ਸਮੇਂ ਦੀ ਮੁਖ ਲੋੜ ਹੈ। ਜਿਹੜੇ ਪਰਿਵਾਰ ਵਿਚ ਬੱਚੀਆਂ ਨੂੰ ਆਪਣੇ ਮਾਪੀਆਂ ਦੇ ਨਾਲ ਖੁਲ ਕੇ ਗਲ ਕਰਨ ਦਾ ਮਾਹੌਲ ਨਾ ਮਿਲੇ, ਉਹ ਬਾਹਰ ਦਾ ਅਸਰ ਕਬੂਲ ਕੇ ਭੱਟਕ ਸਕਦੇ ਹਨ। ਇਸੇ ਤਰਾਂ ਅਗਰ ਕੌਮ ਵਿਚ ਵਿਚਾਰ-ਵਿਮਰਸ਼ ਦਾ ਮਾਹੌਲ ਖਤਮ ਹੋ ਜਾਵੇ, ਉਹ ਵੀ ਰੂੜੀਵਾਦ ਅਤੇ ਅੰਧ-ਵਿਸ਼ਵਾਸ ਵਿਚ ਭਟਕ ਜਾਂਦੀ ਹੈ। ਕੋਈ ਵੀ ਸਵਾਲ ਗਲਤ ਨਹੀਂ ਹੂੰਦਾ, ਸਵਾਲਾਂ ਨੂੰ ਪੁਛਣ ਦੀ ਕਾਬਲਿਅਤ ਨੂੰ ਖਤਮ ਕਰ ਦੇਣਾ ਯਕੀਨਨ ਤਬਾਹਕੁਨ ਹੈ।

ਗੁਰਪ੍ਰੀਤ ਸਿੰਘ ਜੀਪੀ.

0 Comment(s)

Post a comment

Read our other posts

29th March 2020

0

0

India’s Brutal Lockdown Is Going To Be More Lethal & Contagious Than Covid-19 Itself

What demonetization did to black money, lockdown will do to Coronavirus

1st June 2021

0

0

डॅा. धर्मवीर का आजीवक धर्म

डॅा. धर्मवीर की किताब का विश्लेषण पाठकों के लिए लाभकारी होगा, इसलिए कि एक ही बार में बहुत सारे पथभ्रष्ट विचारों की चर्चा की जा सकती है जिनसे समाज को सावधान होना ज़रूरी है

19th August 2021

0

0

ਸਿੱਖ ਦਾ ਇੱਕੋ ਵੈਰੀ, ਬ੍ਰਾਹਮਣਵਾਦ

ਇਹ ਲੇਖ ਕਿਤਾਬ ਦਾ ਮੁਖ-ਬੰਦ ਹੈ। ਪੰਜਾਬੀ ਜਾਂ ਅੰਗਰੇਜ਼ੀ ਵਿਚ ਕਿਤਾਬ ਮੰਗਵਾਉਣ ਲਈ ਹੁਣੇ ਆਨਲਾਈਨ ਆਰਡਰ ਕਰੋ

17th July 2023

0

0

ਸਰਬੱਤ ਖਾਲਸਾ ਰਾਹੀਂ ਧਾਰਮਕ ਖੁਦ-ਮੁਖਤਿਆਰੀ ਪ੍ਰਾਥਮਿਕਤਾ ਹੋਵੇ

ਅਜੋਕਾ ਸਮਾਂ ਸਤਾਰ੍ਹਵੀਂ ਸਦੀ ਦੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ। ਲੋੜ ਹੈ ਪੰਚ-ਪ੍ਰਧਾਨੀ ਨੂੰ ਰੂਪਮਾਨ ਕਰਦੀ ਸੰਸਥਾ ਸੁਰਜੀਤ ਕਰਨ ਦੀ, ਜੋ ਕਿਸੇ ਸਥਾਨ ਨਾਲ ਬੱਝੀ ਨਾ ਹੋਵੇ, ਤਾਂਕਿ ਰਾਜਸੀ-ਪੂਜਾਰੀ ਗਠਜੋੜ ਉਸਤੇ ਕਾਬਜ਼ ਨਾ ਹੋ ਸਕੇ।

© 2022 Sikh Saakhi. All rights reserved
Technical Lead Amitoj Singh