The Incisive Pen

ਨਿਤਨੇਮ ਦੀ ਬਾਣੀਆਂ

ਲੋਗ ਆਪਣੇ ਧੜੇ ਦੀ ਸਾਖ਼ ਬਚਾਉਣ ਖਾਤਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਨ ਦੀ ਕੁਰਹਿਤ ਵਿਚ ਵੀ ਪਿਛੇ ਨਹੀਂ ਰਹਿੰਦੇ।

Never miss a post

ਨਿਤਨੇਮ ਦੀ ਬਾਣੀਆਂ

ਲੋਗ ਆਪਣੇ ਧੜੇ ਦੀ ਸਾਖ਼ ਬਚਾਉਣ ਖਾਤਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਨ ਦੀ ਕੁਰਹਿਤ ਵਿਚ ਵੀ ਪਿਛੇ ਨਹੀਂ ਰਹਿੰਦੇ।

Nitnem Baani

ਮਸਲਾ ਇਹ ਹੈ ਕਿ ਸਿੱਖ ਨੇ ਆਪਣੇ ਚਹੇਤੇ 'ਮਹਾਪੁਰਖ' ਜਾਂ ਜਥੇਬੰਦੀ (ਧੜੇ) ਦੇ ਆਧਾਰ ਤੇ ਆਪਣੇ ਸੰਸਕਾਰ ਬਣਾ ਲਏ ਹਨ। ਜਦ ਕੋਈ ਐਸਾ ਗੁਰਬਾਣੀ ਵਿਚਾਰ ਰੱਖਦਾ ਹੈ ਜੋ ਧੜੇ ਦੀ ਮਨੌਤਾਂ ਦੇ ਖਿਲਾਫ ਹੋਵੇ ਤਾਂ ਇਕ ਹੀ ਜਵਾਬ ਮਿਲਦਾ ਹੈ- "ਹੁਣ ਤੁਸੀਂ ਮਹਾਪੁਰਖਾਂ ਤੋਂ ਵੀ ਵੱਡੇ ਹੋਗੇ?" ਜਦ ਕਿ ਇਕ ਜਥੇਬੰਦੀ ਦੇ ਮਹਾਪੁਰਖ ਦੇ ਵਿਚਾਰ ਦੂਜੀ ਜਥੇਬੰਦੀ ਦੇ ਮਹਾਂਪੁਰਖ ਨਾਲ ਨਹੀਂ ਮਿਲਦੇ। ਮਹਾਂਪੁਰਖਾਂ ਵਲੋਂ ਪਾਏ ਵੱਢਮੁਲੇ ਯੋਗਦਾਨ ਅਤੇ ਸ਼ਹਾਦਤਾਂ ਦੇ ਅਗੇ ਸਭ ਦਾ ਸਿਰ ਝੁਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹਣਾ ਦੀ ਕਹੀ ਹਰ ਗਲ ਅੰਤਿਮ ਸੱਚ ਹੈ। ਗੁਰੂ ਦਾ ਉਪਦੇਸ਼ ਨਹੀਂ ਭੁਲਣਾ ਚਾਹੀਦਾ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ {ਪੰਨਾ 60}

ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵ-ਅਰਥਾਂ ਨੂੰ ਲੈਕੇ ਜ਼ਰੂਰ ਅੰਤਰ ਹੋ ਸਕਦਾ ਹੈ। ਪਰ, ਘੱਟੋ-ਘਟ ਇਸ ਗਲ ਤੇ ਤਾਂ ਸਭ ਨੂੰ ਇੱਕ ਮੱਤ ਜ਼ਰੂਰ ਬਣਾ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਨਹੀਂ, ਤੇ ਗੂਰੂ ਇੱਕ ਹੈ। ਇਸਲਈ ਇੱਕ ਦੂਸਰੇ ਨਾਲ ਜਦ ਅਸੀਂ ਗੁਰਮੱਤ ਦੇ ਵਿਸ਼ੇ ਤੇ ਗਲ ਕਰਿਏ ਤਾਂ ਕਸੌਟੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੀ ਹੋਵੇ, "ਮਹਾਪੁਰਖ ਕਹਿੰਦੇ ਸੀ..." ਕਸੌਟੀ ਨਹੀਂ ਹੋ ਸਕਦਾ।

ਗੁਰੂ ਸਾਫ-ਸਾਫ “ਮਹਾਕਾਲ” ਦੇ ਖਾਏ ਜਾਣ ਤੋਂ ਬਚਣ ਦਾ ਉਪਦੇਸ਼ ਦਿੰਦੇ ਹੋਏ ਗੋਬਿੰਦ (ਅਕਾਲ ਪੁਰਖ) ਨਾਲ ਜੋੜਦੇ ਹਨ:
ਜਪਿ ਗੋਬਿੰਦੁ ਗੋਪਾਲ ਲਾਲੁ ॥
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥ {ਪੰਨਾ 885}
ਅਰਥ: ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ। (ਸ੍ਰੀ ਗੁਰੂ ਗਰੰਥ ਦਰਪਨ, ਪ੍ਰੋਫੈਸਰ ਸਾਹਿਬ ਸਿੰਘ)

ਦੂਜੇ ਪਾਸੇ ਬਚਿਤ੍ਰ ਨਾਟਕ ਗ੍ਰੰਥ ਦਾ ਲਿਖਾਰੀ ਮਹਾਕਾਲ ਦਾ ਉਪਾਸ਼ਕ ਹੈ:
ਮਹਾਕਾਲ ਕਾਲਕਾ ਆਰਾਧੀ॥

ਅਤੇ ਇਸੇ ਦੀ ਪਛਾਨ ਕਰਦਾ ਹੈ:
ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ ॥ (ਚਰਿਤ੍ਰ ੨੬੬)

ਗੁਰੂ ਗ੍ਰੰਥ ਸਾਹਿਬ "ਅਕਾਲ" ਪੁਰਖ ਨਾਲ ਜੋੜਦੇ ਹਨ, ਪਰ ਬਚਿਤ੍ਰ ਨਾਟਕ "ਕਾਲ" ਪੁਰਖ ਨਾਲ:
ਜੇ ਨਰ ਕਾਲ ਪੁਰਖ ਕੋ ਧ੍ਯਾਵੈ ॥ ਤੇ ਨਰ ਕਾਲ ਫਾਸ ਨਹਿ ਜਾਵੈ ॥ (ਚਰਿਤ੍ਰ ੨੬੬)

"ਅਕਾਲ" ਦਾ ਵਿਪਰੀਤ "ਕਾਲ" ਹੈ। ਗੁਰਬਾਣੀ "ਅਕਾਲ" ਨਾਲ ਜੋੜਦੀ ਹੈ। ਕਿ ਗੁਰਬਾਣੀ ਦਾ ਇਹ ਨੁਕਤਾ ਸਮਝਨ ਵਾਸਤੇ ਵੀ ਸਿੱਖ ਨੂੰ ਕਿਸੇ 'ਮਹਾਂਪੁਰਖ' ਕੋਲ ਜਾਣਾ ਪਵੇਗਾ?

ਮਹਾਕਾਲ ਦੇ ਸਿਖ ਲਈ ਤਾਂ ਭੰਗ ਤੇ ਸ਼ਰਾਬ ਵੀ ਲਾਜ਼ਮੀ ਹੈ:
ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ ॥ (ਚਰਿਤ੍ਰ ੨੬੬)

ਇਸੇ ਮਹਾਕਾਲ ਨੂੰ ਅਖਉਤੀ ਦਸਮ ਗ੍ਰੰਥ ਵਿਚ ਕਈ ਨਾਵਾਂ ਨਾਲ ਅਰਾਧਿਆ ਗਿਆ ਹੈ। ਜਿਵੇਂ ਚੌਪਈ, ਜਿਸਨੂੰ ਨਿਤਨੇਮ ਦੀ ਬਾਣੀ ਕਿਹਾ ਜਾਂਦਾ, ਵਿਚ ਵੀ "ਕਲਿ" ਦੀ ਅਰਾਧਨਾ ਹੈ:
ਜੋ ਕਲਿ ਕੌ ਇਕ ਬਾਰ ਧਿਐਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥

ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨ ਨੂੰ ਕਲਿ ਦੇ ਪਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਦਿੰਦੀ ਹੈ:
ਕਲਿ ਕਲੇਸ ਗੁਰ ਸਬਦਿ ਨਿਵਾਰੇ ॥ {ਪੰਨਾ 191}
ਕਲਿ ਤਾਤੀ ਠਾਂਢਾ ਹਰਿ ਨਾਉ ॥ {ਪੰਨਾ 288}

ਗੁਰੂ ਗ੍ਰੰਥ ਸਾਹਿਬ ਜੀ ਵਿਚ ਕਰਤਾਰ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਜਿਵੇਂ- ਰੱਬ, ਰਘੂਨਾਥ, ਗੋਬਿੰਦ, ਹਰਿ, ਰਾਮ, ਅਲਾਹ, ਆਦਿ। ਪਰ "ਮਹਾਕਾਲ," "ਕਾਲ" ਅਤੇ "ਕਲਿ" ਕਰਤਾਰ ਦੇ ਲਈ ਨਹੀਂ, ਬਲਕਿ ਭਿਆਨਕ ਆਤਮਕ ਮੌਤ (ਮਹਾਕਾਲ), ਮੌਤ (ਕਾਲ) ਜਾਂ ਮਾਯਾ ਦੇ ਪ੍ਰਭਾਵ (ਕਲਿ) ਵਾਸਤੇ ਹੈ। ਕਰਤਾਰ ਦੇ ਗੁਣਾ ਨਾਲ ਜੁੜਕੇ, ਸਿੱਖ ਨੇ ਮਹਾਕਾਲ, ਕਾਲ ਅਤੇ ਕਲਿ ਦੇ ਔਗੁਣਾ ਤੋਂ ਮੁਕਤ ਹੋਣਾ ਹੈ। ਪਰ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਮਹਾਕਾਲ, ਕਾਲ ਜਾਂ ਕਲਿ ਰੂਪੀ ਵਿਕਾਰਾਂ ਨੂੰ ਹੀ ਕਰਤਾਰ ਮੰਨ ਕੇ ਪੂਜਦਾ ਹੈ।

ਕੋਈ ਇਹ ਤਰਕ ਵੀ ਦੇ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ "ਰਾਮ" ਨਿਰੰਕਾਰ ਕਰਤਾਰ ਵਾਸਤੇ ਵੀ ਆਇਆ ਹੈ ਤੇ ਅਯੋਧਿਆ ਦੇ ਰਾਜਾ ਰਾਮਚੰਦਰ ਵਾਸਤੇ ਵੀ। ਇਸ ਆਧਾਰ ਤੇ ਮਹਾਕਾਲ, ਕਲਿ, ਕਾਲ ਦੇ ਅਰਥ ਰੱਬ ਵੀ ਹੋ ਸਕਦੇ ਹਨ। ਪਰ ਇਹ ਦਲੀਲ ਸਿਧਾਂਤਹੀਣ ਹੈ। ਗੁਰਬਾਣੀ ਵਿਚ ਜਿਥੇ ਰਾਜਾ ਰਾਮਚੰਦਰ ਦਾ ਜ਼ਿਕਰ ਆਉਂਦਾ ਹੈ, ਉਸਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਿਅਕਤੀ ਵਿਸ਼ੇਸ਼ ਵਾਸਤੇ ਹੈ। ਵਿਅਕਤੀ ਦਾ ਨਾਮ ਕੁਛ ਵੀ ਹੋ ਸਕਦੇ ਹੈ। ਲੋਕ ਆਪਣੇ ਨਾਮ- ਰਾਮ, ਗੋਬਿੰਦ, ਨਾਰਾਇਨ, ਆਦਿ ਰਖਦੇ ਹਨ। ਕੋਈ ਮਹਾਕਾਲ ਵੀ ਰੱਖ ਸਕਦਾ ਹੈ। ਅਗਰ ਰਾਜਾ ਦਸ਼ਰਥ ਨੇ ਵੀ ਆਪਣੇ ਪੁਤਰ ਦਾ ਨਾਮ ਰੱਬੀ ਗੁਣ ਦੇ ਆਧਾਰ ਤੇ "ਰਾਮ" ਰੱਖ ਦਿੱਤਾ ਤਾਂ ਉਸਦਾ ਜ਼ਿਕਰ ਕਰਨ ਲਗਿਆਂ "ਰਾਮ" ਤਾਂ ਲਿਖਣਾ ਹੀ ਪਵੇਗਾ। "ਰਾਮ" ਵਿਅਕਤੀ ਦੇ ਨਾਮ ਦਾ ਘਟ-ਘਟ ਵਿੱਚ ਰੱਮੇ ਹੋਣ ਵਾਲੇ "ਰਾਮ" ਨਾਲ ਕੋਈ ਸੰਬੰਧ ਨਹੀਂ। ਗੁਰਬਾਣੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਮਹਾਕਾਲ, ਕਲਿ, ਜਾਂ ਕਾਲ ਅਕਾਲ-ਪੁਰਖ ਵਾਸਤੇ ਨਹੀਂ ਆਏ।

ਅੰਮ੍ਰਿਤ ਦੇ ਕਈ ਅਰਥ ਹੋ ਸਕਦੇ ਹਨ, ਜਿਵੇਂ- ਨਾਮ, ਦੁਧ, ਚੰਗਾ ਭੌਜਨ, ਖੰਡੇ ਦੀ ਪਾਹੁਲ, ਆਦਿ। ਪਰ ਇਹ ਕਹਿਣਾ ਕਿ ਅੰਮ੍ਰਿਤ ਨੂੰ ਜ਼ਹਿਰ ਵੀ ਕਿਹਾ ਜਾ ਸਕਦਾ ਹੈ। ਇਹ ਮੂਰਖਤਾ ਹੈ। ਉਸੇ ਤਰਾਂ ਰੱਬ ਦੇ ਕਈ ਨਾਮ ਹਨ। ਪਰ ਕਾਲ, ਕਲਿ, ਜਾਂ ਮਹਾਕਾਲ ਨੂੰ ਰੱਬ ਕਹਿਣਾ ਮੂਰਖਤਾ ਹੈ। ਜੇਕਰ ਕਾਲ, ਕਲਿ, ਮਹਾਕਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਆਏ ਨਾ ਹੂੰਦੇ, ਫਿਰ ਕੋਈ ਭੁਲੇਖਾ ਪਾਵੇ, ਮੰਨਿਆ ਜਾ ਸਕਦਾ ਸੀ। ਪਰ ਜਦ ਗੁਰੂ ਗ੍ਰੰਥ ਸਾਹਿਬ ਵਿਚ ਕਾਲ, ਕਲਿ, ਜਾਂ ਮਹਾਕਾਲ ਸ਼ਬਦ ਆਏ ਹਨ, ਅਤੇ ਉਹਨਾ ਦੇ ਅਰਥ ਵੀ ਸਪਸ਼ਟਤਾ ਨਾਲ ਵਿਕਾਰਾਂ ਦੇ ਭਾਵ ਅਰਥਾਂ ਨਾਲ ਹੀ ਆਏ ਹਨ, ਫਿਰ ਕਿਸ ਗਲ ਦਾ ਭੁਲੇਖਾ?

ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਐਸੀ ਰਚਨਾ ਨੂੰ ਜੋੜਨਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦਾ ਹਰ ਪੰਨੇ ਤੇ ਵਿਰੋਧ ਕਰੇ, ਇਹ ਸਿੱਖ ਨੂੰ ਸ਼ੋਭਦਾ ਨਹੀਂ।

ਧੜਿਆਂ ਨੇ ਸਿੱਖ ਦੀ ਐਸੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਲੋਗ ਗੁਰੂ ਦੀ ਨਿੰਦਾ ਤਾਂ ਪਰਵਾਨ ਕਰ ਲੈਂਦੇ ਹਨ, ਪਰ ਆਪਣੇ ਧੜੇ ਜਾਂ ਮਹਾਂਪੁਰਖ ਤੇ ਹੁੰਦਾ ਸਵਾਲ ਨਹੀਂ ਸਹਾਰ ਪਾਂਦੇ। ਲੋਗ ਆਪਣੇ ਧੜੇ ਦੀ ਸਾਖ਼ ਬਚਾਉਣ ਖਾਤਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਨ ਦੀ ਕੁਰਹਿਤ ਵਿਚ ਵੀ ਪਿਛੇ ਨਹੀਂ ਰਹਿੰਦੇ। ਕੋਈ ਦਲੀਲ ਦੇਣ ਲਗ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ "ਬੀਰ-ਰਸ" ਨਹੀਂ, ਤੇ ਕੋਈ "ਕਾਮ-ਵਾਸ਼ਨਾ" ਦੇ ਗਿਆਨ ਦੀ ਘਾਟ ਦੱਸਦਾ ਹੈ। ਕਿ "ਕ੍ਰੋਧ" ਨੂੰ ਸਮਝਨ ਵਾਸਤੇ ਕੋਈ ਹੋਰ ਗ੍ਰੰਥ ਭਾਲਿਆ ਜਾਵੇਗਾ? ਇਹਨਾ ਲੋਕਾਂ ਨੇ ਅਗਿਆਨਤਾ, ਹੰਕਾਰ ਜਾਂ ਬ੍ਰਾਹਮਣੀ ਸਾਜਿਸ਼ ਅਧੀਨ ਗੁਰੂ ਨੂੰ "ਭੁਲਣ" ਵਾਲਾ ਤੇ ਆਪਣੇ ਪਸੰਦੀਦਾ ਮਹਾਪੁਰਖ ਨੂੰ "ਅਭੁਲੁ" ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਹਨ, ਇਹ ਹਰ ਸਿੱਖ ਦਾ ਅਟਲ ਨਿਸ਼ਚਾ ਹੋਣਾ ਚਾਹੀਦਾ ਹੈ:
ਗੁਰੁ ਪੂਰਾ ਪਾਇਓ ਮੇਰੇ ਭਾਈ ॥ ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ {ਪੰਨਾ 395}

ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਫੈਸਲਾ ਹੈ ਕਿ ਸਿੱਖ ਦਾ ਗੁਰੂ ਕੇਵਲ ਗ੍ਰੰਥ ਸਾਹਿਬ ਜੀ ਹਨ। ਖੰਡੇ ਦੀ ਪਾਹੁਲ ਵਾਸਤੇ ਇਹ ਮਨਣਾ ਕਿ ਉਹਨਾ ਕੱਚੀ ਬਾਣੀ ਪੜੀ ਹੋਵੇਗੀ, ਇਹ ਹੋ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪਹਿਲੇ ੧੩ ਪੰਨੇ ਹੀ ਨਿਤਨੇਮ ਦੀ ਬਾਣੀ ਦਾ ਹਿੱਸਾ ਹਨ। ਜਿਸ ਵਿਚ- ਮੂਲ ਮੰਤਰ, ਜਪੁ, ਸੋ ਦਰੁ, ਸੋ ਪੁਰਖੁ, ਸੋਹਿਲਾ ਹੈ। ਇਹੀ ਬਾਣੀ ੧੬੯੯ ਦੀ ਵੈਸਾਖੀ ਨੂੰ ਖੰਡੇ ਦੀ ਪਾਹੁਲ ਵੇਲੇ ਵੀ ਪੜੀ ਗਈ ਹੋਵੇਗੀ। ਕਿਉਂਕੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਮੱਥਾ ਟੇਕਿਆ ਅਤੇ ਗੁਰਿਆਈ ਦਿੱਤੀ ਸੀ, ਹੋਰ ਕਿਸੇ ਗ੍ਰੰਥ ਨੂੰ ਨਹੀਂ।

ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਖੇਤਰ ਵਿਚ ਪੰਥਕ ਕਾਰਜ, ਪਰਚਾਰ ਅਤੇ ਸੇਵਾ ਕਰਨ, ਮੁਬਾਰਕ ਹੈ। ਪਰ ਜਦ ਜਥੇਬੰਦੀ ਆਮ ਸਿੱਖਾਂ ਨੂੰ ਧੜਿਆਂ ਵਿਚ ਵੰਡ ਦੇਵੇ ਅਤੇ ਆਪਣੇ ਵਿਰੋਧੀ ਵਿਚਾਰ ਰਖਣ ਵਾਲਿਆਂ ਨੂੰ "ਸੋਧਾ ਲਾ ਦਿਉ" ਤਕ ਦੇ ਫ਼ਰਮਾਨ ਜਾਰੀ ਕਰਨੇ ਸ਼ੁਰੂ ਕਰ ਦੇਵੇ ਜਾਂ ਸਟੇਜਾਂ ਤੇ ਕਾਬਜ਼ ਹੋਕੇ ਹੋਰਾਂ ਨੂੰ ਬੋਲਣ ਨਾ ਦੇਵੇ, ਇਹ ਸਿੱਖੀ ਲਈ ਬਹੁਤ ਘਾਤਕ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਜਾਵਾਂਗੇ ਤਾਂ ਭਟਕਣਾ ਹੀ ਮਿਲੇਗੀ। ਭਟਕਣ ਤੋਂ ਬਚਣ ਦਾ ਇੱਕ ਹੀ ਰਸਤਾ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੋ- ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ ॥
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥
ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥ {ਪੰਨਾ 366}

ਗੁਰਪ੍ਰੀਤ ਸਿੰਘ ਜੀਪੀ.

The discussion

0 comments

No comments yet. Start the conversation below.

Leave a comment

Your email address will not be published.

Keep reading

0 views0 comments

ਸਰਬੱਤ ਖਾਲਸਾ ਰਾਹੀਂ ਧਾਰਮਕ ਖੁਦ-ਮੁਖਤਿਆਰੀ ਪ੍ਰਾਥਮਿਕਤਾ ਹੋਵੇ

ਅਜੋਕਾ ਸਮਾਂ ਸਤਾਰ੍ਹਵੀਂ ਸਦੀ ਦੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ। ਲੋੜ ਹੈ ਪੰਚ-ਪ੍ਰਧਾਨੀ ਨੂੰ ਰੂਪਮਾਨ ਕਰਦੀ ਸੰਸਥਾ ਸੁਰਜੀਤ ਕਰਨ ਦੀ, ਜੋ ਕਿਸੇ ਸਥਾਨ ਨਾਲ ਬੱਝੀ ਨਾ ਹੋਵੇ, ਤਾਂਕਿ ਰਾਜਸੀ-ਪੂਜਾਰੀ ਗਠਜੋੜ ਉਸਤੇ ਕਾਬਜ਼ ਨਾ ਹੋ ਸਕੇ।

Read the essay
0 views0 comments

ਗੁਰੂ ਗ੍ਰੰਥ ਬਨਾਮ 'ਗੁਰੂ ਪੰਥ' / Guru-Granth vs ‘Guru-Panth’

ਸਿੱਖਾਂ ਨੇ ਕੁਝ ਐਸੇ ਕਾਰਜ ਅਤੇ ਫੈਸਲੇ ਕਰਨ ਦੀ ਲੋੜ ਸਮਝ ਲਈ ਹੈ ਜੋ 'ਗੁਰੂ-ਗ੍ਰੰਥ' ਅਨੂਕੂਲ ਨਹੀਂ, 'ਗੁਰੂ-ਪੰਥ' ਇਸੇ ਲੋੜ ਦੀ ਉਪਜ ਹੈ। Sikhs have felt need of certain actions and decisions which are not aligned with Guru Granth Sahib, ‘Guru-Panth’ is the product of this very need.

Read the essay