ਬਾਪੂ ਹਰਦੀਪ ਸਿੰਘ ਡਿਬਡਿਬਾ ਤੋਂ ਪੰਥਕ ਧਿਰਾਂ ਵੀ ਸੇਧ ਲੈਕੇ ਪੰਥਕ ਏਕਤਾ ਵਲ ਵੱਧਣ
ਸ਼ੁਰੂਆਤ "ਸਾਂਝਾ ਪੰਥਕ ਮੰਚ" ਦੇ ਉਦੇਸ਼ ਨਾਲ ਵਿਸ਼ੇਸ਼ ਪਰੋਗਰਾਮ ਉਲੀਕ ਕੇ ਕੀਤੀ ਜਾ ਸਕਦੀ ਹੈ

੨੬ ਜਨਵਰੀ ਦੇ ਦਿਨ ਦਿੱਲੀ ਵਿਚ ਨੋਜਵਾਨ ਨਵਰੀਤ ਸਿੰਘ ਗੋਲੀ ਲਗਣ ਨਾਲ ਸ਼ਹੀਦ ਹੋ ਗਿਆ, ਜਿਸਨੂੰ ਪੁਲਿਸ ਟਰੈਕਟਰ ਪਲਟਣ ਕਾਰਨ ਹੋਈ ਦਸਣ ਵਿਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸ ਘਟਨਾ ਉਪਰੰਤ ਜਿਵੇਂ ਨਵਰੀਤ ਦੇ ਦਾਦਾ ਜੀ ਨੇ ਸਥਿਤੀ ਨੂੰ ਸੰਭਾਲਿਆ, ਉਸ ਤੋਂ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ ਹੈ।
ਜੇਕਰ ਨਵਰੀਤ ਸਿੰਘ ਕਿਸੇ ਐਸੇ ਪਰਵਾਰ ਵਿਚੋਂ ਹੁੰਦਾ ਜਿਸਦਾ ਕਾਮਰੇਡ ਸੋਚ ਵਲ ਝੁਕਾਅ ਵੱਧ ਹੁੰਦਾ ਤਾਂ ਇਹ ਸਿੱਖੀ ਤੇ ਹੋਰ ਤਿੱਖੇ ਹਮਲੇ ਕਰਨ ਦਾ ਕਾਰਨ ਬਣਦਾ ਅਤੇ ਪੰਥ ਵਿਚ ਨਿਰਾਸ਼ਾ ਤੇ ਨਮੋਸ਼ੀ ਵਧਦੀ। ਅਗਰ ਨਵਰੀਤ ਸਿੰਘ ਕਿਸੇ ਗਰਮ ਖਿਆਲੀ “ਸੋਧਾ ਲਾ ਦਿਉ” ਵਾਲੇ ਅਖੋਤੀ ਪੰਥਕ ਦਾ ਮੁੰਡਾ ਹੁੰਦਾ ਤਾਂ ਕਿਸਾਨ ਲੀਡਰਾਂ ਖਿਲਾਫ ਪਹਿਲਾ ਤੋਂ ਹੀ ਵਧ ਨਫ਼ਰਤ ਫੈਲਾਉਣ ਦਾ ਕਾਰਨ ਬਣਦੀ। ਦੋਵੇਂ ਪਰਿਸਥਿਤੀਆਂ ਕਿਸਾਨੀ ਸੰਗਰਸ਼ ਨੂੰ ਨੁਕਸਾਨ ਪਹੁੰਚਾ ਕੇ ਸਰਕਾਰ ਦਾ ਪੱਖ ਪੂਰਦੀਆਂ। ਪਰ ਪਰਮਾਤਮਾ ਨੇ ਸ਼ਹਾਦਤ ਐਸੇ ਸਹਿਜ ਅਵਸਥਾ ਵਿਚ ਵਿਚਰਨ ਵਾਲੇ ਪੰਥ-ਦਰਦੀ ਪਰਵਾਰ ਦੀ ਝੋਲੀ ਪਾਈ ਜੋ ਵੱਖ-ਵੱਖ ਵਿਚਾਰ ਰੱਖਣ ਵਾਲੀ ਧਿਰਾਂ ਨੂੰ ਇੱਕ ਮੰਚ ਤੇ ਲਿਆਕੇ ਅੰਦੋਲਨ ਵਿਚ ਨਵੀਂ ਜਾਣ ਫੂਕਣ ਦੀ ਸਮਰੱਥਾ ਰੱਖਦਾ ਹੈ। ਅੰਦੋਲਨ ਦੇ ਅਲੋਕਿਕ ਰੰਗਾਂ ਨੂੰ ਦੇਖ ਕੇ ਅਗਰ ਕੋਈ ਇਹ ਕਹਿ ਦਿੰਦਾ ਹੈ ਕਿ ਵਾਹਿਗੁਰੂ ਕਲਾ ਵਰਤਾ ਰਿਹਾ ਹੈ, ਤਾਂ ਇਸ ਵਿਚ ਕੁਝ ਅੱਤਕਥਨੀ ਨਹੀਂ।
ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਪੰਥਕ ਮਸਲੀਆਂ ਤੇ ਬਹੁਤ ਅਛੀਆਂ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਨਾ ਕੇਵਲ ਮੋਜੂਦਾ ਸਿੱਖ ਮੁੱਦੀਆਂ ਤੇ ਗੰਭੀਰ ਚਿੰਤਨ ਕਰਦੀਆਂ ਹਨ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵਰਤ ਰਹੇ ਰਾਜਨਿਤਕ ਪਰਿਵਰਤਨ ਵਿਚ ਸਿਖਾਂ ਦੀ ਸਥਿਤੀ ਦਾ ਵੀ ਮੁਲਾਂਕਨ ਕਰਦੀਆਂ ਹਨ।
ਕਰੋਨਾ ਮਹਾਂਮਾਰੀ ਤੋਂ ਪਹਿਲਾਂ ਪੰਥ ਵਿਚ ਚਲ ਰਹੇ ਵਿਵਾਦਾਂ ਨੇ ਬਹੁਤ ਹੀ ਨੀਂਵੇਂ ਪੱਧਰ ਦਾ ਬਿਰਤਾਂਤ ਸਿਰਜ ਦਿੱਤਾ ਸੀ। ਪੰਥ ਦੋ ਧਿਰਾਂ ਵਿਚ ਵੰਡਿਆ ਭਰਾ-ਮਾਰੂ ਜੰਗ ਵਲ ਵੱਧ ਰਿਹਾ ਦਿਸ ਰਿਹਾ ਸੀ ਅਤੇ ਇਹ ਸਥਿਤੀ ਹੁਣ ਵੀ ਉਸੇ ਤਰਾਂ ਬਰਕਰਾਰ ਬਣੀ ਹੋਈ ਹੈ ਜੋ ਕਿ ਕਿਸਾਨੀ ਅੰਦੋਲਨ ਨੇ ਰੋਕ ਰੱਖੀ ਹੈ।
ਕਰਾਮਾਤਾਂ ਨੂੰ ਮੰਨਣਾ ਜਾ ਨਾ ਮੰਨਣਾ ਕੋਈ ਨਵੀਂ ਬਹਿਸ ਨਹੀਂ ਹੈ। ਇਹ ਠੀਕ ਹੈ ਕਿ ਗੁਰੂ ਪ੍ਰਤੀ ਸ਼ਰਧਾ ਅਧੀਨ ਹੀ ਲੋਕ ਕਰਾਮਾਤੀ ਕਹਾਨੀਆਂ ਨੂੰ ਮੰਨਦੇ ਹਨ। ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਜਿਹੜੇ ਇਨ੍ਹਾਂ ਨੂੰ ਨਕਾਰਦੇ ਹਨ ਉਹ ਵੀ ਗੁਰੂ ਪ੍ਰਤੀ ਬੇਅੰਤ ਸ਼ਰਧਾ ਅਧੀਨ ਹੀ ਨਕਾਰ ਰਹੇ ਹੁੰਦੇ ਹਨ। ਉਦਾਹਰਣ ਵਜੋਂ- ਗੁਰੂ ਗੋਬਿੰਦ ਸਿੰਘ ਜੀ ਨੂੰ ਹੇਮਕੁੰਟ ਦਾ ਤਪੀਸਰ ਜਾਨ ਕੇ ਅਨੇਕਾ ਸਿੱਖ ਸ਼ਰਧਾ ਵਸ ਹੇਮਕੁੰਟ ਪਹਾੜ ਦੀ ਲੰਬੀ ਅਤੇ ਔਖੀ ਯਾਤਰਾ ਤੇ ਨਿਕਲਦੇ ਹਨ। ਦੂਜੇ ਪਾਸੇ ਉਹ ਸਿੱਖ ਭੀ ਦਸ਼ਮੇਸ਼ ਪਿਤਾ ਵਿਚ ਬੇਅੰਤ ਸ਼ਰਧਾ ਹੋਣ ਦੇ ਕਾਰਨ ਹੀ ਗੁਰੂ ਨੂੰ ਪਿਛਲੇ ਜਨਮ ਦਾ ਤਪੱਸਵੀ ਮੰਨਣ ਵਿਚ ਗੁਰੂ ਨਾਨਕ ਦੇ ਘਰ ਦੀ ਤੌਹੀਨ ਜਾਣਦੇ ਹਨ। ਕਿਸਦੀ ਸ਼ਰਧਾ ਸੱਚੀ ਤੇ ਕਿਸਦੀ ਝੂਠੀ? ਕੌਣ ਸ਼ਰਧਾ-ਹੀਣ ਹੈ ਤੇ ਕੌਣ ਅੰਧ-ਵਿਸ਼ਵਾਸੀ? ਇਸਦਾ ਨਿਬੇੜਾ ਲੱਠ-ਮਾਰ ਜਾਂ ਦੂਜੇ ਨੂੰ ਚੁਪ ਕਰਾ ਕੇ ਨਹੀਂ, ਇਸਦਾ ਹਲ ਕੇਵਲ ਇਹ ਹੈ- ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਹਥਿਆਰਾਂ ਦੀ ਜੰਗ ਹਥਿਆਰਾਂ ਨਾਲ ਲੜੀ ਜਾਂਦੀ ਹੈ ਅਤੇ ਵਿਚਾਰਾਂ ਦੀ ਵਿਚਾਰ ਨਾਲ। ਵਿਚਾਰਾਂ ਦੀ ਜੰਗ ਜਿਹੜਾ ਹਥਿਆਰ ਨਾਲ ਲੜੇ ਇਹ ਉਸਦੀ ਹਾਰ ਦੀ ਨਿਸ਼ਾਨੀ ਹੈ। ਸਾਨੂੰ ਸਭ ਨੂੰ ਇਕ ਗਲ ਮੰਨ ਕੇ ਚਲਣੀ ਚਾਹੀਦੀ ਹੈ ਕਿ ਗੁਰੂ ਤੋਂ ਸਿਵਾ ਕਿਸੇ ਕੋਲ ਪੂਰਾ ਸੱਚ ਨਹੀਂ। ਅਸੀਂ ਸਭ ਆਪਣੀ ਸਮਝ ਦੀ ਸੀਮਾਵਾਂ ਵਿਚ ਬੱਧੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਅਤੇ ਹਰ ਵੱਖਰੀ ਧਿਰ ਦੇ ਵਿਚਾਰਾਂ ਚੋਂ ਕੁਝ ਨਵਾਂ ਸਿੱਖਣ ਨੂੰ ਮਿਲ ਸਕਦਾ ਹੈ ਅਤੇ ਇਹ ਸਵੀਕਾਰ ਕਰਨ ਦੀ ਨਿਮਰਤਾ ਜ਼ਰੂਰ ਰੱਖਿਏ। ਅਫ਼ਸੋਸ ਅਜੋਕੀ ਸਥਿਤੀ ਇਹ ਹੈ ਕਿ ਹਰ ਧੜੇ ਦੀ ਦੁਨਿਆ “ਮੇਰਾ ਸੱਚ” ਤਕ ਸੀਮਤ ਹੈ ਅਤੇ ਦੂਸਰੇ ਨੂੰ ਨੀਵਾਂ ਦਿਖਾਣ ਵਿਚ ਪੰਥਕ ਹਿੱਤ ਸਮਝਦਾ ਹੈ। ਜ਼ਰੂਰਤ ਹੈ ਸਭ ਨੂੰ ਇਕ ਮੰਚ ਤੇ ਇੱਕ ਦੂਜੇ ਦੇ ਵਿਚਾਰ ਸੁਣਨ ਦੀ ਅਤੇ ਵਖਰੇਵੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦੀ ਸਾਂਝ ਨਾਲ ਦੂਰ ਕਰਨ ਦੀ। ਇਹ ਹੀ ਇਕ ਤਰੀਕਾ ਹੈ “ਮੇਰਾ ਸੱਚ” ਤੋਂ “ਗੁਰੂ ਸ਼ੁਬਦ ਗਿਆਨ” ਦਾ ਰਸਤਾ ਤਹਿ ਕਰਨ ਦਾ। ਜਿਹੜਾ ਦੂਜੇ ਨੂੰ ਸਟੇਜ ਤੋਂ ਬੋਲਣ ਨਹੀਂ ਦਿੰਦਾ ਅਤੇ ਫੱਤਵੇ ਸੁਣਾਉਂਦਾ ਹੈ, ਉਹ ਹੀ ਪੰਥ ਦੋਖੀ ਹੈ ਜਿਸਦੀ ਪਛਾਣ ਕਰਨੀ ਬਣਦੀ ਹੈ। ਅਜ ਏਕਤਾ ਦੀ ਸਖ਼ਤ ਲੋੜ ਹੈ, ਜੋ ਏਕੇ ਲਈ ਕੰਮ ਕਰਦਾ ਹੈ ਤੇ ਜੋ ਇਸ ਵਿਚ ਅੜਿੱਕਾ ਪਾਉਂਦਾ ਹੈ, ਬਸ ਇਹ ਹੀ ਦੋਸਤ ਤੇ ਦੁਸ਼ਮਨ ਦੀ ਪਛਾਣ ਦਾ ਪੈਮਾਨਾ ਹੋਣਾ ਚਾਹਿਦਾ ਹੈ।
ਗੁਰੂ ਘਰ ਦਿਆਂ ਪ੍ਰਮੁਖ ਸਟੇਜਾਂ- ਖਾਸਕਰ ਜਿਹਣਾ ਨੂੰ ਸੰਗਤ ਟੀ.ਵੀ. ਚੈਨਲਾਂ ਤੇ ਰੋਜ਼ਾਨਾ ਸੁਣਦੀ ਹੈ ਜਿਵੇਂ ਮੰਜੀ ਸਾਹਿਬ, ਬੰਗਲਾ ਸਾਹਿਬ, ਆਦਿ ਤੇ ਸਭ ਨੂੰ ਬਰਾਬਰ ਬੋਲਣ ਦਾ ਮੋਕਾ ਮਿਲਣਾ ਚਾਹਿਦਾ ਹੈ। ਜਿਹੜੇ ਪ੍ਰਚਾਰਕ ਦੱਸ ਗੂਰੂ ਸਾਹਿਬਾਨ ਵਿਚ ਪੂਰਾ ਨਿਸ਼ਚਾ ਰੱਖਦੇ ਹਨ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮਣਦੇ ਹਨ- ਦਮਦਮੀ ਟਕਸਾਲ, ਮਿਸ਼ਨਰੀ, ਸੰਪ੍ਰਦਾਈ, ਬੁਧਿਜੀਵੀ- ਸਭ ਨੂੰ ਬੋਲਣ ਦਾ ਬਰਾਬਰ ਸਮਾਂ ਮਿਲੇ। ਦਸਮ ਗ੍ਰੰਥ, ਰਹਿਤ ਮਰਿਆਦਾ, ਮਾਸ, ਕਰਾਮਾਤਾਂ, ਅਤੇ ਹੋਰ ਸਾਰੇ ਵਿਸ਼ੀਆਂ ਦੇ ਹਰ ਪੱਖ ਤੋਂ ਜਾਨੂੰ ਹੋਣ ਦਾ ਸੰਗਤ ਨੂੰ ਪੂਰਾ ਹੱਕ ਹੈ। ਸ਼ੁਰੂਆਤ ਚਾਹੇ ਪ੍ਰਮੁਖ ਸਟੇਜਾਂ ਤੋਂ ਨਾ ਸਹੀ, ਪਰ "ਸਾਂਝਾ ਪੰਥਕ ਮੰਚ" ਦੇ ਉਦੇਸ਼ ਨਾਲ ਵਿਸ਼ੇਸ਼ ਪਰੋਗਰਾਮ ਉਲੀਕ ਕੇ ਕੀਤੀ ਜਾ ਸਕਦੀ ਹੈ। ਵੱਖ-ਵੱਖ ਜਥੇਬੰਦੀਆਂ ਨਾਲ ਜੁੜੀ ਸੰਗਤ ਜਦ ਸਭ ਨੂੰ ਇਕ ਸਟੇਜ ਤੋਂ ਖੁਸ਼ਨੁਮਾ ਮਾਹੌਲ ਵਿਚ ਆਪਣੇ ਵਿਚਾਰ ਪੇਸ਼ ਕਰਦੇ ਦੇਖੇਗੀ ਤਾਂ ਪੰਥ ਵਿਚ ਆਪਸੀ ਪਿਆਰ ਆਪ ਮੁਹਾਰੇ ਵਧੇਗਾ। ਜਿਹੜੇ ਧੜੇ ਇਸ ਵਿਚਾਰ-ਵਿਮਰਸ਼ ਦੇ ਮਾਹੌਲ ਦਾ ਵਿਰੋਧ ਕਰਣਗੇ, ਉਨ੍ਹਾਂ ਦਾ ਪੰਥ ਵਿਰੋਧੀ ਚਹਿਰਾ ਜਗ-ਜ਼ਾਹਿਰ ਹੋ ਜਾਵੇਗਾ।
ਜੇਕਰ ਕੋਈ ਹੋਰ ਪੰਥਕ ਹਸਤੀ ਇਸ ਅਤਿ ਜ਼ਰੂਰੀ ਕਾਰਜ ਲਈ ਅੱਗੇ ਨਹੀਂ ਆਉਂਦੀ ਤਾਂ ਸਤਿਕਾਰਯੋਗ ਭਾਈ ਹਰਦੀਪ ਸਿੰਘ ਡਿਬਡਿਬਾ ਜੀ ਕਿਸਾਨੀ ਅੰਦੋਲਨ ਦੇ ਰੁਝੇਵੀਆਂ ਦੇ ਨਾਲ-ਨਾਲ ਇਸ ਪੰਥਕ ਏਕਤਾ ਦੇ ਕਾਰਜ ਲਈ ਵੀ ਯੋਗਦਾਨ ਪਾ ਸਕਦੇ ਹਨ।
ਗੁਰਪ੍ਰੀਤ ਸਿੰਘ ਜੀ.ਪੀ.



