ਮੂਰਤੀ-ਪੂਜਾ ਨੂੰ ਨਕਾਰੋ, ਚਿੱਤਰ ਕਲਾ ਨੂੰ ਨਹੀਂ
ਇਸਲਾਮ ਵਾਂਗੂ ਸਿੱਖੀ ਸੀਮਾਂਤ ਦੀ ਵਿਚਾਰਧਾਰਾ ਨਹੀਂ, ਮੱਧਮ ਮਾਰਗ ਹੈ। ਪੰਥ ਵਿਚ ਚਿੱਤਰ ਕਲਾ ਦਾ ਵਾਜਬ ਸਥਾਨ ਜ਼ਰੂਰ ਹੋਣਾ ਚਾਹਿਦਾ ਹੈ।

ਸਿੱਖੀ ਵਿਚ ਬੁਤ-ਪੂਜਾ ਵਿਵਰਜਿਤ ਹੈ। ਸਿੱਖ ਕਰਤੇ ਦਾ ਉਪਾਸ਼ਕ ਹੈ, ਕਿਰਤ ਦਾ ਨਹੀਂ। ਕਈ ਵਾਰ ਵੇਖਿਆ ਗਿਆ ਹੈ ਕਿ ਗੁਰੂ ਸਾਹਿਬ ਦੀ ਤਸਵੀਰਾਂ ਨੂੰ ਮੱਥਾ ਟੇਕਿਆ ਜਾਂਦਾ ਅਤੇ ਧੂਫ਼-ਬੱਤੀ ਕੀਤੀ ਜਾਂਦੀ ਹੈ। ਇਹ ਅਗਿਆਨਤਾ ਅਤੇ ਗੁਰਮਤਿ ਵਿਰੁਧ ਹੈ। ਜਿਥੇ ਵੀ ਬੁਤ ਜਾਂ ਫੋਟੋ ਦੀ ਪੂਜਾ ਹੋ ਰਹੀ ਹੋਵੇ, ਉਸ ਤੋਂ ਸਂਗਤ ਨੂੰ ਸ਼ਬਦ-ਗੁਰੂ ਦੀ ਰੋਸ਼ਨੀ ਵਿਚ ਸਚੇਤ ਕਰਨਾ ਚਾਹੀਦਾ ਹੈ। ਪਰ ਮੇਰਾ ਮਣਨਾ ਹੈ ਕਿ ਸਿਖਾਂ ਵਿਚ ਤਸਵੀਰਾਂ ਦੀ ਪੂਜਾ ਕੋਈ ਵੱਡਾ ਮਸਲਾ ਨਹੀਂ। ਬਲਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਤਾਂ ਵਾਂਗ ਸਮਝ ਕੇ ਪੂਜਾ ਹੋਣੀ ਬਹੁਤ ਗਂਭੀਰ ਮਸਲਾ ਹੈ। ਏ.ਸੀ., ਕੰਬਲ, ਨਾਰਿਅਲ, ਹਜ਼ੂਰ ਸਾਹਿਬ ਵਿਚ ਆਰਤੀ, ਇਕੋ ਜਗਾ ੫੦-੫੦ ਸਰੂਪ ਰੱਖਕੇ ਅਖੰਡ ਪਾਠਾਂ ਦੀ ਲੜੀਆਂ, ਇਹ ਸਭ ਬੁਤ ਪੂਜਾ ਹੀ ਤਾਂ ਹੈ।
ਧੂਫ਼-ਬੱਤੀ ਦਾ ਵਰਤਾਰਾ ਕੇਵਲ ਤਸਵੀਰਾਂ ਤੱਕ ਸੀਮਤ ਨਹੀਂ, ਦੀਵਾਰ ਤੇ ਫ਼ਰੇਮ ਕਰਕੇ ਟੰਗੇ ੴ, ਗੁਰਬਾਣੀ ਦੀ ਤੁਕਾਂ ਜਾਂ ਦਰਬਾਰ ਸਾਹਿਬ ਦੀ ਤਸਵੀਰ ਨਾਲ ਵੀ ਹੁੰਦਾ ਹੈ। ਪਰ ਤਸਵੀਰਾਂ ਨੂੰ ਭੰਡਣਾ ਖੁਦ ਨੂੰ ਜਾਗਰਤ ਸਾਬਤ ਕਰਨ ਦਾ ਬਸ ਇਕ ਚਲਣ ਬਣ ਗਿਆ ਹੈ। ਇਸ ਨਾਲ ਖੁਦ ਨੂੰ ਪੰਥ-ਪ੍ਰਸਤ ਵੀ ਕਹਿ ਸਕਦੇ ਹਾਂ ਤੇ ਅਸਲੀ ਮੁੱਦੇ ਤੋਂ ਬੱਚ ਕੇ ਵੱਡੀ ਮੱਛੀਆਂ ਖਿਲਾਫ ਬੋਲਣ ਤੋਂ ਵੀ ਬਚਿਆ ਜਾ ਸਕਦਾ ਹੈ। ਗੁਰੂ ਸਾਹਿਬ ਦੀਆਂ ਕਾਲਪਨਿਕ ਤਸਵੀਰਾਂ ਅਸਲੀ ਦੁਨਿਆ ਵਿਚ ਕਿਸ ਨਾਲ ਮੇਲ ਖਾਂਦੀਆਂ ਹਨ, ਇਸਦੀ ਕੋਈ ਅਹਮਿਅਤ ਨਹੀਂ। ਕਿਉਂਕੀ ਤਸਵੀਰਾਂ ਕਾਲਪਨਿਕ ਹਨ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ। ਪਰ ਤਸਵੀਰਾਂ ਦਾ ਦੀਵਾਰ ਜਾ ਅਜਾਇਬ ਘਰ ਵਿਚ ਟੰਗਨਾ ਪੰਥ ਵਿਚ ਪਰਵਾਨਿਤ ਹੈ। ਇਸਲਾਮ ਵਾਂਗੂ ਸਿੱਖੀ ਸੀਮਾਂਤ ਦੀ ਵਿਚਾਰਧਾਰਾ ਨਹੀਂ, ਮੱਧਮ ਮਾਰਗ ਹੈ। ਇਸ ਮਸਲੇ ਤੇ ਇਸਲਾਮ ਤੋਂ ਸੇਧ ਲੈਣਾ ਕੋਈ ਸਿਆਣਪ ਦੀ ਗਲ ਨਹੀਂ।
ਯਾਦ ਰਹੇ ਚਿੱਤਰ ਕਲਾ ਇਨਸਾਨ ਨੇ ਲਿਖਣ ਤੋਂ ਪਹਿਲਾਂ ਸਿਖ ਲਈ ਸੀ। ਹਜ਼ਾਰਾਂ ਸਾਲ ਪਹਿਲਾਂ ਦੇ ਖੋਜੇ ਗਏ ਸ਼ਿਲਾਲੇਖ ਵੀ ਚਿੱਤਰ ਵਿਚ ਹੀ ਹਨ। ਚਿੱਤਰ ਬਣਾਨਾ ਪਰਮਾਤਮਾ ਦੇ ਹੁਕਮ ਵਿਚ ਕੁਦਰਤੀ ਕਲਾ ਹੈ। ਪਰਮਾਤਮਾ ਵਲੋਂ ਮਨੁਖ ਜਾਤਿ ਨੂੰ ਬਖਸ਼ੀ ਵਢਮੁੱਲੀ ਦਾਤ ਦਾ ਪੰਥ ਵਿਚ ਵਾਜਬ ਸਥਾਨ ਜ਼ਰੂਰ ਹੋਣਾ ਚਾਹਿਦਾ ਹੈ। ਇਸ ਨੂੰ ਨਕਾਰਨਾ ਮੂਰਖਤਾ ਹੈ, ਕਿਉਂਕੀ ਕੁਦਰਤੀ ਭਾਵਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਜਦ ਇਕ ਕਥਾਕਾਰ ਗੁਰ-ਇਤਿਹਾਸ ਸੁਣਾਉਂਦਾ ਹੈ, ਕਿ ਮਨ ਅੰਦਰ ਕਥਾ ਅਨੁਸਾਰ ਚਿੱਤਰ ਨਹੀਂ ਚਲ ਰਹੇ ਹੂੰਦੇ? ਉਹਨਾ ਨੂੰ ਕਿਵੇਂ ਮਿਟਾ ਦੇਵੋਗੇ? ਸਰਸਾ ਨਦੀ ਤੇ ਪਰਿਵਾਰ ਵਿਛੋੜੇ ਦੀ ਸਾਖੀ ਸੁਣਦੇ ਹੋਏ, ਕਿ ਦਰਦਨਾਕ ਦ੍ਰਿਸ਼ ਆਪ ਮੁਹਾਰੇ ਅੱਖਾਂ ਸਾਹਮਣੇ ਨਹੀਂ ਆ ਜਾਂਦੇ? ਅਕਸਰ ਇੱਕ ਹੀ ਇਤਿਹਾਸਕ ਘਟਨਾ ਨੂੰ ਵੱਖ-ਵੱਖ ਕਥਾਕਾਰ ਇੱਕ ਦੂਸਰੇ ਤੋਂ ਵੱਖਰੇ ਢੰਗ ਤੇ ਬਿਰਤਾਂਤ ਨਾਲ ਸੁਣਾਉਂਦੇ ਹਨ। ਭਾਵ ਇੱਕ ਹੀ ਘਟਨਾ ਦੇ ਸ਼ਬਦਾਂ ਨਾਲ ਵੱਖ-ਵੱਖ ਚਿੱਤਰ ਬਣਾਉਂਦੇ ਹਨ। ਕਈ ਵਾਰ ਗਲਤ ਕਥਾ ਸੁਣਾਉਨ ਦੇ ਕਾਰਨ ਕਥਾਕਾਰ ਦੀ ਆਲੋਚਨਾ ਹੁੰਦੀ ਹੈ, ਪਰ ਇਹ ਨਹੀਂ ਕਿਹਾ ਜਾਂਦਾ ਕਿ ਕਥਾ ਸੁਣਨੀ ਹੀ ਬੰਦ ਕਰ ਦਿਉ।
ਚਿੱਤਰ ਉਸੇ ਦਾ ਬਣਦਾ ਹੈ, ਜਿਸ ਦੀ ਧਾਰਨਾ ਮਨਾਂ ਵਿਚ ਪਹਿਲਾਂ ਤੋਂ ਸਥਾਪਤ ਹੋਵੇ। ਰਜਨੀ ਦੇ ਪਿੰਗਲੇ ਪਤੀ ਦਾ ਸਰੋਵਰ ਵਿਚੋਂ ਚੁਬੀ ਮਾਰ ਕੇ ਠੀਕ ਹੋ ਜਾਣ ਦਾ ਚਿੱਤਰ ਬਾਦ ਵਿਚ ਬਣਿਆ ਹੈ, ਪਹਿਲਾਂ ਇਹ ਝੂਠੀ ਕਹਾਣੀ ਪਰਚਾਰੀ ਗਈ ਹੈ। ਸਿੱਖ ਸਮਾਜ ਵਿਚ ਰੱਖੜੀ ਵਰਗੇ ਨਾਰੀ ਵਿਰੋਧੀ ਤਿਉਹਾਰਾਂ ਨੂੰ ਪਹਿਲਾਂ ਮਾਨਤਾ ਮਿਲੀ ਹੈ, ਬਾਅਦ ਵਿੱਚ ਬੇਬੇ ਨਾਨਕੀ ਦੀ ਬਾਬੇ ਨਾਨਕ ਨੂੰ ਰੱਖੜੀ ਬਣਨ ਦੀ ਤਸਵੀਰ ਆਈ ਹੈ। ਕਿਸੇ ਚਿੱਤਰ ਦੀ ਆਲੋਚਨਾ ਤਾਂ ਹੋ ਸਕਦੀ ਹੈ, ਪਰ ਚਿੱਤਰ ਕਲਾ ਨੂੰ ਨਕਾਰਨਾ ਹੁਕਮ ਅੰਦੂਲੀ ਹੈ।
ਤੁਸੀਂ ਰਖੜੀ ਤੋਂ ਸਿੱਖ ਸਮਾਜ ਨੂੰ ਆਜ਼ਾਦ ਕਰਵਾ ਦੇਵੋ, ਬਾਬੇ ਨਾਨਕ ਦੀ ਰਖੜੀ ਵਾਲੀ ਤਸਵੀਰ ਛੱਪਣੀ ਆਪੇ ਬੰਦ ਹੋ ਜਾਵੇਗੀ। ਬ੍ਰਾਹਮਣੀ ਕਹਾਣੀਆਂ ਵਾਲੇ ਗ੍ਰੰਥਾਂ ਨੂੰ ਨਕਾਰਨ ਦੀ ਹਿੰਮਤ ਰੱਖੋ, ਚਿੱਤਰ ਆਪੇ ਹੀ ਠੀਕ ਹੋ ਜਾਣਗੇ। ਸੋਭਾ ਸਿੰਘ ਦੀ ਪੇਂਟਿੰਗ ਦੇ ਮੁਕਾਬਲੇ ਕਨਵਰ ਸਿੰਘ ਦੀਆਂ ਪੇਂਟਿੰਗ ਘਟ ਸਮੇਂ ਵਿਚ ਹੀ ਬਹੁਤ ਪਾਪੂਲਰ ਹੋ ਗਈਆਂ ਹਨ। ਇਸ ਨਾਲ ਪੰਥ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਚੰਗਾ ਹੋਵੇ ਜੇ ਅਸੀਂ ਆਪਣਾ ਧਿਆਨ ਪੂਜਾਰੀ ਵਲੋਂ ਸਿੱਖੀ ਦੀ ਜੜਾਂ ਵਿਚ ਪਾਏ ਜਾ ਰਹੇ ਤੇਲ ਵਲ ਦੇਈਏ।
ਗੁਰਪ੍ਰੀਤ ਸਿੰਘ।



