The Incisive Pen

15th October 2021

0 Comment(s)

0 View(s)

ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ 'ੴ' ਦਾ ਉਚਾਰਨ 'ਇੱਕੋ' ਕਰਨਾ ਗੁੰਮਰਾਹਕੁੰਨ

‘ਏਕੰਕਾਰ’ ਦੀ ਵਿਚਾਰ ਵਿਚ ਸਹਿਜੇ ਹੀ ਇੱਕ (ਏਕੰ) ਦਾ ਸਿਧਾਂਤ, ਕਾਰ-ਰੂਪੀ ਹੁਕਮ ਜਾਂ ਨਾਮ, ਅਤੇ ਮਨੁਖ ਦੇ ਦੀਰਘ ਰੋਗ (ਅਹੰਕਾਰ) ਨੂੰ ਚੁਨੌਤੀ ਦੇਣ ਦਾ ਸੰਕਲਪ ਮਿਲ ਜਾਂਦਾ ਹੈ।

Ekankaar

'ੴ' ਸਿੱਖੀ ਦਾ ਧੁਰਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅਖੱਰ ਹੈ, ਖਾਲਸੇ ਦਾ ਨਿਰਾਲਾ ਚਿੰਨ੍ਹ ਹੈ। ਇਸ ਦੇ ਬਾਵਜੂਦ ਇਹ ਆਪਣੇ ਆਪ ਵਿਚ ਅਫ਼ਸੋਸ ਦੀ ਗਲ ਹੀ ਹੈ ਕਿ ਸਿੱਖ ਪੰਥ ਵਿਚ 'ੴ' ਦੇ ਉਚਾਰਨ ਨੂੰ ਲੈਕੇ ਦੁਵਿਧਾ ਹੈ। ਸਭ ਤੋਂ ਪ੍ਰਚਲਿੱਤ 'ਇੱਕਓਅੰਕਾਰ' ਹੈ। ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਇੱਕ ਵਾਰ ਵੀ ਨਹੀਂ ਆਉਂਦਾ। ਗੁਰਬਾਣੀ ਵਿਚ 'ਓਅੰਕਾਰ' ਤੇ ਹੈ ਪਰ 'ਇੱਕਓਅੰਕਾਰ' ਨਹੀਂ। 'ਇੱਕਓਅੰਕਾਰ' ਦਾ ਉਚਾਰਨ ਲਿਖਤੀ ਰੂਪ ਵਿਚ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਤਕਰੀਬਨ 90 ਸਾਲ ਬਾਦ ਉਦਾਸੀ ਸੰਪਰਦਾ ਵਲੋਂ ਦਿੱਤਾ, ਫਿਰ ਇਸ ਕੜੀ ਵਿਚ ਨਿਰਮਲੇ ਲਿਖਾਰੀ ਵੀ ਜੁੜ ਗਏ। ਅਗਰ ਇਹ ਉਚਾਰਨ ਗੁਰੂ ਕਾਲ ਵਿਚ ਹੁੰਦਾ ਤਾਂ 'ਇੱਕਓਅੰਕਾਰ' ਸ਼ਬਦ ਗੁਰਬਾਣੀ ਵਿਚ ਵੀ ਜ਼ਰੂਰ ਦਰਜ ਕਰਦੇ। ਉਸ ਸਮੇਂ ਲੋਕਾਂ ਵਿਚ ਮਕਬੂਲ ਰਬ ਵਾਸਤੇ ਸਾਰੇ ਕਿਰਤਮ ਨਾਮ ਗੁਰਬਾਣੀ ਵਿਚ ਆਏ ਹਨ, ਫ਼ਿਰ 'ਇੱਕਓਅੰਕਾਰ' ਕਿਉਂ ਨਹੀਂ?

ਦਰਅਸਲ ਸਾਰੀ ਦੁਵਿਧਾ 'ਸ਼ਬਦ' ਅਤੇ 'ਚਿੰਨ੍ਹ' ਵਿਚ ਭੇਦ ਨੂੰ ਨਾ ਸਮਝਣ ਕਾਰਨ ਹੈ। ਇਸੇ ਦੁਵਿਧਾ ਦੀ ਕੜੀ ਵਿਚ ਸਭ ਤੋਂ ਨਵੀਨਤਮ ਵਿਚਾਰ ਸਭ ਤੋਂ ਹੇਠਲੇ ਪੱਧਰ ਦਾ ਹੈ। ਕੁਝ ਬੁਧੀਜੀਵੀ ਅਧੂਰੇ ਭਾਸ਼ਾ ਵਿਗਿਆਨ ਦੇ ਅਧਾਰ ਤੇ 'ੴ' ਦਾ ਉਚਾਰਨ 'ਇੱਕੋ' ਜਾਂ 'ਏਕੋ' ਕਰ ਰਹੇ ਹਨ। 'ਇੱਕੋ' ਉਚਾਰਨ ਸਭ ਤੋਂ ਪਹਿਲਾਂ ਪੰਜਾਬ ਦੇ ਰਾਧਾ ਸੁਆਮੀ ਗੁਰੂ-ਡੰਮ ਡੇਰੇ ਬਿਆਸ ਦੇ ਲਿਖਾਰੀਆਂ ਵਲੋਂ ਕੀਤਾ ਗਿਆ। ਇਸ ਡੇਰੇ ਦੇ ਸਾਧ ਗਿਆਨੀ ਜੈਮਲ ਸਿੰਘ ਨੇ ਹੀ ਸਭ ਤੋਂ ਪਹਿਲਾਂ ਇਸ ਨੂੰ ਪ੍ਰਚਾਰਿਆ ਜੋ ਵੈਦਿਕ ਮਤ ਦਾ ਚੰਗਾ ਗਿਆਤਾ ਸੀ। ਸਾਧ ਜੈਮਲ ਸਿੰਘ ਨੇ ੴ ਦਾ ਉਚਾਰਨ ਵੇਦਾਂਤ (ਉਪਨਿਸ਼ਦਾਂ) ਦੇ ਮੰਤਰ- 'ਏਕੋ ਬ੍ਰਹਮ ਦੁਤੀਆ ਨਾਸਿਤੀ' - ਨੂੰ ਅਧਾਰ ਬਣਾ ਕੇ 'ਏਕੋ' ਕੀਤਾ। ਇਸੇ ਸਾਧ ਨੇ 'ਓ' ਦੇ ਉੱਤੇ ਪਈ ਚਿੱਤਰਕਲਾ ਦੀ ਰੇਖਾ ਤੋਂ ਮੁਨਕਰ ਹੋ ਕੇ '੧ਓ' ਲਿਖਿਆ। ਡੇਰੇ ਬਿਆਸ ਦੇ ਹੀ ਲਿਖਾਰੀ ਡਾ. ਟੀ.ਆਰ. ਸ਼ਿੰਗਾਰੀ ਨੇ 'ਜਪੁ' ਸਟੀਕ ਵਿਚ ਵੈਦਿਕ ਪੱਖ ਨੂੰ ਛੁਪਾ ਕੇ ਅਧੂਰੇ ਭਾਸ਼ਾ ਵਿਗਿਆਨ ਦਾ ਮਖੌਟਾ ਚਾੜਿਆ ਅਤੇ 'ੴ' ਦਾ ਉਚਾਰਨ 'ਏਕੋ' ਦਿੱਤਾ। ਗੁਰੂ-ਡੰਮ ਰਾਧਾ ਸੁਆਮੀ ਡੇਰੇ ਬਿਆਸ ਵਲੋਂ ਕੀਤਾ ਜਾਂਦਾ ਉਚਾਰਨ ਅਖੋਤੀ ਸਿੱਖ ਬੁਧੀਜੀਆਂ ਨੇ ਪੱਬਾਂ ਭਾਰ ਹੋ ਕਬੂਲਿਆ।

ਸਭ ਤੋਂ ਪਹਿਲੇ ਨਿਰਮਲ ਸਿੰਘ ਕਲਸੀ ਨੇ 1996 ਵਿਚ 'ਬੀਜ ਮੰਤਰ ਦਰਸ਼ਨ' ਕਿਤਾਬ ਲਿੱਖ ਕੇ ਸਨਾਤਨੀ ਰਾਧਾ ਸੁਆਮੀ ਡੇਰੇ ਦਾ ਪਰਭਾਵ ਕਬੂਲਿਆ। ਭਾਵ 1996 ਤੋਂ ਪਹਿਲਾਂ ੴ ਦਾ ਉਚਾਰਨ 'ਏਕੋ' ਕਿਸੇ ਸਿੱਖ ਪਰੰਪਰਾ, ਜਥੇਬੰਦੀ, ਸਾਹਿਤ, ਇਤੀਹਾਸ ਜਾਂ ਸਿੱਖ ਮਾਨਸਿਕਤਾ ਵਿੱਚ ਨਹੀਂ ਮਿਲਦਾ। ਹਾਸੋਹੀਣੀ ਗਲ ਇਹ ਹੈ ਕਿ ਇਹ ਬੁਧੀਜੀਵੀ ਅਕਸਰ 'ਏਕੋ' ਦੇ ਉਚਾਰਨ ਸਹਾਰੇ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਮੁਕੱਤ ਕਰਾਉਣ ਦਾ ਰਾਹ ਖੋਜਦੇ ਹਨ। ਜਦਕਿ 'ਏਕੋ' ਦੇ ਉਚਾਰਨ ਦੀ ਪਹਿਲ ਉਪਨਿਸ਼ਦਾਂ ਦੇ ਮੰਤਰ ਤੋਂ ਹੀ ਹੋਈ ਹੈ।

ਅਸੀਂ ਲੇਖ ਦਾ ਅਗਲਾ ਭਾਗ ਡਾ. ਇਕਬਾਲ ਸਿੰਘ ਢਿੱਲੋਂ ਵਲੋਂ ਲਿਖਤ 'ੴ ਦਾ ਉਚਾਰਨ ਅਤੇ ਭਾਵ-ਅਰਥ' ਨੂੰ ਅਧਾਰ ਬਣਾ ਕੇ ਕਰਾਂਗੇ ਜਿਹਨਾ ਨੇ ਭਾਸ਼ਾ ਵਿਗਿਆਨ ਦੇ (ਨਿਰ)ਆਧਾਰ ਤੇ 'ਏਕੋ' ਉਚਾਰਨ ਕੀਤਾ ਹੈ। ਡਾ. ਢਿੱਲੋਂ ਦਾ ਇਹ ਲੇਖ 2019 ਵਿੱਚ ਪੰਜਾਬ ਯੂਨੀਵਰਸਿਟੀ ਦੇ 'ਪਰਖ' ਰਿਸਰਚ ਜਰਨਲ ਵਿੱਚ ਵੀ ਛੱਪਿਆ। ਸਭ ਤੋਂ ਨਵੀਨਤਮ ਲੇਖ ਹੋਣ ਕਾਰਨ ਡਾ. ਇਕਬਾਲ ਸਿੰਘ ਢਿੱਲੋਂ ਨੇ ਪਿਛਲੇ ਲਿਖਾਰੀਆਂ ਅਤੇ ਨਵੇਂ ਸਵਾਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਵਲੋਂ ਸੋਧਿਆ ਰੂਪ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਤਾਂ ਬ੍ਰਾਹਮਣਵਾਦੀ ਤੰਤਰ ਦੇ ਸ਼ਿਕੰਜੇ ਵਿਚ ਬੁਰੀ ਤਰਾਂ ਜਕੜੀ ਪੰਜਾਬ ਯੂਨੀਵਰਸਿਟੀ ਵਲੋਂ ਇਹ ਲੇਖ ਖੋਜੀ ਰਸਾਲੇ ਵਜੋਂ ਛਾਪੇ ਜਾਣ ਨਾਲ ਹੀ ਇਹ ਸ਼ਕ ਦੇ ਘੇਰੇ ਵਿਚ ਆ ਜਾਂਦਾ ਹੈ। ਯੂਨੀਵਰਸਿਟੀਆਂ ਵਿਚ ਸਿੱਖ ਖੋਜ ਦੇ ਨਾਂ ਹੇਠ ਜੋ ਕੁਫ਼ਰ ਘੋਲਿਆ ਜਾ ਰਿਹਾ ਹੈ, ਇਹ ਕਿਸੇ ਸੰਜੀਦਾ ਸਿੱਖ ਚਿੰਤਕ ਤੋਂ ਛੁਪਿਆ ਨਹੀਂ।

ੴ 'ਸ਼ਬਦ' ਹੈ ਜਾਂ 'ਚਿੰਨ੍ਹ'

ਡਾ. ਇਕਬਾਲ ਸਿੰਘ ਢਿੱਲੋਂ ਵਲੋਂ ਲਿੱਖਤ 'ੴ ਦਾ ਉਚਾਰਨ ਅਤੇ ਭਾਵ-ਅਰਥ' ਸ਼ਰੂਆਤ ਤੋਂ ਹੀ ਪਾਠਕ ਦੇ ਮਨ ਵਿਚ ਦੁਵਿਧਾ ਪੈਦਾ ਕਰ ਦਿੰਦਾ ਹੈ। ਪਾਠਕ ਇਸ ਉਮੀਦ ਵਿਚ ਲੇਖ ਪੜਦਾ ਚਲੇ ਜਾਂਦਾ ਹੈ ਕਿ ਸ਼ਾਇਦ ਅਗੇ ਚਲਕੇ ਉਸਦੇ ਸਵਾਲਾਂ ਦਾ ਜਵਾਬ ਮਿਲੇਗਾ, ਪਰ ਐਸਾ ਨਹੀਂ ਹੁੰਦਾ। "'ੴ' ਦੀ ਮਹੱਤਤਾ" ਸਿਰਲੇਖ ਅਧੀਨ ਡਾ. ਢਿੱਲੋਂ ਲਿਖਦੇ ਹਨ:

"ਇਹ ਸ਼ਬਦ-ਰੂਪ ਗੁਰਬਾਣੀ-ਗ੍ਰੰਥ ਦਾ ਸਭ ਤੋਂ ਪਹਿਲਾ ਸ਼ਬਦ-ਰੂਪ ਹੈ ਕਿਉਂਕੀ ਇਹ ਉਸ ਸਤਰ ਦੇ ਮੁੱਢ ਵਿਚ ਆਉੰਦਾ ਹੈ ਜੋ 'ਜਪੁ ਨੀਸਾਣ' ਬਾਣੀ ਦੇ ਐਨ ਅਰੰਭ ਵਿਚ ਆਉਂਦੀ ਹੈ ਅਤੇ 'ਜਪੁ ਨੀਸਾਣ' ਗੁਰਬਾਣੀ-ਗ੍ਰੰਥ ਦੀ ਸਭ ਤੋਂ ਪਹਿਲੀ ਰਚਨਾ ਹੈ।"

ਡਾ. ਢਿੱਲੋਂ ਨੇ ੴ ਨੂੰ "ਸ਼ਬਦ-ਰੂਪ" ਲਿੱਖਿਆ ਲੇਕਿਨ "ਗੁਰਬਾਣੀ-ਗ੍ਰੰਥ ਦੇ ਤਤਕਰੇ" ਦੇ ਅਧਾਰ ਤੇ ਜਪੁ ਦੇ ਨਾਲ "ਨੀਸਾਣ" ਲਿਖ ਦਿੱਤਾ ਹੈ। 'ਜਪੁ' ਜੇਕਰ 'ਨੀਸਾਣ' ਹੋ ਸਕਦਾ ਹੈ ਤਾਂ 'ੴ' ਨੂੰ ਸਿੱਖੀ ਦਾ ਵਿਲੱਖਣ 'ਨਿਸਾਣ' ਕਿਉਂ ਨਹੀਂ ਕਿਹਾ ਜਾ ਸਕਦਾ? ਇਸਦਾ ਕੋਈ ਵੀ ਵਾਜਬ ਜਵਾਬ ਲੇਖ ਵਿਚੋਂ ਨਹੀਂ ਮਿਲਦਾ। ਧਿਆਨ ਰਹੇ ਡਾ. ਢਿੱਲੋਂ 'ਗੁਰੂ ਗ੍ਰੰਥ ਸਾਹਿਬ' ਨੂੰ "ਗੁਰਬਾਣੀ ਗ੍ਰੰਥ" ਲਿਖਦੇ ਹਨ। "ਗੁਰਬਾਣੀ ਗ੍ਰੰਥ" ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਅਤੇ ਗੁਰਬਾਣੀ ਦੇ ਗੁਟਕੇ ਵੀ ਹਨ। ਬੁਧੀਜੀਵੀਆਂ ਵਲੋਂ ਨਵੇਂ ਨਾਮ ਘੜਣ ਦੀ ਸਨਕ ਬਾਰੇ ਵੀ ਚਰਚਾ ਨਾਲ-ਨਾਲ ਕਰਾਂਗੇ।

ਡਾ. ਢਿੱਲੋਂ 'ਚਿੰਨ੍ਹ' ਤੋਂ ਇਨਕਾਰੀ ਹੋਣ ਦੀ ਦਲੀਲ ਇਸ ਤਰਾਂ ਦਿੰਦੇ ਹਨ:

    ਬ੍ਰਹਮੰਡੀ ਕਰਤਾਰ ਤੋਂ ਬਿਨਾ ਕਿਸੇ ਹੋਰ ਹਸਤੀ ਦਾ ਅਧਿਆਤਮਿਕਤਾ ਦੇ ਨਾਲ ਸਬੰਧ ਨਹੀਂ ਬਣਦਾ। ਇਸ ਕਰਕੇ ਅਜਿਹੀ ਕਿਸੇ ਵੀ ਹਸਤੀ ਨਾਲ ਸਬੰਧਤ ਕੋਈ ਚਿੰਨ੍ਹ/ ਪਰਤੀਕ/ ਤਸਵੀਰ/ ਮੂਰਤੀ ਅਧਿਆਤਮਿਕਤਾ ਦੇ ਪੱਖੋਂ ਸਵੀਕ੍ਰਿਤ ਨਹੀਂ ਹੋ ਸਕਦੀ।
    ਗੁਰਮੱਤ ਅਨੁਸਾਰ ਬ੍ਰਹਮੰਡੀ ਕਰਤਾਰ ਨਿਰੰਕਾਰ ਹੈ। ਇਸ ਲਈ ਬ੍ਰਹਮੰਡੀ ਕਰਤਾਰ ਲਈ ਕਿਸੇ ਚਿੰਨ੍ਹ / ਪਰਤੀਕ/ ਚਿੱਤਰ/ ਮੂਰਤੀ ਦੀ ਵਰਤੋਂ ਨਹੀਂ ਹੋ ਸਕਦੀ।"

ਪਾਠਕ "ਬ੍ਰਹਮੰਡੀ ਕਰਤਾਰ" ਦੇ ਨਾਮਕਰਨ ਵਲ ਵੀ ਧਿਆਨ ਦੇਣ, ਜਿਸ ਬਾਰੇ ਅੱਗੇ ਚਰਚਾ ਹੋਵੇਗੀ। ਵੈਸੇ ਤਾਂ ਬ੍ਰਹਮੰਡ ਦੀ ਪ੍ਰਮੁੱਖ ਵਿਸ਼ੇਸ਼ਤਾ ਹੀ ਆਕਾਰ ਤੋਂ ਹੈ ਜਿਸ ਦੇ ਰਗ-ਰਗ ਵਿਚ ਨਿਰੰਕਾਰ ਸਮਾਇਆ ਹੋਇਆ ਹੈ:

ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 464)

ਜੋ ਕਰਤਾਰ ਦੀ ਸੱਚੀ ਵਿਚਾਰ ਸੁਣਾਵੇ ਉਹ "ਅਧਿਆਤਮਿਕਤਾ ਦੇ ਪੱਖੋਂ ਸਵੀਕ੍ਰਿਤ" ਕਿਵੇਂ ਨਹੀਂ ਹੋ ਸਕਦੀ? ਸਿੱਖ ਦੀ ਤਾਂ ਨਿੱਤ ਦੀ ਅਰਦਾਸ ਹੈ ਕਿ ਸਚਿਆਰੇ ਮਨੁਖਾਂ ਦੀ ਸੰਗਤ ਮਿਲੇ ਜਿਸ ਨਾਲ ਸੱਚੇ ਦੇ ਨਾਮ-ਰੂਪੀ ਗੁਣ ਹਮੇਸ਼ਾ ਯਾਦ ਰਹਿਣ- 'ਸੇਈ ਪਿਆਰੇ ਮੇਲ ਜਿਨਾ ਮਿਲੀਆਂ ਤੇਰਾ ਨਾਮ ਚਿੱਤ ਆਵੇ।' ਇਹ ਹਸਤੀ/ ਚਿੰਨ੍ਹ/ ਸ਼ਬਦ ਅਧਿਆਤਮਿਕਤਾ ਦੇ ਸਬੰਧ ਲਈ ਨਹੀਂ ਤਾਂ ਫ਼ਿਰ ਹੋਰ ਕਿਸ ਵਾਸਤੇ ਹੈ?

ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 765)

ਡਾ. ਢਿੱਲੋਂ "ਚਿੰਨ੍ਹ" ਦੇ ਨਾਲ ਜਾਨ-ਬੁਝ ਕੇ "ਚਿੱਤਰ/ਮੂਰਤੀ" ਸ਼ਬਦਾਂ ਦਾ ਪਰਯੋਗ ਕਰਦੇ ਹਨ। ਕਿਉਂਕੀ ਮੂਰਤੀ-ਪੂਜਾ ਖਿਲਾਫ਼ ਸਿੱਖੀ ਦੇ ਅਸੂਲ ਬਾਰੇ ਹਰ ਕੋਈ ਸਪਸ਼ਟ ਹੈ। ਮੂਰਤੀ-ਪੂਜਾ ਵਾਲੀ ਭਾਵਨਾ ਹੀ "ਚਿੰਨ੍ਹ" ਬਾਰੇ ਵੀ ਪੈਦਾ ਹੋਵੇ ਇਸੇ ਕਰਕੇ ਸਭ ਇਕੱਠਾ ਲਿੱਖ ਦਿੱਤਾ ਹੈ। ਡਾ. ਢਿਲੋਂ ਸ਼ਬਦਾਂ ਦਾ ਜਾਲ ਬੁਣ ਕੇ ਪਾਠਕ ਦੀ ਮਾਨਸਿਕਤਾ ਵਿੱਚ ਆਪਣਾ ਪੂਰਵ-ਨਿਰਧਾਰਤ ਫੈਸਲਾ ਥੋਪ ਰਹੇ ਹਨ। "ਸ਼ਬਦ-ਰੂਪ ਇੱਕੋ" ਵੀ ਤਾਂ ਗੁਰਮੁਖੀ ਲਿੱਪੀ ਦੇ ਆਕਾਰ ਵਿਚ ਹੀ ਹੈ। ਨਿਰੰਕਾਰੀ ਕਰਤਾਰ ਬਾਰੇ ਵਿਚਾਰ ਮਨੁਖ ਲਿੱਖ, ਬੋਲ, ਦੇਖ, ਆਪਣੀ ਇੰਦਰੀਆਂ ਨਾਲ ਹੀ ਕਰ ਸਕਦਾ ਹੈ। ਇੱਥੇ ਤਕ ਕਿ ਜਦ ਡਾ. ਢਿੱਲੋਂ ਨੇ 'ਨਿਰੰਕਾਰ' ਲਿਖਿਆ, ਇਹ ਵਿਚਾਰ-ਰੂਪ ਵਿਚ ਨਿਰੰਕਾਰ ਹੈ, ਪਰ ਸ਼ਬਦ-ਰੂਪ ਵਿਚ ਅੱਖਰ ਸਮੂਹ ਦੇ ਆਕਾਰ ਵਿਚ ਹੀ ਹੈ। ਡਾ. ਢਿੱਲੋਂ ਦਾ ਲੇਖ ਜੇਕਰ ਨਿਰੰਕਾਰ-ਰੂਪ ਵਿਚ ਹੁੰਦਾ ਤਾਂ ਅਸੀਂ ਚਰਚਾ ਕਿਸ ਤਰਾਂ ਕਰਦੇ। ਇਸੇ ਤਰਾਂ ਜੇਕਰ ਨਿਰੰਕਾਰ ਦੀ ਵਿਚਾਰ ਅੱਖਰ ਸਮੂਹ ਨਾਲ ਹੋ ਸਕਦੀ ਹੈ ਤਾਂ ਚਿੰਨ੍ਹ ਨਾਲ ਕਿਉਂ ਨਹੀਂ?

ਡਾ. ਢਿੱਲੋਂ ਭਲੀ-ਭਾਂਤ ਜਾਣਦੇ ਹਨ ਕਿ ਚਿੰਨ੍ਹਾਂ ਤੋਂ ਹੀ ਭਾਸ਼ਾ ਦੀ ਲਿੱਪੀ ਬਣਦੀ ਹੈ। ਇੱਕ ਝੂਠ ਨੂੰ ਛੁਪਾਉਣ ਵਾਸਤੇ ਜਿਵੇਂ ਸੌ ਝੂਠ ਬੋਲਣੇ ਪੈਂਦੇ ਹਨ, ਡਾ. ਢਿੱਲੋਂ ਨੂੰ 'ੴ' ਚਿੰਨ੍ਹ ਨੂੰ ਸ਼ਬਦ-ਰੂਪ ਦੇਣ ਵਾਸਤੇ ਵੀ ਇਹੀ ਕੁਝ ਕਰਨਾ ਪੈ ਰਿਹਾ ਹੈ। ਚਿੰਨ੍ਹਾਂ ਨੂੰ ਭਾਸ਼ਾ ਤੋਂ ਜੁਦਾ ਕਰਨ ਵਾਸਤੇ ਜੋ ਦਲੀਲ ਪੇਸ਼ ਕਰਦੇ ਹਨ ਉਹ ਇਸ ਤਰਾਂ ਹੈ:

"ਭਾਸ਼ਾ ਸੰਚਾਰ ਦੇ ਇਕ ਸਾਧਨ ਦੇ ਤੌਰ ਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਚਿੰਨ੍ਹਾਂ ਦਾ ਪਰਯੋਗ ਤਾਂ ਕਰਦੀ ਹੈ ਪਰੰਤੂ ਭਾਸ਼ਾਈ ਸਮੱਗਰੀ (ਧੁਨੀਆਂ, ਧੁਨੀ-ਸਮੂਹ, ਅੱਖਰ, ਅੱਖਰ ਸਮੂਹ ਅਤੇ ਵਾਕ) ਖੁਦ ਸ਼ਰਧਾ ਦਾ ਪਾਤਰ ਕਦੇ ਨਹੀਂ ਬਣਦੀ।... ਗੁਰਬਾਣੀ ਵਿਚ ਤਾਂ ਸਗੋਂ ਸ਼ਬਦ (ਭਾਸ਼ਾਈ ਸਮੱਗਰੀ) ਨੂੰ ਵਡਿਆਇਆ ਗਿਆ ਹੈ ਕੇਵਲ ਇਸ ਲਈ ਕਿ ਇਹ ਬ੍ਰਹਮੰਡੀ ਕਰਤਾਰ ਦੇ ਗੁਣ-ਗਾਇਣ ਦਾ ਉੱਤਮ ਸਾਧਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਵਿੱਚ ਸ਼ਬਦ ਨੂੰ 'ਗੁਰੂ' ਭਾਵ ਅਧਿਆਪਕ/ਆਗੂ ਦਾ ਦਰਜਾ ਦਿੱਤਾ ਗਿਆ ਹੈ।"

ਡਾ. ਇੱਕਬਾਲ ਸਿੰਘ ਢਿੱਲੋਂ ਦਾ ਹਰੇਕ ਵਾਕ ਕਈ ਵਿਰੋਧਾਭਾਸ ਅਤੇ ਅਧੂਰੇਪਨ ਨਾਲ ਲਿਭੜਿਆ ਹੁੰਦਾ ਹੈ। ਆਲੋਚਕ ਵਾਸਤੇ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿਹੜਾ ਪੱਖ ਪਾਠਕਾਂ ਸਾਹਮਣੇ ਰਖਿਆ ਜਾਵੇ ਅਤੇ ਸੰਖੇਪਤਾ ਦਾ ਧਿਆਨ ਰੱਖਦੇ ਹੋਏ ਕਿਹੜਾ ਪੱਖ ਛੱਡਿਆ ਜਾਵੇ।

ਡਾ. ਢਿੱਲੋਂ ਕਿਸ ਤਰਾਂ ਦਾਵਾ ਕਰ ਸਕਦੇ ਹਨ ਕਿ "ਭਾਸ਼ਾਈ ਸਮੱਗਰੀ ਖੁਦ ਸ਼ਰਧਾ ਦਾ ਪਾਤਰ ਕਦੇ ਨਹੀਂ ਬਣਦੀ"? ਦੁਨਿਆ ਦੇ ਉਹ ਕਿਸ ਧਰਮ ਦੇ ਪੈਰੋਕਾਰ ਹਨ ਜੋ ਆਪਣੇ ਧਰਮ-ਗ੍ਰੰਥ ਨੂੰ ਸ਼ਰਧਾ ਦਾ ਪਾਤਰ ਜਾਂ "ਅਧਿਆਤਮਿਕਤਾ ਦੇ ਪੱਖੋਂ ਸਵੀਕ੍ਰਿਤ" ਨਹੀਂ ਕਰਦੇ? ਕਿ ਡਾ. ਢਿੱਲੋਂ ਸਿੱਖ ਸਮਾਜ ਤੋਂ ਇਤਨਾ ਕੱਟ ਚੁਕੇ ਹਨ ਕਿ ਉਹ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਤੋਂ ਅਣਜਾਨ ਹਨ? ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਅਤੇ ਗੁਰਬਾਣੀ ਦੇ ਗੁਟਕੀਆਂ ਨੂੰ ਵੀ ਬੜੀ ਸ਼ਰਧਾ ਨਾਲ ਪੜਿਆ ਜਾਂਦਾ ਹੈ ਅਤੇ ਸੁੰਦਰ ਰੁਮਾਲੀਆਂ ਵਿਚ ਬੜੇ ਸਤਕਾਰ ਨਾਲ ਰੱਖਿਆ ਜਾਂਦਾ ਹੈ।

ਉੱਪਰ ਲਿਖੇ ਵਾਕ ਵਿਚ ਡਾ. ਢਿੱਲੋਂ "ਸ਼ਬਦ (ਭਾਸ਼ਾਈ ਸਮੱਗਰੀ)" ਲਿੱਖ ਕੇ ਸ਼ਬਦ-ਗੁਰੂ ਦੇ ਅਦੁੱਤੀ ਸਿਧਾਂਤ ਨੂੰ ਭਾਸ਼ਾਈ ਸਮੱਗਰੀ ਤਕ ਸੀਮਤ ਕਰਨ ਦੀ ਕੋਝੀ ਹਰਕਤ ਕਰ ਰਹੇ ਹਨ। ਡਾ. ਢਿੱਲੋਂ ਵਾਸਤੇ ਗੁਰਬਾਣੀ ਆਮ ਕਿਤਾਬਾਂ ਵਾਂਗ ਭਾਸ਼ਾਈ ਸਮਗਰੀ ਹੋ ਸਕਦੀ ਹੈ, ਪਰ ਸਿੱਖ ਵਾਸਤੇ ਇਹ ਕੇਵਲ ਅਧਿਆਪਕ ਨਹੀਂ, ਪੂਰਾ ਗੁਰੂ ਹੈ, ਸਿੱਖ ਦੇ ਜੀਵਨ ਦਾ ਅਧਾਰ ਹੈ, ਜਿਵੇਂ ਮਛਲੀ ਲਈ ਜਲ ਹੈ:

ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥ ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥
ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥ ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ (ਮਃ ੪, ਗੁਰੂ ਗ੍ਰੰਥ ਸਾਹਿਬ: ਅੰਗ 759)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਮਃ ੪, ਗੁਰੂ ਗ੍ਰੰਥ ਸਾਹਿਬ: ਅੰਗ 982)

ਜੇਕਰ ਗੁਰੂ ਨਾਨਕ ਸਾਹਿਬ ਨੇ ਸ਼ਬਦ-ਰੂਪ ਹੀ ਲਿਖਨਾ ਹੁੰਦਾ ਤਾਂ ਫ਼ਿਰ 'ਇੱਕੋ' ਜਾਂ 'ਏਕੋ' ਵੀ ਤਾਂ ਲਿੱਖ ਸਕਦੇ ਹਨ। ਉਹਨਾ ਨੂੰ ਭਾਸ਼ਾ ਨਿਯਮ ਤੋਂ ਬਾਹਰ ਜਾਣ ਦੀ ਕਿ ਜ਼ਰੂਰਤ ਸੀ? ਡਾ. ਢਿੱਲੋਂ ਜਾਣਦੇ ਹਨ ਇਹ ਇੱਕ ਵਾਜਬ ਸਵਾਲ ਹੈ, ਹਰ ਪਾਠਕ ਦੇ ਮਨ ਵਿਚ ਜ਼ਰੂਰ ਆਵੇਗਾ। ਇਸਲਈ ਉਹ ਇਸਦਾ ਗੋਲਮੋਲ ਜਵਾਬ ਦਿੰਦੇ ਹੋਏ ਲਿਖਦੇ ਹਨ:

"ਅਜ ਅਸੀਂ ਕਿਸੇ ਸ਼ਬਦ ਦੇ ਅਰਥਾਂ ਵੱਲ ਪਾਠਕ ਦਾ ਧਿਆਨ ਖਿੱਚਣ ਹਿਤ ਉਸ ਸ਼ਬਦ ਨੂੰ ਅੰਡਰਲਾਈਨ (underline) ਕਰ ਦਿੰਦੇ ਹਾਂ, ਜਾਂ ਉਸ ਨੂੰ ਗੂੜ੍ਹਾ (bold) ਕਰ ਦਿੰਦੇ ਹਾਂ, ਜਾਂ ਉਸ ਦੀ ਸਿਆਹੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਦੀ ਪਿੱਠ-ਭੂਮੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਦਿੰਦੇ ਹਾਂ। ਕਿਉਂਕਿ ਗੁਰੂ ਨਾਨਕ ਜੀ ਕਰਤਾਰੀ ਬ੍ਰਹਮੰਡੀ ਦੇ ਨਿਯਮ ਤੰਤਰ ਦੇ ਕੇਵਲ ਇੱਕ ਹੋਣ ਦੇ ਗੁਣ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਏ ਪਾਠਕਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ‘ਇਕ/ਏਕ’ ਨੂੰ ਹਿੰਦਸੇ ਦਾ ਰੂਪ ਦੇ ਦਿੱਤਾ ਅਤੇ ਇਸ ਨਾਲ ਆਉਣ ਵਾਲੀ ਸਵੱਰ-ਧੁਨੀ ਲਈ ਖੁਲ੍ਹੇ ਊੜੇ ਦਾ ਪਰਯੋਗ ਕਰ ਲਿਆ।"

ਡਾ. ਢਿੱਲੋਂ ਇੱਕ ਦੂਸਰੇ ਲੇਖ 'ਜਪੁ-ਬਾਣੀ ਅਤੇ ਰੱਬ ਦਾ ਸੰਕਲਪ' ਵਿੱਚ ਆਪਣੀ ਹੀ ਕਹੀ ਗਲ ਨੂੰ ਕੱਟ ਰਹੇ ਹਨ:

"ਜੇਕਰ ਇਸ ਰਚਨਾ ਦਾ ਕੋਈ ਸਿਰਲੇਖ ਬਣਦਾ ਹੈ ਤਾਂ ਇਹ ‘ਜਪੁ ਨੀਸਾਣ’ ਹੀ ਹੋਵੇਗਾ ਨਾ ਕਿ ‘ਜਪੁਜੀ’ ਜਾਂ ‘ਜਪੁਜੀ ਸਾਹਿਬ’ ਜਿਵੇਂ ਕਿ ਆਮ ਕਰਕੇ ਕਹਿਣ ਦੀ ਪਰੰਪਰਾ ਬਣੀ ਹੋਈ ਹੈ। ਉਂਜ ਇਸ ਰਚਨਾ ਵਿਚ ਸ਼ਬਦ ‘ਜਪੁ’ ਨੂੰ ਦਿੱਤੀ ਗਈ ਪਰਮੁੱਖਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ‘ਜਪੁ ਬਾਣੀ’ ਦਾ ਨਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਇਸ ਰਚਨਾ ਦੇ ਪਾਠ (text) ਵਿਚ ਅਰੰਭਕ ਸਤਰ ਤੋਂ ਅੱਗੇ ਸ਼ਬਦ ‘ਜਪੁ’ ਨੂੰ ਨਿਵੇਕਲੇ ਤੌਰ ਤੇ ਅੰਕਿਤ ਕਰਦੇ ਹੋਏ ਇਸ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੋਇਆ ਹੈ।"

ਇਸਦਾ ਮਤਲਬ ਡਾ. ਢਿੱਲੋਂ ਜਾਣਦੇ ਹਨ ਜੇਕਰ ਉਦੇਸ਼ ਕੇਵਲ "ਪਾਠਕਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਣਾ" ਹੁੰਦਾ ਤਾਂ '॥ਇੱਕੋ॥' ਜਾਂ '॥ਏਕੋ॥' ਲਿੱਖ ਸਕਦੇ ਸਨ, ਜਿਵੇਂ ॥ਜਪੁ॥ ਲਿਖਿਆ। ਯਕੀਨਨ 'ਇੱਕੋ' ਜਾਂ 'ਏਕੋ' ਵਿਚੋ ਇੱਕ ਹੀ ਲਿਖਿਆ ਜਾਣਾ ਸੀ, ਜਿਸ ਨਾਲ ਡਾ. ਢਿੱਲੋ ਦੁਆਰਾ ਕੀਤੇ ਦੋ ਉਚਾਰਨਾਂ ਦੀ ਦੁਵਿਧਾ ਵੀ ਖਤਮ ਹੋ ਜਾਂਦੀ।

ਡਾ. ਢਿੱਲੋਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਵਾਕ ਬਣਤਰ ਵਿਚ 'ੴ' ਦਾ ਪਰਯੋਗ ਕਰਕੇ "ਪਾਠਕਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਣਾ" ਕਿਉਂ ਨਹੀਂ ਕਰਦੇ? ਅਗਰ ੴ 'ਸ਼ਬਦ-ਰੂਪ' ਹੈ ਅਤੇ ਇਸਦਾ ਉਚਾਰਨ 'ਏਕੋ' ਹੈ, ਤਾਂ ਕਿ ਇਸ ਤਰਾਂ ਲਿਖਿਆ ਜਾ ਸਕਦਾ ਹੈ?:

'ਸਾਹਿਬ ਮੇਰਾ ੴ ਹੈ। ੴ ਹੈ ਭਾਈ ੴ ਹੈ।'

'ੴ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।'

    ਬੇਸ਼ਕ ਨਹੀਂ। ਇਹ ਗਲਤ ਹੋਵੇਗਾ। ਉਪਰ ਲਿੱਖੇ ਵਾਕ ਨਾਲ 'ੴ' ਦੀ ਮਹਤੱਤਾ ਘਟਦੀ ਹੈ ਕਿਉਂਕੀ ਵਿਸ਼ੇਸ਼ਤਾ 'ਸਾਹਿਬ' ਜਾਂ 'ਨਾਮ' ਦੀ ਦੱਸੀ ਜਾ ਰਹੀ ਹੈ। ਸਾਹਿਬ ਜਾਂ ਨਾਮ ਦੇ ਗੁਣਾ ਨੂੰ ਬਿਆਨ ਕਰਨ ਲਈ ੴ (ਏਕੋ) ਲਿਖਿਆ ਮੰਨਿਆ ਜਾਵੇਗਾ। 'ਇੱਕ' ਦਾ ਸਿਧਾਂਤ ਬਹੁਤ ਮਹੱਤਵਪੂਰਣ ਹੈ, ਪਰ ਇਹ ਸ਼ਬਦ ਵਿਚ ਆਏ ਸੰਗ੍ਯਾ ਦਾ 'ਵਿਸ਼ੇਸ਼ਣ' ਹੈ। ਇਸੇ ਤਰਾਂ ਗੁਰਬਾਣੀ ਦਾ ਲਗਭਗ ਹਰ ਸ਼ਬਦ ਜਿਸ ਵਿਚ ਏਕੋ ਜਾਂ ਇੱਕੋ ਆਉਂਦਾ ਹੈ, ਅਗਰ ਅਸੀਂ ਉਸਨੂੰ 'ੴ' ਨਾਲ ਵਟਾਉਣਾ ਕਰਿਏ ਤਾਂ ‘ੴ’ ਦੀ ਮਹਤੱਤਾ ਘਟ ਜਾਏਗੀ, ਕਿਉਂਕੀ ਗੱਲ- ਸਾਹਿਬ, ਗੋਬਿੰਦ, ਹਰਿ, ਹੁਕਮ, ਨਾਮ, ਤੱਖਤ, ਪਾਤਸ਼ਾਹ... ਦੀ ਹੋ ਰਹੀ ਹੋਵੇਗੀ।
    ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ 'ੴ' ਵਾਕ ਵਿਚ ਨਹੀਂ ਆਇਆ। ਕਿਉਂਕੀ ੴ 'ਸ਼ਬਦ-ਰੂਪ' ਹੈ ਹੀ ਨਹੀਂ। ਜੇ ਹੂੰਦਾ ਤਾਂ ਵਾਕ ਦੀ ਬਣਤਰ ਵਿਚ ਆਮ ਪ੍ਰਯੋਗ ਵਿਚ ਆਂਦਾ। ਅਸੀਂ 'ੴ' ਨੂੰ ਵਾਕ ਵਿਚ ਇਸੇ ਕਰਕੇ ਪ੍ਰਯੋਗ ਵਿਚ ਨਹੀਂ ਲਿਆਂਦੇ ਕਿਉਂਕੀ ਇਹ 'ਸ਼ਬਦ-ਰੂਪ' ਨਹੀਂ ਹੈ, ਇਹ ਇਕ ਵਿਲੱਖਣ ਨਿਸਾਣ ਹੈ, ਚਿੰਨ੍ਹ ਹੈ।

ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ- 'ੴ' ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਕਿੱਰਤ ਹੈ ਜਿਸਦੀ ਵਿਚਾਰ ਮਨੁਖ ਨੂੰ ਹਰ ਤਰਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਂਦਾ ਹੈ। ਇਹ ਇੱਕ ਵਿਲੱਖਣ ਮਿਸ਼ਰਤ ਲਿਪੀ ਸਮਾਸ ਹੈ ਜੋ ਖੁਦ ਵੀ ਭਾਸ਼ਾ ਨਿਯਮਾਂ ਦੀ ਬੰਦਿਸ਼ਾਂ ਤੋਂ ਆਜ਼ਾਦ ਹੈ।

ਗੁਰਬਾਣੀ ਵਿਚਾਰ ਦਾ ਅਹਿਮ ਪੱਖ

ਗੁਰੂ ਨਾਨਕ ਸਾਹਿਬ ਜੀ ਵਲੋਂ ਰਚਿੱਤ ਸਿੱਖੀ ਦੇ ਵਿਲੱਖਣ ਨਿਸਾਣ 'ੴ' ਨੂੰ ਕੇਵਲ ਇੱਕ 'ਵਿਸ਼ੇਸ਼ਣ' ਤਕ ਸੀਮਤ ਕਰ ਦੇਣਾ, ਅਸੀਮ ਵਿਚਾਰਧਾਰਾ ਨੂੰ ਮਿੱਟੀ ਵਿਚ ਮਿਲਾਉਣ ਬਰਾਬਰ ਹੈ। ਕਿਉਂਕੀ 'ਵਿਸ਼ੇਸ਼ਣ' ਦੀ ਮਹੱਤਤਾ ਹਮੇਸ਼ਾ 'ਨਾਮ' (ਸੰਗ੍ਯਾ) ਦੇ ਨਾਲ ਪਤਾ ਲਗਦੀ ਹੈ। ਇਹ ਸਕਾਰਾਤਮਕ ਅਤੇ ਨਕਰਾਤਮਕ ਦੋਨੋ ਤਰੀਕੇ ਨਾਲ ਇਸਤਮਾਲ ਹੋ ਸਕਦਾ ਹੈ। ਜਿਵੇਂ- ਏਕੋ ਸਾਹਿਬ, ਏਕੋ ਤੱਖਤ, ਇੱਕੋ ਪਤਨੀ, ਇੱਕੋ ਪਿਤਾ ਜਾਂ ਇੱਕੋ ਵੈਰੀ।

ਗੁਰਬਾਣੀ ਵਿਚ ਨਕਰਾਤਮਕ ਭਾਵ ਦੇ ਉਦਾਹਰਣ ਵੀ ਮਿਲ ਜਾਂਦੇ ਹਨ। ਜਿਵੇਂ ‘ਲੇਖੇ’ ਨਾਲ 'ਇਕੋ' ਅਤੇ ‘ਬੇਦਨ’ (ਪੀੜਾ) ਨਾਲ 'ਏਕਾ' ਆਇਆ ਹੈ:

ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 25)

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 940)

ਅਸੀਂ ਜਾਣਦੇ ਹਾਂ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਜਿਵੇਂ 'ਅੰਮ੍ਰਿਤ' ਸ਼ਬਦ -ਨਾਮ, ਵੇਲਾ, ਦੁਧ, ਜਲ, ਭੋਜਨ ਆਦਿ- ਲਈ ਵਰਤਿਆ ਜਾਂਦਾ ਹੈ। ਪਰ ਕਿ ਅੰਮ੍ਰਿਤ ਜ਼ਹਿਰ ਦੇ ਭਾਵ ਨੂੰ ਦਰਸਾਉਣ ਲਈ ਵੀ ਵਰਤਿਆ ਜਾ ਸਕਦਾ ਹੈ? ਨਹੀਂ, ਕਦੇ ਨਹੀਂ। ਇਸੇ ਤਰਾਂ 'ਸੱਤ' ਕਦੇ ਵੀ 'ਝੂਠ' ਦੇ ਭਾਵ ਅਰਥ ਵਿਚ ਨਹੀਂ ਵਰਤਿਆ ਜਾ ਸਕਦਾ। ਪਰ 'ਇੱਕ' ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। 'ਇੱਕ' ਦਾ ਮਤਲਬ ਵੀ ਚਾਹੇ ਕਦੇ 'ਦੋ' ਤਾਂ ਨਹੀਂ ਜੋ ਸਕਦਾ, ਮਗਰ ਇਹ 'ਏਕੋ ਨਾਮ' ਅਤੇ 'ਏਕਾ ਬੇਦਨ' ਦੋਹਾਂ ਭਾਵ ਵਿਚ ਇਸਤਮਾਲ ਹੋ ਸਕਦਾ ਹੈ। ਜਿਸ ਪੱਖ ਤੋਂ ਭਾਸ਼ਾ-ਵਿਗਿਆਨ ਦਾ ਇਸਤਮਾਲ ਕਰਨਾ ਬਣਦਾ ਸੀ, ਉਹ ਪੱਖ ਡਾ. ਢਿੱਲੋਂ ਨੇ ਪੂਰੀ ਤਰਾਂ ਅਣਗੋਲਾ ਹੀ ਕਰ ਦਿੱਤਾ। ਡਾ. ਢਿੱਲੋਂ ਕਿਸੇ ਸਕੂਲੀ ਬੱਚੇ ਦੀ ਪੰਜਾਬੀ ਜਾਂ ਹਿੰਦੀ ਵਿਆਕਰਣ ਦੀ ਕਿਤਾਬ ਜ਼ਰੂਰ ਪੜ ਲੈਣ ਜਿਸ ਨਾਲ ਭਾਸ਼ਾ-ਵਿਗਿਆਨ ਵਿਚ ਵਾਧਾ ਹੋ ਸਕੇ। ਇਸ ਨੂੰ ਗਿਣਤੀ-ਵਾਚਕ ਜਾਂ ਸੰਖਯਾ-ਵਾਚਕ ਵਿਸ਼ੇਸ਼ਣ ਕਹਿੰਦੇ ਹਨ। ਪਰਿਭਾਸ਼ਾ- ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਗਿਣਤੀ ਦੱਸਣ, ਉਹਨਾ ਨੂੰ ਸੰਖਿਆ-ਵਾਚਕ ਵਿਸ਼ੇਸ਼ਣ ਕਹਿੰਦੇ ਹਨ। (ਪਰਿਭਾਸ਼ਾ ਦਾ ਸਰੋਤ: ਪੰਜਵੀਂ ਜਮਾਤ ਦੇ ਬੱਚੇ ਨੂੰ ਰੱਟਾ ਮਾਰਦੇ ਸੁਣਿਆ)

ਇੱਕ ਹੋਰ ਸ਼ਬਦ ਵੇਖੋ ਜਿਸ ਵਿਚ 'ਇਕਿ' ਵੱਖ-ਵੱਖ ਵਿਚਾਰਧਾਰਾਵਾਂ ਨੂੰ ਮਣਨ ਵਾਲੇ ਮਨੁਖਾਂ ਵਾਸਤੇ ਵਰਤਿਆ ਹੈ:

ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
ਇਕਿ ਭਸਮ ਚੜ੍ਹ੍ਹਾਵਹਿ ਅੰਗਿ ਮੈਲੁ ਨ ਧੋਵਹੀ ॥ ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂਦ ਨ ਸੋਵਹੀ ॥ ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥ ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 1284)

ਕਿ ਗੁਰੂ ਨਾਨਕ ਸਾਹਿਬ ਕਿਸੇ ਐਸੇ ਸ਼ਬਦ-ਰੂਪ ਨੂੰ ਕੇਂਦਰ ਬਣਾ ਸਕਦੇ ਸਨ ਜਿਸਦੇ ਭਾਵ-ਅਰਥਾਂ ਵਿਚ ਸਥਿਰਤਾ ਹੀ ਨਾ ਹੋਵੇ?

ਡਾ. ਢਿੱਲੋਂ ਨੇ ਲੇਖ ਦਾ ਅੰਤ ਇਸ ਪੰਕਤੀ ਨਾਲ ਕੀਤਾ ਹੈ:

"ਸੋ ਸਾਰੇ ਪੱਖਾਂ ਤੋਂ ਵੇਖਿਆ ਜਾਵੇ ਤਾਂ 'ੴ' ਦਾ ਸਹੀ ਉਚਾਰਨ 'ਏਕੋ' ਜਾਂ 'ਇੱਕੋ' ਹੈ"

ਇੱਕ ਸ਼ਬਦ ਦੇ ਇੱਕੋ ਭਾਸ਼ਾ ਵਿੱਚ ਦੋ ਉਚਾਰਨ ਤੇ ਉਹ ਆਪ ਦੇ ਰਹੇ ਹਨ। ਇਸ ਤਰਾਂ ਤੇ ਹੋਰ ਬਹੁਤ ਸਾਰੇ ਉਚਾਰਨ ਵੀ ਸਹੀ ਕਹੇ ਜਾ ਸਕਦੇ ਹਨ- ਇੱਕ ਓ, ਇੱਕ ਉਹ, ਪਹਿਲਾ ਉਹ, ਪ੍ਰਥਮ ਉਹ, ਏਕੰ ਓ, ਏਕਸ ਉਹ…। ਇਹ ਉਚਾਰਨ ਤਰੀਕਾ ਤਾਂ ਭੰਗਲਭੂਸੇ ਦਾ ਘਰ ਬਣੇਗੀ। ਗੁਰਬਾਣੀ ਵਿਚ '੧' ਦੇ ਅੰਕ ਦਾ ਮਕਬੂਲ ਉਚਾਰਨ 'ਪਹਿਲਾ' ਹੈ, 'ਇੱਕ' ਨਹੀਂ। 'ਮਹਲਾ ੧' ਨੂੰ 'ਮਹਲਾ ਪਹਿਲਾ' ਕਿਹਾ ਜਾਂਦਾ ਹੈ ਨਾ ਕਿ 'ਮਹਲਾ ਇੱਕ' (ਸਵਈਏ ਮਹਲੇ ਪਹਿਲੇ ਕੇ ੧, ਗੁਰੂ ਗ੍ਰੰਥ ਸਾਹਿਬ: ਅੰਗ 1389)।

ਕੋਈ ਇਹ ਦਲੀਲ ਦੇ ਸਕਦਾ ਹੈ ਕਿ ਗਣਿਤ ਦੇ ਅੰਕ- ੧,੨,੩... ਹਮੇਸ਼ਾ ਇੱਕ, ਦੋ, ਤਿੱਨ... ਹੀ ਪੜੇ ਜਾਂਦੇ ਹਨ। ਪਹਿਲਾ, ਦੂਜਾ, ਤੀਜਾ... ਸ਼੍ਰੇਣੀਕਰਣ (gradation) ਦਰਸਾਉਂਦਾ ਹੈ ਜੋ ਅੰਕਾਂ ਤੋਂ ਭਿੰਨ ਹੈ। ਪਰ ਇਹ ਦਲੀਲ ਅਜੋਕੇ ਭਾਸ਼ਾ ਗਿਆਨ ਤੇ ਅਧਾਰਤ ਹੈ, ਇਹ ਅਸੂਲ ਗੁਰਬਾਣੀ ਤੇ ਲਾਗੂ ਨਹੀਂ ਹੁੰਦਾ। ਜਿਵੇਂ ਗੁਰਬਾਣੀ ਵਿਚ ਸ਼ਬਦ ਦੇ ਅਖੀਰ ਤੇ ਆਉਂਦੀ ਸਿਹਾਰੀ ਅਤੇ ਔਂਕੜ ਉਚਾਰਨ ਵਿਚ ਨਹੀਂ ਆਉਂਦੀ। ਇਸਲਈ 'ਸਬਦਿ ਨਾਮੁ' ਦਾ ਉਚਾਰਣ 'ਸ਼ਬਦ ਨਾਮ' ਹੁੰਦਾ ਹੈ। ਅਜ ਦਾ ਭਾਸ਼ਾ ਵਿਗਿਆਨ ਚਾਹੇ ਇਸ ਉਚਾਰਨ ਦੀ ਇਜਾਜ਼ਤ ਨਾ ਦੇਵੇ, ਪਰ ਇਸ ਦੇ ਉਚਾਰਨ ਬਾਰੇ ਕੋਈ ਦੁਵਿਧਾ ਨਹੀਂ। ਅਜੋਕੇ ਭਾਸ਼ਾ ਵਿਗਿਆਨ ਦੇ ਮੁਕਾਬਲੇ ਗੁਰਬਾਣੀ ਦੀ ਕਸਵੱਟੀ ਹੀ ਮੰਨੀ ਜਾਵੇਗੀ। ਇਸੇ ਤਰਾਂ ਅਜੋਕੇ ਸਮੇਂ ਵਿੱਚ ਭਾਵੇਂ ਅਸੀਂ ੧, ੨, ੩.. ਦਾ ਇੱਕ, ਦੋ, ਤਿੱਨ... ਉਚਾਰਨ ਕਰਿਏ, ਪਰ ਗੁਰਬਾਣੀ ਵਿਚ ਪਹਿਲਾ, ਦੂਜਾ, ਤੀਜਾ... ਉਚਾਰਨ ਹੀ ਮਕਬੂਲ ਹੈ। ਇਸ ਲਈ ਜੇਕਰ ਤਾਂ ੴ ਦਾ ਉਚਾਰਨ "ਸ਼ਬਦ-ਰੂਪ" ਕਰਕੇ ਕਰਨਾ ਹੈ ਤਾਂ ਫ਼ਿਰ '੧' ਦਾ ਉਚਾਰਨ 'ਪਹਿਲਾ' ਬਣੇਗਾ, ਹੋਰ ਕੁਝ ਨਹੀਂ।

ਦਰਅਸਲ ਡਾ. ਢਿਲੋਂ ਨੇ "ਸਾਰੇ ਪੱਖਾਂ ਤੋਂ" ਵੇਖਣਾ ਤਾਂ ਦੂਰ ਦੀ ਗਲ ਹੈ, ਗੁਰਬਾਣੀ ਵਿਚਾਰ ਦਾ ਅਹਿਮ ਪੱਖ ਵੇਖਿਆ ਹੀ ਨਹੀਂ।

ਕਰਤੇ ਦੇ ‘ਇੱਕ’ ਹੋਣ ਦਾ ਸੰਕਲਪ ਬਿਨਾ ਸ਼ਕ ਗੁਰਮੱਤ ਦਾ ਮੁਢਲਾ ਪਹਿਲੂ ਹੈ ਇਸੇ ਕਰਕੇ ਤਾਂ ਨਿਰਾਲੇ ਚਿੰਨ੍ਹ 'ੴ' ਦੀ ਬਣਤਰ ਦੀ ਸ਼ੁਰੂਆਤ '੧' ਦੇ ਹਿੰਦਸੇ ਤੋਂ ਹੁੰਦੀ ਹੈ।। ਗੁਰਬਾਣੀ ਵਿਚ ਅਨੇਕ ਸ਼ਬਦ ਹਨ ਜਿਚ ਵਿਚ ਕਰਤਾਰ ਨੂੰ -ਇੱਕ, ਏਕ, ਇੱਕੋ, ਏਕੋ, ਇਕਸ, ਏਕੰ, ਆਦਿ- ਦੇ ਅਹਿਮ ਗੁਣ ਨਾਲ ਬਿਆਨ ਕੀਤਾ ਹੈ। ਪਰ ਗੁਰਮੱਤ 'ਕੇਵਲ ਇੱਕ' ਦੀ ਵਿਚਾਰ ਨੂੰ ਪੂਰਾ ਨਹੀਂ ਮੰਨਦੀ। ਆਉ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਵਿਚਾਰ ਜਾਣਿਏ ਜਿਸ ਵਿਚ ਉਹ ਬੜੀ ਸਪਸ਼ਟਤਾ ਨਾਲ 'ਏਕੋ' ਦੀ ਵਿਚਾਰ ਨੂੰ ਅਧੂਰਾ ਮਨੰਦੇ ਹਨ ਜਿਸ ਕਾਰਣ ਹਉਮੇ ਦਾ ਈਲਾਜ ਨਹੀਂ ਹੋ ਪੈਂਦਾ:

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 930)

ਅਰਥ: (ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਉਹ ਇਕ ਹੈ, ਪਰ ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ।
ਜੇ ਮਨੁੱਖ ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇੱਕ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪ੍ਰਭੂ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।
ਪ੍ਰਭੂ ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝ। ਏਕੋ (ਉਹ ਆਪ) ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ।
ਹੇ ਨਾਨਕ! ਏਕੰਕਾਰ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ।

ਉਪਨਿਸ਼ਦਾਂ ਦੇ ਮੰਤਰ ਦੀ ਇਸੇ ਵਿਚਾਰ ਤੋਂ ਤਾਂ ਇਸ ਲੇਖ ਦੀ ਸ਼ੁਰੂਆਤ ਕਿਤੀ ਸੀ- 'ਏਕੋ ਬ੍ਰਹਮ ਦੁਤੀਆ ਨਾਸਿਤੀ'। ਤੀਜੇ ਪਾਤਸ਼ਾਹ ਵੀ ਇਹੀ ਸਮਝਾਉਂਦੇ ਹਨ ਕਿ 'ਏਕੋ' ਦੀ ਗਲ ਤਾਂ ਹਰ ਕੋਈ ਕਰੀ ਜਾਂਦਾ, ਪਰ 'ਏਕੋ' ਨੂੰ ਜਾਨਣ ਵਾਸਤੇ ਹੁਕਮ ਨੂੰ ਬੁਝਣਾ ਜ਼ਰੂਰੀ ਹੈ:

ਏਕੋ ਏਕੁ ਸਭੁ ਆਖਿ ਵਖਾਣੈ ॥ ਹੁਕਮੁ ਬੂਝੈ ਤਾਂ ਏਕੋ ਜਾਣੈ ॥ (ਮਃ ੩, ਗੁਰੂ ਗ੍ਰੰਥ ਸਾਹਿਬ: ਅੰਗ 1176)

ਇਹਨਾ ਸ਼ਬਦਾਂ ਦੀ ਵਿਚਾਰ ਤੋਂ ਉਪਰੰਤ ਵੀ ਅਗਰ ਕੋਈ ਗੁਰਬਾਣੀ ਦੇ ਮੁਢਲੇ ਅੱਖਰ 'ੴ' ਨੂੰ ਕੇਵਲ ‘ਏਕੋ’ ਦੇ ਸੰਖਯਾ-ਵਾਚਕ ਵਿਸ਼ੇਸ਼ਣ ਤਕ ਸੀਮਤ ਕਰ ਦੇਵੇ, ਇਹ ਉਸਦਾ ਗੁਰਬਾਣੀ ਵਿਚਾਰ ਪ੍ਰਤੀ ਅਵੇਸਲਾਪਨ ਹੀ ਕਿਹਾ ਜਾ ਸਕਦਾ ਹੈ। ਇਹਨਾ ਸ਼ਬਦਾਂ ਵਿਚ ਸਪਸ਼ਟ ਹੋ ਜਾਂਦਾ ਹੈ ਕਿ ‘ਏਕੋ’ ਦੇ ਨਾਲ-ਨਾਲ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਉਹ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਅਤੇ ਘਟ-ਘਟ ਵਿਚ ਸਮਾਇਆ ਹੋਇਆ ਹੈ। ਹਰ ਕਿਸੇ ਵਿਚ ਇਕ ਨੂੰ ਪਛਾਣਨ ਨਾਲ ਹੀ ਅਹੰਕਾਰ ਤੋਂ ਛੁਟਕਾਰਾ ਹੋ ਸਕਦਾ ਹੈ। ਅਹੰਕਾਰ ਉਹ ਭਾਵ ਹੈ ਜੋ ਕਹਿੰਦਾ ਹੈ ਕਿ ਮੈਂ (ਅਹੰ) ਕਰਤਾ (ਕਾਰ) ਹਾਂ। ਗੁਰੂ ਨਾਨਕ ਸਾਹਿਬ ਮਨੁਖ ਦੇ ਇਸ ਦੀਰਘ ਰੋਗ ਤੋਂ ਅਜ਼ਾਦੀ ਦੇਣ ਵਾਸਤੇ ਨਿਰਾਲਾ ਸ਼ਬਦ 'ਏਕੰਕਾਰ' ਦਿੰਦੇ ਹਨ ਜਿਸਦਾ ਭਾਵ ਹੈ ਕਰਣਹਾਰ ਇੱਕ ਹੈ, 'ਏਕੰ' ਦੀ ਹੀ ਸਾਰੀ ‘ਕਾਰ’ ਹੈ:

ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ ਦ੍ਰਿਸਟਿ ਆਵੈ ਸਭੁ ਏਕੰਕਾਰੁ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 189)

ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥ ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥ (ਮਃ ੩, ਗੁਰੂ ਗ੍ਰੰਥ ਸਾਹਿਬ: ਅੰਗ 30)

ਹੁਕਮ ਨੂੰ ਸਮਝਨਾ ਗੁਰਬਾਣੀ ਦਾ ਮੁਢਲਾ ਅਤੇ ਅਦੁੱਤੀ ਮਨੋਰਥ ਹੈ। ਹੁਕਮ ਜਾਂ ਨਾਮ ਵੀ ‘ਏਕੰ’ ਦੀ ‘ਕਾਰ’ ਵਿਚ ਹੀ ਆਉਂਦਾ ਹੈ:

ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 422)

ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥ (ਮਃ ੩, ਗੁਰੂ ਗ੍ਰੰਥ ਸਾਹਿਬ: ਅੰਗ 427)

ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ (ਮਃ ੩, ਗੁਰੂ ਗ੍ਰੰਥ ਸਾਹਿਬ: ਅੰਗ 1130)

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 463)

ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 1327)

ਪਾਠਕ ਡਾ. ਢਿੱਲੋਂ ਦੇ ਲੇਖ ਵਿੱਚੋਂ ਗੁਰਬਾਣੀ ਦੇ ਪ੍ਰਮਾਣਾਂ ਦੀ ਥੁੜ ਸਹਿਜੇ ਹੀ ਮਹਿਸੂਸ ਕਰ ਲੈਂਦਾ ਹੈ। ਕਾਰਨ ਸਾਫ਼ ਹੈ ਕਿ ਗੱਲ ਡਾ. ਢਿਲੋਂ ਨੇ ਆਪਣੀ ਕੀਤੀ ਹੈ, ਇਸਲਈ ਗੁਰਬਾਣੀ ਦੀ ਕਸਵੱਟੀ ਜ਼ਰੂਰੀ ਨਹੀਂ ਸਮਝੀ। ਜਿਥੇ ਕਿਤੇ ਗੁਰਬਾਣੀ ਦੇ ਉਦਾਹਰਨ ਦਿੱਤੇ ਹਨ ਉਹ ਆਪਣੇ ਨੂੰ ਸਹੀ ਸਾਬਤ ਕਰਨ ਲਈ 'ਵਰਤੇ' ਗਏ ਹਨ, ਗੁਰਬਾਣੀ ਤੋਂ ਸੇਧ ਲੈਣ ਲਈ ਨਹੀਂ।

ਡਾ. ਢਿੱਲੋਂ 'ਵਿਸ਼ੇਸ਼ਣ' ਨੂੰ 'ਸੰਗਯਾ' ਤੋਂ ਉਤੱਮ ਦੱਸਣ ਵਾਸਤੇ ਜੋ ਦਲੀਲ ਪੇਸ਼ ਕਰਦੇ ਹਨ, ਉਸ ਤੋਂ ਪਾਠਕ ਭਲੀ-ਭਾਂਤ ਸਮਝ ਜਾਣਗੇ ਕਿ ਉਹਨਾ ਦਾ ਲੇਖਨ ਕਿਸੇ ਬੇਸਮਝੀ ਜਾਂ ਭੋਲੇਪਨ ਵਿਚੋਂ ਨਹੀਂ ਬਲਕਿ ਜਾਨ ਬੁਝ ਕੀਤਾ ਦਿਸ਼ਾ-ਭਟਕਾਉ ਉਪਰਾਲਾ ਹੈ। ਉਹ ਲਿਖਦੇ ਹਨ:

"ਗੁਰਬਾਣੀ ਵਿਚ ਬ੍ਰਹਿਮੰਡੀ ਕਰਤਾਰ ਦੇ ਅਨੇਕਾਂ ਨਾਮ ਸ਼ਾਮਲ ਹਨ ਜਿਵੇਂ ਹਰਿ, ਭਗਵੰਤ, ਪ੍ਰਭੂ, ਪਾਰਬਰਹਮ, ਜਗਦੀਸ, ਅਲਹ, ਖੁਦਾ, ਰਾਮ (ਹਰ ਸ਼ੈ ਵਿੱਚ ਰਮਿਆ ਹੋਇਆ), ਓਅੰਕਾਰ, ਏਕੰਕਾਰ, ਗੋਬਿੰਦ, ਪਰਾਤਮਾ, ਪਰਮਾਤਮ, ਵਾਹਿਗੁਰੂ, ਪਰਮੇਸਰ ਆਦਿਕ (ਗੁਰਬਾਣੀ ਵਿੱਚ ਬ੍ਰਹਿਮੰਡੀ ਕਰਤਾਰ ਲਈ ‘ਪਰਮਾਤਮਾ’ ਭਾਵ 'ਪਰਮ+ਆਤਮਾ' ਨਾਮ ਨਹੀਂ ਵਰਤਿਆ ਗਿਆ)। ਪਰੰਤੂ ਇਹ ਸਭ ਕਿਰਤਮ (ਘੜੇ ਹੋਏ) ਨਾਮ ਹੀ ਹਨ ਅਤੇ ‘ੴ’ ਇਸ ਵਰਗ ਵਿਚ ਸ਼ਾਮਲ ਨਹੀਂ। ਗੁਰਬਾਣੀ ਬ੍ਰਹਿਮੰਡੀ ਕਰਤਾਰ ਲਈ ਸ਼ਬਦ 'ਕਰਤਾਰ' ਅਤੇ 'ਸਤਿ/ਸਚਾ' ਵੀ ਵਿਸ਼ੇਸ਼ਣੀ ਰੂਪ ਵਜੋਂ ਹੀ ਵਰਤੋਂ ਵਿਚ ਲਿਆਉਂਦੀ ਹੈ ਨਾਮ ਵਜੋਂ ਨਹੀਂ। ਇਹ ਵਿਚਾਰ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥"

ਡਾ. ਢਿੱਲੋਂ ਨੇ ਕਿਸ ਅਧਾਰ ਤੇ ਲਿੱਖ ਦਿੱਤਾ ਕਿ 'ੴ' ਕਿਰਤਮ ਨਾਮ ਨਹੀਂ?

ਕਿਰਤਮ ਨਾਮ ਤੋਂ ਭਾਵ ਹੈ ਉਹ ਸਾਰੇ ਨਾਮ ਜੋ ਰੱਬ ਵਾਸਤੇ ਮਨੁਖ ਨੇ ਜ਼ਬਾਨ ਨਾਲ ਘੜੇ ਹਨ ਉਹ ਚਾਹੇ ਗੁਰਬਾਣੀ ਵਿਚ ਹਨ ਜਾਂ ਨਹੀਂ। ਪਰਮਾਤਮਾ ਅਤੇ ਗੌਡ (God) ਵੀ ਕਿਰਤਮ ਨਾਮ ਹਨ ਚਾਹੇ ਗੁਰਬਾਣੀ ਵਿਚ ਨਹੀਂ ਹਨ। ਗੁਰਬਾਣੀ ਵਿਚ "ਬ੍ਰਹਿਮੰਡੀ ਕਰਤਾਰ" ਵੀ ਨਹੀਂ ਹੈ, ਇਹ ਵੀ ਕਿਰਤਮ ਨਾਮ ਹੈ ਜਿਸ ਦਾ ਨਾਮਕਰਨ ਡਾ. ਇਕਬਾਲ ਸਿੰਘ ਢਿੱਲੋਂ ਨੇ ਕੀਤਾ ਹੈ। 'ਸਤਿਨਾਮੁ' ਵੀ ਸ਼ਬਦ-ਰੂਪ ਵਿਚ ਆਪਣੇ ਆਪ ਵਿਚ ਕਿਰਤਮ ਨਾਮ ਹੀ ਹੈ। ਕਿਰਤਮ ਨਾਵਾਂ ਰਾਹੀਂ ਗੁਰੂ ਸਾਹਿਬ ਜਿਸ 'ਸਤਿ ਨਾਮੁ' ਦੀ 'ਵਿਚਾਰ' ਨਾਲ ਜੋੜਨਾ ਚਾਹੁੰਦੇ ਹਨ ਉਹ ਪਰਾ ਪੂਰਬਲਾ ਹੈ। 'ਰਾਮ' ਇੱਕ ਕਿਰਤਮ ਨਾਮ ਹੈ, ਪਰ ਘਟ-ਘਟ ਵਿਚ ਰੱਮੇ ਹੋਣ ਦਾ ਗੁਣ ਕਿਰਤਮ ਨਹੀਂ। ਸੋ ਏਕੰਕਾਰ ਦੇ ਹਰੇਕ ਕਿਰਤਮ ਨਾਮ ਦੇ ਗੁਣਾ ਦੀ ਵਿਚਾਰ ਸਤਿਨਾਮੁ ਹੀ ਹੈ। ਗੁਰੂ ਸਾਹਿਬ ਇਸ ਸ਼ਬਦ ਰਾਹੀਂ ਕਿਰਤਮ ਨਾਵਾਂ ਨੂੰ ਜ਼ਬਾਨ ਰਾਹੀਂ ਰਟਣ ਤਕ ਸੀਮਤ ਕਰ ਦੇਣ ਦੀ ਬਜਾਏ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿਚ ਉਤਾਰਨ ਦਾ ਉਪਦੇਸ਼ ਦਿੰਦੇ ਹਨ।

ਪ੍ਰੋਫੈਸਰ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਅੰਗ 1083 ਤੇ ਇਸ ਸ਼ਬਦ ਦਾ ਬਹੁਤ ਭਾਵ-ਪੂਰਨ ਅਰਥ ਕਰਦੇ ਹਨ:

"ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।"

'ੴ' ਵੀ ਕਿਰਤਮ ਨਾਮ ਹੈ ਜੋ ਚਿੰਨ੍ਹ-ਰੂਪ ਵਿਚ ਹੈ। ਸਿੱਖ ਵਾਸਤੇ 'ੴ' ਦੀ ਮਹੱਤਤਾ ਇਹ ਹੈ ਕਿ ਇਹ ਕਿਰਤਮ ਨਾਮ ਗੁਰੂ ਨਾਨਕ ਸਾਹਿਬ ਨੇ ਆਪ ਘੜਿਆ ਹੈ, ਜਿਸ ਦੀ 'ਏਕੰਕਾਰ' ਰਾਂਹੀ ਵਿਚਾਰ ਪਰਾ ਪੂਰਬਲਾ ਹੈ। 'ਏਕੰਕਾਰ' ਸ਼ਬਦ ਵੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਘੜਿਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਏਕੰਕਾਰ' ਦੇ ਵਿਚਾਰ ਦਾ ਹੀ ਵਿਸਥਾਰ ਕਰਦੀ ਹੈ। ‘ਏਕੰਕਾਰ’ ਦੀ ਵਿਚਾਰ ਵਿਚ ਸਹਿਜੇ ਹੀ ਇੱਕ (ਏਕੰ) ਦਾ ਸਿਧਾਂਤ, ਕਾਰ-ਰੂਪੀ ਹੁਕਮ ਜਾਂ ਨਾਮ, ਅਤੇ ਮਨੁਖ ਦੇ ਦੀਰਘ ਰੋਗ (ਅਹੰਕਾਰ) ਨੂੰ ਚੁਨੌਤੀ ਦੇਣ ਦਾ ਸੰਕਲਪ ਮਿਲ ਜਾਂਦਾ ਹੈ।

ਡਾ. ਢਿੱਲੋਂ ਆਪਣੇ ਵਲੋਂ ਘੜੇ ਕਿਰਤਮ ਨਾਮ "ਬ੍ਰਹਿਮੰਡੀ ਕਰਤਾਰ" ਤੇ ਕਦੇ "ਕਰਤਾਰੀ ਬ੍ਰਹਿਮੰਡੀ" ਨੂੰ ਬਾਰ-ਬਾਰ ਲਿਖਦੇ ਥੱਕਦੇ ਨਹੀਂ, ਪਰ ਗੁਰੂ ਸਾਹਿਬ ਦੀ ਕਿਰਤ 'ਏਕੰਕਾਰ' ਤੋਂ ਮੁਨਕਰ ਹਨ। ਡਾ. ਢਿੱਲੋਂ ਦਾ ਨਾਮਕਰਨ ਜਿਸ ਸੋਚ ਵਿਚੋਂ ਜਨਮਿਆ ਹੈ ਉਹ ਉਹਨਾ ਆਪਣੇ ਲੇਖ 'ਜਪੁ-ਬਾਣੀ ਅਤੇ ਰੱਬ ਦਾ ਸੰਕਲਪ' ਵਿਚ ਦਰਜ ਕੀਤਾ ਹੈ:

"‘ਜਪੁ ਬਾਣੀ’ ਵਿਚ ਪਰੰਪਰਾਗਤ ਰੱਬ ਦੇ ਵਿਕਲਪ ਦੇ ਤੌਰ ਤੇ ਜਿਸ ਸਰਵਸ੍ਰੇਸ਼ਟ ਬ੍ਰਹਮੰਡੀ ਹੋਂਦ ਨੂੰ ਸਵੀਕਾਰਿਆ ਗਿਆ ਹੈ ਉਹ ਸੈਭੰ ਹੈ, ਕਰਤਾ ਹੈ, ਦਾਤਾਰ ਹੈ, ਸਦੀਵੀ ਹੈ ਅਤੇ ਨਿਰੰਕਾਰ ਹੈ।...
ਇਸ ਤਰ੍ਹਾਂ ਗੁਰੂ ਨਾਨਕ ਜੀ ਵੱਲੋਂ ਵੱਖ-ਵੱਖ ਮਜ਼ਹਬਾਂ/ਧਰਮਾਂ (religions) ਵੱਲੋਂ ਮੰਨੇਂ ਅਤੇ ਪਰਚਾਰੇ ਜਾਂਦੇ ਕਾਲਪਨਿਕ ਰੱਬ/ਪਰਮਾਤਮਾ ਨੂੰ ਅਸਵੀਕਾਰ ਕਰਦੇ ਹੋਏ ਬ੍ਰਹਮੰਡ ਨੂੰ ਆਪਣੀ ਵਿਚਾਰਧਾਰਾ ਦਾ ਕੇਂਦਰ ਬਣਾਉਣਾ ਅਤੇ ਉਸ ਵਿਚ ਮਨੁੱਖ ਦੇ ਸਥਾਨ ਅਤੇ ਭੂਮਿਕਾ ਨੂੰ ਸਪਸ਼ਟ ਕਰਨਾ ਨਿਸਚੇ ਹੀ ਇਕ ਕਰਾਂਤੀਕਾਰੀ ਕਦਮ ਸੀ।"

ਦਰਅਸਲ ਡਾ. ਢਿੱਲੋਂ ਬ੍ਰਹਮੰਡ ਨੂੰ ਹੀ ਸਰਵਸ੍ਰੇਸ਼ਟ ਅਤੇ ਕਰਤਾਰ ਮੰਨ ਬੈਠੇ ਹਨ। ਗੁਰਬਾਣੀ ਵਿਚ ਤਾਂ ਬ੍ਰਹਮੰਡ ਨੂੰ 'ਇੱਕ' ਹੀ ਨਹੀਂ ਮੰਨਿਆ ਗਿਆ। ਗੁਰਬਾਣੀ ਕਈ ਬ੍ਰਹਮੰਡਾਂ ਦੀ ਗੱਲ ਕਰਦੀ ਹੈ। ਡਾ. ਢਿੱਲੋਂ ਨੇ 'ਹੁਕਮ' ਦਾ ਇੱਕ ਪੱਖ, ਬ੍ਰਹਮੰਡੀ ਨਿਯਮ-ਪ੍ਰਬੰਧ, ਨੂੰ ਹੀ ਸੰਪੂਰਨ ਸਮਝ ਲਿਆ ਹੈ। ਉਹ ਲਿਖਦੇ ਹਨ:

"ਕੇਵਲ ਬ੍ਰਹਮੰਡੀ ਨਿਯਮ-ਪ੍ਰਬੰਧ ਹੀ ਇੱਕੋ-ਇਕ ਐਸੀ ਹਸਤੀ ਹੈ ਜੋ ਬ੍ਰਹਮੰਡ ਦੇ ਸਾਰੇ ਅੰਸ਼ਾਂ ਅਤੇ ਜੀਵਾਂ ਦਾ ਕਰਤਾ ਹੋਣ ਦੇ ਨਾਲ-ਨਾਲ ਉਹਨਾ ਦਾ ਪਾਲਣਹਾਰ ਵੀ ਹੈ।"

ਜੇ ਬ੍ਰਹਮੰਡ ਹੀ ਇੱਕ ਨਹੀਂ, ਤਾਂ ਬ੍ਰਹਮੰਡੀ ਨਿਯਮ-ਪ੍ਰਬੰਧ ਵਿਚ ਇੱਕਸਾਰਤਾ ਕਿਵੇਂ ਹੋ ਸਕਦੀ ਹੈ?

ਮੈਲੇ ਬ੍ਰਹਮੰਡਾਇ ਕੈ ਈਸ ॥ ਮੈਲੇ ਨਿਸਿ ਬਾਸੁਰ ਦਿਨ ਤੀਸ ॥ (ਭ: ਕਬੀਰ, ਗੁਰੂ ਗ੍ਰੰਥ ਸਾਹਿਬ: ਅੰਗ 1158)

ਜੋ ਇੱਕ ਹੀ ਨਹੀਂ ਉਹ ਸਿੱਖ ਦੀ "ਵਿਚਾਰਧਾਰਾ ਦਾ ਕੇਂਦਰ" ਕਿਵੇਂ ਹੋ ਸਕਦਾ ਹੈ? ਇਹ ਗੱਲ 'ਇੱਕੋ' ਉਚਾਰਨ ਵਾਲੇ ਨੂੰ ਸਮਝਾਣੀ ਪਵੇ, ਇਹ ਅਧੂਰਾਪਨ ਸੁਭਾਵਕ ਹੀ ਹੈ। ਕਿਉਂਕੀ ਗੁਰਬਾਣੀ ਵਿਚਾਰ ਰਾਹੀਂ ਅਸੀਂ ਸਮਝਿਆ ਸੀ ਕਿ 'ਇੱਕੋ' ਦੀ ਵਿਚਾਰ ਆਪਣੇ-ਆਪ ਵਿਚ ਅਧੂਰੀ ਹੈ ਜਦ ਤਕ ਇਹ ਨਾ ਸਮਝਿਆ ਜਾਵੇ ਕਿ 'ਕਰਣਹਾਰ' ਇੱਕੋ ਹੈ। ਸਿੱਖ ਦੀ ਵਿਚਾਰਧਾਰਾ ਦਾ ਕੇਂਦਰ ਉਹ ਏਕੰਕਾਰ ਹੈ ਜੋ ਕਈ ਬ੍ਰਹਮੰਡਾਂ ਦਾ ਸਿਰਜਣਹਾਰ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਏਕੰਕਾਰ ਦੇ 'ਹੁਕਮ' ਵਿਚ ਹੀ ਕਈ ਬ੍ਰਹਮੰਡ ਅਤੇ ਕਈ ਬ੍ਰਹਮੰਡੀ ਨਿਯਮ-ਪ੍ਰਬੰਧ ਚਲ ਰਹੇ ਹਨ:

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 9)

ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 907)

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 1036)

ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 276)

ਜੇਕਰ ਡਾ. ਢਿੱਲੋਂ ਨੂੰ ਗੁਰਬਾਣੀ ਨਾਲੋਂ ਵਿਗਿਆਨ ਤੇ ਜ਼ਿਆਦਾ ਭਰੋਸਾ ਹੈ, ਤਾਂ ਦੱਸ ਦਇਏ ਅਜੋਕੇ ਭੌਤਿਕ ਸਾਇੰਸਦਾਨਾਂ ਵਿਚ ਵੀ ਕਈ ਬ੍ਰਹਮੰਡਾਂ (Multiverse) ਦੇ ਅਸਤਿਤਵ ਤੇ ਗੰਭੀਰ ਚਰਚਾ ਚਲ ਰਹੀ ਹੈ। ਅਨਿਸ਼ਚਿਤਤਾ ਦੇ ਸਿਧਾਂਤ (Uncertainty Principle) ਤੇ ਖੜੀ ਕੁਆਂਟਮ ਮਕੈਨਿਕਸ (Quantum Mechanics) ਦੀ ਜਿਵੇਂ-ਜਿਵੇਂ ਸਮਝ ਵੱਧ ਰਹੀ ਹੈ, ਜਿੱਥੇ 'ਬ੍ਰਹਮੰਡੀ ਨਿਯਮ-ਪ੍ਰਬੰਧ' ਦੀ ਇੱਕਸਾਰਤਾ ਨੂੰ ਚੁਨੌਤੀ ਮਿਲ ਰਹੀ ਹੈ, ਉਥੇ ਹੀ ਵਿਗਿਆਨੀਆਂ ਵਿਚ ਅਨੇਕ ਬ੍ਰਹਮੰਡ ਹੋਣ ਤੇ ਵੀ ਸਹਿਮਤੀ ਬਣਦੀ ਜਾ ਰਹੀ ਹੈ। ਬਿਅੰਤ ਪਸਾਰੇ ਦੇ ਕਰਣਹਾਰ ਬਾਰੇ ਅਸੀਂ ਇਸ ਤੋਂ ਵੱਧ ਨਹੀਂ ਕਹਿ ਸਕਦੇ:

ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 284)

ਇਸ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਡਾ. ਇੱਕਬਾਲ ਸਿੰਘ ਢਿੱਲੋਂ ਦੀਆਂ ਮੂਲ ਧਾਰਨਾਵਾਂ ਨਾ ਤੇ ਵਿਗਿਆਨ ਤੇ ਅਧਾਰਤ ਹਨ ਅਤੇ ਨਾ ਹੀ ਗੁਰਬਾਣੀ ਤੇ:

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 612)

'ੴ' (ਏਕੰਕਾਰ) ਤੋਂ ਸਿਵਾ ਹੋਰ ਕੁਛ ਨਹੀਂ ਜਿਸਨੂੰ 'ਸਤਿਨਾਮੁ' ਕਿਹਾ ਜਾ ਸਕੇ। ਕਿਉਂਕੀ ਏਕੰਕਾਰ ਦਾ ਨਾਮੁ 'ਕਰਤਾ ਪੁਰਖੁ', 'ਨਿਰਭਉ' ਤੇ 'ਨਿਰਵੈਰੁ' ਦੇ ਹੁਕਮ ਅਧੀਨ ਇੱਕਸਾਰ ਵਿਚਰਦਾ ਹੈ। ਇਹ ਨਾਮੁ 'ਅਕਾਲ ਮੂਰਤਿ', 'ਅਜੂਨੀ' ਤੇ 'ਸੈਭੰ' ਦੇ ਗੁਣਾ ਕਰਕੇ ਸਤਿ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿਚ ਆਉ ਤਾਂ ਜੋ 'ਗੁਰਪ੍ਰਸਾਦਿ' ਰਾਂਹੀਂ ਸਾਰੀ ਦੁਵਿਧਾ ਮਿੱਟ ਸਕੇ।

ੴ ਦੀ ਬਣਤਰ

ਗੁਰੂ ਨਾਨਕ ਸਾਹਿਬ ਦੀ ਕਲਪਨਾ ਵਿਚੋਂ ਜਨਮੀ ਇਸਦੀ ਬਣਤਰ ਵੀ ਆਪਣੇ-ਆਪ ਵਿਚ ਨਿਰਾਲੀ ਹੈ। ਗਣਿਤ ਦਾ '੧' ਕਰਣਹਾਰ ਦੇ 'ਇੱਕ' ਹੋਣ ਨੂੰ ਪੱਕਾ ਕਰਦਾ ਹੈ, ਅਖੀਰ ਵਿਚ ਚਿੱਤਰਕਲਾ ਦੀ ਰੇਖਾ ਜਿਸਦਾ ਛੋਰ ਖੁੱਲ੍ਹਾ ਹੈ, ਕਰਤਾਰ ਦੇ 'ਅਨਿਸ਼ਚਤਕਾਲ' ਨੂੰ ਦਰਸਾਉਂਦੀ ਹੈ। ਦੋ ਇਕਾਈਆਂ ਦੇ ਵਿਚਕਾਰ ਵਰਣਮਾਲਾ ਦੀ ਇਕਾਈ 'ਓ' 'ਸ਼ਬਦ-ਗੁਰੂ' ਵਾਸਤੇ ਹੈ। ਇੱਕ ਕਰਣਹਾਰ, ਜਿਸਦਾ ਕੋਈ ਅੰਤ ਨਹੀਂ, ਦੇ ਹੁਕਮ ਵਿਚ ਜੀਵਨ ਸਫ਼ਲਾ ਕਰਨ ਵਾਸਤੇ ਸੁਰਤ ਨੂੰ ਸ਼ਬਦ-ਗੁਰੂ ਦੇ ਲੜ ਲਾਇਆ ਹੈ। ਇਸੇ ਸਿਧਾਂਤ ਦੀ ਵਿਆਖਿਆ ਮੂਲ-ਮੰਤਰ ਕਰਦਾ ਹੈ, ਇਸੇ ਦੀ ਵਿਆਖਿਆ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ। ਇਹ ਹੀ ਤਾਂ 'ਏਕੰਕਾਰ' ਦੀ ਵਿਚਾਰ ਹੈ।

'ੴ' ਦੀ ਬਣਤਰ ਅਤੇ ਉਚਾਰਨ ਸਿਧਾਂਤ ਕਰਕੇ ਜੁੜੇ ਹਨ। ਇਕ ਵਿਲੱਖਣ ਮਿਸ਼ਰਤ ਲਿੱਪੀ ਸਮਾਸ ਹੋਣ ਕਾਰਨ ਇਸਦੀ ਬਣਤਰ ਵਿਚ ਵਰਤੀ ਗਈਆਂ ਤਿੱਨ ਇਕਾਈਆਂ ਨੂੰ ਸ਼ਬਦ-ਸੰਖੇਪ (abbreviation) ਵਜੋਂ ਸਮਝ ਕੇ ਉਚਾਰਨ ਨਹੀਂ ਕੀਤਾ ਜਾ ਸਕਦਾ। ਇਹ ਹੁਣ ਇੱਕ ਅੱਖਰ, ਇੱਕ ਚਿੰਨ੍ਹ, ਇੱਕ ਲੋਗੋ ਬਣ ਗਿਆ ਹੈ ਜਿਸਦਾ ਉਚਾਰਨ 'ਏਕੰਕਾਰ' ਹੈ।

ੴ ਦਾ ਉਚਾਰਨ 'ਏਕੰਕਾਰ' ਹੈ

ਸਾਡਾ ਪਹਿਲਾ ਸਵਾਲ ਹੋਣਾ ਚਾਹੀਦਾ ਹੈ ਕਿ 'ੴ' ਚਿੰਨ੍ਹ ਦਾ ਕਰਤਾ ਕੌਣ ਹੈ?
ਦੂਸਰਾ ਸਵਾਲ ਕਿ 'ੴ' ਚਿੰਨ੍ਹ ਦੇ ਕਰਤੇ ਨੇ ਇਸਦਾ ਉੱਚਾਰਣ ਕਿ ਕੀਤਾ ਹੈ?

ਇਹਨਾ ਸਵਾਲਾਂ ਦਾ ਗੁਰਬਾਣੀ ਵਿੱਚੋਂ ਜਵਾਬ ਇਹ ਹੀ ਮਿਲੇਗਾ ਕਿ 'ੴ' ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਕਿੱਰਤ ਹੈ, ਇਸਦਾ ਉਚਾਰਣ 'ਏਕੰਕਾਰ' ਵੀ ਗੁਰੂ ਸਾਹਿਬ ਜੀ ਦੀ ਆਪਣੀ ਹੀ ਕਿੱਰਤ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਪਹਿਲਾਂ, ਨਾ ਤੇ 'ੴ' ਚਿੰਨ੍ਹ ਦੀ ਕੋਈ ਹੋਂਦ ਸੀ ਅਤੇ ਨਾ ਹੀ 'ਏਕੰਕਾਰ' ਸ਼ਬਦ ਦੀ ਕਿਸੇ ਭਾਸ਼ਾ ਵਿਚ ਕੋਈ ਹੋਂਦ ਸੀ। 'ਏਕੰਕਾਰ' ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ੧੩ ਵਾਰ ਆਇਆ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿਚ ਕੁਲ ੩੭ ਵਾਰ।

ਇਹ ਸਵਾਲ ਅਕਸਰ ਪੁਛਿਆ ਜਾਂਦਾ ਹੈ ਕਿ, ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਲਿਖਿਆ ਹੈ ਕਿ 'ੴ' ਦਾ ਉਚਾਰਨ 'ਏਕੰਕਾਰ' ਹੈ? ਪਰ ਇਹ ਸਵਾਲ ਤੇ ਹਰ ਉਚਾਰਨ ਤੇ ਬਰਾਬਰ ਲਾਗੂ ਹੁੰਦਾ ਹੈ- ਇੱਕਓਅੰਕਾਰ, ਏਕ ਓਮਕਾਰ, ਇੱਕੋ, ਏਕੋ, ਇੱਕ ਓ ਬਿਅੰਤ, ਏਕੰਕਾਰ, ਅਦਿ। ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੁਛ ਨਾਮ ਤਾਂ ਇੱਕ ਵਾਰ ਵੀ ਨਹੀਂ ਆਉਂਦੇ, ਜਿਵੇਂ- ਇੱਕਓਅੰਕਾਰ, ਇੱਕ ਓ ਬਿਅੰਤ। 'ਇੱਕੋ' ਬਾਰੇ ਅਸੀਂ ਵਿਚਾਰ ਕਰ ਹੀ ਰਹੇ ਹਾਂ ਕਿ ਇਸਦੀ ਵਰਤੋਂ ਸਿਧਾਂਤ ਨੂੰ ਅਧੂਰਾ ਅਤੇ ਅਸਥਿਰ ਬਣਾ ਦਿੰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿਚ ਭਾਵੇਂ ਕਿਸੇ ਉਚਾਰਨ ਬਾਰੇ ਸਿਧੇ ਤੋਰ ਤੇ ਨਿਰਦੇਸ਼ ਨਹੀਂ ਮਿਲਦਾ। ਪਰ ਸਭ ਤੋਂ ਅਹਿਮ ਸਵਾਲ ਕਿ, ਕੀ ਗੁਰੂ ਨਾਨਕ ਸਾਹਿਬ ਜੀ ਵਲੋਂ ਘੜੇ ਨਿਰਾਲੇ ਚਿੰਨ੍ਹ (ੴ) ਅਤੇ ਵਿਚਾਰ-ਭਰਪੂਰ ਸ਼ਬਦ (ਏਕੰਕਾਰ) ਵਿਚ ਜਮਾਂਦਰੂ ਨੇੜਤਾ ਨਹੀਂ ਦਿੱਸਦੀ? ਕਿ ਵਿਲੱਖਣ ਚਿੰਨ੍ਹ 'ੴ' ਅਤੇ ਨਵਾਂ ਸ਼ਬਦ 'ਏਕੰਕਾਰ' ਦੋਹਾਂ ਨੂੰ ਪੈਦਾ ਕਰਨ ਵਾਲਾ ਪਿਤਾ ਇੱਕ ਨਹੀਂ? ਹੋਰ ਕਿਸ ਚਿੰਨ੍ਹ ਅਤੇ ਸ਼ਬਦ ਵਿਚ ਇਹ ਸਾਂਝ ਦਿੱਸਦੀ ਹੈ?

ਏਕੰਕਾਰ ਬਾਰੇ ਡਾ. ਢਿੱਲੋਂ ਦੀ ਦਲੀਲ ਮੁਢੋਂ ਹੀ ਰੱਦ ਕਰ ਦੇਣ ਵਾਲੀ ਹੈ। ਉਹ ਇਸਦਾ ਸੰਧੀ-ਛੇਦ ਇਸ ਤਰੀਕੇ ਨਾਲ ਕਰਦੇ ਹਨ:

"ਏਕੰਕਾਰ = ਏਕ + ਅਙ + ਕਾਰ"

ਜਦਕਿ ਅਸੀਂ ਵਿਚਾਰ ਕੀਤੀ ਹੈ ਕਿ ਗੁਰਬਾਣੀ ਵਿਚ ਵਰਤੋਂ ਦੇ ਅਧਾਰ ਤੇ ਬੜਾ ਹੀ ਸਰਲ ਸੰਧੀ-ਛੇਦ ਕੀਤਾ ਜਾ ਸਕਦਾ ਹੈ:

'ਏਕੰਕਾਰ = ਏਕੰ + ਕਾਰ'। ਬਿਲਕੁਲ ਉਸੇ ਤਰਾਂ ਜਿਵੇਂ 'ਅਹੰਕਾਰ' ਦਾ ਸੰਧੀ-ਛੇਦ 'ਅਹੰ + ਕਾਰ' ਹੁੰਦਾ ਹੈ।

ਦਰਅਸਲ 'ਏਕੰਕਾਰ' ਦੀ ਧੁਨੀ 'ਓਅੰਕਾਰ' ਦੇ ਨਾਲ ਮੇਲ ਖਾਣ ਕਰਕੇ ਇਹ ਗਲਤੀ ਬਹੁਤੇ ਵਿਦਵਾਨਾ ਕੋਲੋਂ ਹੋਈ ਹੈ। ਇਹ ਵੀ ਵੱਡਾ ਕਾਰਨ ਹੈ ਪਰਚਾਰਕਾਂ ਦਾ ਧਿਆਨ 'ਏਕੰਕਾਰ' ਦੀ ਸੁਤੰਤਰ ਵਿਚਾਰ ਵਲ ਨਹੀਂ ਜਾ ਸਕਿਆ। ਜਿਵੇਂ ਹੀ 'ਏਕੰਕਾਰ' ਸ਼ਬਦ ਸਾਹਮਣੇ ਆਉਂਦਾ ਹੈ ਪੂਰਵ-ਧਾਰਨਾ ਦੇ ਅਧਾਰ ਤੇ 'ਇੱਕਓਅੰਕਾਰ' ਵਲ ਧਿਆਨ ਚਲੇ ਜਾਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਵੀ 'ਏਕੰਕਾਰ' ਦੀ ਸਵਤੰਤਰ ਵਿਚਾਰ ਕਰਨ ਦੀ ਬਜਾਏ 'ਏਕਓਅੰਕਾਰ' ਦੇ ਨਾਲ ਮਿਲਾਕੇ ਅਰਥ ਕਰਦੇ ਹੋਏ ਜਪੁ ਬਾਣੀ ਦੇ ਮੰਗਲਾਚਰਨ ਵਿਚ ਲਿਖਦੇ ਹਨ:

"ਏਕੰਕਾਰੁ = ਏਕ ਓਅੰਕਾਰ, ਉਹ ਇਕ ਓਅੰ ਜੋ ਇਕ-ਰਸ ਹੈ, ਜੋ ਹਰ ਥਾਂ ਵਿਆਪਕ ਹੈ।"

ਪਰ ਡਾ. ਇਕਬਾਲ ਸਿੰਘ ਢਿੱਲੋਂ ਤਾਂ ਭਾਸ਼ਾ ਵਿਗਿਆਨੀ ਹਨ। ਉਹਨਾ ਵਲੋਂ ਵੀ ਇਹ ਟੱਪਲਾ ਖਾ ਜਾਣਾ ਕੁਝ ਠੀਕ ਨਹੀਂ ਲਗਦਾ, ਖਾਸਕਰ ਉਦੋਂ ਜਦ ਉਹ 'ਓਅੰਕਾਰ' ਦੀ "ਰੂਪ-ਵਿਗਿਆਨਕ ਸੰਰਚਨਾ ਦਾ ਵਿਸ਼ਲੇਸ਼ਣ" ਇਸ ਤਰੀਕੇ ਨਾਲ ਕਰਦੇ ਹਨ:

"ਓਅੰਕਾਰ = ਓਅੰ + ਕਾਰ"

ਤੇ ਫਿਰ ਏਕੰਕਾਰ ਦਾ ਦੂਸਰੇ ਢੰਗ ਨਾਲ ਕਿਉਂ ਕੀਤਾ? ਸ਼ਾਇਦ ਇਹ ਪੂਰਵ ਧਾਰਨਾ ਨੂੰ ਥੋਪਣ ਦੀ ਪ੍ਰਵਿਰਤੀ ਦੇ ਕਾਰਨ ਹੋ ਗਿਆ ਹੋਵੇ।

ਗੁਰਬਾਣੀ ਵਿੱਚ 'ਏਕੰ' ਸੁਤੰਤਰ ਸ਼ਬਦ ਰੂਪ ਵਿੱਚ ਵੀ ਵਰਤਿਆ ਗਿਆ ਹੈ:

ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 360)

ਸਾਰਾ ਭੁਲੇਖਾ 'ਚਿੰਨ੍ਹ' ਅਤੇ 'ਸ਼ਬਦ' ਵਿਚ ਅੰਤਰ ਨੂੰ ਨਾ ਸਮਝਨ ਕਾਰਨ ਹੈ। ਅਗਰ ਇਸ ਦਾ ਉਚਾਰਨ ਸ਼ਬਦ ਕਰ ਕੇ ਕਰਾਂਗੇ, ਤਾਂ ਕਦੇ ਵੀ ਸਿੱਟੇ ਤੇ ਨਹੀਂ ਪਹੁੰਚ ਸਕਦੇ। ਕਿਉਂਕੀ ਸ਼ਬਦ ਮਣਨ ਕਾਰਨ ਇਸਦੀ ਬਣਤਰ ਵਿਚ ਵਰਤੀ ਗਈ ਤਿੱਨ ਇਕਾਈਆਂ- ਗਣਿਤ ਦਾ '੧', ਵਰਣਮਾਲਾ ਦਾ 'ਓ' ਅਤੇ ਚਿੱਤਰਕਲਾ ਦੀ ਰੇਖਾ ਨੂੰ ਵੱਖ-ਵੱਖ ਕਰਕੇ ਉਚਾਰਨ ਦੇਣਾ ਪਵੇਗਾ। ਇਸ ਤਰਾਂ '੧' ਦਾ ਉਚਾਰਨ 'ਪਹਿਲਾ' ਬਣੇਗਾ। ਅਤੇ ਹਰ ਕੋਈ ਆਪਣੇ ਵਿਚਾਰ ਨਾਲ ਉਚਾਰਨ ਦੇਵੇਗਾ।

ਵੈਸੇ ਤਾਂ ਗਣਿਤ ਦੇ ਹਿੰਦਸੇ ਅਤੇ ਵਰਣਮਅਲਾ ਦੇ ਜੋੜ ਨਾਲ ਹੀ ਸਾਫ਼ ਹੋ ਜਾਂਦਾ ਹੈ ਕਿ ਇਹ ਹੁਣ ਭਾਸ਼ਾ ਦੇ ਨਿਯਮਾਂ ਤੋਂ ਮੁਕਤ ਹੋਕੇ ਸ਼ਬਦ ਨਹੀਂ ਰਿਹਾ। ਪਰ ਇਹ ਕੇਵਲ ਦੋ ਨਹੀਂ, ਇਹ ਤਾਂ ਤਿੱਨ ਇਕਾਈਆਂ ਤੋਂ ਬਣਿਆ ਹੈ। ਚਿੱਤਰਕਲਾ ਦੀ ਰੇਖਾ ਇਸਨੂੰ ਵਿਲੱਖਣ ਬਣਾਉਂਦੀ ਹੈ। ਇਸਦੇ ਬਾਵਜੂਦ ਇਸਨੂੰ "ਸ਼ਬਦ-ਰੂਪ" ਕਹਿਣਾ ਹਠ ਹੈ।

ਪਰ ਅਫ਼ਸੋਸ ਤਿੱਨ ਇਕਾਈਆਂ ਨੂੰ ਵੱਖ-ਵੱਖ ਕਰਕੇ ਉਚਾਰਨ ਕਰਨ ਦੀ ਧਾਰਨਾ ਇਤਨੀ ਹਾਵੀ ਹੈ ਕਿ ਜਿਹੜੇ ਵਿਦਵਾਨ ਇਸਨੂੰ 'ਚਿੰਨ੍ਹ' ਜਾਂ ਲੋਗੋ (logo) ਵੀ ਮਣਦੇ ਹਨ, ਉਹ ਵੀ ਉਚਾਰਨ ਕਰਨ ਲਗੀਆਂ ਸ਼ਬਦ-ਸੰਖੇਪ (abbreviation) ਵਾਂਗ ਕਰਨ ਦੀ ਗਲਤੀ ਕਰ ਜਾਂਦੇ ਹਨ।

ਪ੍ਰੋ: ਦਵਿੰਦਰ ਸਿੰਘ ਚਾਹਲ ਦੀ ਕਿਤਾਬ ਹੈ 'ਜਪੁ ਦ ਅਸੈਂਸ ਔਫ਼ ਨਾਨਕਿਅਣ ਫਿਲਾਸਫੀ' (JAP The essence of Nanakian Philosophy)। ਪਾਠਕ ਇੱਕ ਹੋਰ ਨਵੇਂ ਨਾਮ ਵਲ ਜ਼ਰੂਰ ਧਿਆਨ ਦੇਣ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 'ਸਿੱਖੀ' ਜਾਂ 'ਗੁਰਮੱਤ' ਦੇ ਨਾਮ ਨਾਲ ਮਕਬੂਲ ਹੈ। ਪਰ ਪ੍ਰੋ: ਦਵਿੰਦਰ ਸਿੰਘ ਚਾਹਲ ਨੂੰ "ਨਾਨਕਿਅਣ ਫਿਲਾਸਫੀ" ਜ਼ਿਆਦਾ ਭਾਇਆ। ਇਹ ਭੱਦੀ ਸ਼ਬਦਾਵਲੀ ਨੇ 'ਨਾਨਕ' ਨਾਮ ਤੇ ਵਿਗਾੜਿਆ ਹੀ, ਨਾਲੇ 'ਗੁਰਮੱਤ' ਦੇ ਭਾਵ-ਪੂਰਨ ਸ਼ਬਦ ਨੂੰ ਪੱਛਮ ਦੇ ਕਿਸੇ ਫ਼ਿਲਾਸਫ਼ਰ ਦੀ ਫਿਲਾਸਫੀ ਦੀ ਤਰਜ ਤੇ ਲਿਆ ਡੇਗਿਆ। ਨਵੇਂ ਨਾਮ ਘੜਣ ਦੀ ਇਸੇ ਪਿਰਤ ਵਿਚੋਂ ਉਹਨਾ ਨੇ 'ੴ' ਦਾ ਉਚਾਰਨ "ਇੱਕ ਓ ਬਿਅੰਤ" ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਵਾਰ ਵੀ ਨਹੀਂ ਆਉਂਦਾ। ਉਹ ਲਿਖਦੇ ਹਨ:

"ਗੁਰੂ ਨਾਨਕ ਦੁਆਰਾ ਹੇਠ ਦਿੱਤੀ ਵਿਆਖਿਆ ਦੇ ਅਧਾਰ ਤੇ ੴ ਨੂੰ ਇੱਕ ਲੋਗੋ ਵਜੋਂ ਨਾਮਜ਼ਦ ਕੀਤਾ ਹੈ:
ਏਕੋ ਸਬਦੁ ਸਚਾ ਨੀਸਾਣੁ ॥ ਪੂਰੇ ਗੁਰ ਤੇ ਜਾਣੈ ਜਾਣੁ ॥੩॥ (ਪੰਨਾ- 1188)"

ਪ੍ਰੋ: ਚਾਹਲ ਨੇ ਠੀਕ ਲਿਖਿਆ ਕਿ ੴ ਇੱਕ ਲੋਗੋ (ਭਾਵ ਨਿਸਾਣ) ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਸ਼ਬਦ ਦਾ ਉਦਾਹਰਨ ਦਿੰਦੇ ਹੋਏ ਉਹ ੴ ਨੂੰ ਲੋਗੋ ਲਿੱਖ ਰਹੇ ਹਨ, ਉਸੇ ਸ਼ਬਦ ਵਿਚ ਇਸਦੇ ਉਚਾਰਨ 'ਏਕੰਕਾਰ' ਵਲ ਵੀ ਸੰਕੇਤ ਜਾਂਦਾ ਹੈ:

ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥ ਏਕੁ ਨਿਰਾਲਮੁ ਅਕਥ ਕਹਾਣੀ ॥
ਏਕੋ ਸਬਦੁ ਸਚਾ ਨੀਸਾਣੁ ॥ ਪੂਰੇ ਗੁਰ ਤੇ ਜਾਣੈ ਜਾਣੁ ॥੩॥
ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥
ਅਨਹਦਿ ਰਾਤਾ ਏਕ ਲਿਵ ਤਾਰ ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥
ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥
ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 1188)

ਪਰ ਗੁਰਬਾਣੀ ਵਿਚੋਂ ਉਚਾਰਨ ਖੋਜਨ ਨਾਲੋਂ ਪ੍ਰੋ: ਚਾਹਲ ਨੇ ਆਪਣੇ ਵਲੋਂ ਨਵਾਂ ਨਾਮ (ਇਕੁ ਓ ਬੇਅੰਤ) ਘੜਨ ਨੂੰ ਜ਼ਿਆਦਾ ਤਰਜੀਹ ਦਿੱਤੀ। ੴ ਨੂੰ 'ਲੋਗੋ' ਲਿਖਣ ਦੇ ਬਾਵਜੂਦ ਇਸਦਾ ਉਚਾਰਨ ਸ਼ਬਦ-ਸੰਖੇਪ (abbreviation) ਦੀ ਤਰਜ ਤੇ ਕਰਦੇ ਹੋਏ ਲਿਖਿਆ:

"...ਇਹ ਦੁਬਾਰਾ ਸਪੱਸ਼ਟ ਹੈ ਕਿ ਨਾਨਕਿਅਣ ਫਿਲਾਸਫੀ ਵਿੱਚ, ਸਦੀਵੀ ਹਸਤੀ (ਗੌਡ) ਨੂੰ ੴ ਦੇ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ:
੧ ਤੋਂ ਭਾਵ ਹੈ ‘ਇੱਕ ਸਿਰਫ ਇੱਕ’
ਓ ਤੋਂ ਮਤਲਬ ਹੈ ‘ਉਹ’
ਵੱਧੀ ਹੋਈ ਰੇਖਾ ਦਾ ਅਰਥ ਹੈ 'ਬੇਅੰਤ' ਇਸਲਈ ੴ ਦਾ ਉਚਾਰਨ 'ਇਕੁ ਓ ਬੇਅੰਤ' (Ek Oh Beant) ਕੀਤਾ ਜਾ ਸਕਦਾ ਹੈ"

ਪ੍ਰੋ: ਚਾਹਲ ਨੇ ਚਿੱਤਰਕਲਾ ਦੀ ਰੇਖਾ ਦਾ ਉਚਾਰਨ 'ਬੇਅੰਤ' ਕਿਸ ਅਧਾਰ ਤੇ ਕੀਤਾ? ਅਗਰ ਕਿਸੇ ਨੂੰ 'ਬੇਅੰਤ' ਨਾਲੋਂ ਕੋਈ ਹੋਰ ਜ਼ਿਆਦਾ ਭਾਵ-ਪੂਰਨ ਸ਼ਬਦ ਪਸੰਦ ਆਵੇ ਤੇ ਉਹ ਕਿਉਂ ਨਹੀਂ ਹੋ ਸਕਦਾ? ਜਿਵੇਂ- ਅਨੰਤ, ਅਪਾਰ, ਅਸੀਮ, ਅਪਰੰਪਾਰ, ਆਦਿ। ਗੁਰਬਾਣੀ ਵਿਚ 'ਬੇਅੰਤ' ਨਾਲੋਂ 'ਅਪਾਰ' ਕਿਤੇ ਵੱਧ ਵਰਤੋਂ ਵਿਚ ਆਇਆ ਹੈ। ਫ਼ਿਰ 'ਇੱਕ ਓ ਅਪਾਰ' ਉਚਾਰਨ ਕਿਵੇਂ ਗਲਤ ਕਿਹਾ ਜਾ ਸਕਦਾ ਹੈ? ਇਹਨਾ ਸਵਾਲਾਂ ਦਾ ਇੱਕ ਹੀ ਜਵਾਬ ਹੈ ਕਿ ਪ੍ਰੋ: ਦਵਿੰਦਰ ਸਿੰਘ ਚਾਹਲ ਨੂੰ ੴ ਦਾ ਉਚਾਰਨ "ਇਕੁ ਓ ਬੇਅੰਤ" ਉਸੇ ਤਰਾਂ ਪਸੰਦ ਹੈ ਜਿਵੇਂ 'ਗੁਰਮੱਤ' ਨਾਲੋਂ "ਨਾਨਕਿਅਣ ਫਿਲਾਸਫੀ" ਦੀ ਸ਼ਬਦਾਵਲੀ। ਅਸੀਂ ਗਲ ਨਿਜੀ ਪਸੰਦ ਦੀ ਨਹੀਂ, ਗੁਰੂ ਨਾਨਕ ਸਾਹਿਬ ਵਲੋਂ ਦਿੱਤੇ ਉਚਾਰਨ ਨੂੰ ਖੋਜਨ ਦੀ ਕਰ ਰਹੇ ਹਾਂ। ਚੰਗਾ ਹੁੰਦਾ ਅਗਰ ਉਹ ੴ ਨੂੰ ਇੱਕ ਲੋਗੋ ਮਣਨ ਉਪਰੰਤ ਇਸਦਾ ਉਚਾਰਨ ਸ਼ਬਦ-ਸੰਖੇਪ (abbreviation) ਦੀ ਤਰਾਂ ਨਾਂ ਕਰਦੇ।

ਜਿਵੇਂ ਹੀ ਅਸੀਂ ਸਮਝ ਲੈਂਦੇ ਹਾਂ ਕਿ ਇਹ ਇੱਕ 'ਚਿੰਨ੍ਹ' ਹੈ, ਫ਼ਿਰ ਇਸਦੀ ਬਣਤਰ ਵਿਚ ਵਰਤੀ ਗਈ ਤਿੱਨ ਇਕਾਈਆਂ ਤੇ ਇਸਦਾ ਉਚਾਰਨ ਨਿਰਭਰ ਨਹੀਂ ਰਹਿੰਦਾ। ਭਾਵ 'ਚਿੰਨ੍ਹ' ਹੋਣ ਕਾਰਨ ਇਹ ਹੁਣ 'ਇੱਕ ਇਕਾਈ' ਬਣ ਗਿਆ ਹੈ। ਜਿਸ ਲਈ '੧', 'ਓ' ਅਤੇ 'ਰੇਖਾ' ਦਾ ਵੱਖ-ਵੱਖ ਉਚਾਰਨ ਨਹੀਂ ਹੋ ਸਕਦਾ। ਇਸਲਈ ਇਹ ਕਹਿਣਾ ਗਲਤ ਹੋਵੇਗਾ ਕਿ:
'੧' = ਏਕ / ਇੱਕ / ਪਹਿਲਾ;
'ਓ' = ਓਅੰ / ਅਙ / ਓਹ / ਓ;
'ਰੇਖਾ' = ਕਾਰ / ਬੇਅੰਤ।
ਇਹ ਤਰੀਕਾ ਗਲਤ ਹੈ, ਗਲਤ ਹੈ, ਗਲਤ ਹੈ।

ੴ ਕੋਈ ਸ਼ਬਦ-ਰੂਪ ਜਾਂ ਸ਼ਬਦ-ਸੰਖੇਪ ਨਹੀਂ ਹੈ, ਇਹ ਸੁਤੰਤਰ ਅੱਖਰ ਹੈ। ਸਮੁਚੇ ਚਿੰਨ੍ਹ 'ੴ' ਦਾ ਉਚਾਰਨ 'ਏਕੰਕਾਰ' ਹੈ। ੴ = ਏਕੰਕਾਰ। ਇਸੇ ਤਰਾਂ ਹੀ ਵਿਚਾਰਨਾ ਚਾਹੀਦਾ ਹੈ।

ਹੋਰ ਚਿੰਨ੍ਹਾ ਦੇ ਉਦਾਹਰਨ

ਚਿੰਨ੍ਹ ਦਾ ਸ਼ਬਦ-ਸੰਖੇਪ ਜਾਂ ਸ਼ਬਦ-ਰੂਪ ਵਿਚ ਅੰਤਰ ਸਮਝਨ ਵਿਚ ਕੋਈ ਭੁਲੇਖਾ ਨਾ ਰਹੇ, ਇਸਲਈ ਆਉ ਪੁਰਾਤਨ ਅਤੇ ਨਵੇਂ ਚਿੰਨ੍ਹਾਂ ਦੇ ਕੁਝ ਉਦਾਹਰਨ ਵੇਖਦੇ ਹਾਂ। ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਕਲਪਨਾ ਵਿਚੋਂ ਜਨਮੇ ਚਿੰਨ੍ਹ ਦਾ ਕਿਸੇ ਹੋਰ ਚਿੰਨ੍ਹ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਪਰ ਉਦਾਹਰਨ ਵਿਸ਼ੇ ਨੂੰ ਸਮਝਨ ਵਾਸਤੇ ਸਹਾਈ ਤਾਂ ਹੋ ਹੀ ਸਕਦੇ ਹਨ:

卐: ਇਸ ਚਿੰਨ੍ਹ ਦਾ ਉਚਾਰਨ 'ਸਵਾਸਤਿਕ' ਹੈ ਜੋ ਤਕਰੀਬਨ ਦਸ ਹਜ਼ਾਰ ਸਾਲ ਪੁਰਾਨਾ ਹੈ। ਇਹ ਖੁਸ਼ਹਾਲੀ ਦਾ ਪ੍ਰਤੀਕ ਅਤੇ ਹੋਰ ਕਈ ਅਰਥਾਂ ਨਾਲ ਲਿਆ ਜਾਂਦਾ ਹੈ। ਇਹ ਹਿੰਦੂ, ਬੁਧ, ਜੈਨ ਸਮੇਤ ਦੁਨਿਆ ਦੇ ਬਹੁਤ ਸਾਰੇ ਸਭਿਆਚਾਰਾਂ ਵਿੱਚ ਪਾਇਆ ਜਾਂਦਾ ਹੈ ਜਿਸਦਾ ਜਨਮ ਯੂਰੇਸ਼ੀਆ ਤੋਂ ਹੋਇਆ ਮਣਿਆ ਗਿਆ ਹੈ। ਇਸਦੀ ਬਣਤਰ ਕਿਸੇ ਵਰਣਮਾਲਾ ਦੇ ਅੱਖਰ ਨਾਲ ਨਹੀਂ ਹੈ, ਕੇਵਲ ਰੇਖਾਵਾਂ ਨਾਲ ਹੈ। ਪਰ ਇਸਦਾ ਉਚਾਰਨ 'ਸਵਾਸਤਿਕ' ਕਰਨ ਲਗੀਆਂ ਕੋਈ ਇਹ ਨਹੀਂ ਪੁਛਦਾ 'ਸਵਾ' ਵਾਸਤੇ ਕਿਹੜੀ ਲਕੀਰ ਹੈ, ਅਤੇ 'ਸਤਿਕ' ਵਾਸਤੇ ਕਿਹੜੀ। ਸਮੁੱਚੇ ਚਿੰਨ੍ਹ ਦਾ ਉਚਾਰਨ 'ਸਵਾਸਤਿਕ' ਹੈ।

ॐ: ਰਿਗਵੇਦ ਦੇ ਇਸ ਚਿੰਨ੍ਹ ਦਾ ਉਚਾਰਨ 'ਓਮ' ਹੈ। ਇਹ ਪੂਰੀ ਤਰਾਂ ਭਾਸ਼ਾਾਈ-ਲਿੱਪੀ ਨਾਲ ਬਣਿਆ ਹੈ, ਫ਼ਿਰ ਵੀ ਇਹ ਸ਼ਬਦ ਨਾ ਹੋਕੇ ਹਿੰਦੂਆਂ ਦੇ ਧਾਰਮਕ ਚਿੰਨ੍ਹ ਵਜੋਂ ਸਥਾਪਤ ਹੈ। ਚਿੰਨ੍ਹ ਹੋਣ ਕਾਰਨ ਇਸਦਾ ਉਚਾਰਨ ਭਾਸ਼ਾ-ਨਿਯਮ ਵਿਚ ਨਹੀਂ ਆਉਂਦਾ। ਬਣਤਰ ਦੇ ਹਿਸਾਬ ਨਾਲ ਇਸਦਾ ਉਚਾਰਨ 'ਊਣ' (ऊण) ਹੋਣਾ ਚਾਹਿਦਾ ਸੀ, ਪਰ ਇਸਦਾ ਉਚਾਰਨ 'ਓਮ' (ओम्) ਹੈ, ਜੋ ਭਾਸ਼ਾ ਦੇ ਨਿਯਮ ਤੋੜਦਾ ਹੈ।

☥: ਇਹ ਲਗਭਗ ਅੱਠ ਹਜ਼ਾਰ ਸਾਲ ਪੁਰਾਨਾ ਚਿੰਨ੍ਹ ਮਿਸਰ ਸਭਿਅਤਾ ਨਾਲ ਸਬੰਧਤ ਹੈ, ਜਿਸਦਾ ਉਚਾਰਨ 'ਅੰਖ' (Ankh) ਹੈ। ਇਹ 'ਜੀਵਨ ਦੇਣ ਵਾਲੀ ਸ਼ਕਤੀ' ਦੇ ਪ੍ਰਤੀਕ ਵਜੋਂ ਅਤੇ ਹੋਰ ਕਈ ਅਰਥਾਂ ਵਿਚ ਲਿਆ ਜਾਂਦਾ ਹੈ। ਇਸਦੀ ਚਾਬੀ-ਨੁੰਮਾ ਬਣਤਰ ਚਿੱਤਰਕਲਾ ਦੇ ਨਾਲ ਹੈ ਅਤੇ ਉਚਾਰਨ 'ਅੰਖ' ਵੀ ਸਮੁੱਚੇ ਚਿੰਨ੍ਹ ਦਾ ਉਚਾਰਨ ਹੈ। ਚਿੰਨ੍ਹ ਦੇ ਹਿਸੀਆਂ ਨੂੰ ਵੱਖ-ਵੱਖ ਕਰਕੇ ਬਣਤਰ ਜ਼ਰੂਰ ਸਮਝ ਸਕਦੇ ਹਾਂ ਪਰ ਉਚਾਰਨ ਨਹੀਂ।

$: ਅਮਰੀਕੀ ਕਰੰਸੀ (American Currency) ਦੇ ਚਿੰਨ੍ਹ ਦਾ ਉਚਾਰਨ 'ਡੌਲਰ' (Dollar) ਹੈ। ਯਕੀਨਨ ਇਸਦੇ ਚਿੰਨ੍ਹ '$' ਦੀ ਬਣਤਰ ਸਮਝਣ ਵਾਸਤੇ ਅਸੀ 'S' + 'I' ਵੱਖ-ਵੱਖ ਕਰ ਸਕਦੇ ਹਾਂ, ਪਰ ਇਹ '$' ਜਦੋਂ ਇਕ ਚਿੰਨ੍ਹ ਬਣ ਗਿਆ ਤਾਂ ਇਸਦਾ ਉਚਾਰਣ ਦਸਣ ਦਾ ਹੱਕਦਾਰ ਉਹੀ ਹੈ ਜਿਸਨੇ ਇਹ ਚਿੰਨ੍ਹ ਘੜਿਆ। ਭਾਸ਼ਾ-ਵਿਗਿਆਨ ਨਾਲ ਇਸਦਾ ਉਚਾਰਨ ਨਹੀਂ ਸਮਝਿਆ ਜਾ ਸਕਦਾ।

₹: ਭਾਰਤੀ ਕਰੰਸੀ ਦਾ ਚਿੰਨ੍ਹ '₹' ਹੈ ਜਿਸਦਾ ਉਚਾਰਨ 'ਰੁਪਏ' ਹੈ। ਹਿੰਦੀ ਦੇ ਵਰਣਮਾਲਾ ਦਾ ਅੱਖਰ 'र' ਕੇਵਲ ਸੰਕੇਤ ਮਾਤਰ ਹੀ ਇਸਦੇ ਉਚਾਰਨ ਵਲ ਇਸ਼ਾਰਾ ਕਰਦਾ ਹੈ। ਜਿਵੇਂ ਹੀ ਵਰਣਮਾਲਾ ਦੇ ਅੱਖਰ ਨੂੰ ਚੀਰਦੀ ਲੇਟਵੀਂ ਸਿੱਧੀ ਰੇਖਾ ਨਾਲ ਜੁੜ ਗਈ, ਇਹ ਭਾਸ਼ਾ ਨਿਯਮਾਂ ਤੋਂ ਮੁਕਤ ਹੋ ਗਿਆ। ਹੁਣ ਇਸਦਾ ਉਚਾਰਨ ਇਸਨੂੰ ਘੜਣ ਵਾਲਾ (ਰਿਜ਼ਰਵ ਬੈਂਕ ਆਫ਼ ਇੰਡੀਆ) ਹੀ ਦੱਸ ਸਕਦਾ ਹੈ। ਇਸਤੇ ਭਾਸ਼ਾ ਨਿਯਮ ਲਗਾਕੇ ਇਸਦੇ ਉਚਾਰਨ ਨੂੰ ਨਕਾਰਨਾ ਮੂਰਖਤਾ ਹੈ।

1st: ਇਸਨੂੰ ਸਮਝਨਾ ਪਾਠਕ ਵਾਸਤੇ ਲਾਭਦਾਇਕ ਹੋਵੇਗਾ। ਇਹ ਗਣਿਤ ਦਾ ਅੰਕ '1' ਅਤੇ ਅੰਗਰੇਜ਼ੀ ਦੇ ਅੱਖਰ 'st' ਦੇ ਜੋੜ ਨਾਲ ਬਣਨ ਕਾਰਨ ਭਾਸ਼ਾ-ਨਿਯਮਾਂ ਤੋਂ ਮੁਕਤ ਹੋ ਗਿਆ ਹੈ। ਇਸਦਾ ਉਚਾਰਨ 'ਫਸਟ' (First) ਪ੍ਰਚਲਤ ਹੈ। ਜੇਕਰ ਕੋਈ ਭਾਸ਼ਾ-ਵਿਗਿਆਨੀ '1' ਦਾ ਉਚਾਰਨ 'ਵਨ' (One) ਕਰੇ ਅਤੇ ਸਮੁਚੇ ਚਿੰਨ੍ਹ ਦਾ ਉਚਾਰਨ 'ਵੰਸਟ' (Onest) ਕਰੇ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜਦਕਿ ਹਰ ਕੋਈ ਜਾਣਦਾ ਹੈ '1' ਦਾ ਉਚਾਰਨ 'ਫੱਰ' (Fir) ਕਿਸੇ ਹਿਸਾਬ ਨਾਲ ਨਹੀਂ ਹੋ ਸਕਦਾ। ਚਿੰਨ੍ਹ ਦੀ ਬਣਤਰ ਸਹਾਰੇ ਉਚਾਰਨ ਵਲ ਇਸ਼ਾਰਾ-ਮਾਤਰ ਹੀ ਮਿਲ ਸਕਦਾ ਹੈ, ਸੰਪੂਰਨ ਉਚਾਰਨ ਚਿੰਨ੍ਹ ਨੂੰ ਬਣਾਉਨ ਵਾਲੇ ਦਾ ਹੀ ਮਣਿਆ ਜਾਂਦਾ ਹੈ। ਇਸੇ ਤਰਜ ਤੇ ਪੰਜਾਬੀ ਵਿਚ ਵੀ ੨ਜਾ, ੩ਜਾ,... ਦਾ ਉਚਾਰਨ ਦੋਜਾ, ਤਿੱਨਜਾ,... ਨਹੀਂ ਕੀਤਾ ਜਾਂਦਾ। ਦੂਜਾ, ਤੀਜਾ,... ਉਚਾਰਨ ਵਿਚ ਕਿਸੇ ਨੂੰ ਕੋਈ ਦੁਵਿਧਾ ਨਹੀਂ।

ਪਰ ਮਨ ਲਉ '1st' ਦਾ ਉਚਾਰਨ ‘ਫਸਟ’ (First) ਸਮਾਂ ਪਾਕੇ ਕਿਸੇ ਕਾਰਨ-ਵਸ਼ ਅਜੋਕੀ ਪੀੜੀ ਕੋਲੋਂ ਗੁੰਮ ਹੋ ਜਾਏ। ਪਾਠਕ ਜਦ ਕਿਤਾਬਾਂ ਵਿਚੋਂ '1st' ਨੂੰ ਦੇਖਣਗੇ ਤਾਂ ਕਿ ਉਚਾਰਨ ਕਰਣਗੇ? ਕੋਈ ਸ਼ਬਦ-ਸੰਖੇਪ ਦੇ ਅਧਾਰ ਤੇ '1' ਨੂੰ 'ਵਨ' (One) ਅਤੇ 'st' ਨੂੰ 'ਸਟੇਟ' (state) ਬਣਾ ਕੇ '1st' ਦਾ ਉਚਾਰਨ 'ਵਨ-ਸਟੇਟ' (One State) ਕਰੇਗਾ। ਅਖੋਤੀ ਭਾਸ਼ਾ ਵਿਗਿਆਨੀ ਬੜਾ ਹੀ ਸਰਲ 'ਵੰਸਟ' (Onest) ਕਰ ਦੇਣਗੇ। ਜੇ ਕੋਈ ਇਹਨਾ ਨੂੰ ਦੱਸੇ ਕਿ ਇਸਦਾ ਉਚਾਰਨ ਤੇ 'ਫਸਟ' (First) ਹੈ। ਅਗੋਂ ਜਵਾਬ ਇਹ ਹੀ ਮਿਲੇਗਾ '1' ਨੂੰ 'ਫੱਰ' (Fir) ਨਹੀਂ ਕਿਹਾ ਜਾ ਸਕਦਾ। ਇਹੀ ਕੁਛ ੴ ਨੂੰ ਸ਼ਬਦ ਜਾਂ ਸ਼ਬਦ-ਸੰਖੇਪ ਸਮਝ ਕੇ ਕੀਤਾ ਜਾ ਰਿਹਾ ਹੈ।

ਚਿੱਤਰਕਲਾ ਦੀ ਰੇਖਾ ਤੋਂ ਮੁਨਕਰ 'ਇੱਕੋ' ਵਾਲੇ ਬੁਧੀਜੀਵੀ

ਚਿੱਤਰਕਲਾ ਇਨਸਾਨ ਨੇ 'ਲਿੱਪੀ' ਇਜਾਦ ਕਰਨ ਤੋਂ ਬਹੁਤ ਪਹਿਲਾਂ ਸਿੱਖ ਲਈ ਸੀ। ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਲਿੱਪੀ ਰਾਹੀਂ ਲੇਖਣ ਸ਼ੈਲੀ ਤਕਰੀਬਨ 3500 ਸਾਲ ਪਹਿਲਾਂ ਹੀ ਸ਼ੁਰੂ ਹੋਇਆ। ਜਦਕਿ ਮਨੁਖ ਨੇ ਕਈ ਹਜ਼ਾਰ ਸਾਲ ਪਹਿਲਾਂ ਚਿੰਨ੍ਹਾ ਅਤੇ ਤਸਵੀਰਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਸੀ। ਦੁਨਿਆ ਦੇ ਵੱਖ-ਵੱਖ ਇਲਾਕੀਆਂ ਵਿਚ ਪੱਥਰਾਂ ਤੇ ਦੱਸ ਹਜ਼ਾਰ ਤੋਂ ਚਾਲੀ ਹਜ਼ਾਰ ਸਾਲ ਪੁਰਾਨੇ ਨਿਸਾਣ ਵੀ ਮਿਲੇ ਹਨ। ਅਫ਼ਰੀਕਾ ਵਿਚ ਮਿਲੀਆਂ ਹੱਡਿਆਂ ਉੱਤੇ ਮਿਲੇ ਕਈ ਨਿਸਾਣ ਤਾਂ ਇੱਕ ਲੱਖ ਸਾਲ ਪੁਰਾਣੇ ਹੋਣ ਦਾ ਦਾਵਾ ਵੀ ਕਿਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੁਨਿਆ ਦੇ ਕੋਨੇ-ਕੋਨੇ ਤੇ ਗਏ, ਉਹ ਮਨੁਖੀ ਵਿਕਾਸ ਦੀ ਕਹਾਣੀ ਤੋਂ ਜਾਨੂੰ ਸਨ। ਸਾਰੀ ਲਿੱਪੀਆਂ ਦੀ ਮਾਂ 'ਚਿੱਤਰਕਲਾ' ਨੂੰ ਗੁਰੂ ਸਾਹਿਬ ਨੇ ਸਿੱਖੀ ਦੇ ਨਿਸਾਣ ਵਿਚ ਵਾਜਬ ਸਥਾਨ ਦਿੱਤਾ। ਖੁਲੇ ਮੂੰਹ ਵਾਲੇ ਓ (ਊੜੇ) ਦੇ ਉੱਤੇ ਰੇਖਾ ਰੱਖੀ ਜਿਸਦਾ ਆਖਰੀ ਛੋਰ ਹਮੇਸ਼ਾ ਖੁੱਲ੍ਹਾ ਰਹੇਗਾ, ਜੋ ਕਰਣਹਾਰ ਦੇ ਅਨਿਸ਼ਚਤ ਕਾਲ ਨੂੰ ਦਰਸਾਉਂਦਾ ਹੈ। ਅਨਿਸ਼ਚਤ ਕਾਲ ਦਰਸਾਉਂਦੀ ਰੇਖਾ ਸਿੱਖੀ ਦੇ ਨਿਸਾਣ 'ੴ' ਨੂੰ ਵਿਲੱਖਣ ਬਣਾਉਂਦੀ ਹੈ।

ਪਰ ਗੁਰੂ ਨਾਨਕ ਸਾਹਿਬ ਦੀ ਕਲਪਨਾ ਵਿਚੋਂ ਜਨਮੇ ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ 'ੴ' ਦੇ ਬੁਧੀਜੀਵੀਆਂ ਵਲੋਂ ਉਚਾਰਨ 'ਇੱਕੋ' ਕਰਨ ਵਿਚ ਇਹ 'ਰੇਖਾ' ਅੜਿਕਾ ਪਾਉਂਦੀ ਹੈ। ਇਸ ਵਿਚੋਂ ਨਿਕਲਣ ਵਾਸਤੇ ਬੁਧੀਜੀਵੀਆਂ ਨੇ ਹਲ ਇਹ ਕਢਿਆ ਕਿ 'ਰੇਖਾ' ਤੋਂ ਹੀ ਮੁਨਕਰ ਹੋ ਜਾਉ।

ਡਾ. ਢਿੱਲੋਂ ਚਿੱਤਰਕਲਾ ਤੋਂ ਮੁਨਕਰ ਹੁੰਦੇ ਹੋਏ ਲਿਖਦੇ ਹਨ:

"ਇਹ ਮੰਨਣ ਵਾਲੀ ਗੱਲ ਹੈ ਕਿ ਗੁਰਮੁਖੀ ਲਿਪੀ ਦੀ ਨੁਹਾਰ ਦੇ ਪੱਖੋਂ ‘ੴ’ ਇੱਕ ਵਿਚਿੱਤਰ ਸ਼ਬਦ-ਰੂਪ ਹੈ ਕਿਉਂਕਿ, ਜਿਵੇਂ ਅਸੀਂ ਪਹਿਲਾਂ ਵੇਖ ਆਏ ਹਾਂ, ਇਸ ਸ਼ਬਦ-ਰੂਪ ਵਿੱਚ ਇੱਕ ਹਿੰਦਸਾ (ਇਕ ਦਾ) ਸ਼ਾਮਲ ਹੈ ਅਤੇ ਇੱਕ ਅੱਖਰ (ਖੁੱਲਾ ਊੜਾ) ਸ਼ਾਮਲ ਹੈ ਅਤੇ ਕਈ ਸੱਜਣ ਖੁੱਲ੍ਹੇ ਊੜੇ ਦੇ ਉਪਰਲੇ ਹਿੱਸੇ ਦੇ ਨਾਲ ਸੱਜੇ ਪਾਸੇ ਨੂੰ ਲੇਟਵੇਂ ਰੁਖ ਇੱਕ ਰੇਖਾ ਵੀ ਜੋੜ ਦਿੰਦੇ ਹਨ ਅਤੇ ਇਸ ਤਰ੍ਹਾਂ ‘੧ਓ’ ਨੂੰ ‘ੴ ‘ਜਾਂ ‘੧ਓ--’ ਦਾ ਰੂਪ ਦੇ ਦਿੰਦੇ ਹਨ।"

ਡਾ. ਢਿੱਲੋਂ ਬੜੀ ਬੇਸ਼ਰਮੀ ਨਾਲ ਗੁਰੂ ਸਾਹਿਬਾਨ ਨੂੰ ਵੀ "ਕਈ ਸੱਜਣ" ਵਿਚ ਹੀ ਸਮੇਟ ਦਿੰਦੇ ਹਨ। ਜਦਕਿ ਉਹਨਾ ਆਪਣੇ ਲੇਖ ਵਿਚ ਖੁਦ ਛੇਵੇਂ, ਸਤਵੇਂ, ਨੋਵੇਂ ਅਤੇ ਦਸਵੇਂ ਗੁਰੂ ਸਾਹਿਬ ਦੇ ਇਤਿਹਾਸਕ ਨਿਸਾਣ ਪੇਸ਼ ਕੀਤੇ ਹਨ ਜਿਸ ਵਿਚ 'ਓ' ਦੇ ਨਾਲ ਰੇਖਾ ਦਰਜ ਹੈ ਜਿਸਨੂੰ ਡਾ. ਢਿੱਲੋਂ "ਵਲ-ਵਿੰਗ ਖਾਂਦੀ ਰੇਖਾ" ਲਿੱਖ ਰਹੇ ਹਨ।

ਪੂਰਵ-ਨਿਰਧਾਰਤ ਫੈਸਲੇ ਨੂੰ ਪੱਕੀਆਂ ਕਰਨ ਲਈ ਉਹ ਬਿਣਾ ਕਿਸੇ ਇਤਿਹਾਸਕ ਜਾਂ ਗੁਰਬਾਣੀ ਦਾ ਪ੍ਰਮਾਣ ਦਿੱਤੇ ਇੱਕ "ਅਟਕਲਪੱਚੂ" ਥਿਊਰੀ ਪੇਸ਼ ਕਰਦੇ ਹਨ। ਸੰਖੇਪ ਵਿਚ ਕੁਛ ਅੰਸ਼:

"ਹੋੜੇ ਦੀ ਮਾਤਰਾ ਨੇ ੳ ਦੇ ਨਾਲ ਜੁੜਨਾ ਹੁੰਦਾ ਹੈ। ਹੋੜਾ ਕਿਸੇ ਅੱਖਰ ਦੀ ਚੋਟੀ ਦੇ ਉੱਤੇ ਹੀ ਰੱਖਿਆ ਜਾਂਦਾ ਹੈ। ਪਰੰਤੂ ਊੜੇ ਦੀ ਬਨਾਵਟ ਕੁੱਝ ਐਸੀ ਹੈ ਕਿ ਇਸ ਦੇ ਉੱਤੇ ਹੋੜਾ ਰੱਖਣ ਨਾਲ ਇਹ ਇਸ ਦੇ ਨਾਲ ਆ ਰਹੇ ਦੂਸਰੇ ਅੱਖਰਾਂ ਦੇ ਮੁਕਾਬਲੇ ਵਧੇਰੇ ਹੀ ਉੱਚਾ ਹੋ ਜਾਵੇਗਾ।… ਇਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਹਿਤ ਲਿਖਾਰੀਆਂ ਨੇ ਪਹਿਲਾਂ ਹੋੜੇ ਨੂੰ ਊੜੇ ਦੇ ਨਾਲ ਸੱਜੇ ਪਾਸੇ ਨੂੰ ਲੇਟਵੇਂ ਰੁਖ ਕਰਕੇ ਜੋੜਨਾ ਅਰੰਭ ਕਰ ਦਿੱਤਾ ਹੋਵੇਗਾ ਕਿਉਂਕਿ ਬਿੰਦੀ (ਟਿੱਪੀ ਦੀ ਜਗਹ ਤੇ) ਅਤੇ ਅੱਧਕ ਵੀ ਇੱਸੇ ਤਰ੍ਹਾਂ ਊੜੇ ਦੇ ਸੱਜੇ ਪਾਸੇ ਜੋੜੀਆਂ ਜਾ ਰਹੀਆਂ ਸਨ। ਪਰੰਤੂ ਹੋੜੇ ਦਾ ਅਕਾਰ ਬਿੰਦੀ ਅਤੇ ਅੱਧਕ ਦੇ ਮੁਕਾਬਲੇ ਕਾਫੀ ਵੱਡਾ ਹੋਣ ਕਰਕੇ ਸਮਸਿੱਆ ਪੂਰੀ ਤਰ੍ਹਾਂ ਹਲ ਨਹੀਂ ਹੋ ਰਹੀ ਹੋਵੇਗੀ। ਇਸ ਲਈ ਲਿਖਾਰੀਆਂ ਨੇ ਇਸ ਲੇਟਵੇਂ ਹੋੜੇ ਨੂੰ ਥੋੜੇ ਵਿੰਗ ਵਾਲੀ ਲਕੀਰ ਵਿੱਚ ਬਦਲ ਦਿੱਤਾ ਹੋਵੇਗਾ। ਸੰਭਵ ਹੈ ਕਿ ਬਾਦ ਵਿੱਚ ਕੁੱਝ ਲਿਖਾਰੀਆਂ ਨੇ ਊੜੇ ਨੂੰ ਉੱਪਰੋਂ ਖੁਲ੍ਹਾ ਰੱਖ ਕੇ ਹੀ ਇਸ ਨੂੰ ਹੋੜੇ ਵਾਲੇ ਊੜੇ ਦਾ ਵਿਕਲਪ ਮੰਨ ਲਿਆ ਹੋਵੇਗਾ ਅਤੇ ੳ ਦੇ ਨਾਲ ਹੋੜੇ ਦੇ ਚਿੰਨ੍ਹ (ਖੜ੍ਹਵੇਂ ਜਾਂ ਲੇਟਵੇਂ) ਦੀ ਲੋੜ ਨੂੰ ਖਤਮ ਕਰ ਦਿੱਤਾ ਹੋਵੇਗਾ।"

ਡਾ. ਢਿੱਲੋਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ 'ੳ' ਦੇ ਉੱਤੇ ਹੋੜਾ (ੋ) ਲਿਖਿਆ ਹੋਵੇਗਾ, ਇਹ ਹੋੜਾ ਬਾਦ ਵਿਚ ਸੱਜੇ ਪਾਸੇ ਲੇਟਵੀਂ ਲੰਬੀ ਲਕੀਰ ਬਣ ਗਈ ਹੋਵੇਗੀ, ਉਪਰੰਤ ਲੰਬੀ ਲਕੀਰ ਨੂੰ ਛੋਟਾ ਕਰ ਦਿੱਤਾ ਹੋਵੇਗਾ ਜਿਸ ਨਾਲ 'ਓ' ਬਣ ਗਿਆ ਹੋਵੇਗਾ। ਡਾ. ਢਿੱਲੋਂ ਨੇ ਛੇਵੇਂ ਗੁਰੂ ਅਤੇ ਉਹਨਾ ਤੋਂ ਬਾਦ ਦੇ ਗੁਰੂ ਸਾਹਿਬਾਨ ਦਿਆਂ ਹੱਥ ਲਿਖਤਾਂ ਜਾਂ ਨਿਸਾਣ ਦੇ ਹਵਾਲੇ ਦਿੱਤੇ ਹਨ ਜਿਸ ਵਿਚ 'ਓ' ਦੇ ਨਾਲ ਅਨਿਸ਼ਚਤ ਕਾਲ ਦੀ ਰੇਖਾ ਹੈ। ਪਰੰਤੂ ਉਹਨਾ ਦੀ ਥਿਊਰੀ ਦਾ ਸਾਰ ਹੈ ਕਿ '੧ਓ' ਵਿਕਸਤ ਰੂਪ ਹੈ, ਜਦਕਿ 'ੴ' ਵਿਕਾਸ ਦਾ ਅੱਧ।

ਇਸ ਵਿਚ ਕਿਸੇ ਇਤਿਹਾਸਕਾਰ ਨੂੰ ਸ਼ਕ ਨਹੀਂ ਕਿ ਸੋਲ੍ਹਵੀਂ ਸਦੀ ਵਿਚ ਗੁਰਮੁਖੀ ਦਾ ਵਿਕਾਸ ਗੁਰੂ ਸਾਹਿਬਾਨ ਦੇ ਨਿਯੰਤਰਨ ਵਿਚ ਹੀ ਹੋਇਆ। ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦਾ ਖਾਸ ਯੋਗਦਾਨ ਰਿਹਾ। ਬਿਨਾ ਕਿਸੇ ਪ੍ਰਮਾਣ ਦੇ "ਕਰ ਦਿੱਤਾ ਹੋਵੇਗਾ" ਵਾਲੀ ਥਿਊਰੀ ਵਿਚ ਗੰਭੀਰ ਸਵਾਲ ਹਨ:

    ਡਾ. ਢਿੱਲੋਂ ਅਨੁਸਾਰ ਕਿ ਇਹ "ਲਿਖਾਰੀ" ਗੁਰੂ ਨਾਨਕ ਸਾਹਿਬ ਤੋਂ ਬਾਦ ਦੇ "ਕਈ ਸੱਜਣ" ਸਨ, ਭਾਵ ਗੁਰੂ ਹੀ ਸਨ? ਜਾਂ ਫਿਰ ਗੁਰੂ ਸਾਹਿਬਾਨ ਨੇ ਕਿਸੇ ਹੋਰ ਲਿਖਾਰੀਆਂ ਦਾ ਪ੍ਰਭਾਵ ਗੁਰਮੁਖੀ ਦੇ ਵਿਕਾਸ ਵਿਚ ਕਬੂਲ ਕਿੱਤਾ ਸੀ?

    ਇਹ ਕਿਨੇ ਹੈਰਾਨੀ ਦੀ ਗੱਲ ਹੈ ਕਿ 'ੳ' ਦੇ ਉੱਤੇ ਹੋੜੇ ਨੂੰ ਲਗਾਉਣ ਦੀ ਮਨੋਕਲਪਿਤ ਕ੍ਰਮ-ਵਿਕਾਸ (evolution) ਦੀ ਪ੍ਰਕ੍ਰਿਆ ਕੇਵਲ ਸਿੱਖੀ ਦੇ ਨਿਸਾਣ 'ੴ' ਵਾਸਤੇ ਹੀ ਅੱਧ ਵਿਚਕਾਰ ਰੁਕ ਗਈ। ਬਾਕੀ ਸ਼ਬਦਾਂ ਵਿਚ ਵਰਤੇ 'ੳ ਦੇ ਉੱਤੇ ਹੋੜਾ' ਕਥਿਤ ਵਿਕਾਸ ਦੇ ਸ਼ਿਖਰ ਤੇ ਪਹੁੰਚ ਕੇ 'ਓ' ਬਣ ਗਏ। ਇੱਕ ਹੀ ਸਮੇਂ (ਸੋਲ੍ਹਵੀਂ ਸਦੀ) ਵਿਚ ਗੁਰਬਾਣੀ ਵਿਚ 'ਓ' ਵਾਲੇ ਸ਼ਬਦ (ਜਿਵੇਂ- ਸਾਜਿਓ, ਰਚਿਓ, ਓਅੰਕਾਰ) ਆਏ ਹਨ, ਅਤੇ ਉਸੇ ਸਮੇਂ 'ੴ' ਵੀ ਹੈ ਜਿਸ ਵਿਚ 'ਓ' ਦੇ ਨਾਲ ਰੇਖਾ ਆਈ ਹੈ। ਅਗਰ ਡਾ. ਢਿੱਲੋਂ ਕੋਈ ਐਸੀ ਇਤਿਹਾਸਕ ਲਿਖਤ ਪੇਸ਼ ਕਰਦੇ ਜਿਸ ਵਿਚ ਸਾਜਿਓ, ਰਚਿਓ, ਰਹਿਓ, ਓਅੰਕਾਰ, ਆਦਿ ਦੇ ਨਾਲ ਵੀ "ਵਲ-ਵਿੰਗ ਖਾਂਦੀ ਰੇਖਾ" ਹੁੰਦੀ, ਫ਼ਿਰ ਇਸ ਵਿਸ਼ੇ ਤੇ ਚਰਚਾ ਹੋ ਸਕਦੀ ਸੀ।

    ਇੱਕ ਪਾਸੇ ਤਾਂ ਡਾ. ਢਿੱਲੋਂ "ਵਲ-ਵਿੰਗ ਖਾਂਦੀ ਰੇਖਾ" ਲਿਖਕੇ ਕਬੂਲ ਕਰ ਰਹੇ ਹਨ ਕਿ ਰੇਖਾ ਦਾ ਕੋਈ ਸਥਾਈ ਆਕਾਰ ਨਹੀਂ ਹੈ। ਦੂਸਰੇ ਪਾਸੇ ਇਸ ਨੂੰ 'ੳ' ਦੇ ਨਾਲ 'ਹੋੜੇ' ਦੇ ਕ੍ਰਮ-ਵਿਕਾਸ ਦਾ ਮੁਖ ਕਾਰਨ ਦੋ ਲਾਇਨਾਂ ਵਿਚ ਬਣੀ ਵਿੱਥ ਦੀਆਂ "ਮੁਸ਼ਕਲਾਂ ਨੂੰ ਦੂਰ ਕਰਨ ਹਿਤ ਲਿਖਾਰੀਆਂ" ਵਲੋਂ ਕੀਤਾ ਉਪਰਾਲਾ ਦੱਸ ਰਹੇ ਹਨ। ਇਹ ਮੁਸ਼ਕਲਾਂ ਨੂੰ ਦੂਰ ਕਰਨ ਹਿਤ ਕੈਸਾ ਢੰਗ ਸੀ ਕਿ 'ੳ' ਦੇ ਉੱਤੇ ਜਗ੍ਹਾ ਨੂੰ ਘਟਾਉਂਦੇ-ਘਟਾਉਂਦੇ ਨਾ ਸਿਰਫ਼ ਸੱਜੇ ਪਾਸੇ ਜਗ੍ਹਾ ਵੱਧਾ ਦਿੱਤੀ ਬਲਕਿ "ਵਲ-ਵਿੰਗ" ਹੋਣ ਕਾਰਨ ਉਪਰ ਵੀ ਹੋੜੇ ਤੋਂ ਕਿਤੇ ਵੱਧ ਜਗ੍ਹਾ ਲੈ ਲਈ।

    ਪੁਰਾਣੇ ਸਮੇਂ ਕੋਈ ਅੱਜ ਵਾਂਗ ਕਾਗਜ਼ ਤੇ ਪਹਿਲਾਂ ਤੋਂ ਲਾਇਨਾਂ ਨਹੀਂ ਛਪੀ ਹੁੰਦੀਆਂ ਸਨ, ਜਦਕਿ ਖੱਬੇ ਤੋਂ ਸੱਜੇ ਪਾਸੇ ਵਲ ਲਿਖਣਾ ਸੁਭਾਵਿਕ ਸੀ। ਜਿਸ ਕਾਰਨ ਪੁਰਾਤਨ ਲਿਖਣ ਸ਼ੈਲੀ ਵਿਚ ਲੇਟਵੇਂ (horizontal) ਰੁਖ ਵਿਚ ਜਗ੍ਹਾ ਦੇ ਸੰਤੁਲਨ ਨੂੰ ਬਣਾ ਕੇ ਰਖਣ ਦੀ ਜ਼ਰੂਰਤ ਖੜੇ (vertical) ਰੁਖ ਨਾਲੋਂ ਵੱਧ ਸੀ। ਖੜੇ ਰੁਖ ਵਿਚ ਬਣੀ ਜਗ੍ਹਾ ਤੋਂ ਛੁਟਕਾਰਾ ਪਾਉਣ ਵਾਸਤੇ ਲੇਟਵੇਂ ਰੁਖ ਵਿਚ ਜਗ੍ਹਾ ਵਧਾ ਲੈਣ ਦੀ ਮਜਬੂਰੀ ਪੁਰਾਤਨ ਲਿਖਣ ਸ਼ੈਲੀ ਦੇ ਸੁਭਾਅ ਵਿਚ ਫ਼ਿਟ ਨਹੀਂ ਬੈਠਦੀ। ਇਸਲਈ 'ੳ' ਦੇ ਨਾਲ ਹੋੜਾ (ੋ) ਦੀ ਧੁੰਨੀ ਦੇਣ ਵਾਸਤੇ ਪਹਿਲੇ ਦਿਨ ਤੋਂ ਹੀ 'ਓ' ਦਾ ਆਕਾਰ ਹਰ ਤਰਾਂ ਨਾਲ ਵੱਧ ਸੁਭਾਵਿਕ ਹੈ। 'ਓ' ਤਕ ਪਹੁੰਚਣ ਵਾਸਤੇ ਕਿਸੇ ਮਨੋਲਕਪਿਤ ਥਿਯੂਰੀ ਦੀ ਲੋੜ ਨਹੀਂ।

ਬਿਨਾ ਕਿਸੇ ਪ੍ਰਮਾਣ ਦੇ ਡਾ. ਢਿੱਲੋਂ ਦੀ ਮਨੋਕਲਪਿਤ ਥਿਊਰੀ ਸਿਰੋਂ ਰੱਦ ਕਰ ਦੇਣ ਵਾਲੀ ਹੈ ਕਿਉਂਕੀ ਇਹ ਤੱਥਾਂ ਨੂੰ ਮੁਖ ਰੱਖਕੇ ਨਹੀਂ, ਨਿਰਧਾਰਤ ਫੈਸਲੇ ਨੂੰ ਮੁਖ ਰਖ ਕੇ ਘੜੀ ਹੈ।

ੴ ਨੂੰ ੧ਓ (ਏਕੋ ਜਾਂ ਇੱਕੋ) ਦਾ ਉਚਾਰਨ ਦੇਣ ਵਾਸਤੇ "ਮੁਸ਼ਕਲਾਂ ਨੂੰ ਦੂਰ ਕਰਨ ਹਿਤ ਲਿਖਾਰੀਆਂ" ਲਈ ਮਜਬੂਰੀ ਬਣ ਜਾਂਦੀ ਹੈ ਕਿ ਉਹ ਅਨਿਸ਼ਚਤਕਾਲ ਦਰਸਾਉਂਦੀ ਰੇਖਾ ਤੋਂ ਮੁਨਕਰ ਹੋਣ। ਅਮਰੀਕਾ ਤੋਂ ਗੁਲਬਰਗ ਸਿੰਘ ਬੱਸੀ ਦੇ ਲੇਖ 'ੴ ਇੱਕੋ ਸਹੀ ਉਚਾਰਨ' (ੴ IKKO as Its Proper Pronunciation) ਵਿਚ ਵੀ ਇਹ ਮਜਬੂਰੀ ਝਲਕਦੀ ਹੈ। ਉਹ ਗੁਰੂ ਸਾਹਿਬ ਦਿਆਂ ਇਤਿਹਾਸਕ ਹੱਥ ਲਿੱਖਤਾਂ ਨੂੰ ਸਾਂਝਾ ਕਰਕੇ ਇਹ ਵਿਸ਼ਲੇਸ਼ਣ ਦਿੰਦੇ ਹਨ ਕਿ ਰੇਖਾ ਕੇਵਲ ਇੱਕ ਕੈਲੀਗ੍ਰਾਫਿਕ ਵਾਧਾ ਹੀ ਹੈ:

"ਪਾਠਕ ਨੇ ਜ਼ਰੂਰ ਨੋਟ ਕੀਤਾ ਹੋਣਾ ਕਿ ੧ ਦੇ ਆਕਾਰ ਵਿੱਚ ਕੈਲੀਗ੍ਰਾਫਿਕ ਐਕਸਟੈਂਸ਼ਨ ਹੈ, ਭਾਵੇਂ ਕਿ ਕੁਝ ਮਾਮਲਿਆਂ ਵਿੱਚ ਇਹ ਉੱਨਾ ਪ੍ਰਮੁੱਖ ਨਹੀਂ ਹੈ, ਅਤੇ ਓ ਦਾ ਕੈਲੀਗ੍ਰਾਫਿਕ ਐਕਸਟੈਂਸ਼ਨ ਵੱਖੋ ਵੱਖਰੇ ਆਕਾਰਾਂ ਵਿੱਚ ਹੈ।"

ਡਾ. ਢਿੱਲੋਂ ਵੀ ਮਿਲਦਾ-ਜੁਲਦਾ ਵਿਚਾਰ ਪੇਸ਼ ਕਰਦੇ ਹੋਏ ਲਿਖਦੇ ਹਨ:

"ਇੱਥੇ ਇਹ ਵੀ ਸੋਚਣਾ ਬਣਦਾ ਹੈ ਕਿ ਇਹਨਾਂ ਹੱਥ-ਲਿਖਤਾਂ ਵਿਚਲੇ ਇੱਕ ਦੇ ਹਿੰਦਸੇ ਦੀ ਥਾਂ-ਥਾਂ ਤੇ ਹੇਠਾਂ ਵੱਲ ਨੂੰ ਵਧੀ ਹੋਈ ਰੇਖਾ ਦਾ ਕੀ ਕੀਤਾ ਜਾਵੇ!"

GuruNisaan

ਇਸ ਸ਼ੰਕੇ ਬਾਰੇ ਹੇਠ ਲਿਖੇ ਸਪਸ਼ਟੀਕਰਨ ਵਲ ਧਿਆਨ ਦਿੱਤਾ ਜਾਵੇ:

    ਅਗਰ ਗੁਲਬਰਗ ਸਿੰਖ ਬੱਸੀ ਵਿਸ਼ਲੇਸ਼ਣ ਲਿਖਦੇ ਸਮੇਂ ਸ਼ਬਦਾਂ ਨੂੰ ਇਸ ਤਰਾਂ ਦਰੁਸਤ ਕਰ ਲੈਣ ਤਾਂ ਕਾਫ਼ੀ ਗੱਲ ਸਾਫ਼ ਹੋ ਜਾਣੀ ਸੀ:
    'ਪਾਠਕ ਨੇ ਜ਼ਰੂਰ ਨੋਟ ਕੀਤਾ ਹੋਣਾ ਕਿ 'ਕਈ-ਵਾਰ' ੧ ਦੇ ਆਕਾਰ ਵਿਚ ਕੈਲੀਗ੍ਰਾਫਿਕ ਐਕਸਟੈਂਸ਼ਨ ਹੈ, ਭਾਵੇਂ ਕਿ ਕੁਝ ਮਾਮਲਿਆਂ ਵਿਚ ਇਹ ਉੱਨਾ ਪ੍ਰਮੁੱਖ ਨਹੀਂ ਹੈ, ਅਤੇ ਓ ਨਾਲ 'ਹਰ-ਵਾਰ' ਕੈਲੀਗ੍ਰਾਫਿਕ ਐਕਸਟੈਂਸ਼ਨ ਵੱਖੋ ਵੱਖਰੇ ਆਕਾਰਾਂ ਵਿੱਚ ਹੈ।'
    ਪਾਠਕ ਵਾਸਤੇ 'ਕਈ ਵਾਰ'(sometimes) ਅਤੇ 'ਹਰ ਵਾਰ' (always) ਵਿਚ ਫ਼ਰਕ ਸਮਝਦੇ ਹੋਏ ਨਿਰਣਾ ਕਰਨਾ ਆਸਾਨ ਹੋ ਜਾਂਦਾ।

    '੧' ਦੇ ਨਾਲ ਕਈ-ਵਾਰ ਆਏ ਕੈਲੀਗ੍ਰਾਫਿਕ ਵਾਧੇ ਦੇ ਬਾਵਜੂਦ ਉਸਦੀ ਬਣਤਰ '੧' ਦੀ ਹੀ ਰਹੀ, '੧' ਤੋਂ ਬਾਹਰ ਨਹੀਂ ਗਿਆ। ਜਦਕਿ 'ਓ' ਦੇ ਨਾਲ ਹਰ-ਵਾਰ ਪਾਈ ਰੇਖਾ ਕਾਰਨ ਉਹ ਉੱਘੜਵੇਂ ਤੌਰ ਤੇ 'ਓ' ਤੋਂ ਹੱਟਵੀਂ ਇਕਾਈ ਨਜ਼ਰ ਪੈਂਦੀ ਹੈ, ਤਾਂਹੀ ਤੇ ਲਿਖਣਾ ਪਿਆ- "ਕੈਲੀਗ੍ਰਾਫਿਕ ਐਕਸਟੈਂਸ਼ਨ ਵੱਖੋ ਵੱਖਰੇ ਆਕਾਰਾਂ ਵਿੱਚ ਹੈ।"

    "ਵੱਖੋ ਵੱਖਰੇ ਆਕਾਰਾਂ" ਜਾਂ "ਵਲ-ਵਿੰਗ ਖਾਂਦੀ" ਰੇਖਾ ਆਪਣੇ-ਆਪ ਵਿਚ ਪ੍ਰਮਾਣ ਹੈ ਕਿ ਇਹ ਕਿਸੇ ਭਾਸ਼ਾ ਲਿੱਪੀ ਦਾ ਹਿੱਸਾ ਨਹੀਂ ਬਲਕਿ ਚਿੱਤਰਕਲਾ ਦੀ ਰੇਖਾ ਹੈ। ਚਿੱਤਰਕਲਾ ਦੇ ਹੋਣ ਕਰਕੇ ਇਸਦੀ ਬਣਤਰ ਵਿਚ ਇੱਕਸਾਰਤਾ ਦੀ ਜ਼ਰੂਰਤ ਨਹੀਂ। ਕਰਤਾਰ ਦੇ ਅਨਿਸ਼ਚਤ ਕਾਲ ਨੂੰ ਦਰਸਾਉਂਦੀ ਇੱਕੋ ਸ਼ਰਤ ਹੈ ਕਿ ਇਸਦਾ ਆਖਰੀ ਛੋਰ ਖੁਲਾ ਹੋਵੇ ਕਿਸੇ ਨਾਲ ਛੂਹਣਾ ਨਹੀਂ ਚਾਹੀਦਾ।

'ਏਕੋ' ਉਚਾਰਨ ਦੇ ਪੈਰੋਕਾਰਾਂ ਨੂੰ ਚਿੱਤਰਕਲਾ ਦੀ ਰੇਖਾ ਤੋਂ ਮੁਨਕਰ ਹੋਣ ਵਾਸਤੇ 'ਲਿਖਣ' ਸ਼ੈਲੀ ਵਿਚ ਕਲਪਿਤ ਬਦਲਾਅ ਦੀ ਵੱਖ-ਵੱਖ ਥਿਊਰੀਆਂ (ਜਿਵੇਂ- ਕੈਲੀਗ੍ਰਾਫਿਕ ਐਕਸਟੈਂਸ਼ਨ, ੳ ਤੇ ਹੋੜਾ ਲਗਾਉਣ ਦੀ ਮੁਸ਼ਕਲਾਂ) ਘੜਨ ਦੀ ਬਜਾਏ 'ਮੌਖਿਕ' ਬਦਲਾਅ ਦੇ ਸੰਭਾਵਿਤ ਕਾਰਨ ਦੱਸਣੇ ਚਾਹੀਦੇ ਹਨ। ਪਾਠਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਬੁਧੀਜੀਵੀ 'ਏਕੋ' ਜਾਂ 'ਏਕ ਓ ਬਿਅੰਤ' ਉਚਾਰਨ ਦੱਸੇ ਉਸ ਨੂੰ ਭਾਸ਼ਾ-ਵਿਗਿਆਨ ਜਾਂ ਕਿਸੇ ਫਿਲਾਸਫੀ ਦੇ ਗੋਲਮਾਲ ਸ਼ਬਦਾਂ ਪਿਛੇ ਨਾ ਛੁਪਣ ਦਿਉ। ਉਹਨਾ ਤੋਂ ਸਪਸ਼ਤ ਤੋਰ ਤੇ ਇਹ ਤਿੱਨ ਸਵਾਲ ਕੀਤੇ ਜਾਣ ਜਿਸ ਨਾਲ ਉਹਨਾ ਦੀ ਗੁਰੂ ਨਾਨਕ ਸਾਹਿਬ ਨੂੰ ਬਾਕੀ ਨੌ ਗੁਰੂਆਂ ਨਾਲੋਂ ਵੱਖ ਕਰਨ ਦੀ ਮਨਸ਼ਾ ਸਾਫ਼ ਹੋ ਸਕੇ:

    ਅਗਰ ਗੁਰੂ ਨਾਨਕ ਸਾਹਿਬ ਨੇ 'ਏਕੋ', 'ਇੱਕੋ', ਜਾਂ 'ਇਕੁ ਓ ਬਿਅੰਤ' ਉਚਾਰਨ ਦਿੱਤਾ ਸੀ ਤਾਂ ਕਿਸ ਮੌਖਿਕ ਕ੍ਰਮ-ਵਿਕਾਸ ਦੇ ਅਸਰ ਹੇਠ ਸਿੱਖ ਸੰਗਤ ਨੇ 'ਇੱਕਓਅੰਕਾਰ' ਜਾਂ ਹੋਰ ਮਿਲਦੇ-ਜੁਲਦੇ ਉਚਾਰਨ ਕਬੂਲ ਕਰ ਲਏ?
    ਇਹ ਮੌਖਿਕ ਬਦਲਾਅ ਗੁਰੂ ਅੰਗਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਇਆ ਜਾਂ ਉਸ ਤੋਂ ਵੀ ਬਾਅਦ?
    ਇਹ ਬੁਧੀਜੀਵੀ ਭਾਈ ਗੁਰਦਾਸ ਨੂੰ ਕਸੂਰਵਾਰ ਬਣਾਉਂਦੇ ਹਨ। ਜਿਸਦਾ ਭਾਵ ਹੋਈਆ ਕਿ ਭਾਈ ਗੁਰਦਾਸ ਨੇ ਬਦਲਾਅ ਪੇਸ਼ ਕੀਤਾ ਜਿਸ ਨੂੰ ਸੰਗਤ ਨੇ ਕਬੂਲ ਕਰ ਲਿਆ। ਯਕੀਨਨ ਸੰਗਤ ਨੇ ਬਦਲਾਅ ਗੁਰੂ ਅਰਜਨ ਸਾਹਿਬ ਜਾਂ ਉਸ ਤੋਂ ਬਾਅਦ ਦੇ ਗੁਰੂ ਸਾਹਿਬਾਨ ਦੀ ਮਰਜ਼ੀ ਨਾਲ ਹੀ ਕਬੂਲ ਕੀਤਾ ਹੋਣਾ। ਕਿ ਇਹ ਬੁਧੀਜੀਵੀ ਗੋਲਮਾਲ ਸ਼ਬਦਾਂ ਵਿਚ ਪੰਚਮ ਗੁਰੂ ਨੂੰ ਗੁਰੂ ਨਾਨਕ ਸਾਹਿਬ ਦੇ ਮੌਖਿਕ ਉਚਾਰਨ ਵਿਚ ਪਾਏ ਗਏ ਕਥਿਤ ਵਿਗਾੜ ਦਾ ਕਾਰਨ ਦੱਸ ਰਹੇ ਹਨ?

'ਏਕੰਕਾਰ' ਉਚਾਰਨ ਉਪਰ ਲਿੱਖੇ ਤਿੱਨ ਸਵਾਲਾਂ ਦਾ ਸਹਿਜੇ ਹੀ ਜਵਾਬ ਦੇ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ 'ੴ' ਦਾ ਉਚਾਰਨ ਗੁਰਮੁਖੀ ਦੇ ਨਵੇਂ ਸ਼ਬਦ 'ਏਕੰਕਾਰ' ਨਾਲ ਕੀਤਾ ਜਿਸਨੂੰ ਸਾਰੇ ਗੁਰੂ ਸਾਹਿਬਾਨ ਨੇ ਉਸੇ ਤਰਾਂ ਪਰਚਾਰਿਆ। ਅਠਾਰਵੀਂ ਸਦੀ ਸਿੱਖਾਂ ਤੇ ਪਈ ਭੀੜ ਕਾਰਨ ਗੁਰੂ ਘਰਾਂ ਦੀ ਦੇਖ-ਰੇਖ ਉਦਾਸੀ ਅਤੇ ਨਿਰਮਲੇ ਪਰਚਾਰਕਾਂ ਦੇ ਹੱਥ ਆ ਗਈ ਜਿਹਨਾ ਦਾ ਝੁਕਾਅ ਵੇਦਾਂਤ ਵਲ ਸੀ। ਭਾਈ ਮੰਨੀ ਸਿੰਘ ਦੀ ਸ਼ਹਾਦਤ ਤੋਂ ਲਗਭਗ ੯੦ ਸਾਲ ਬਾਅਦ ਪਹਿਲੀ ਵਾਰ 'ੴ' ਦਾ ਉਚਾਰਨ 'ਇੱਕਓਅੰਕਾਰ' ਲਿੱਖ ਕੇ ਕੀਤਾ। 'ਏਕੰਕਾਰ' ਅਤੇ 'ਇੱਕਓਅੰਕਾਰ' ਦੀ ਇੱਕੋ ਜਿਹੀ ਮੌਖਿਕ ਧੁੰਨੀ ਹੋਣ ਦੇ ਕਾਰਨ ਸਿੱਖ ਸੰਗਤ ਨੂੰ ਪਤਾ ਹੀ ਨਾ ਚਲਿਆ ਕਦੋਂ ਉਹਨਾ ਨੇ ਉਹ ਵਿਗੜਿਆ ਉਚਾਰਨ ਕਬੂਲ ਕਰ ਲਿਆ ਜੋ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ। ਗੁਰੂ ਘਰਾਂ ਤੇ ਲੰਮੇ ਸਮੇਂ ਤਕ ਨਿਰਮਲੇ ਕਾਬਜ਼ ਰਹੇ ਜਿਸ ਨਾਲ ਸਿੱਖ ਸੰਗਤ ਦੀ 'ਇੱਕਓਅੰਕਾਰ' ਪ੍ਰਤੀ ਧਾਰਨਾ ਇਤਨੀ ਮਜ਼ਬੂਤ ਹੋ ਗਈ ਕਿ ਉਹਨਾ 'ਏਕੰਕਾਰ' ਨੂੰ ਸੁਤੰਤਰ ਸ਼ਬਦ ਵਜੋਂ ਦੇਖਣਾ ਹੀ ਬੰਦ ਕਰ ਦਿੱਤਾ। ਅੱਜ ਤਕ ਸਿੱਖ ਪਰਚਾਰਕ ਅਤੇ ਵਿਦਵਾਨਾਂ ਦਾ 'ਏਕੰਕਾਰ' ਸ਼ਬਦ ਦੀ ਸੁਤੰਤਰ ਰੂਪ ਵਜੋਂ ਵਿਆਖਿਆ ਕਰਨ ਵਲ ਧਿਆਨ ਨਾ ਜਾਣਾ ਇਹ ਪੂਰਵ ਧਾਰਨਾਵਾਂ ਦਾ ਸਬੂਤ ਹੈ।

ਭਾਈ ਗੁਰਦਾਸ ਉੱਤੇ ਬੁਧੀਜੀਵੀਆਂ ਵਲੋਂ ਦੂਸ਼ਣ

ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਜੀ ਦੇ ਅਤਿ ਨਜ਼ਦੀਕੀ ਸਿੱਖਾਂ ਵਿਚੋਂ ਸਨ। ਆਦਿ ਗ੍ਰੰਥ ਦੀ ਸੰਪਾਦਨਾ ਵਿਚ ਉਹਨਾ ਦੇ ਯੋਗਦਾਨ ਬਾਰੇ ਕਿਸੀ ਨੂੰ ਕੋਈ ਭੁਲੇਖਾ ਨਹੀਂ। ਕਹਿਣ ਤੋਂ ਭਾਵ ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਚੋਣਵੇਂ ਸਿੱਖਾਂ ਵਿਚੋਂ ਸਨ। ਕੰਮੀ ਤੇ ਬੁਧੀਜੀਵੀਆਂ ਦੀ ਸਮਝ ਵਿਚ ਹੈ, ਲੇਕਿਨ ਆਪਣੀ ਖੋਜ ਨੂੰ ਵੱਡਾ ਦੱਸਣ ਵਾਸਤੇ ਭਾਈ ਗੁਰਦਾਸ ਤੇ ਹੀ ਸਿੱਖੀ ਨੂੰ ਭਟਕਾਉਣ ਦਾ ਦੂਸ਼ਣ ਲਾਈ ਜਾਂਦੇ ਹਨ। ਭਾਈ ਗੁਰਦਾਸ ਦੀ ਰਚਨਾ ਦਾ ਸਹੀ ਅਰਥ ਕਰ ਸਕਣ ਵਿਚ ਕੋਈ ਅਸਮਰਥ ਹੋ ਸਕਦਾ ਹੈ। ਪਰ ਅਗਰ ਉਹ ਸੰਜੀਦਾ ਸਿੱਖ ਚਿੰਤਕ ਹੋਣ ਤਾਂ ਦੂਸ਼ਣ ਲਗਾਉਣ ਦੀ ਥਾਂ 'ਭਾਈ ਗੁਰਦਾਸ ਦੀ ਰਚਨਾ ਵਿਚ ਹੋਈ ਮਿਲਾਵਟ' ਦੀ ਗੱਲ ਕਰ ਸਕਦੇ ਸਨ। ਲੇਕਿਨ ਬੁਧੀਜੀਵੀਆਂ ਨੇ ਸਿੱਖ ਜਗਤ ਦੀ ਸਤਕਾਰਤ ਹੱਸਤੀ ਨੂੰ ਨੀਵਾਂ ਦਿਖਾ ਕੇ ਖੁਦ ਨੂੰ ਵੱਧ ਸਿਆਣਾ ਅਤੇ ਖੋਜੀ ਸਾਬਤ ਕਰਨਾ ਹੀ ਯੋਗ ਸਮਝਿਆ।

ਬੇਸ਼ਕ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਰ ਸਾਹਿਤ ਦੀ ਆਲੋਚਨਾ ਹੋ ਸਕਦੀ ਹੈ। ਪਰ ਪ੍ਰੋ: ਦਵਿੰਦਰ ਸਿੰਘ ਚਾਹਲ ਦੀ ਭਾਈ ਗੁਰਦਾਸ ਤੇ ਕੀਤੀ ਦੂਸ਼ਣਬਾਜ਼ੀ ਬੇਬੁਨਿਆਦ ਹੈ। ਪ੍ਰੋ: ਚਾਹਲ ਤਾਂ ਭਾਈ ਗੁਰਦਾਸ ਦੇ ਨਾਲ-ਨਾਲ ਭੱਟ ਕਲ ਦੀ ਬਾਣੀ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਸਵਾਲ ਚੁਕ ਰਹੇ ਹਨ। ਉਹ 'ਯੁਗਾਂ ਅਤੇ ਉਨ੍ਹਾਂ ਦੇ ਦੇਵਤਿਆਂ ਬਾਰੇ ਪ੍ਰਾਚੀਨ ਧਾਰਨਾਵਾਂ' (Ancient Concepts about Yugs and their Dieties) ਸਿਰਲੇਖ ਹੇਠ ਲਿਖਦੇ ਹਨ:

"ਬਦਕਿਸਮਤੀ ਨਾਲ, ਭਾਈ ਗੁਰਦਾਸ ਦੀ ਆਪਣੀ ਹੀ ਯੁਗ-ਪ੍ਰਣਾਲੀ ਜੋ ਵਾਰਾਂ (ਆਮ ਤੌਰ ਤੇ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ) ਵਿੱਚ ਸਮਝਾਇਆ ਗਿਆ ਹੈ, ਜਿੱਥੇ ਇਹਨਾਂ ਯੁਗਾਂ ਵਿੱਚ ਸਰਵ ਸ਼ਕਤੀਮਾਨ ਦੇ ਅਵਤਾਰ ਪ੍ਰਾਚੀਨ ਫ਼ਲਸਫ਼ੇ ਨਾਲੋਂ ਵੱਖਰੇ ਹਨ, ਜਿਸਦਾ ਹਵਾਲਾ ਗੁਰੂ ਨਾਨਕ ਨੇ ਆਪਣੇ ਉਪਰੋਕਤ ਸ਼ਬਦ ਵਿੱਚ ਦਿੱਤਾ ਹੈ। ਉਦਾਹਰਣ ਲਈ,
'ਸੇਤੰਬਰ' ਦੀ ਬਜਾਏ ਸਤਿ ਯੁਗ ਲਈ 'ਵਿਸ਼ਨੂੰ'.
'ਰਾਮ' ਦੀ ਬਜਾਏ ਤ੍ਰੇਤਾ ਯੁਗ ਲਈ 'ਕ੍ਰਿਸ਼ਨ'.
ਕ੍ਰਿਸ਼ਨ ਦੀ ਬਜਾਏ ਦੁਆਪਰ ਯੁਗ ਲਈ 'ਰਾਮ', ਅਤੇ
ਅੱਲ੍ਹਾ ਦੀ ਬਜਾਏ ਕਲਯੁਗ ਲਈ 'ਗੋਬਿੰਦ' (ਵਾਰ 1, ਪਉੜੀ 49) [22]
....
ਵਿਡੰਬਨਾ ਇਹ ਹੈ ਕਿ ਭੱਟ ਕਲ ਦੁਆਰਾ ਇਹਨਾਂ ਯੁੱਗਾਂ ਦੇ ਦੇਵਤਿਆਂ ਬਾਰੇ ਵਿਆਖਿਆ ਗੁਰੂ ਨਾਨਕ ਵਲੋਂ ਕੀਤੀ ਪ੍ਰਾਚੀਨ ਦਰਸ਼ਨ ਦੇ ਹਵਾਲੇ ਨਾਲ ਅਤੇ ਭਾਈ ਗੁਰਦਾਸ ਤੋਂ ਬਿਲਕੁਲ ਵੱਖਰੀ ਹੈ। ਭਾਈ ਗੁਰਦਾਸ ਅਤੇ ਭੱਟ ਕਲ ਨੇ ਗੁਰੂ ਨਾਨਕ ਨੂੰ ਬਾਵਨ, ਰਾਮ, ਕ੍ਰਿਸ਼ਨ, ਨਾਨਕ, ਅੰਗਦ ਅਤੇ ਅਮਰ ਦੇ ਰੂਪ ਵਿੱਚ ਇਨ੍ਹਾਂ ਸਾਰੇ ਯੁੱਗਾਂ ਦੇ ਰੂਪ ਵਿੱਚ ਦੇਵਤਾ ਬਣਾ ਦਿੱਤਾ।" (Sikhism Scientific And Logical Religion For The Third Millennium And Beyond)

ਸਭ ਤੋਂ ਪਹਿਲਾਂ ਤਾਂ ਪ੍ਰੋ: ਚਾਹਲ ਪੂਰੀ ਤਰਾਂ ਨਾਲ ਗਲਤ ਬਿਆਨੀ ਕਰ ਰਹੇ ਹਨ ਕਿ ਭਾਈ ਗੁਰਦਾਸ ਨੇ "ਰਾਮ ਦੀ ਬਜਾਏ ਤ੍ਰੇਤਾ ਯੁਗ ਲਈ ਕ੍ਰਿਸ਼ਨ; ਕ੍ਰਿਸ਼ਨ ਦੀ ਬਜਾਏ ਦੁਆਪਰ ਯੁਗ ਲਈ ਰਾਮ" ਕਿਹਾ ਹੈ। ਜਦਕਿ ਭਾਈ ਗੁਰਦਾਸ ਨੇ ਤ੍ਰੇਤਾ ਯੁਗ ਲਈ 'ਰਾਮ' ਅਤੇ ਦੁਆਪਰ ਯੁਗ ਲਈ 'ਕ੍ਰਿਸ਼ਨ' ਹੀ ਵਰਤਿਆ ਹੈ। ਹੋ ਸਕਦਾ ਹੈ ਭਾਈ ਗੁਰਦਾਸ ਉੱਤੇ ਦੂਸ਼ਣ ਲਗਾਉਣ ਦੀ ਕਾਹਲ ਵਿਚ ਇਹ ਗਲਤੀ ਹੋ ਗਈ ਹੋਵੇ।

ਪ੍ਰੋ: ਚਾਹਲ ਗੁਰੂ ਗ੍ਰੰਥ ਸਾਹਿਬ ਦੇ ਪੰਨਾ 470 ਤੇ ਗੁਰੂ ਨਾਨਕ ਸਾਹਿਬ ਵਲੋਂ ਮਿਥਿਹਾਸਕ ਚਾਰ ਯੁਗਾਂ ਦੇ ਨਾਲ ਵਰਣਨ ਸੇਤੰਬਰ, ਰਾਮ, ਕ੍ਰਿਸ਼ਨ ਤੇ ਅੱਲ੍ਹਾ ਨੂੰ ਅਧਾਰ ਬਣਾ ਕੇ ਭਾਈ ਗੁਰਦਾਸ ਦੀ ਚਾਰ ਯੁਗਾਂ ਦੇ ਵਰਣਨ ਢੰਗ ਨੂੰ ਗਲਤ ਕਹਿ ਰਹੇ ਹਨ। ਇੱਕ ਪਾਸੇ ਤੇ ਉਹ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਮਿਥਿਹਾਸਕ ਯੁਗਾਂ ਨੂੰ ਨਹੀਂ ਮੰਨਦੇ, ਪਰ ਭਾਈ ਗੁਰਦਾਸ ਨੂੰ ਗਲਤ ਸਾਬਤ ਕਰਨ ਵਾਸਤੇ ਇਸੇ ਨੂੰ ਹੀ ਸਥਾਈ ਸਿਧਾਂਤ ਵਜੋਂ ਪੇਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 470 ਤੇ ਹੀ ਗੁਰੂ ਨਾਨਕ ਸਾਹਿਬ ਦੇ ਇੱਕ ਹੋਰ ਸ਼ਬਦ ਦਾ ਵੀ ਪ੍ਰੋ: ਚਾਹਲ ਨੇ ਵਰਣਨ ਕੀਤਾ ਹੈ, ਜਿਸ ਵਿਚ ਚਾਰ ਯੁਗਾਂ ਵਾਸਤੇ ਸੰਤੋਖ, ਜਤ, ਤਪ ਤੇ ਅਗਨ ਵਰਤਿਆ ਹੈ। ਇਸੇ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਸ਼ਬਦ ਹਨ ਜਿਸ ਵਿਚ ਵੱਖ-ਵੱਖ ਢੰਗ ਨਾਲ ਚਾਰ ਯੁਗਾਂ ਦਾ ਸੰਦਰਭ ਦੇਕੇ ਗਲ ਗੁਰਮੱਤ ਦੇ ਸਿਧਾਂਤ ਦੀ ਕੀਤੀ ਹੈ। ਚਾਰ ਯੁਗਾਂ ਦਾ ਵੱਖ-ਵੱਖ ਢੰਗ ਨਾਲ ਗੁਰਬਾਣੀ ਵਿਚ ਵਰਣਨ ਹੋਣਾ ਇਹ ਸਿੱਧ ਕਰਦਾ ਹੈ ਕਿ 'ਚਾਰ ਯੁਗ' ਗੁਰਮੱਤ ਦਾ ਕੋਈ ਸਥਾਈ ਸਿਧਾਂਤ ਨਹੀਂ ਹਨ। ਪ੍ਰੋ: ਚਾਹਲ ਵਲੋਂ ਗੁਰੂ ਨਾਨਕ ਸਾਹਿਬ ਦੇ ਇੱਕ ਚੋਣਵੇਂ ਸ਼ਬਦ ਵਿਚ ਵਰਤੇ ਸੇਤੰਬਰ, ਰਾਮ, ਕ੍ਰਿਸ਼ਨ (ਹਰਿ) ਤੇ ਅੱਲ੍ਹਾ ਦੀ ਭਾਈ ਗੁਰਦਾਸ ਵਲੋਂ ਵਰਤੇ ਵਿਸ਼ਨੂੰ, ਰਾਮ, ਹਰਿ ਤੇ ਗੋਵਿੰਦ ਨਾਲ ਤੁਲਨਾ ਕਰਨਾ ਨਾ ਸਿਰਫ਼ ਭਾਈ ਗੁਰਦਾਸ ਤੇ ਦੂਸ਼ਣ ਲਗਾਉਣ ਦੀ ਜ਼ਿਦ ਦਰਸਾਉਂਦਾ ਹੈ, ਬਲਕਿ ਸਿਧਾਂਤਕ ਕਮਜ਼ੋਰੀ ਵੀ। ਭੱਟ ਕਲ ਜਾਂ ਭਾਈ ਗੁਰਦਾਸ ਵੀ ਅਗਰ ਚਾਰ ਯੁਗਾਂ ਦੇ ਸੰਦਰਭ ਨੂੰ ਆਪਣੇ ਢੰਗ ਨਾਲ ਕਾਵ-ਸ਼ੈਲੀ ਵਿਚ ਇਸਤਮਾਲ ਕਰ ਲੈਂਦੇ ਹਨ ਤਾਂ ਇਸ ਵਿਚ ਗੁਰਮੱਤ ਦੇ ਕਿਸੇ ਸਿਧਾਂਤ ਦੀ ਉਲੰਘਣਾ ਨਹੀਂ ਹੁੰਦੀ।

ਆਉ ਭਾਈ ਗੁਰਦਾਸ ਜੀ ਦੀ ਇੱਕ ਹੋਰ ਵਾਰ ਦੇਖਿਏ ਜਿਸ ਵਿਚ ਚਾਰ ਯੁਗ ਬਿਲਕੁਲ ਅਲਗ ਢੰਗ ਨਾਲ ਬਿਆਨੇ ਹਨ, ਜਿਸਦਾ ਜ਼ਿਕਰ ਕਰਨਾ ਪ੍ਰੋ: ਚਾਹਲ ਨੇ ਜ਼ਰੂਰੀ ਨਾ ਸਮਝਿਆ। ਇਸ ਵਿਚ ਯੁਗਾਂ ਦਾ ਸੰਦਰਭ ਦਿੰਦੇ ਹੋਏ ਅਵਤਾਰਾਂ ਦਾ ਕੋਈ ਜ਼ਿਕਰ ਨਹੀਂ, ਬਲਕਿ ਮਨੁਖ ਨੂੰ ਵਿਕਾਰਾਂ ਤੋਂ ਬਚਨ ਦੀ ਪ੍ਰੇਰਨਾ ਦਿੱਤੀ ਹੈ:

ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੇ ਜਾਵੈ।
ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ।
ਸਤਿਜੁਗ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰ ਆਵੈ।
ਤ੍ਰੇਤੇ ਕਰਮਾ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ।
ਦੁਆਪਰਿ ਮਮਤਾ ਅਹੰਕਾਰ ਹਉਮੈ ਅੰਦਰਿ ਗਰਬਿ ਗਲਾਵੈ।
ਤ੍ਰਿਹੁ ਜੁਗਾ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ।
ਫਿਰਿ ਕਲਿਜੁਗ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰ ਫਸਾਵੈ।
ਅਉਸਰੁ ਚੁਕਾ ਹਥ ਨ ਆਵੈ ॥ (ਭਾਈ ਗੁਰਦਾਸ : ਵਾਰ ੧ ਪਉੜੀ ੧੫)

ਡਾ. ਇਕਬਾਲ ਸਿੰਘ ਢਿੱਲੋਂ ਦੂਸ਼ਣਬਾਜ਼ੀ ਵਿਚ ਪਿਛੇ ਕਿਵੇਂ ਰਹਿ ਸਕਦੇ ਸਨ। ਉਹ ਲਿਖਦੇ ਹਨ:

"‘ੴ' ਨੂੰ ‘ਏਕੰਕਾਰ’ ਅਤੇ ‘ਓਅੰਕਾਰ’ ਕਰਕੇ ਪੇਸ਼ ਕਰਨ ਦੀ ਪਰੰਪਰਾ ਭਾਈ ਗੁਰਦਾਸ ਨਾਲ ਜੁੜਦੀ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਗੁਰੂ ਨਾਨਕ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਉਹਨਾ ਵਲੋਂ ਪਰਚਾਰੀ ਗਈ ਜੀਵਨ-ਜਾਚ ਵਿੱਚ ਬ੍ਰਾਹਮਣਵਾਦ ਨੂੰ ਘਸੋੜਨ ਦੀ ਕਾਰਵਾਈ ਦਾ ਅਰੰਭ ਭਾਈ ਗੁਰਦਾਸ ਤੋਂ ਹੀ ਹੁੰਦਾ ਹੈ। ਭਾਈ ਗੁਰਦਾਸ ਨੇ ਗੁਰੂ ਸਾਹਿਬਾਨ ਦੀ ਵਿਚਾਰ-ਧਾਰਾ ਨੂੰ ਬ੍ਰਾਹਮਣਵਾਦੀ ਪਰੰਪਰਾ ਦਾ ਹਿੱਸਾ ਬਣਾਉਣ, ਉਹਨਾ ਨੂੰ ਅਵਤਾਰ ਬਣਾ ਕੇ ਪੇਸ਼ ਕਰਨ ਅਤੇ ਸਿਖ ਫਲਸਫੇ ਨੂੰ ਬ੍ਰਾਹਮਣਵਾਦ ਨਾਲ ਰਲਗੱਢ ਕਰਨ ਹਿਤ ਵੱਡੀ ਭੂਮਿਕਾ ਨਿਭਾਈ ਗਈ ਹੈ। ਉਦਾਹਰਨ ਵਜੋਂ ਉਹ ‘ਵਾਹਿਗੁਰੂ’ ਸ਼ਬਦ ਦੀ ਵਿਆਖਿਆ ਕਰਦੇ ਹੋਏ ਇਸ ਵਿਚਲੇ ‘ਵ’ ਨੂੰ ਵਿਸ਼ਨੂੰ ਨਾਲ, ‘ਹ’ ਨੂੰ ਕ੍ਰਿਸ਼ਨ ਨਾਲ, ‘ਗ’ ਨੂੰ ਗੋਵਿੰਦ ਨਾਲ ਅਤੇ ‘ਰ’ ਨੂੰ ਰਾਮ ਨਾਲ ਜੋੜ ਕੇ ਇਸ ਨੂੰ ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦਾ ਲਖਾਇਕ ਬਣਾ ਕੇ ਪੇਸ਼ ਕਰਦਾ ਹੈ (ਵਾਰ੧ ਪੌੜੀ੪੯)। ‘ਮੰਗਲਾਚਰਨ’, ‘ਮੂਲ-ਮੰਤਰ’ ਅਤੇ ‘ਬੀਜ-ਮੰਤਰ’ ਵਰਗੇ ਸ਼ਬਦ-ਰੂਪ ਵੀ ਭਾਈ ਗੁਰਦਾਸ ਦੀ ਦੇਣ ਹਨ।"

ਗੁਰੂਆਂ ਨੂੰ ਬ੍ਰਾਹਮਣੀ ਰੰਗਤ ਦੇਣ ਵਾਸਤੇ ਜਿਹੜੀ ਵਿਆਖਿਆ ਵਿਧੀ ਨਿਰਮਲੇ ਲਿਖਾਰੀ ਜਾਂ ਸਨਾਤਨੀ ਮੱਤ ਵਾਲੇ ਗੁਰਬਾਣੀ ਤੇ ਲਾਗੂ ਕਰਦੇ ਹਨ, ਉਹ ਹੀ ਵਿਆਖਿਆ ਵਿਧੀ ਅਜੋਕੇ ਸਿੱਖ ਬੁਧੀਜੀਵੀ ਭਾਈ ਗੁਰਦਾਸ ਲਈ ਵਰਤਦੇ ਹਨ। ਇਹਨਾ ਦੀ ਲੇਖਣੀ ਵਿਚ ਇਤਨੀ ਦਵੈਤ ਹੋਣ ਦੇ ਬਾਵਜੂਦ ਗੱਲਾਂ ਇਹ ਮਾਨਵਤਾਵਾਦ ਅਤੇ ਸਚਿਆਰ ਜੀਵਨ ਦਿਆਂ ਕਰਦੇ ਹਨ।

ਪ੍ਰੋ: ਚਾਹਲ ਅਤੇ ਡਾ. ਢਿੱਲੋਂ ਭਾਈ ਗੁਰਦਾਸ ਦੀ ਜਿਸ ਵਾਰ ਨੂੰ ਲੈਕੇ ਹਮਲਾਵਰ ਹੋਏ ਹਨ ਉਹ ਇਸ ਤਰਾਂ ਹੈ:

ਸਤਿਜੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
ਦੁਆਪੁਰਿ ਸਤਿਗੁਰ ਹਰੀ ਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ।
ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।
ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ ॥ (ਭਾਈ ਗੁਰਦਾਸ: ਵਾਰ ੧ ਪਉੜੀ ੪੯)

ਉੱਪਰ ਦਿੱਤੀ ਵਾਰ ਵਿਚ ਭਾਈ ਗੁਰਦਾਸ ਜੀ ਦੀ ਕਾਵਿ ਸ਼ੈਲੀ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਖਾਂਦੀ ਹੈ। ਸ਼ਬਦ ਦਾ ਭਾਵ ਆਖਰੀ ਤਿੱਨ ਪੰਕਤੀਆਂ ਵਿਚ ਸਪਸ਼ਟ ਤੋਰ ਤੇ 'ਵਾਹਿਗੁਰੂ' ਸ਼ਬਦ ਦੀ ਸਰੇਸ਼ਠਤਾ ਸਥਾਪਤ ਕਰਦਾ ਹੈ। ਜੇਕਰ ਇਸ ਵਾਰ ਦੇ ਅਧਾਰ ਤੇ ਭਾਈ ਗੁਰਦਾਸ ਤੇ ਬ੍ਰਾਹਮਣਵਾਦੀ ਹੋਣ ਦਾ ਇਲਜ਼ਾਮ ਲਗਾਇਆ ਜਾਏਗਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਐਸੇ ਬਹੁਤ ਸ਼ਬਦ ਹਨ। ਕੁਛ ਉਦਾਹਰਣ ਦੇਖੋ:

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 2)

ਕਿ ਉਪਰੋਤਕ ਪੰਕਤੀ ਤੋਂ ਡਾ. ਢਿੱਲੋਂ ਇਹ ਨਿਰਣਾ ਕਢਣਗੇ ਕਿ ਗੁਰੂ ਨਾਨਕ ਸਾਹਿਬ 'ਗੁਰੂ' ਨੂੰ ਈਸ਼ਰ, ਗੋਰਖਨਾਥ, ਬ੍ਰਹਮਾ ਅਤੇ ਪਾਰਵਤੀ ਮਾਤਾ "ਨਾਲ ਜੋੜ ਕੇ ਇਸ ਨੂੰ ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦਾ ਲਖਾਇਕ ਬਣਾ ਕੇ ਪੇਸ਼" ਕਰ ਰਹੇ ਹਨ? ਬੇਸ਼ਕ ਨਹੀਂ।

ਕੁਛ ਹੋਰ ਉਦਾਹਰਣ:

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 6)

ਮੁਕੰਦ ਮਨੋਹਰ ਲਖਮੀ ਨਾਰਾਇਣ ॥ ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 1082)

ਅਜੋਕੇ ਬੁਧੀਜੀਵੀ ਜੋ ਵਿਆਖਿਆ ਪ੍ਰਣਾਲੀ ਭਾਈ ਗੁਰਦਾਸ ਲਈ ਵਰਤਦੇ ਹਨ ਅਗਰ ਉਹ ਹੀ ਗੁਰਬਾਣੀ ਤੇ ਵੀ ਲਾਗੂ ਕਰ ਦੇਣ ਫ਼ਿਰ ਤਾਂ ਇਹ ਗੁਰੂ ਸਾਹਿਬਾਨ ਨੂੰ ਹੀ ਦੋਸ਼ੀ ਬਣਾ ਦੇਣ । ਖੁਸ਼ਕਿਸਮਤੀ ਨਾਲ ਡਾ. ਢਿੱਲੋਂ ਗੁਰਬਾਣੀ ਵਿਚ ਆਏ ਇਸ ਤਰਾਂ ਦੇ ਸ਼ਬਦਾਂ ਦਾ ਮੁਲਾਂਕਨ ਠੀਕ ਕਰਦੇ ਹੋਏ ਲਿਖਦੇ ਹਨ:

"ਗੁਰਬਾਣੀ ਵਿੱਚ ਜਿਥੇ ਕਿਤੇ ਅਜਿਹੇ ਪਾਤਰਾਂ ਦਾ ਨਾਮ ਆਇਆ ਹੈ ਉਹ ਬ੍ਰਹਮੰਡੀ ਕਰਤਾਰ ਦੇ ਸਾਹਮਣੇ ਇਹਨਾ ਕਲਪਿਤ ਹਸਤੀਆਂ ਦੀ ਕਥਿਤ ਦੈਵੀ ਹਸਤੀ ਨੂੰ ਛੁਟਿਆਉਣ ਵਾਸਤੇ ਆਇਆ ਹੈ।"

ਡਾ. ਢਿੱਲੋਂ ਦੀ ਇਸ ਦਲੀਲ ਤੋਂ ਅਸੀਂ ਸਹਿਮਤ ਹਾਂ, ਪਰ ਉਹ ਇਹ ਛੋਟ ਭਾਈ ਗੁਰਦਾਸ ਨੂੰ ਕਿਸ ਕਾਰਨ ਨਹੀਂ ਦਿੰਦੇ? ਜਦਕਿ ਕਾਵਿ ਦੀ ਆਖਰੀ ਤਿੱਨ ਪੰਕਤੀਆਂ ਤੋਂ ਸਪਸ਼ਟ ਹੈ ਕਿ 'ਵਾਹਿਗੁਰੂ' ਸ਼ਬਦ ਸਾਹਮਣੇ "ਇਹਨਾ ਕਲਪਿਤ ਹਸਤੀਆਂ ਦੀ ਕਥਿਤ ਦੈਵੀ ਹਸਤੀ" ਨੂੰ ਛੁਟਿਆਇਆ ਗਿਆ ਹੈ। ਵਿਸ਼ਨੂੰ ਸਨਾਤਨ ਮੱਤ ਵਿਚ ਸਭ ਤੋਂ ਵੱਡਾ ਦੇਵਤਾ ਹੈ, ਉਸੇ ਦੇ ਹੀ ਸਾਰੇ ਅਵਤਾਰ ਹਨ। ਵਿਸ਼ਨੂੰ ਨੂੰ 'ਵਾਹਿਗੁਰੂ' ਦੇ 'ਵਵਾ' ਵਿਚ ਹੀ ਸਮੇਟ ਦਿੱਤਾ, ਇਸੇ ਤਰਾਂ ਬਾਕੀ ਦੇ ਅਵਤਾਰ ਵੀ। ਛੋਟੀ ਲਕੀਰ ਦੇ ਸਾਹਮਣੇ ਵੱਢੀ ਲਕੀਰ ਖਿਚ ਦੇਣ ਦਾ ਕਾਵਿ ਢੰਗ ਗੁਰਬਾਣੀ ਵਿਚ ਬਹੁਤ ਵਰਤਿਆ ਗਿਆ ਹੈ। ਉਦਾਹਰਣ ਲਈ:

ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 767)

ਉਪਰੋਤਕ ਪੰਕਤੀ ਦੇ ਅਗਰ ਕੋਈ ਇਹ ਅਰਥ ਕਰੇ ਕਿ 'ਅਠਸਠਿ ਤੀਰਥ ਪੁੰਨ ਪੂਜਾ' ਰਾਹੀਂ 'ਸਾਚਾ ਨਾਮ' ਮਿਲ ਜਾਂਦਾ ਹੈ, ਇਹ ਵਿਆਖਿਆ ਕਰਨ ਵਾਲੇ ਦੀ ਨਾਲਾਇਕੀ ਹੋਵੇਗੀ। ਕਿਉਂਕੀ ਇਸ ਪੰਕਤੀ ਵਿਚ 'ਸਾਚੇ ਨਾਮ' ਦੇ ਮੁਕਾਬਲੇ 'ਅਠਸਠਿ ਤੀਰਥ ਪੁੰਨ ਪੂਜਾ' ਨੂੰ ਛੁਟਿਆਇਆ ਗਿਆ ਹੈ। ਭਾਈ ਗੁਰਦਾਸ ਵੀ ਇਹ ਹੀ ਕਾਵਿ ਸਵਰੂਪ ਅਪਣਾਉਂਦੇ ਹਨ।

ਭਾਈ ਗੁਰਦਾਸ ਵੀ ਸਪਸ਼ਟ ਸ਼ਬਦਾਂ ਵਿਚ ਦੇਵਤੀਆਂ ਨੂੰ ਨਕਾਰਦੇ ਹੋਏ ਗੁਰਮੁਖਾਂ ਦੇ ਸਚਿਆਰ ਜੀਵਨ ਦੀ ਵਡਿਆਈ ਕਰਦੇ ਹਨ:

ਬ੍ਰਹਮਾ ਬਿਸਨੁ ਮਹੇਸੁ, ਅੰਤੁ ਨ ਜਾਣਿਆ।
ਸਿਮਰਿ ਸਹਸਿ ਫਣ ਸੇਸੁ, ਤਿਲੁ ਨ ਪਛਾਣਿਆ।
ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ ॥ (ਭਾਈ ਗੁਰਦਾਸ: ਵਾਰ ੩ ਪਉੜੀ ੧)

ਦਸ ਅਵਤਾਰਾਂ ਦੇ ਆਕਾਰ (ਮਨੁਖਾ ਜਨਮ) ਵਿਚ ਹੋਣ ਕਰਕੇ ਭਾਈ ਗੁਰਦਾਸ ਇਹਨਾ ਨੂੰ ਏਕੰਕਾਰ ਦੀ ਅਲਖ (ਨਿਰੰਕਾਰ) ਹੋਂਦ ਦੇ ਬਰਾਬਰ ਨਹੀਂ ਮੰਨਦੇ:

ਦਸ ਅਵਤਾਰ ਅਕਾਰੁ ਕਰਿ ਏਕੰਕਾਰ ਨ ਅਲਖੁ ਲਖਾਇਆ। (ਭਾਈ ਗੁਰਦਾਸ : ਵਾਰ ੭ ਪਉੜੀ ੧੦)

‘ਮੰਗਲਾਚਰਨ’, ‘ਮੂਲ-ਮੰਤਰ’ ਅਤੇ ‘ਬੀਜ-ਮੰਤਰ’ ਸ਼ਬਦਾਂ ਤੋਂ ਡਾ. ਢਿੱਲੋਂ ਨੂੰ ਕਿ ਪਰੇਸ਼ਾਨੀ ਹੈ, ਇਹ ਉਹਨਾ ਸਪਸ਼ਟ ਨਹੀਂ ਕੀਤਾ। ਪ੍ਰੋ: ਦਵਿੰਦਰ ਸਿੰਘ ਚਾਹਲ ਆਪਣੇ ਲੇਖ 'ੴ ਦ ਯੂਨੀਕ ਲੋਗੋ' (ੴ THE UNIQUE LOGO) ਵਿਚ ਵੀ ਇਹ ਹੀ ਲਿਖ ਰਹੇ ਹਨ। ਉਹ ਇਹਨਾ ਸ਼ਬਦਾਂ ਦੇ ਅਰਥ ਬ੍ਰਾਹਮਣੀ ਗ੍ਰੰਥਾਂ ਤੋਂ ਪ੍ਰਾਪਤ ਕਰ ਰਹੇ ਹਨ। ਸ਼ਾਇਦ ਡਾ. ਢਿੱਲੋਂ ਨੇ 'ਗੁਰੂ' ਦਾ ਅਰਥ ਵੀ ਉਥੋਂ ਹੀ ਪੜਿਆ ਹੈ, ਜਿਸ ਕਾਰਨ ਉਹ 'ਗੁਰੂ ਗ੍ਰੰਥ ਸਾਹਿਬ' ਦੀ ਜਗਾ 'ਗੁਰਬਾਣੀ ਗ੍ਰੰਥ' ਕਹਿਣਾ ਜ਼ਿਆਦਾ ਪ੍ਰਭਾਵਸ਼ਾਲੀ ਸਮਝਦੇ ਹਨ। ਗੁਰਮੱਤ ਦੇ ਸਿਧਾਂਤਾਂ ਨੂੰ ਸਮਝਨ ਲਈ ਅਗਰ ਕੋਈ ਗੁਰਬਾਣੀ ਦੀ ਕੱਸਵਟੀ ਨੂੰ ਤਰਜੀਹ ਨਾ ਦੇਵੇ, ਇਹ ਉਸਦੀ ਬੇਸਮਝੀ ਹੈ। ਆਪਣੀ ਨਾਲਾਇਕੀ ਨੂੰ ਭਾਈ ਗੁਰਦਾਸ ਤੇ ਨਾਂ ਥੋਪਣ ਤੇ ਚੰਗਾ ਹੋਵੇਗਾ।

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥ (ਭ. ਕਬੀਰ, ਗੁਰੂ ਗ੍ਰੰਥ ਸਾਹਿਬ: ਅੰਗ 482)

ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥ (ਮਃ ੧, ਗੁਰੂ ਗ੍ਰੰਥ ਸਾਹਿਬ: ਅੰਗ 1040)

ਬੀਜ ਮੰਤ੍ਰੁ ਸਰਬ ਕੋ ਗਿਆਨੁ ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥ (ਮਃ ੫, ਗੁਰੂ ਗ੍ਰੰਥ ਸਾਹਿਬ: ਅੰਗ 274)

ਗੁਰਪ੍ਰਸਾਦਿ ਦੇ ਸਹਾਰੇ ਸਿੱਖ ਜਦ ਏਕੰਕਾਰ ਦੀ ਅਪਰੰਪਾਰ ਵਿਚਾਰ ਦੇ ਦਰਸ਼ਨ ਕਰਦਾ ਹੈ, ਉਸਦਾ ਜੀਵਨ ਸਚਿਆਰ ਹੋ ਜਾਂਦਾ ਹੈ। ਇਸ ਬਖਸ਼ਿਸ਼ ਨੂੰ ਬਿਆਨ ਕਰਨ ਵਾਸਤੇ ਆਈ ਸ਼ਬਦਾਂ ਦੀ ਥੁੜ ਕਾਰਨ ਉਹ ਆਪਣੇ ਗੁਰੂ ਲਈ ਵਾਹ! ਵਾਹ! ਤੋਂ ਵੱਧ ਕਿ ਕਹਿ ਸਕਦਾ ਹੈ? ਇਸੇ ਭਾਵਨਾ ਵਿਚੋਂ 'ਵਾਹਿਗੁਰੂ' ਸ਼ਬਦ ਨਿਕਲਿਆ ਹੈ। ਸਿੱਖ 'ਵਾਹਿਗੁਰੂ' ਸ਼ਬਦ-ਗੁਰੂ ਲਈ ਵਰਤਦਾ ਹੈ, ਅਤੇ ਗਰੂ ਨਾਨਕ ਦੇ ਦਸ ਜਾਮੀਆਂ ਲਈ ਵੀ ਵਰਤਦਾ ਹੈ ਜਿਸ ਰਾਹੀਂ ਸ਼ਬਦ-ਗੁਰੂ ਸਿੱਖਾਂ ਤਕ ਪਹੁੰਚਿਆ ਹੈ। ਇਸ ਵਿਚ ਕੋਈ ਦੁਵਿਧਾ ਨਹੀਂ ਹੈ। ਜਿਵੇਂ 'ਸਭਨਾ ਕਾ ਮਾ ਪਿਉ ਆਪਿ ਹੈ' ਅਨੁਸਾਰ ਕਰਤਾਰ ਹੀ ਸਾਡਾ ਮਾ ਪਿਉ ਹੈ, ਪਰ ਉਸਦੇ ਨਾਲ-ਨਾਲ ਜੈਵਿਕ ਮਾ ਪਿਉ ਵੀ ਹਨ, ਕੋਈ ਦੁਵਿਧਾ ਨਹੀਂ। ਸਰਗੁਣ-ਨਿਰਗੁਣ ਦੋਨੋਂ ਪੱਖ ਬਰਾਬਰ ਚਲਦੇ ਹਨ। ਕਰਤਾਰ ਵੀ ਨਿਰੰਕਾਰ ਹੋਣ ਦੇ ਬਾਵਜੂਦ ਸਭ ਆਕਾਰਾਂ ਵਿਚ ਸਮਾਇਆ ਹੋਇਆ ਹੈ, ਜਿਸ ਕਾਰਨ ਸਭ ਆਕਾਰ ਨਿਰੰਕਾਰ ਦੇ ਹੀ ਹਨ।

ਭਾਈ ਗੁਰਦਾਸ ਜੀ ਦੀ ਜੋ ਅੱਢਰੀ ਕਾਵਿ ਸ਼ੈਲੀ ਇਸ ਵਾਰ (ਵਾਰ ੧ ਪਉੜੀ ੪੯) ਵਿਚ ਨਜ਼ਰ ਪੈਂਦੀ ਹੈ, ਉਸ ਵਲ ਬੁਧੀਜੀਵੀਆਂ ਦਾ ਕੋਈ ਧਿਆਨ ਨਹੀਂ ਗਿਆ। ਇਸ ਵਾਰ ਵਿਚ ਭਾਈ ਗੁਰਦਾਸ ਜੀ 'ਵਾਹਿਗੁਰੂ' ਦੀ ਬਣਤਰ ਵਿਚ ਆਏ ਵਰਣਮਾਲਾ ਦੇ ਵਵਾ, ਹਹਾ, ਗਗਾ, ਰਰਾ ਨੂੰ ਅਲੰਕਾਰ ਦੇ ਰਹੇ ਹਨ। ਪਾਠਕ 'ਬਣਤਰ' ਦੇ ਨੁਕਤੇ ਵਲ ਧਿਆਨ, ਅਗਲੇ ਅਧਿਆਏ ਵਿਚ ਭਾਈ ਗੁਰਦਾਸ ਜੀ ਦੀ ਇਸੇ ਕਾਵਿ-ਸ਼ੈਲੀ ਬਾਰੇ ਚਰਚਾ ਕਰਾਂਗੇ।

ਭਾਈ ਗੁਰਦਾਸ ਜੀ ਦੀ ਗਵਾਹੀ

ਜਿਹੜੇ ਬੁਧੀਜੀਵੀ ਭਾਈ ਗੁਰਦਾਸ ਪ੍ਰਤੀ ਇਸ ਹੱਦ ਤਕ ਪੱਖਪਾਤੀ ਹੋ ਚੁਕੇ ਹਨ ਕਿ ਉਹਨਾ ਤੇ ਦੂਸ਼ਣ ਲਗਾਉਣ ਦੀ ਹੋੜ ਵਿਚ ਬਿਨਾ ਸਿਰ-ਪੈਰ ਦੀ ਕਿਸੇ ਵੀ ਦਲੀਲ ਨੂੰ 'ਤਰਕ ਦੀ ਕਸਵੱਟੀ' ਕਹਿ ਦਿੰਦੇ ਹਨ, ਉਹ ਭਾਈ ਗੁਰਦਾਸ ਵਲੋਂ 'ੴ' ਦੇ ਉਚਾਰਨ ਪ੍ਰਤੀ ਦਿੱਤੀ ਗਵਾਹੀ ਦਾ ਸਹੀ ਅਰਥ ਕਰ ਦੇਣ, ਇਹ ਉਮੀਦ ਹੀ ਨਹੀਂ ਰੱਖੀ ਜਾ ਸਕਦੀ।

ਜੋਗਿੰਦਰ ਸਿੰਘ ਜੋ ਰੋਜ਼ਾਨਾ ਸਪੋਕਸਮੈਨ ਅੱਖਬਾਰ ਦੇ ਸੰਸਥਾਪਕ ਹਨ, ਨਿਰਮਲ ਸਿੰਘ ਕਲਸੀ ਅਤੇ ਟੀ.ਆਰ. ਸ਼ਿੰਗਾਰੀ ਦੇ ਹਵਾਲੇ ਦੇਕੇ 'ਏਕੋ' ਉਚਾਰਨ ਨੂੰ ਸਹੀ ਦੱਸਦੇ ਹਨ। ਉਹ ਭਾਈ ਗੁਰਦਾਸ ਬਾਰੇ ਲਿਖਦੇ ਹਨ:

"ਪਹਿਲੀ ਵਾਰ ਸ਼ਾਇਦ ਭਾਈ ਗੁਰਦਾਸ ਨੇ 'ੴ' ਦਾ ਉਹ ਉਚਾਰਣ ਦਿਤਾ ਜੋ ਅੱਜ ਪ੍ਰਚਲਤ ਹੈ ਤੇ ਜਿਸ ਨੂੰ ਵਿਦਵਾਨ ਲੋਕ ਸਹੀ ਨਹੀਂ ਮੰਨ ਰਹੇ ਕਿਉਂਕਿ ਇਹ ਉਚਾਰਨ, ੴ ਦੇ ਸਹੀ ਅਰਥ ਸਮਝਣ ਵਿਚ ਰੁਕਾਵਟ ਖੜੀ ਕਰਦਾ ਹੈ।" (ਸੋ ਦਰੁ ਤੇਰਾ ਕੇਹਾ, ਅਧਿਆਏ-10, ਜੋਗਿੰਦਰ ਸਿੰਘ)

ਪ੍ਰੋ: ਦਵਿੰਦਰ ਸਿੰਘ ਚਾਹਲ ਭਾਈ ਗੁਰਦਾਸ ਉੱਤੇ ੴ ਦਾ ਉਚਾਰਨ ਵਿਗਾੜਨ ਦਾ ਝੂਠਾ ਦੋਸ਼ ਲਗਾਉਂਦੇ ਹੋਏ ਲਿਖਦੇ ਹਨ:

"ਭਾਈ ਗੁਰਦਾਸ ਨੇ 'ਏਕਾ' ਨੂੰ 'ਏਕੰਕਾਰ' ਅਤੇ 'ਊੜੇ' ਦਾ 'ਓਅੰਕਾਰ' ਉਚਾਰਨ ਕੀਤਾ ਹੈ। ਇਸ ਲਈ, ਭਾਈ ਗੁਰਦਾਸ ਦੀ ਵਿਆਖਿਆ ਅਨੁਸਾਰ ੴ ਦਾ ਉਚਾਰਨ 'ਏਕੰਕਾਰ ਓਅੰਕਾਰ' ਹੋਣਾ ਚਾਹੀਦਾ ਹੈ। ਪਰ ਆਮ ਤੌਰ ਤੇ ਸਿੱਖਾਂ ਦੁਆਰਾ ਵੱਡੇ ਪੱਧਰ ਤੇ ੴ ਨੂੰ 'ਏਕੁ ਓਅੰਕਾਰ' ਵਜੋਂ ਉਚਾਰਿਆ ਜਾ ਰਿਹਾ ਹੈ। ਫਿਰ ਵੀ, ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਈ ਗੁਰਦਾਸ ਉਹ ਪਹਿਲੇ ਵਿਦਵਾਨ ਸਨ, ਜਿਹਨਾ 'ਊੜੇ' ਨੂੰ 'ਓਅੰਕਾਰ' ਦੇ ਰੂਪ ਵਿੱਚ ਕਿਹਾ।"

ਡਾ. ਇਕਬਾਲ ਸਿੰਘ ਢਿੱਲੋਂ ਵੀ ਭਾਈ ਗੁਰਦਾਸ ਉੱਤੇ ੴ ਦਾ ਉਚਾਰਨ ਵਿਗਾੜਨ ਦਾ ਸਿੱਧਾ ਦੋਸ਼ ਲਗਾ ਰਹੇ ਹਨ:

"‘ੴ’ ਸਬੰਧੀ ਭਾਈ ਗੁਰਦਾਸ ਨੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
ਏਕਾ ਏਕੰਕਾਰ ਲਿਖਿ ਵੇਖਾਲਿਆ।
ਊੜਾ ਓਅੰਕਾਰ ਪਾਸਿ ਬਹਾਲਿਆ।
ਭਾਈ ਗੁਰਦਾਸ ਵੱਲੋਂ ਕੀਤੀ 'ੴ' ਦੀ ਉੱਪਰ ਦਿੱਤੀ ਵਿਆਖਿਆ ਬੜੀ ਹੀ ਅਜੀਬ ਸਥਿਤੀ ਪੈਦਾ ਕਰ ਦਿੰਦਾ ਹੈ: ਉਹ ਏਕੇ ਦੇ ਹਿੰਦਸੇ ਨੂੰ ‘ਏਕੰਕਾਰ’ ਕਰਕੇ ਪੇਸ਼ ਕਰਦਾ ਹੈ ਅਤੇ ਖੁਲ੍ਹੇ ਊੜੇ ਨੂੰ ‘ਓਅੰਕਾਰ’ ਕਰਕੇ। ਇਸ ਨਾਲ ‘ੴ’ ਦਾ ਸਮੁੱਚਾ ਉਚਾਰਨ ‘ਏਕੰਕਾਰ ਓਅੰਕਾਰ’ ਬਣ ਜਾਂਦਾ ਹੈ ਜੋ ਕਿਸੇ ਵੀ ਭਾਸ਼ਾਈ ਨਿਯਮ ਰਾਹੀਂ ਪ੍ਰਗਟਾਇਆ ਨਹੀਂ ਜਾ ਸਕਦਾ। ਇਸ ਵਿੱਚ ਕੋਈ ਸ਼ਕ ਨਹੀਂ ਕਿ ਭਾਈ ਗੁਰਦਾਸ ਦੀ ਇਸ ਰਚਨਾ ਵਿਚੋਂ ਹੀ ਸ਼ਰਧਾਲੂ ਲੋਕ ‘ੴ’ ਦਾ ਉਚਾਰਨ ‘ਇਕ ਓਂਕਾਰ’, 'ਇਕ ਓਅੰਕਾਰ', ਜਾਂ 'ਏਕੰਕਾਰ' ਕਰਨ ਦੀ ਪਰੇਰਣਾ ਲੈਂਦੇ ਆ ਰਹੇ ਹਨ।"

ਕੁਛ ਸਵਾਲ:

੧) ਪ੍ਰੋ: ਚਾਹਲ ਅਤੇ ਡਾ. ਢਿੱਲੋਂ ਦੋਵੇਂ ਭਾਈ ਗੁਰਦਾਸ ਵਲੋਂ ੴ ਦਾ 'ਏਕੰਕਾਰ ਓਅੰਕਾਰ' ਉਚਾਰਨ ਕੀਤਾ ਦੱਸ ਰਹੇ ਹਨ। ਕਿ ਇਹ ਵਿਦਵਾਨ ਕਿਸੇ ਵੀ ਸਾਹਿਤ ਜਾਂ ਇਤਿਹਾਸ ਵਿਚ ਸਿੱਖਾਂ ਦੀ ਕੋਈ ਇੱਕ ਵੀ ਜਥੇਬੰਦੀ ਜਾਂ ਸੰਪਰਦਾ ਦਾ ਹਵਾਲਾ ਦੇ ਸਕਦੇ ਹਨ ਜੋ ੴ ਦਾ ਉਚਾਰਨ ਭਾਈ ਗੁਰਦਾਸ ਦੇ ਕਥਿਤ ਉਚਾਰਨ ਅਨੁਸਾਰ 'ਏਕੰਕਾਰ ਓਅੰਕਾਰ' ਕਰਦੇ ਹਨ ਜਾਂ ਕਰਦੇ ਸਨ? ਜੇ 'ਏਕੰਕਾਰ ਓਅੰਕਾਰ' ਸਿੱਖ ਮਾਨਸਿਕਤਾ ਵਿਚ ਕਿਸੇ ਸਮੇਂ ਵੀ ਨਹੀਂ ਰਿਹਾ, ਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮੱਸਿਆ ਬੁਧੀਜੀਵੀਆਂ ਵਲੋਂ ਕੀਤੇ ਅਰਥਾਂ ਵਿਚ ਹੈ।

੨) ਭਾਈ ਗੁਰਦਾਸ ਉੱਤੇ ਗਲਤ ਉਚਾਰਨ ਦਾ ਦੋਸ਼ ਲਗਾਉਣ ਦੀ ਕਾਹਲੀ ਵਿਚ ਇਹ ਸਿਰਫ ਉਹਨਾ ਦੀ ਵਾਰ ੩ ਪਉੜੀ ੧੫ ਦਾ ਹਵਾਲਾ (ਉਹ ਵੀ ਗਲਤ ਅਰਥਾਂ ਵਿਚ) ਹੀ ਕਿਉਂ ਦਿੰਦੇ ਹਨ? ਜਦਕਿ ਭਾਈ ਗੁਰਦਾਸ ਜੀ ਨੇ 'ਏਕੰਕਾਰ' ਹੋਰ ਸ਼ਬਦਾਂ ਵਿਚ ਵੀ ਵਰਤਿਆ ਹੈ। ਵੱਖ-ਵੱਖ ਸ਼ਬਦਾਂ ਦੇ ਵਿਸ਼ਲੇਸ਼ਣ ਦੇ ਨਾਲ ਭਾਈ ਗੁਰਦਾਸ ਜੀ ਦੀ ਅੱਢਰੀ ਕਾਵਿ-ਸ਼ੈਲੀ ਨੂੰ ਮਿਲਾ ਕੇ ਇੱਕ ਪੱਘਰੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ।

ਭਾਈ ਗੁਰਦਾਸ ਜੀ ਜੋ ਚੋਥੇ, ਪੰਜਵੇਂ ਅਤੇ ਛੇਵੇਂ ਪਾਤਸ਼ਾਹੀਆਂ ਜੀ ਵੇਲੇ ਗੁਰੂ ਘਰ ਦੇ ਹਜ਼ੂਰੀ ਲਿਖਾਰੀ ਸਨ। ਉਹਨਾ ਦਿਆਂ ਰਚਨਾਵਾਂ ਵਿੱਚ ਅਦੁੱਤੀ ਚਿੰਨ੍ਹ 'ੴ' ਦੇ ਉਚਾਰਣ 'ਏਕੰਕਾਰ' ਤੇ ਮੋਹਰ ਲਗਦੀ ਹੈ। ਪਰ 'ਸ਼ਬਦ' ਅਤੇ 'ਚਿੰਨ੍ਹ' ਵਿੱਚ ਅੰਤਰ ਨੂੰ ਨਾ ਸਮਝਣ ਕਾਰਨ ਜਾਂ ਭਾਈ ਗੁਰਦਾਸ ਬਾਰੇ ਬਣਾਈ ਪੱਖਪਾਤੀ ਧਾਰਨਾ ਕਾਰਨ ਜਿਹੜੀਆਂ ਪੰਕਤੀਆਂ ੴ ਚਿੰਨ ਦੀ 'ਬਣਤਰ' ਸਮਝਾਂਦੀਆਂ ਹਨ, ਵਿਆਖਿਆਕਾਰ ਉਹਨਾ ਨੂੰ 'ਉਚਾਰਣ' ਦੇ ਅਰਥ ਸਮਝਕੇ ਟੱਪਲਾ ਖਾ ਜਾਂਦੇ ਹਨ। ਅਸੀਂ ਕਾਮੇ (,) ਆਪਣੇ ਵਲੋਂ ਲਿੱਖ ਰਹੇ ਹਾਂ, ਜਿਸ ਨਾਲ ਨੁਕਤਾ ਸਮਝਣ ਵਿਚ ਆਸਾਨੀ ਹੋ ਜਾਏਗੀ। ਇਹ ਪੰਕਤੀਆਂ ਹਨ:

ਏਕਾ, ਏਕੰਕਾਰੁ, ਲਿਖਿ ਦੇਖਾਲਿਆ ।
ਊੜਾ ਓਅੰਕਾਰੁ, ਪਾਸਿ ਬਹਾਲਿਆ । (ਭਾਈ ਗੁਰਦਾਸ: ਵਾਰ ੩ ਪਉੜੀ ੧੫)

ਇਸੇ ਵੀਚਾਰ ਨੂੰ ਇਕ ਹੋਰ ਪਉੜੀ ਵਿੱਚ ਇਕ ਪੰਕਤੀ ਵਿੱਚ ਕਲਮਬੰਦ ਕਰਦੇ ਹੋਏ ਲਿਖਦੇ ਹਨ:

ਏਕੰਕਾਰੁ, ਇਕਾਂਗ ਲਿਖਿ, ਊੜਾ ਓਅੰਕਾਰੁ ਲਿਖਾਇਆ । (ਭਾਈ ਗੁਰਦਾਸ: ਵਾਰ ੩੯ ਪਉੜੀ ੧)

ਇਹ ਦੋਵੇਂ ਪੰਕਤੀਆਂ ਅਦੁੱਤੀ ਚਿੰਨ੍ਹ 'ੴ' ਦੀ ਬਣਤਰ (structure) ਸਮਝਾ ਰਹੀਆਂ ਹਨ, ਨਾ ਕਿ ਉਚਾਰਣ (pronunciation)। ਇਸੇ ਤਰਾਂ ਦੀ ਕਾਵਿ ਸ਼ੈਲੀ ਭਾਈ ਗੁਰਦਾਸ ਜੀ ਨੇ 'ਵਾਹਿਗੁਰੂ' ਸ਼ਬਦ ਨੂੰ ਬਿਆਨ ਕਰਦੇ ਹੋਏ ਵਰਤੀ ਸੀ, ਜਿਸ ਬਾਰੇ ਅਸੀਂ ਪਹਿਲਾਂ ਜ਼ਿਕਰ ਕਰ ਆਏ ਹਾਂ। ਜਿਸ ਤਰਾਂ 'ਵਾਹਿਗੁਰੂ' ਦੀ ਬਣਤਰ ਵਾਸਤੇ ਵਿਸ਼ਨੂੰ, ਹਰਿ, ਗੋਵਿੰਦ ਅਤੇ ਰਾਮ ਸ਼ਬਦਾਂ ਨੂੰ ਵਰਤਿਆ ਹੈ, ਉਸੇ ਤਰਾਂ 'ੴ' ਚਿੰਨ੍ਹ ਦੀ ਬਣਤਰ ਨੂੰ ਸਮਝਾਣ ਵਾਸਤੇ 'ਏਕਾ' (ਜਾਂ 'ਏਕਾਂਗ') ਅਤੇ 'ਓਅੰਕਾਰ' ਲਿਖਿਆ ਹੈ। ਜਿਸ ਤਰਾਂ ਵਿਸ਼ਨੂੰ, ਹਰਿ, ਗੋਵਿੰਦ ਅਤੇ ਰਾਮ ਦੇ ਨਾਲ ਵਾਹਿਗੁਰੂ ਦਾ ਉਚਾਰਣ ਕਰਨਾ ਗਲਤ ਹੈ, ਉਸੇ ਤਰਾਂ 'ਏਕਾ' (ਜਾਂ 'ਏਕਾਂਗ') ਅਤੇ 'ਓਅੰਕਾਰ' ਨਾਲ 'ੴ' ਦਾ ਉਚਾਰਨ ਕਰਨਾ ਗਲਤ ਹੋਵੇਗਾ। ਜਿਸ ਤਰਾਂ ਵਿਸ਼ਨੂੰ, ਹਰਿ, ਗੋਵਿੰਦ ਅਤੇ ਰਾਮ ਸ਼ਬਦਾਂ ਨਾਲ ਵਵਾ, ਹਹਾ, ਗਗਾ ਅਤੇ ਰਰਾ ਦਾ ਬੋਧ ਹੁੰਦਾ ਹੈ, ਉਸੇ ਤਰਾਂ ਏਕਾ (ਜਾਂ ਏਕਾਂਗ) ਅਤੇ ਓਅੰਕਾਰ ਨਾਲ '੧' ਅਤੇ 'ਓ' ਦੀ ਬਣਤਰ ਦਾ ਬੋਧ ਹੁੰਦਾ ਹੈ। 'ੴ' ਚਿੰਨ੍ਹ ਦਾ ਉਚਾਰਨ ਉਪਰੋਕਤ ਵਾਰ ੩ ਪਉੜੀ ੧੫ ਅਤੇ ਵਾਰ ੩੯ ਪਉੜੀ ੧ ਦੀਆਂ ਪੰਕਤੀਆਂ ਵਿਚ 'ਏਕੰਕਾਰ' ਸਪਸ਼ਟ ਤੋਰ ਤੇ ਲਿੱਖ ਦਿੱਤਾ ਹੈ, ਜਿਵੇਂ ਵਾਰ ੧ ਪਉੜੀ ੪੯ ਵਿਚ 'ਵਾਹਿਗੁਰੂ' ਸਪਸ਼ਟ ਲਿੱਖ ਦਿੱਤਾ ਸੀ। ਦੋਨਾਂ ਵਾਰਾਂ ਵਿਚ 'ਲਿਖਿ' ਲਿਖੇ ਹੋਣ ਤੋਂ ਵੀ ਸੰਕੇਤ ਮਿਲ ਜਾਂਦਾ ਹੈ ਕਿ ਇੱਥੇ 'ਏਕੰਕਾਰ' ਦੀ 'ਬਣਤਰ' ਦੇ ਲਿਖਣ ਦਾ ਵਰਣਨ ਹੋ ਰਿਹਾ ਹੈ, ਮੌਖਿਕ ਉਚਾਰਨ ਦਾ ਨਹੀਂ। ਦੋਨਾਂ ਪੰਕਤੀਆਂ ਵਿਚ ਮੌਖਿਕ ਉਚਾਰਨ 'ਏਕੰਕਾਰ' ਹੋਣ ਬਾਰੇ ਨਿਰਦੇਸ਼ ਸਪਸ਼ਟ ਹੈ।

ਇਹਨਾ ਪੰਕਤੀਆਂ ਦਾ ਵੀਰ ਗੁਰਬੰਸ ਸਿੰਘ (ਲੁਧਿਆਣਾ) ਨੇ ਸਰਲ ਅਰਥ ਕੀਤਾ ਹੈ- ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ 'ੴ' ਚਿੰਨ੍ਹ ਦਾ ਏਕਾ (੧) ਲਿਖਿਆ, ਫਿਰ ਓਅੰਕਾਰ ਵਰਗੇ ਖੁਲੇ ਮੂੰਹ ਵਾਲਾ ਊੜਾ (ਓ) ਲਿਖਿਆ।

ਇਹਨਾ ਪੰਕਤੀਆਂ ਵਿੱਚ 'ਊੜਾ ਓਅੰਕਾਰੁ' ਆਣ ਕਰਕੇ ਵਿਆਖਿਆਕਾਰ 'ੴ' ਵਿੱਚ ਆਏ ਊੜੇ (ਓ) ਦਾ ਉਚਾਰਣ 'ਓਅੰਕਾਰ' ਕਰ ਬੈਠਨ ਦਾ ਟੱਪਲਾ ਖਾ ਜਾਂਦੇ ਹਨ। ਭਾਈ ਗੁਰਦਾਸ ਜੀ ਨੇ ਖੁਲੇ ਮੂੰਹ ਵਾਲੇ ਊੜੇ ਦੀ ਬਣਤਰ ਨੂੰ ਸਮਝਾਉਣ ਵਾਸਤੇ 'ਓਅੰਕਾਰ' ਲਿਖਿਆ ਹੈ, ਕਿਉਂਕੀ ਗੁਰੂ ਗ੍ਰੰਥ ਸਾਹਿਬ ਵਿੱਚ 'ਓਅੰਕਾਰ' ਹਮੇਸ਼ਾਂ ਖੁਲੇ ਮੂੰਹ ਵਾਲੇ ਊੜੇ (ਓ) ਨਾਲ ਹੀ ਆਇਆ ਹੈ। ਜਿਸ ਤਰਾਂ ਬੱਚੇ ਨੂੰ ਗੁਰੂਮੁਖੀ ਵਰਣਮਾਲਾ ਦਾ ਬੋਧ ਕਰਾਉਣ ਵਾਸਤੇ ਅਧਿਆਪਕ ਵਲੋਂ 'ਊੜਾ ਊਂਠ' ਪੜਾਇਆ ਜਾਂਦਾ ਹੈ। ਇਸਦਾ ਭਾਵ ਊੜਾ(ੳ) ਚਿੰਨ੍ਹ ਦਾ ਬੋਧ ਕਰਾਉਣਾ ਹੂੰਦਾ ਹੈ, ਨਾ ਕਿ ਊੜੇ ਦਾ ਉਚਾਰਨ 'ਊਂਠ' ਕਰਨਾ ਹੂੰਦਾ ਹੈ। ਇਹ ਸੰਭਵ ਹੈ ਕਿ ਸੋਲ੍ਹਵੀਂ ਸਦੀ ਵਿਚ ਗੁਰਮੁਖੀ ਦੀ ਪੱਟੀ (ਜਾਂ ਕੈਦੀਆਂ) ਵਿਚ 'ਓ ਓਅੰਕਾਰ' ਲਿਖਿਆ ਜਾਂਦਾ ਹੋਵੇ। ਭਾਈ ਗੁਰਦਾਸ ਨੇ ਆਪਣੇ ਸਮੇਂ ਦੀ ਲੋਕਪ੍ਰਿਯ ਸ਼ਬਦਾਵਲੀ ਵਰਤੀ ਹੋਵੇਗੀ। ਭਾਈ ਗੁਰਦਾਸ ਵਲੋਂ ਸੰਕਲਪੀ ਚਿੰਨ ਦੇ ਬਣਤਰ ਦੀ ਵਿਚਾਰ ਕਾਵਿ ਸ਼ੈਲੀ ਵਿੱਚ ਹੋਣ ਕਰਕੇ 'ੴ' ਵਿੱਚ ਵਰਤੀ ਗਈ ਚਿਤੱਰਕਲਾ ਦੀ ਰੇਖਾ ਦਾ ਜ਼ਿਕਰ ਨਹੀਂ ਹੈ, ਜਿਵੇਂ 'ਵਾਹਿਗੁਰੂ' ਵਾਸਤੇ ਵਵਾ, ਹਹਾ, ਗਗਾ ਅਤੇ ਰਰਾ ਦਾ ਜ਼ਿਕਰ ਕੀਤਾ ਪਰ ਸਿਹਾਰੀ, ਔਂਕੜ ਅਤੇ ਦੁਲੈਂਕੜ ਦਾ ਜ਼ਿਕਰ ਨਹੀਂ ਕੀਤਾ। ਭਾਈ ਗੁਰਦਾਸ ਜੀ ਦੋਵੇਂ ਪੰਕਤੀਆਂ ਵਿੱਚ ੴ ਨੂੰ ਇਕ ਨਿਰਾਲੇ ਅੱਖਰ ਦੀ ਵਿਚਾਰ ਨਾਲ ਵਿਚਾਰਦੇ ਹਨ ਅਤੇ ਅਰੰਭ ਵਿੱਚ ਇਸਦਾ ਉਚਾਰਨ ਸਾਫ-ਸਾਫ 'ਏਕੰਕਾਰ' ਲਿਖਕੇ ਇਸਦੀ ਬਣਤਰ ਵਲ ਸੰਕੇਤ ਕਰਦੇ ਹਨ।

ਜਿਹੜੇ ਵਿਚਾਰਕ ਭਾਈ ਗੁਰਦਾਸ ਜੀ ਦੀਆਂ ਇਹਨਾ ਪੰਕਤੀਆਂ ਨੂੰ ਉਚਾਰਨ ਮੰਨਕੇ ੴ ਦਾ ਉਚਾਰਨ ਇੱਕਓਅੰਕਾਰ' ਕਰਦੇ ਹਨ, ਉਹਨਾ ਲਈ ਇੱਕ ਸਵਾਲ:
ਜਿਸ ਨਿਯਮ ਅਧੀਨ ਤੁਸੀਂ 'ਓ' ਦਾ ਉਚਾਰਨ 'ਓਅੰਕਾਰ' ਕਰ ਰਹੇ ਹੋ, ਉਸੇ ਨਿਯਮ ਅਧੀਨ '੧' ਦਾ ਉਚਾਰਨ 'ਏਕਾ' ਜਾਂ 'ਇਕਾਂਗ' ਕਿਉਂ ਨਹੀਂ ਕਰਦੇ? ਭਾਈ ਗੁਰਦਾਸ ਨੇ '੧' ਨੂੰ 'ਇੱਕ' ਤਾਂ ਲਿਖਿਆ ਹੀ ਨਹੀਂ। ਇਸ ਤਰਾਂ ਉਚਾਰਨ ਏਕਾਓਅੰਕਾਰ ਜਾਂ ਇਕਾਂਗਓਅੰਕਾਰ ਬਣਦਾ ਹੈ।

ਪੂਰਵ-ਧਾਰਨਾਵਾਂ ਦੇ ਅਸਰ ਹੇਠ ਜੇਕਰ ਪਾਠਕਾਂ ਨੂੰ ਅਜੇ ਵੀ ਸਮਝਨ ਵਿਚ ਮੁਸ਼ਕਿਲ ਆ ਰਹੀ ਹੋਵੇ, ਤਾਂ ਜਿਹੜੀ ਵਿਧੀ ਅਸੀਂ '1st' ਨੂੰ ਸਮਝਾਉਣ ਵਾਸਤੇ ਵਰਤੀ ਸੀ, ਉਸ ਨੂੰ ਦੋਬਾਰਾ ਦੂਸਰੇ ਢੰਗ ਨਾਲ '੩ਜਾ' (ਤੀਜਾ) ਲਈ ਲਿੱਖ ਰਹੇ ਹਾਂ। ਸਮਝਾਉਣ ਵਾਸਤੇ ਭਾਈ ਗੁਰਦਾਸ ਦੇ ਕਾਵਿ ਵਿਚ ਬਦਲਾਅ ਅਤੇ ਰੂਹਾਨੀ ਨਿਰਾਲੇ ਚਿੰਨ੍ਹ 'ੴ' ਦੀ ਜਗਾ ਤੇ '੩ਜਾ' ਵਰਤ ਰਹੇ ਹਾਂ, ਇਸ ਗੁਸਤਾਖੀ ਵਾਸਤੇ ਅਸੀਂ ਪਾਠਕਾਂ ਤੋਂ ਮਾਫ਼ੀ ਚਾਹੁੰਦੇ ਹਾਂ।

ਭਾਈ ਗੁਰਦਾਸ ਦੀ ਵਾਰ ੩ ਪਉੜੀ ੧੫ ਅਤੇ ਵਾਰ ੩੯ ਪਉੜੀ ੧ ਦੀ ਕਾਵਿ-ਸ਼ੈਲੀ ਵਿਚ '੩ਜਾ' ਨੂੰ ਅਗਰ ਕਾਮੀਆਂ (,) ਨਾਲ ਲਿਖਿਆ ਜਾਵੇ, ਤਾਂ ਇਸ ਤਰਾਂ ਹੋ ਸਕਦਾ ਹੈ:

'ਤਿੱਨ, ਤੀਜਾ, ਲਿੱਖ ਦਿਖਾਲਿਆ। ਜਾ ਜਾਲ, ਪਾਸ ਬਹਾਲਿਆ।'

'ਤੀਜਾ, ਤਿੱਨ ਲਿੱਖ, ਜਾ ਜਾਲ ਲਿਖਾਇਆ।'

ਕਿਉਂਕੀ ਸਾਨੂੰ ਪਤਾ ਹੈ ਕਿ '੩ਜਾ' ਦਾ ਉਚਾਰਣ 'ਤੀਜਾ' ਹੂੰਦਾ ਹੈ, ਪਾਠਕਾਂ ਨੂੰ ਸਮਝਣ ਵਿਚ ਔਖ ਨਹੀਂ ਆਈ ਹੋਏਗੀ। ਇਸੇ ਤਰਾਂ ਗੁਰੂ ਸਾਹਿਬਾਨ ਦੇ ਵੇਲੇ ਭਾਈ ਗੁਰਦਾਸ ਜੀ ਦੀ ਵਾਰਾਂ ਨੂੰ ਸਮਝਣ ਵਿਚ ਕੋਈ ਦੁਵਿਧਾ ਨਹੀਂ ਆਈ ਹੋਣੀ। ਕਾਵਿ ਵਿਚ 'ਏਕੰਕਾਰ' ਪੜ ਕੇ ਹਰ ਕੋਈ ਸਮਝ ਗਿਆ ਹੋਣਾ ਕਿ ਇਥੇ ਗੱਲ 'ੴ' (ਏਕੰਕਾਰ) ਦੀ ਬਣਤਰ ਦੀ ਹੋ ਰਹੀ ਹੈ। ਕਿਉਂਕੀ ਗੁਰੂ ਕਾਲ ਵਿਚ ਹਰ ਸਿੱਖ 'ੴ' ਚਿੰਨ੍ਹ ਨੂੰ 'ਏਕੰਕਾਰ' ਹੀ ਕਹਿ ਰਿਹਾ ਸੀ।

ਪਰ ਮਨ ਲਉ ਅੱਜ ਤੋਂ ੫੦ ਜਾਂ ੧੦੦ ਸਾਲ ਬਾਦ ਕਿਸੇ ਕਾਰਨ ਵਸ਼ '੩ਜਾ' ਦਾ ਉਚਾਰਨ 'ਤੀਜਾ' ਵਿਸਰ ਜਾਏ, ਫ਼ਿਰ ਪੁਰਾਨੀ ਕਿਤਾਬ ਵਿਚੋਂ ਉੱਪਰ ਲਿਖਿਆ ਕਾਵਿ ਜਦ ਕੋਈ ਪੜੇਗਾ ਤਾਂ ਕਿ ਉਚਾਰਨ ਦੇਵੇਗਾ? ਕੁਛ ਲੋਕ '੩ਜਾ' ਨੂੰ ਸ਼ਬਦ-ਸੰਖੇਪ ਸਮਝ ਕੇ 'ਤਿੱਨਜਾਲ' ਉਚਾਰਨ ਕਰਣਗੇ। ਕੁਝ ਲੋਕ ਕਵੀ ਨੂੰ ਹੀ ਝੂਠਾ ਸਾਬਿਤ ਕਰਨ ਲਈ 'ਤੀਜਾ ਜਾਲ' ਉਚਾਰਨ ਕਰਨਗੇ। ਭਾਸ਼ਾ ਵਿਗਿਆਨੀ '੩ਜਾ' ਜਾ ਸਰਲ ਉਚਾਰਨ 'ਤਿੱਨਜਾ' ਕਰ ਦੇਣਗੇ। ਜਦ ਕੋਈ ਇਹਨਾ ਨੂੰ ਸਮਝਾਉਣਾ ਕਰੇਗਾ ਕਿ '੩ਜਾ' ਦਾ ਉਚਾਰਨ 'ਤੀਜਾ' ਹੂੰਦਾ ਹੈ ਤੇ ਅਗੋਂ ਇਹੀ ਜਵਾਬ ਮਿਲੇਗਾ ਕਿ '੩' ਦਾ ਕਦੇ ਵੀ 'ਤੀ' ਉਚਾਰਨ ਨਹੀਂ ਹੂੰਦਾ। ਇਹ ਹੀ ਕੁਛ ੴ ਨਾਲ ਹੋ ਰਿਹਾ ਹੈ।

ਭਾਈ ਗੁਰਦਾਸ ਜੀ ਇੱਕ ਹੋਰ ਵਾਰ ਵਿਚ ਬੜਾ ਸਪਸ਼ਟ ਲਿੱਖ ਰਹੇ ਹਨ:

ਪੰਜੇ ਏਕੰਕਾਰ ਲਿਖਿ ਅਗੋਂ ਪਿਛੀਂ ਸਹਸ ਫਲਾਇਆ। (ਭਾਈ ਗੁਰਦਾਸ: ਵਾਰ ੩੯ ਪਉੜੀ ੨)

ਅਰਥ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤਕ ਪੰਜੇ ਗੁਰੂਆਂ ਨੇ ੴ (ਏਕੰਕਾਰ) ਨੂੰ ਲਿਖਿਆ, ਫ਼ਿਰ ਹਰ ਪੱਖ ਤੋਂ ਬੇਅੰਤ ਲੋਕਾਈ ਤਕ ਸੰਦੇਸ਼ ਫੈਲਾਇਆ।

ਅਸਲ ਵਿਡੰਬਨਾ ਤਾਂ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਇੱਕ ਵਾਰ ਵੀ 'ਇੱਕਓਅੰਕਾਰ' ਨਹੀਂ ਲਿਖਿਆ, ਫਿਰ ਵੀ, ਉਹਨਾ ਉੱਤੇ ਵਿਗੜਿਆ ਉਚਾਰਨ ਦਾ ਦੋਸ਼ ਲਗਾਇਆ ਜਾਂਦਾ ਹੈ। ਜਦਕਿ ਉਹ ਆਪਣੇ ਕਾਵਿ ਵਿਚ ਕਈ ਵਾਰ 'ਏਕੰਕਾਰ' ਲਿੱਖਕੇ ਵੱਖ-ਵੱਖ ਢੰਗ ਨਾਲ ਵਿਚਾਰ ਪੇਸ਼ ਕਰਦੇ ਹਨ, ਪਰ ਇਸ ਬਾਰੇ ਕਿਸੇ ਦਾ ਧਿਆਨ ਨਹੀਂ।

ਨਿਸ਼ਕਰਸ਼

ਉਮੀਦ ਹੈ 'ਇੱਕੋ' ਜਾਂ 'ਇਕੁ ਓ ਬਿਅੰਤ' ਦੇ ਉਚਾਰਨ ਪ੍ਰਤੀ ਪਾਠਕਾਂ ਦੇ ਸ਼ੰਕੇ ਮਿਟ ਗਏ ਹੋਣਗੇ। ਅਸੀਂ ਪ੍ਰੋ: ਦਵਿੰਦਰ ਸਿੰਘ ਚਾਹਲ, ਗੁਰਬਰਗ ਸਿੰਘ ਬੱਸੀ ਅਤੇ ਜੋਗਿੰਦਰ ਸਿੰਘ (ਰੋਜ਼ਾਨਾ ਸਪੋਕਸਮੈਨ) ਦੇ ਹਵਾਲੇ ਦਿੱਤੇ, ਪਰ ਮੁਖ ਤੋਰ ਤੇ ਡਾ. ਇਕਬਾਲ ਸਿੰਘ ਢਿੱਲੋਂ ਦੇ ਲੇਖ ਨੂੰ ਅਧਾਰ ਬਣਾਇਆ ਹੈ। ਇਸਦਾ ਇੱਕ ਕਾਰਨ ਇਹ ਸੀ ਕਿ ਇੱਕੋ ਲੇਖ ਰਾਹੀਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਆਸਾਨ ਹੋ ਗਿਆ। ਦੂਸਰਾ ਪਾਠਕਾਂ ਦਾ ਪੰਜਾਬ ਯੂਨੀਵਰਸਿਟੀ ਵਰਗੇ ਵਿਦਿਅਕ ਅਦਾਰੀਆਂ ਵਲ ਧਿਆਨ ਦੇਣ ਦਾ ਹੈ ਜੋ ਬ੍ਰਾਹਮਣਵਾਦੀ ਏਜੰਡਾ ਪੂਰੇ ਯੋਜਨਾਬੰਦ ਢੰਗ ਨਾਲ ਚਲਾ ਰਹੇ ਹਨ। ਖੋਜ ਦੇ ਨਾਮ ਹੇਠ ਨੀਵੇਂ ਪੱਧਰ ਦੇ ਸਿਧਾਂਤਹੀਣ ਰਸਾਲੇ ਛਾਪੇ ਜਾ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿਚ ਪਹਿਲਾਂ ਤੋਂ ਵੰਡੀ ਹੋਈ ਸਿੱਖ ਕੌਮ ਵਿਚ ਹੋਰ ਕਲੇਸ਼ ਦਾ ਕਾਰਨ ਬਣ ਸਕਦੇ ਹਨ।

ਪਹਿਲੀ ਨਜ਼ਰੇ ਕਿਸੇ ਨੂੰ ਲਗ ਸਕਦਾ ਹੈ ਕਿ ਡਾ. ਢਿੱਲੋਂ ਤਾਂ ਬ੍ਰਾਹਮਣਵਾਦ ਦੇ ਖਿਲਾਫ਼ ਲਿੱਖ ਰਹੇ ਹਨ। ਸਾਨੂੰ ਇਹ ਨੁਕਤਾ ਸਮਝ ਲੈਣਾ ਚਾਹੀਦਾ ਹੈ ਕਿ ਬ੍ਰਾਹਮਣਵਾਦ ਉਹ ਵਿਚਾਰਧਾਰਾ ਹੈ ਜਿਸਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਦੇ ਕਿੰਨੇ ਵਿਰੋਧੀ ਹਨ। ਅਗਰ ਵਿਰੋਧੀ ਭੰਬਲਭੂਸੇ ਜਾਂ ਹੰਕਾਰ-ਵਸ਼ ਇੱਕ-ਦੂਜੇ ਦੀ ਲੱਤਾਂ ਖਿੱਚਣ ਵਿੱਚ ਹੀ ਮੱਸਤ ਹਨ ਤਾਂ ਬ੍ਰਾਹਮਣਵਾਦ ਆਪਣਾ ਕਿਲ੍ਹਾ ਵਿਰੋਧੀਆਂ ਦੀ ਆਪਸੀ ਫ਼ੁਟ ਵਿਚੋਂ ਹੀ ਮਜ਼ਬੂਤ ਕਰ ਲੈਂਦਾ ਹੈ। ਇਹੀ ਮਜ਼ਬੂਤੀ ਡਾ. ਇਕਬਾਲ ਸਿੰਘ ਢਿੱਲੋਂ ਵਰਗੇ ਬੁਧੀਜੀਵੀ ਬ੍ਰਾਹਮਣਵਾਦ ਨੂੰ ਪ੍ਰਦਾਨ ਕਰਦੇ ਹਨ।

ਅਸੀਂ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਲੇਖ ਨੂੰ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚਾਉ ਜਿਸ ਨਾਲ ਨਾ ਸਿਰਫ਼ ਪੱਥਭ੍ਰਿਸ਼ਟ ਵਿਚਾਰਾਂ ਬਾਰੇ ਜਾਗਰੂਕਤਾ ਵੱਧੇ ਬਲਕਿ 'ੴ' ਦੀ ਅਪਰੰਪਾਰ ਵਿਚਾਰਧਾਰਾ ਅਧੀਨ ਪੰਥ ਇਕੱਠਾ ਹੋ ਸਕੇ। ਏਕੰਕਾਰ (ੴ) ਸਤਿਗੁਰੂ ਨਾਨਕ ਸਾਹਿਬ ਜੀ ਦੇ ਨਿੱਜ ਆਤਮਕ ਅਨੁਭਵ ਦਾ ਵਿਚਾਰ ਹੈ। ਗੁਰੂ ਦੇ ਗਿਆਨ ਸੱਦਕਾ ਮਨ ਉਤੇ ਪਈ ਬ੍ਰਾਹਮਣੀ ਸੰਸਕਾਰਾਂ ਦੀ ਮੈਲ ਉਤਾਰਕੇ 'ੴ' ਪ੍ਰਤੀ ਸਾਰੀ ਦੁਵਿਧਾ ਜ਼ਰੂਰ ਖੱਤਮ ਹੋਵੇਗੀ ਜਿਸ ਨਾਲ ਸੋਚ ਵਿਚ ਪੈਰਾਡਾਈਮ ਸ਼ਿੱਫਟ (Paradigm Shift) ਆ ਜਾਵੇਗਾ। ਇਸ ਵਿੱਚ ਕੋਈ ਸ਼ੰਕਾ ਨਹੀਂ ਰਹੇਗਾ ਕਿ 'ੴ' ਇਕ ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ਹੈ ਜਿਸਦਾ ਉਚਾਰਣ 'ਏਕੰਕਾਰ' ਹੈ, ਜੋ 'ਏਕੰ' + 'ਕਾਰ' ਦੇ ਜੋੜ ਤੋਂ ਬਣਿਆ ਹੈ ਜਿਸਦਾ ਭਾਵ ਅਰਥ 'ਇਕ ਕਰਤਾਰ' ਜਾਂ ‘ਇਕ ਕਰਣਹਾਰ’ ਹੈ।

ਲੇਖ ਦੀ ਸਮਾਪਤੀ ਗੁਰਬਾਣੀ ਦੀ ਉਸ ਪੰਕਤੀ ਤੋਂ ਕਰ ਰਹੇ ਹਾਂ, ਜਿਥੇ ਇੱਕ ਹੀ ਪੰਕਤੀ ਵਿਚ 'ਏਕੋ' ਤੇ 'ਏਕੰਕਾਰ' ਆ ਰਿਹਾ ਹੈ। ਪਾਠਕ ਖੁਦ ਫੈਸਲਾ ਕਰ ਸਕਦੇ ਹਨ ਕਿ ਕਿਹੜਾ ਸ਼ਬਦ ਕਿਸ ਦੀ ਉਪਮਾ ਵਾਸਤੇ ਆਇਆ ਹੈ। ਯਕੀਨਨ 'ਏਕੰਕਾਰੀ' ਨੂੰ ਬਿਆਨ ਕਰਨ ਵਾਸਤੇ 'ਏਕੋ ਸੂਤੁ' ਆਇਆ ਹੈ:
ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥ (ਮਃ ੪, ਗੁਰੂ ਗ੍ਰੰਥ ਸਾਹਿਬ: ਅੰਗ 507)

ਗੁਰਪ੍ਰੀਤ ਸਿੰਘ ਜੀਪੀ

(ਇਸ ਲੇਖ ਦੀ 'ਏਕੰਕਾਰ' ਉਚਾਰਨ ਪ੍ਰਤੀ ਕਾਫ਼ੀ ਸੱਮਗਰੀ ਵੀਰ ਗੁਰਬੰਸ ਸਿੰਘ ਵਲੋਂ ਲਿੱਖਤ- 'ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ: ੴ' ਵਿਚੋਂ ਲਈ ਗਈ ਹੈ)

0 Comment(s)

Post a comment

Read our other posts

29th March 2020

0

0

India’s Brutal Lockdown Is Going To Be More Lethal & Contagious Than Covid-19 Itself

What demonetization did to black money, lockdown will do to Coronavirus

16th May 2021

0

0

ਕਿਸਾਨ ਆਗੂਆਂ ਵਿਚ ਵਿਗਿਆਨਕ ਸੋਚ ਦੀ ਘਾਟ ਅੰਦੋਲਨ ਨੂੰ ਨੁਕਸਾਨ ਪਹੁੰਚਾਵੇਗੀ

ਕਿਸਾਨ ਆਗੂ ਮਹਾਂਮਾਰੀ ਦੀ ਨਾਸਮਝੀ ਕਾਰਨ ਜਿਥੇ ਲੋਕਾਂ ਵਿਚ ਲਾਪ੍ਰਵਾਹੀ ਫੈਲਾ ਰਹੇ ਹਨ ਉਥੇ ਹੀ ਸਰਕਾਰ ਤੇ ਦਬਾਅ ਪਾਉਣ ਦਾ ਸੁਨਿਹਰੀ ਮੌਕਾ ਵੀ ਗਵਾ ਰਹੇ ਹਨ

20th July 2020

0

0

ਭਾਰਤੀ ਲੋਕਤੰਤਰ ਵਿਚ ਸੁਧਾਰ ਜਾਂ ਸਿੱਖ ਰਾਜ

ਜਿਵੇਂ ਸ਼ਰਾਬ ਦੀ ਬੋਤਲ ਉਤੇ ਦੁਧ ਲਿੱਖ ਦੇਣ ਨਾਲ ਉਹ ਦੁਧ ਨਹੀਂ ਬਣ ਜਾਂਦਾ। ਉਸੇ ਤਰਾਂ ਮਨੂਵਾਦੀ ਸਿਸਟਮ ਉਤੇ ਲੋਕਤੰਤਰ ਲਿੱਖ ਦੇਣ ਨਾਲ ਉਹ ਲੋਕਤੰਤਰ ਨਹੀਂ ਬਣ ਜਾਂਦਾ

10th September 2020

0

0

ਭਗਤ ਨਾਮਦੇਵ ਜੀ ਨਾਲ ਜੁੜੇ ਚਮਤਕਾਰਾਂ ਦਾ ਇਤਿਹਾਸਕ ਤੇ ਵਿਚਾਰਧਾਰਕ ਮੁਲਾਂਕਣ

ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਨੂੰ ਅਧਾਰ ਬਣਾਕੇ ਇਤਿਹਾਸ ਦੀ ਪੜਚੋਲ ਕੀਤੀ ਜਾਵੇ। ਪਰ ਪੂਜਾਰੀ ਕਹਾਣੀ ਨੂੰ ਅਧਾਰ ਬਣਾਕੇ ਗੁਰਬਾਣੀ ਨੂੰ ਉਸ ਵਿਚ ਫਿੱਟ ਕਰਦਾ ਹੈ।

© 2022 Sikh Saakhi. All rights reserved
Technical Lead Amitoj Singh