The Incisive Pen |
|
The Incisive Pen |
|
ਨਵੰਬਰ ੨੦੧੫ ਨੂੰ ਜਦ ਚੱਬੇ ਦੀ ਧਰਤੀ ਤੇ ਵਿਸ਼ਾਲ ਇਕੱਠ ਹੋਇਆ ਜਿਸਨੂੰ ਸਰਬਤ ਖਾਲਸੇ ਦਾ ਨਾਂ ਦਿੱਤਾ ਗਿਆ, ਤਾਂ ਸੰਗਤ ਬਹੁਤ ਆਸਵੰਦ ਸੀ। ਇਹ ਵਿਸ਼ਾਲ ਇਕੱਠ ਗੁਰੂ ਘਰਾਂ ਦਾ ਪ੍ਰਬੰਧ ਸਿਆਸੀ ਹਾਕਮਾਂ ਦੇ ਗਲਬੇ ਤੋਂ ਅਜ਼ਾਦ ਕਰਵਾਉਣ ਦੀ ਪ੍ਰਬਲ ਇੱਛਾ ਦਾ ਨਤੀਜਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਸਰਕਾਰੀ ਜਥੇਦਾਰ ਵਲੋਂ ਸੋਧਾ ਸਾਧ ਦੇ ਮਾਫ਼ੀ ਦੇ ਫੈਸਲੇ ਨੇ ਸੰਗਤ ਨੂੰ ਰੋਸ ਵਿਚ ਭਰ ਦਿੱਤਾ ਸੀ ਜਿਸਨੇ ਵਿਸ਼ਾਲ ਇਕੱਠ ਦਾ ਰੂਪ ਧਾਰਿਆ। ਭਾਵੇਂ ਸੰਗਤ ਕੋਲੋਂ ਰਾਏ ਲਏ ਬਗੈਰ ਹੱਥ ਖੜੇ ਕਰਵਾਕੇ ਮੱਤੇ ਪੜ ਲਏ ਸਨ ਫਿਰ ਵੀ ਇਸਨੇ ਸਿੱਖ ਸੰਗਤ ਨੂੰ ਆਸਵੰਦ ਕਰ ਦਿੱਤਾ ਸੀ ਕਿਉਂਕੀ ਇਸ ਵਿਚ ਲਏ ਗਏ ਭਵਿਖੱਤ ਰੂਪ ਰੇਖਾ ਦੇ ਫੈਸਲੇ ਸੰਗਤ ਦੀ ਭਾਵਨਾ ਦੀ ਤਰਜਮਾਨੀ ਕਰਦੇ ਸਨ। ਇਸਦਾ ਮੱਤਾ ਨੰ: ੨ ਬਹੁਤ ਮਹੱਤਵਪੂਰਨ ਸੀ:
“ਅਜ ਦਾ ਸਰਬੱਤ ਖਾਲਸਾ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ, ਖੁਦਮੁਖਤਿਆਰੀ ਅਤੇ ਸਿਧਾਂਤ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਨੂੰ ਕਾਇਮ ਕਰਨ ਲਈ ਗੰਭੀਰ ਯਤਨ ਕਰਨ ਦਾ ਐਲਾਨ ਕਰਦਾ ਹੈ। ਇਸ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਸਮੁਚੀ ਕਾਰਜ ਪ੍ਰਣਾਲੀ ਨੂੰ ਨਿਅਤ ਕਰਨ ਲਈ ਇਕ ਸੁਚੱਜਾ, ਨਿਰਪੱਖ ਤੇ ਪਾਰਦਰਸ਼ੀ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ। ਇਸ ਸਬੰਧੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਜ਼ਦ ਦੇਸ਼-ਵਿਦੇਸ਼ਾ ਦੇ ਸਿੱਖ ਨੁਮਾਇੰਦਿਆਂ ਨੂੰ ਸ਼ਾਮਿਲ ਕਰਕੇ ੩੦ ਨਵੰਬਰ ੨੦੧੫ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਖੁਦਮੁਖਤਿਆਰ ਪ੍ਰਸ਼ਾਸ਼ਨਿਕ ਢਾਂਚੇ ਦੇ ਖਰੜੇ ਨੂੰ ਤਿਆਰ ਕਰਨਗੇ। ਇਸ ਖਰੜੇ ਨੂੰ ਵਿਸਾਖੀ ੨੦੧੬ ਨੂੰ ਹੋਣ ਵਾਲੇ ਸਰਬੱਤ ਖਾਲਸਾ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਮੀਰੀ ਅਤੇ ਪੀਰੀ ਦੇ ਖੂਬਸੂਰਤ ਸੁਮੇਲ ਨੂੰ ਰਾਜਸੀ ਹਿੱਤਾਂ ਲਈ ਵਰਤਣ ਦੀਆਂ ਸਾਰੀਆਂ ਹੱਦਾਂ ਬੰਨੇ ਟੁੱਟ ਗਏ ਜਦੋਂ ਪੰਜ ਸਿੰਘ ਸਾਹਿਬਾਨ ਨੇ ੨੪ ਸਤੰਬਰ ੨੦੧੫ ਨੂੰ ਸੀ.ਬੀ.ਆਈ. ਵਲੋਂ ਕਤਲਾਂ, ਬਲਾਤਕਾਰਾਂ ਵਿਚ ਉਲਝੇ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਨੂੰ ਬਿਨਾ ਮੰਗੇ ਅਤੇ ਬਿਨਾ ਪੇਸ਼ ਹੋਏ ਮੁਆਫੀ ਦੇ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।“ 2016 ਦੀ ਵਿਸਾਖੀ ਨੂੰ ਲੰਘੇ ਕਈ ਚਿਰ ਹੋ ਗਿਆ ਪਰ ਇਸ ਮੱਤੇ ਨੂੰ ਸਿਰੇ ਚਾੜਣ ਵਾਸਤੇ ਜਿਹੜੇ ਕਾਰਜਕਾਰੀ ਜਥੇਦਾਰ ਚੁਣੇ ਗਏ ਸਨ ਉਹ ਪੂਰੀ ਤਰਾਂ ਇਸਤੋਂ ਭਗੋੜੇ ਹੋ ਗਏ। ਸਿਰੜੀ ਸਿੱਖਾਂ ਨੇ ਆਪਣੇ ਵਲੋਂ ਕਾਫ਼ੀ ਕੋਸ਼ਿਸ਼ ਕੀਤੀ ਜਿਸ ਵਿਚੋਂ 'ਫ੍ਰੀ ਅਕਾਲ ਤੱਖਤ’ (freeakaltakht.org) ਦੀ ਟੀਮ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਵਿਚਾਰ ਚਰਚਾ ਕਰਕੇ ਖਰੜਾ ਤਿਆਰ ਕੀਤਾ। ਇਹ ਖਰੜਾ ਖਾਲਸਾ ਪੰਥ ਦੀਆਂ ਚਾਰ ਸੰਸਥਾਵਾਂ ਦੇ ਵਿਧੀ-ਵਿਧਾਨ ਤੇ ਸੁਹਿਰਦਤਾ ਨਾਲ ਚਰਚਾ ਕਰਦਾ ਹੈ ਅਤੇ ਆਮ ਰਾਏ ਬਣਾਨ ਦੀ ਕੋਸ਼ਿਸ਼ ਕਰਦਾ ਹੈ। ਇਹ ਚਾਰ ਸੰਸਥਾਵਾਂ ਹਨ- ਸਰਬਤ ਖਾਲਸਾ, ਪੰਜ ਪਿਆਰੇ, ਜਥੇਦਾਰ, ਅਤੇ ਅਕਾਲ ਤਖ਼ਤ ਸਾਹਿਬ। ਇਹ ਲਿਖਤ ਇਸੇ ਚਰਚਾ ਨੂੰ ਅਗੇ ਤੋਰਨ ਦਾ ਨਿਮਾਣਾ ਜਿਹਾ ਉਪਰਾਲਾ ਹੈ। ਮੀਰੀ ਪੀਰੀ ਦਾ ਸਿਧਾਂਤ ਹੀ ਅਕਾਲ ਤਖ਼ਤ ਹੈ ਗੁਰੂ ਹਰਿ ਗੋਬਿੰਦ ਸਾਹਿਬ ਜੀ ਵਲੋਂ ਅਕਾਲ ਬੁੰਗੇ ਦੇ ਨਿਰਮਾਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਰੂਪਮਾਨ ਕੀਤਾ। ਇਹ ਅਕਾਲ ਬੁੰਗਾ ਬਾਦ ਵਿਚ ਅਕਾਲ ਤਖ਼ਤ ਕਰਕੇ ਮਕਬੂਲ ਹੋਇਆ। ਪਰ ਜਲਦ ਹੀ ਛੇਵੇਂ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ ਕੀਰਤਪੁਰ ਸਥਾਪਤ ਕੀਤਾ। ਛੇਵੇਂ ਪਾਤਸ਼ਾਹ ਤੋਂ ਬਾਦ ਕੋਈ ਵੀ ਗੁਰੂ ਅਕਾਲ ਬੁੰਗੇ ਤੇ ਨਹੀਂ ਗਿਆ। ਇਸ ਉਪਰ ਪੂਜਾਰੀਆਂ ਦਾ ਕਬਜ਼ਾ ਗੁਰੂ ਕਾਲ ਵਿਚ ਹੀ ਹੋ ਗਿਆ ਸੀ। ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਤਾਂ ਪੂਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ। ਗੁਰੂ ਸਾਹਿਬ ਕਾਫ਼ੀ ਚਿਰ ਦਰਵਾਜ਼ੇ ਖੁਲਣ ਦੀ ਉਡੀਕ ਕਰਨ ਉਪਰੰਤ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਉਥੋਂ ਪਰਤ ਗਏ। ਉਪਰੰਤ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੌਰਾਨ ਅਨੰਦਪੁਰ ਹੀ ਸਿੱਖੀ ਦਾ ਕੇਂਦਰ ਰਿਹਾ। ਦਸ਼ਮੇਸ਼ ਪਿਤਾ ਦੇ ਜੋਤੀ ਜੋਤ ਸਮਾਨ ਤੋਂ ਉਪਰੰਤ ਦਰਬਾਰ ਸਾਹਿਬ ਅੰਮ੍ਰਿਤਸਰ ਸਮਰਪਿਤ ਸਿਖਾਂ ਦੀ ਦੇਖ-ਰੇਖ ਵਿਚ ਕੁਛ ਸਮਾਂ ਹੀ ਰਿਹਾ। ਭਾਈ ਮਨੀ ਸਿੰਘ, ਭਾਈ ਗੁਰਬਖਸ਼ ਸਿੰਘ, ਅਕਾਲੀ ਫੂਲਾ ਸਿੰਘ ਵਰਗੇ ਗਿਣਤੀ ਦੇ ਸੁਹਿਰਦ ਸਿੱਖ ਹੀ ਹਨ ਜਿਨ੍ਹਾਂ ਦੇ ਹਿੱਸੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਆਈ ਹੈ। ਜ਼ਿਆਦਾ ਸਮਾਂ ਇਹ ਪੂਜਾਰੀ ਨੁਮਾ ਮਹੰਤਾਂ ਦੀ ਦੇਖ-ਰੇਖ ਵਿਚ ਹੀ ਰਿਹਾ। ਕੁਛ ਸਵਾਲ ਜੋ ਧਿਆਨ ਮੰਗਦੇ ਹਨ:
'ਫ੍ਰੀ ਅਕਾਲ ਤਖ਼ਤ’ ਦੇ ਨਾਅਰੇ ਤੋਂ ਇਹ ਪ੍ਰਭਾਵ ਨਹੀਂ ਜਾਣਾ ਚਾਹਿਦਾ ਕਿ ਇਸਦਾ ਮਕਸਦ ਇੱਕ ਇਤਿਹਾਸਕ ਸਥਾਨ ਦੀ ਅਜ਼ਾਦੀ ਤਕ ਸੀਮਤ ਹੈ। ਇਹ ਪੂਜਾਰੀ ਤੇ ਸਿਆਸਤ ਦੇ ਨਪਾਕ ਗਠਜੋੜ ਦੇ ਹੱਕ ਵਿਚ ਜਾਂਦਾ ਹੈ ਕਿਉਂਕੀ ਸੂਖਮ ਰੂਪ ਵਿਚ ਇਹ ਪ੍ਰਭਾਵ ਦਿੰਦਾ ਹੈ ਕਿ ਜਿਸਦੇ ਕਬਜ਼ੇ ਵਿਚ ਅਕਾਲ ਤਖ਼ਤ ਦਾ ਪਵਿੱਤਰ ਇਤਿਹਾਸਕ ਸਥਾਨ ਹੈ, ਪੰਥ ਦੀ ਵਾਗਡੋਰ ਉਸੇ ਦੇ ਹੱਥ ਵਿਚ ਹੈ। ਜ਼ਰੁਰਤ ਇਸ ਪ੍ਰਭਾਵ ਤੋਂ ਮੁਕਤ ਹੋਣ ਦੀ ਹੈ ਕਿ ਗੁਰੂ ਅਸਥਾਨਾਂ ਉੱਤੇ ਕਾਬਜ਼ ਹੋਣ ਨਾਲ ਅਕਾਲ ਤਖ਼ਤ ਨੂੰ ਅਪਣੇ ਅਧੀਨ ਕਰਨਾ ਨਹੀਂ ਹੈ ਕਿਉਂਕੀ ਮੀਰੀ-ਪੀਰੀ ਦਾ ਸਿਧਾਂਤ ਕਿਸੇ ਦਾ ਗੁਲਾਮ ਨਹੀਂ। ਅਕਾਲ ਤਖ਼ਤ ਨੇ ਤਾਂ ਸਿੱਖਾਂ ਨੂੰ ਪਾਤਸ਼ਾਹੀ ਦਿਵਾਨੀ ਹੈ, ਉਹ ਆਪ ਕਿਵੇਂ ਕਿਸੇ ਦੇ ਅਧੀਨ ਹੋ ਸਕਦਾ ਹੈ। ਲੋੜ ਹੈ ਅਕਾਲ ਤਖ਼ਤ ਹੇਠ ਇੱਕਠੇ ਹੋਣ ਦੀ। ਇਥੇ ਇੱਕ ਗਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਛੇਵੇਂ ਪਾਤਸ਼ਾਹ ਤੋਂ ਲੈਕੇ ਅੰਗਰੇਜ਼ੀ ਰਾਜ ਦੇ ਆਰੰਭ ਤਕ ਐਸਾ ਕੋਈ ਅਹੁਦਾ ਨਹੀਂ ਸੀ ਜਿਸ ਨੂੰ 'ਅਕਾਲ ਤਖ਼ਤ ਦਾ ਜਥੇਦਾਰ' ਕਿਹਾ ਜਾਂਦਾ ਸੀ। ਇਹ ਅਹੁਦਾ ਅੰਗਰੇਜ਼ਾਂ ਦੀ ਸਰਪਰਸਤੀ ਹੇਠ ਮਹੰਤਾਂ ਦੀ ਹੀ ਕਾਢ ਹੈ। ਇਹ ਹੀ ਕਾਰਨ ਹੈ ਇਸ ਅਹੁਦੇ ਤੇ ਬੈਠਣ ਵਾਲੀਆਂ ਵਲੋਂ ਜ਼ਿਆਦਾ ਫੈਸਲੇ ਸਰਕਾਰ ਦੇ ਹੱਕ ਵਿਚ ਸਿੱਖੀ ਨੂੰ ਢਾਹ ਲਾਉਣ ਵਾਲੇ ਹੀ ਲਿੱਤੇ ਗਏ ਹਨ। ਓਹ ਚਾਹੇ ਅੰਗਰੇਜ਼ੀ ਰਾਜ ਨੂੰ ਜਲਿਆਂਵਾਲਾ ਕਤਲੇਆਮ ਤੋਂ ਦੋਸ਼ ਮੁਕਤ ਕਰਨ ਲਈ ਜਨਰਲ ਡਾਇਰ ਨੂੰ ਸਿਰੋਪਾ ਦੇਣਾ ਹੋਵੇ ਜਾਂ ਫ਼ਿਰ ਸੋਧਾ ਸਾਧ ਨੂੰ ਮੁਆਫ਼ੀ ਦੇਕੇ ਅਕਾਲੀ ਦਲ (ਬਾਦਲ) ਦੀਆਂ ਵੋਟਾਂ ਪੱਕੀਆਂ ਕਰਨਾ। ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਤੋਂ ਲੈਕੇ ਹੁਣ ਤਕ ਜਿਨ੍ਹੇ ਵੀ ਪੰਥ ਵਿਚੋਂ ਛੇਕੇ ਗਏ ਹਨ ਜ਼ਿਆਦਾ ਉਹੀ ਹਨ ਜਿਨ੍ਹਾ ਨੇ ਪੂਜਾਰੀ ਢਾਂਚੇ ਦੇ ਖਿਲਾਫ਼ ਅਵਾਜ਼ ਉਠਾਈ ਹੈ। ਇਹ ਗਲ ਠੀਕ ਹੈ ਕਿ ਸਮੇਂ-ਸਮੇਂ ਸਿਰ ਕੁਛ ਐਸੇ ਫ਼ੈਸਲੇ ਵੀ ਲਏ ਗਏ ਜੋ ਪੰਥਕ ਭਾਵਨਾਵਾਂ ਦੀ ਤਰਜੀਹ ਕਰਦੇ ਸਨ ਪਰ ਜੇ ਸਮੁੱਚੀ ਕਾਰਗੁਜ਼ਾਰੀ ਵੇਖੀ ਜਾਵੇ ਤਾਂ ਉਹ ਪੰਥਕ ਹਿਤਾਂ ਦੇ ਖਿਲਾਫ਼ ਹੀ ਜਾਂਦੀ ਹੈ। ਇਸਦਾ ਮੁਖ ਕਾਰਨ ਇਹ ਹੈ ਕਿ 'ਅਕਾਲ ਤਖ਼ਤ ਦਾ ਜਥੇਦਾਰ' ਗੁਰੂ ਸਿਧਾਂਤ ਦੇ ਖਿਲਾਫ਼ ਜਾ ਕੇ ਦੇਹਧਾਰੀ ਪਰੰਪਰਾ ਨੂੰ ਹੀ ਉਤਸ਼ਾਹਤ ਕਰਦਾ ਹੈ। ਪੰਥ ਵਿਚੋਂ ਛੇਕਣ ਅਤੇ ਹੁਕਮਨਾਮੇ ਜਾਰੀ ਕਰਨ ਦੇ ਅਧਿਕਾਰ ਨੇ ਇਸਨੂੰ ਗੁਰੂ ਦਾ ਸ਼ਰੀਕ ਸਥਾਪਤ ਕਰਨ ਦਾ ਕਾਰਜ ਕੀਤਾ ਹੈ। ਸਿੰਘ ਸਭਾ ਦੀ ਗੁਰਦੁਆਰਾ ਸੁਧਾਰ ਲਹਿਰ ਦੀਆਂ ਦੋ ਵੱਢੀਆਂ ਖਾਮੀਆਂ ਇਹ ਹੀ ਹਨ: 1) ਗੁਰਦੁਆਰਾ ਪ੍ਰਬੰਧ ਸਰਕਾਰੀ ਤੰਤਰ ਅਧੀਨ ਇਲੈਕਸ਼ਨ ਸਿਸਟਮ ਰਾਹੀਂ ਕਰ ਦੇਣਾ। 2) ਅਕਾਲ ਤਖ਼ਤ ਨੂੰ ਕੇਵਲ ਇੱਕ ਪਵਿਤੱਰ ਇਤਿਹਾਸਕ ਸਥਾਨ ਤਕ ਸੀਮਤ ਕਰਕੇ ਅੰਗਰੇਜ਼ਾ ਵਲੋਂ ਸ਼ੁਰੂ ਕੀਤੇ ਜਥੇਦਾਰ ਦੇ ਅਹੁਦੇ ਨੂੰ ਬਰਕਰਾਰ ਰੱਖਣਾ। ਇਸਦਾ ਨਤੀਜਾ ਇਹ ਨਿਕਲਿਆ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਸੌ ਸਾਲ ਬਾਦ ਅਜ ਸਿੱਖ ਪੰਥ ਦੋਬਾਰਾ ਸੰਘਰਸ਼ ਦੇ ਰਸਤੇ ਤੇ ਪੈ ਗਿਆ ਹੈ ਅਤੇ ਇਸ ਵਾਰ ਟੱਕਰ ਮਹੰਤਾਂ ਨਾਲੋਂ ਵਧ ਭ੍ਰਿਸ਼ਟ ਅਤੇ ਰਾਜਨਿਤਕ ਤਾਕਤ ਨਾਲ ਲੈਸ ਪੂਜਾਰੀਆਂ ਦੇ ਨਾਲ ਹੈ। ਪਰ ਅਫ਼ਸੋਸ ਜੋ ਸੁਹਿਰਦ ਲੋਕ ਮੌਜੂਦਾ ਸਥਿਤੀ ਦਾ ਹੱਲ ਲਭ ਰਹੇ ਹਨ ਉਹ ਇਸੇ ਵਿਗੜੇ ਹੋਏ ਢਾਂਚੇ ਦੇ ਵਿਚ ਰਹਿ ਕੇ ਹੀ ਲਭ ਰਹੇ ਹਨ। ਜੇਕਰ ਮੌਜੂਦਾ ਢਾਂਚੇ ਦੇ ਅੰਦਰ-ਅੰਦਰ ਕੋਈ ਚੰਗੇ ਪ੍ਰਬੰਧ ਦੀ ਸਫ਼ਲਤਾ ਮਿਲ ਵੀ ਜਾਂਦੀ ਹੈ ਤਾਂ ਇਹ ਅਸਥਾਈ ਹੀ ਹੋਵੇਗੀ ਕਿਉਂਕੀ ਖੋਟ ਢਾਂਚੇ ਵਿਚ ਹੈ। ਜੇਕਰ ਉਹੀ ਕੰਮ ਬਾਰ-ਬਾਰ ਕਰਾਂਗੇ ਤਾਂ ਨਤੀਜੇ ਵੀ ਉਹੀ ਮਿਲਣਗੇ। ਨਤੀਜਿਆਂ ਨੂੰ ਬਦਲਣ ਵਾਸਤੇ ਕਰਮ ਬਦਲਣੇ ਪੈਣਗੇ। ਕਿਸੇ ਖਾਸ ਮੁਹਿਮ ਜਾਂ ਫੈਸਲੇ ਨੂੰ ਲਾਗੂ ਕਰਨ ਵਾਸਤੇ ਅਤੇ ਜਵਾਬਦੇਹੀ ਨੂੰ ਤਹਿ ਕਰਨ ਲਈ ਜਥੇਦਾਰ ਦੀ ਨਿਯੁਕਤੀ ਲਾਜ਼ਮੀ ਅਤੇ ਲਾਹੇਵੰਦ ਹੈ। ਜਥੇਦਾਰ ਤੋਂ ਭਾਵ ਟੀਮ ਲੀਡਰ ਹੀ ਲੈਣਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੌਜੀ ਮੁਹਿੰਮ ਦੀ ਅਗਵਾਈ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਥਾਪਿਆ ਸੀ। ੧੮ਵੀਂ ਸਦੀ ਦੇ ਸਮੇਂ ਹਰ ਮਿਸਲ ਦਾ ਇੱਕ ਜਥੇਦਾਰ ਹੁੰਦਾ ਸੀ। ਇਸੇ ਤਰਾਂ ਪ੍ਰਸਤਾਵਿਤ ਵਿਧੀ-ਵਿਧਾਨ ਵਿਚ ਲਏ ਗਏ ਹਰ ਫ਼ੈਸਲੇ ਦੇ ਪਾਲਣ ਨੂੰ ਯਕੀਨਣ ਬਣਾਉਣ ਲਈ ਇੱਕ ਜਥੇਦਾਰ ਦੀ ਘੋਸ਼ਣਾ ਕਰਨਾ ਲਾਜ਼ਮੀ ਹੋਵੇ ਜੋ ਕਿ ਇੱਕ ਜੱਥੇ (ਟੀਮ) ਦੀ ਅਗਵਾਈ ਕਰਦਾ ਹੋਇਆ ਇੱਕ ਵਕਤੀ ਮਿਆਦ ਤੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰੇ। ਪਰ 'ਅਕਾਲ ਤਖ਼ਤ ਦਾ ਜਥੇਦਾਰ' ਵਰਗਾ ਕੋਈ ਅਹੁਦਾ ਨਹੀਂ ਹੋਣਾ ਚਾਹੀਦਾ। ਇਸਲਈ ਸੰਘਰਸ਼ ਨੂੰ ਦੋ ਹਿੱਸੀਆਂ ਵਿਚ ਵੰਡ ਕੇ ਵੇਖਣਾ ਚਾਹੀਦਾ ਹੈ ਅਤੇ ਉਸੇ ਅਨੁਸਾਰ ਤਰਤੀਬ ਦੇਣੀ ਬਣਦੀ ਹੈ: 1) ਗੁਰਦੁਆਰੀਆਂ ਦੀ ਅਜ਼ਾਦੀ ਅਤੇ ਪ੍ਰਬੰਧਕ ਪੁਨਰਗਠਨ। 2) ਅਕਾਲ ਤਖ਼ਤ ਦੇ ਸਿਧਾਂਤ ਤੇ ਸਰਬਤ ਖਾਲਸਾ ਨੂੰ ਇਕੱਠਾ ਕਰਨਾ। ਪਹਿਲੇ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵਿਚ ਭਾਰਤੀ ਕਾਨੂੰਨ ਦਾ ਸੰਗਲ ਹੈ ਕਿਉਂਕੀ ਇਹ ਮੌਜੂਦਾ ਸਥਿਤੀ ਵਿਚ ਭਾਰਤੀ ਸੰਵੀਧਾਨ ਅਧੀਨ ਭ੍ਰਿਸ਼ਟ ਇਲੈਕਸ਼ਨ ਸਿਸਟਮ ਅਧੀਨ ਹੈ। ਮੌਜੂਦਾ ਪ੍ਰਬੰਧਕ ਕਮੇਟੀ ਖਿਲਾਫ਼ ਇਲੈਕਸ਼ਨ ਲੜ ਜਾਂ ਜਿੱਤ ਕੇ ਸੰਘਰਸ਼ ਨਹੀਂ ਮੁੱਕਣਾ, ਇਸ ਇਲੈਕਸ਼ਨ ਸਿਸਟਮ ਤੋਂ ਅਜ਼ਾਦ ਹੋਣਾ ਹੀ ਪਵੇਗਾ। ਇਸਲਈ 'ਪ੍ਰਬੰਧਕ ਸੁਧਾਰ' ਦੀ ਬਜਾਏ 'ਪ੍ਰਬੰਧਕ ਪੁਨਰਗਠਨ' ਵਰਤਨਾ ਹੀ ਸਹੀ ਹੋਵੇਗਾ। ਪਰ ਦੂਸਰੇ ਉਦੇਸ਼ ਦੀ ਪ੍ਰਾਪਤੀ ਲਈ ਪੰਥ ਨੂੰ ਕਿਸੇ ਹੋਰ ਸਰਕਾਰ ਤੇ ਨਿਰਭਰ ਹੋਣ ਦੀ ਜ਼ਰੁਰਤ ਨਹੀਂ। ਇਸੇ ਦੀ ਪ੍ਰਾਪਤੀ ਪਹਿਲ ਕਦਮ ਤੇ ਕਰਨੀ ਚਾਹੀਦੀ ਹੈ। ਦੂਜੇ ਉਦੇਸ਼ ਦੀ ਸਫ਼ਲਤਾ ਤੋਂ ਬਾਦ ਸਰਬਤ ਖਾਲਸਾ ਦੀ ਨਿਗਰਾਨੀ ਹੇਠ ਹੀ ਗੁਰਦੁਆਰੀਆਂ ਦੀ ਅਜ਼ਾਦੀ ਅਤੇ ਪ੍ਰਬੰਧਕ ਪੁਨਰਗਠਨ ਦੇ ਉਦੇਸ਼ ਦੀ ਸਫ਼ਲਤਾ ਲਈ ਦੂਰਦਰਸ਼ੀ ਯੋਜਨਾ ਬਣਾਉਣੀ ਚਾਹੀਦੀ ਹੈ। ਇਸ ਲੇਖ ਦਾ ਅਗਲਾ ਹਿੱਸਾ ਇਸ ਉਦੇਸ਼ ਦੀ ਪ੍ਰਾਪਤੀ ਲਈ ਇੱਕ ਨਿਮਾਣਾ ਜਿਹਾ ਸੁਝਾਅ ਜਾਂ ਡਰਾਫ਼ਟ ਹੈ। ਇਹ ਸੁਝਾਅ ਇਸ ਸਿਧਾਂਤਕ ਬੁਨਿਆਦ ਤੇ ਖੜਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਰਬੱਤ ਖਾਲਸਾ ਵਲੋਂ ਸਰਬ ਸਹਿਮਤੀ ਨਾਲ ਚੁਣੇ ਗਏ ਪੰਜ ਪਿਆਰੀਆਂ ਦੇ ਫੈਸਲੇ ਨੂੰ ਹੀ ਅਕਾਲ ਤਖ਼ਤ ਦਾ ਮੱਤਾ ਕਿਹਾ ਜਾ ਸਕਦਾ ਹੈ।
ਸਰਬੱਤ ਖਾਲਸਾ ਅੱਜ ਸਿੱਖ ਕੌਮ ਨੂੰ ਦੁਨਿਆ ਦਾ ਪੰਜਵਾਂ ਵੱਡਾ ਧਰਮ ਮਣਿਆ ਜਾਂਦਾ ਹੈ। ਸਿੱਖ ਦੁਨਿਆ ਦੇ ਹਰ ਦੇਸ਼ ਅਤੇ ਹਰ ਖਿੱਤੇ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਚਾਹੇ ਅਬਾਦੀ ਦਾ ਵੱਡਾ ਹਿੱਸਾ ਪੰਜਾਬ ਵਿਚ ਵੱਸਦਾ ਹੈ ਪਰ ਸਿੱਖ ਹੁਣ ਇੱਕ ਇਲਾਕੇ ਨਾਲ ਸੀਮਤ ਨਹੀਂ ਰਹੇ। ਹਰ ਦੇਸ਼ ਵਿਚ ਵੱਸਦੇ ਸਿੱਖਾਂ ਦੇ ਮੱਸਲੇ ਵੱਖ ਹਨ। ਕਿਸੇ ਇੱਕ ਜਗ੍ਹਾ ਨਾਲ ਸੰਬੰਧਿਤ ਜਥੇਬੰਦੀ ਜਾਂ ਪ੍ਰਬੰਧਕ ਕਮੇਟੀ ਸਰਬੱਤ ਖਾਲਸਾ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਸਰਬੱਤ ਖਾਲਸਾ ਉਹੀ ਕਿਹਾ ਜਾ ਸਕਦਾ ਹੈ ਜੋ ਦੁਨਿਆ ਵਿਚ ਵੱਸਦੇ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰੇ। ਉਹ ਸਿੱਖ ਸੰਸਥਾ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਦੇਹਧਾਰੀ, ਮੂਰਤੀ ਜਾਂ ਗ੍ਰੰਥ ਦੀ ਪੂਜਾ ਨਹੀਂ ਹੁੰਦੀ ਸਰਬੱਤ ਖਾਲਸਾ ਦਾ ਹਿੱਸਾ ਬਣ ਸਕਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਦੁਨਿਆ ਦੇ ਹਰ ਕੋਨੇ ਤੋਂ ਵਖ-ਵਖ ਸਿੱਖ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਸਰਬੱਤ ਖਾਲਸਾ ਕਹਿਲਾ ਸਕਦਾ ਹੈ। ਸਰਬੱਤ ਖਾਲਸਾ ਪਾਰਦਰਸ਼ੀ ਵਿਧੀ-ਵਿਧਾਨ ਰਾਹੀਂ ਆਪਣੇ ਨੁਮਾਇੰਦੇ ਚੁਣੇ। 'ਫ੍ਰੀ ਅਕਾਲ ਤਖ਼ਤ’ ਦੀ ਟੀਮ ਵਲੋਂ ਜੋ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਪ੍ਰਤੀ ਸੁਝਾਅ ਦਿੱਤੇ ਹਨ, ਉਹ ਇਸ ਤਰਾਂ ਹਨ: ੧) ਫ਼ੈਸਲੇ ਲੈਣ ਦੀ ਪ੍ਰਕਿਰਿਆ ਸਰਬੱਤ ਖ਼ਾਲਸਾ ਦੇ ਸਿਧਾਂਤਾਂ ਅਨੁਸਾਰ ਹੋਵੇਗੀ ਜੋ ਕਿ ਸਰਬ-ਸਹਿਮਤੀ 'ਤੇ ਅਧਾਰਿਤ ਹੋਣਗੇ। ਸਾਰੇ ਸੁਝਾਅ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸੰਪੂਰਨ (100%) ਸਹਿਮਤੀ ਹੈ। ਅਸਹਿਮਤ ਵਿਅਕਤੀ ਆਪਣੀ ਅਸਹਿਮਤੀ ਦਰਜ ਕਰਵਾ ਸਕਣਗੇ ਪਰ ਪ੍ਰਕਿਰਿਆ ਨੂੰ ਕਮਜ਼ੋਰ ਨਾ ਬਣਾਉਂਦੇ ਹੋਏ ਸਹਿਮਤੀ ਨਾਲ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਵੀ ਵਚਨਬੱਧ ਹੋਣਗੇ। ਇਤਰਾਜ਼ ਕਰਨ ਵਾਲੇ ਵਿਅਕਤੀ ਕਾਰਨ ਦੱਸਣ ਤੇ ਕਾਰਨਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰਨ ਲਈ ਤਿਆਰ ਹੋਣੇ ਚਾਹੀਦੇ ਹਨ ਅਤੇ ਫਿਰ ਸਰਗਰਮੀ ਨਾਲ ਸੁਝਾਵਾਂ ਨੂੰ ਮੁੜ ਲਿਖਣ ਲਈ ਪੰਥ ਨੂੰ ਸਹਿਯੋਗ ਦੇਣ ਤਾਂ ਕਿ ਇਤਰਾਜ਼ ਕਰਨ ਵਾਲੇ ਵਿਅਕਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ। ਸਾਰੇ ਇਤਰਾਜ਼ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ੨) ਸਰਬੱਤ ਖ਼ਾਲਸਾ ਦੌਰਾਨ ਵਿਚਾਰਨਯੋਗ ਮਸਲੇ ਗੰਭੀਰਤਾ ਵਾਲੇ ਮੁੱਦਿਆਂ, ਆਰਥਿਕ ਤੇ ਰਾਜਨੀਤਿਕ ਮੁੱਦਿਆਂ, ਅਗਵਾਈ ਵਿੱਚ ਗਿਰਾਵਟ ਅਤੇ ਪੰਥਕ ਅਦਾਰਿਆਂ ਦੀ ਖਰਿਆਈ ਨੂੰ ਉਭਾਰਨ 'ਤੇ ਕੇਂਦਰਿਤ ਹੋਣਗੇ। ੩) ਲਏ ਗਏ ਹਰ ਫ਼ੈਸਲੇ ਦੇ ਪਾਲਣ ਨੂੰ ਯਕੀਨਣ ਬਣਾਉਣ ਲਈ ਇੱਕ ਜਥੇਦਾਰ ਦੀ ਘੋਸ਼ਣਾ ਕਰਨਾ ਲਾਜ਼ਮੀ ਹੋਵੇਗਾ ਜੋ ਕਿ ਇੱਕ ਜੱਥੇ (ਟੀਮ) ਦੀ ਅਗਵਾਈ ਕਰਦਾ ਹੋਇਆ ਇੱਕ ਵਕਤੀ ਮਿਆਦ ਤੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰੇਗਾ। ੪) ਸਰਬੱਤ ਖ਼ਾਲਸਾ ਵਿੱਚ ਹਰ ਇੱਕ ਨੁਮਾਇੰਦਾ: i) ਗੁਰੂ ਖ਼ਾਲਸਾ ਪੰਥ ਨੂੰ ਸਮਰਪਿਤ (ਅੰਮ੍ਰਿਤਧਾਰੀ) ਹੋਵੇ। ਜੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਸਿੱਖ ਨਾ ਮਿਲਣ ਜਾਂ ਉਹ ਆਪਣੇ ਆਪ ਨੂੰ ਕਾਬਲ ਨਾ ਸਮਝਦੇ ਹੋਣ ਤਾਂ ਉਹ ਇਹ ਸੇਵਾ (ਫਰਜ਼) ਅਜਿਹੇ ਸਿੱਖ ਨੂੰ ਦੇ ਸਕਦੇ ਹਨ ਜਿਹੜਾ ਸਥਾਨਕ ਸੰਗਤ ਦੁਆਰਾ ਕਾਬਲ ਸਮਝਿਆ ਜਾਂਦਾ ਹੋਵੇ। ii) ਗੁਰੂ ਖ਼ਾਲਸਾ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੁਕਮ ਨੂੰ ਮੰਨਦਾ ਹੋਵੇ। iii) ਇੱਕ ਅਜ਼ਾਦ ਸੰਸਥਾਨ ਵੱਲੋਂ ਅਕਾਲ ਤਖ਼ਤ ਦੀ ਪ੍ਰਮੁੱਖਤਾ ਦਾ ਹਮਾਇਤੀ ਹੋਵੇ ਤੇ ਇਸ ਗੱਲ ਵਿੱਚ ਭਰੋਸੇਯੋਗਤਾ ਦਰਸਾਏ ਕਿ ਅਕਾਲ ਤਖ਼ਤ ਸਿੱਖਾਂ ਲਈ ਰਾਜ ਜਾਂ ਰਾਜਨੀਤਿਕ ਪਾਰਟੀਆਂ (ਸਿੱਖ ਪਾਰਟੀਆਂ ਸਮੇਤ) ਦੀ ਦਖਲਅੰਦਾਜ਼ੀ ਤੋਂ ਬਿਨਾ ਸਿੱਖਾਂ ਦੁਆਰਾ ਸੰਚਾਲਨ ਕੀਤੇ ਜਾਣ ਵਾਲਾ ਸੰਸਥਾਨ ਹੈ। ੫) ਸਰਬੱਤ ਖ਼ਾਲਸਾ ਇੱਕ ਖੁੱਲ੍ਹੀ ਤੇ ਪਾਰਦਰਸ਼ੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਇਸ ਦੀ ਸਾਰੀ ਕਾਰਵਾਈ ਔਨਲਾਈਨ ਮੌਜੂਦ ਹੋਣੀ ਚਾਹੀਦੀ ਹੈ ਜਿਸ ਤੱਕ ਦੁਨੀਆਂ ਭਰ ਦੇ ਤਿੰਨ ਕਰੋੜ ਸਿੱਖਾਂ ਦੀ ਪਹੁੰਚ ਹੋਵੇ। ੬) ਕੋਰਮ ਵਿੱਚ ਸਿੱਖ ਪੰਥ ਦੇ ਘੱਟੋ-ਘੱਟ ੫੧% ਸਿੱਖਾਂ ਦੀ ਨੁਮਾਇੰਦਗੀ ਜਿਸ ਵਿੱਚ ਜਨਸੰਖਿਆ, ਰਹਿਣ ਦੀ ਥਾਂ, ਵਿਚਾਰਧਾਰਾ, ਵਿਚਾਰਕ ਆਗੂਆਂ, ਮਜ਼ਲੂਮਾਂ (ਔਰਤਾਂ, ਦਲਿਤਾਂ, ਮੂਲ ਨਿਵਾਸੀਆਂ ਨੌਜਵਾਨਾਂ ਆਦਿ) ਦੀ ਸ਼ਮੂਲੀਅਤ। ੮੦ % ਜਨ-ਸੰਖਿਆ, ਖੇਤਰੀ ਸੱਤਾ ਅਤੇ ਖੇਤਰ ਵਿੱਚ ਸਿੱਖੀ ਦੇ ਪ੍ਰਭਾਵ ਅਨੁਸਾਰ; ੧੮% ਨੀਤੀ, ਮਰਿਆਦਾ, ਸੇਵਾ ਦੇ ਮਾਹਿਰ; ੨% ਪੰਥਕ ਕਾਰਜਾਂ ਵਿੱਚ ਅਸਧਾਰਨ ਯੋਗਦਾਨ ਪਾਉਣ ਵਾਲੇ। ੭) ਨੁਮਾਇੰਦਿਆਂ ਦੀ ਕੁੱਲ ਗਿਣਤੀ ੫੦੦ ਹੈ, ਜਿਨ੍ਹਾਂ ਦੀ ਵੰਡ ਇਸ ਪ੍ਰਕਾਰ ਹੈ: ੮੦% ੪੦੦ ਨੁਮਾਇੰਦੇ: (੧) ਦੱਖਣੀ ਏਸ਼ੀਆ: ੨੬੩ (੨) ਅਮਰੀਕਨ ਦੇਸ਼: ੪੬ (੩) ਯੂਰਪ: ੪੬ (੪) ਪੂਰਬੀ ਏਸ਼ੀਆ: ੧੮ (੫) ਓਸ਼ਨੀਅ ਦੇਸ਼: ੧੧ (੬) ਅਫ਼ਰੀਕਾ: ੧੦ (੭) ਮੱਧ ਪੂਰਬੀ ਦੇਸ਼: ੬ ਚੋਣਵੇਂ ਖੇਤਰੀ ਨੁਮਾਇੰਦੇ। ਖੇਤਰੀ ਨੁਮਾਇੰਦਿਆਂ ਦੀ ਚੋਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ: ਗੁਰਦੁਆਰੇ, ਸਿੱਖ ਸੰਸਥਾਵਾਂ, ਯੁਨੀਵਰਸਿਟੀ/ਕਾਲਜਾਂ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਤੋਂ ਬਾਹਰ ਸੰਯੁਕਤ ਸੰਗਤ/ਜਥੇਬੰਦੀਆਂ ਅਤੇ ਮਜ਼ਲੂਮ ਵਰਗ। ੧੮% ੯੦ ਨੁਮਾਇੰਦੇ। ਉੱਪਰ ਲਿਖੇ ਹਰ ਵਰਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੀਤੀ, ਸੇਵਾ ਮਾਹਿਰਾਂ ਤੇ ਖੋਜਕਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਭੇਜਿਆ ਜਾਵੇ। ਇਹ ਵਿਅਕਤੀ ਆਮ ਨੁਮਾਇੰਦੇ ਦੇ ਤੌਰ ‘ਤੇ ਵੀ ਵਿਚਰ ਸਕਦੇ ਹਨ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਉਹ ਲੋੜੀਂਦੇ ਫਰਜ਼ ਨਿਭਾ ਸਕਦੇ ਹਨ। ੨% ੧੦ ਨੁਮਾਇੰਦੇ। ਪੰਥ ਦੀ ਸਮੂਹਿਕ ਤੌਰ 'ਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਅਸਧਾਰਨ ਤਰੀਕੇ ਨਾਲ ਨਿਭਾਇਆ ਹੈ ਉਹਨਾਂ ਦੀ ਪਛਾਣ ਕੀਤੀ ਜਾਵੇ। ਇਹ ਵਰਗ ਨਿਰਧਾਰਿਤ ਕੀਤੇ ਗਏ ਨੁਮਾਇੰਦਿਆਂ ਤੋਂ ਵਧ ਵੀ ਸਕਦਾ ਹੈ। ਸਰਬੱਤ ਖਾਲਸਾ ਦੀ ਸਲਾਹਕਾਰ ਅਤੇ ਵਰਕਿੰਗ ਕਮੇਟੀ ਉੱਪਰ ਚੁਣੇ ਗਏ ੧੦੦ ਨੁਮਾਇੰਦੇ ਜਿਹਨਾ ਸੇਵਾ ਮਾਹਿਰਾਂ ਜਾਂ ਗੁਰੂ ਦੇ ਸ਼ਬਦ ਨੂੰ ਅਸਧਾਰਨ ਤਰੀਕੇ ਨਾਲ ਨਿਭਾਇਆ ਹੈ ਉਹਨਾਂ ਵਿਚੋਂ ਹੀ ਪੰਜ ਪਿਆਰਿਆਂ ਦੀ ਸਲਾਹਕਾਰ ਅਤੇ ਵਰਕਿੰਗ ਕਮੇਟੀ ਬਣਾਈ ਜਾਵੇ ਜਿਸ ਵਿਚ ਸਿੱਖ ਪੰਥ ਨੂੰ ਲੋੜੀਂਦੇ ਹਰ ਕੌਸ਼ਲ ਅਤੇ ਖਿੱਤੇ ਦੇ ਮਾਹਰ ਹੋਣ। ਖਿੱਤਾ ਅਤੇ ਹਰ ਖਿੱਤਾ ਦੇ ਮਾਹਿਰਾਂ ਦੀ ਗਿਣਤੀ ਨਿਰਧਾਰਿਤ ਹੋਵੇ। ਵੱਖ-ਵੱਖ ਰਾਏ ਸ਼ਾਮਲ ਰਕਨ ਲਈ ਹਰ ਖਿੱਤੇ ਵਿਚ ਘੱਟੋ-ਘੱਟ ਦੋ ਮੈਂਮਬਰ ਜ਼ਰੂਰ ਹੋਣ। ਜਿਹੜਾ ਮੁੱਦਾ ਵੀ ਵਿਚਾਰ ਅਧੀਨ ਹੋਵੇ ਇਹ ਸਲਾਹਕਾਰ ਕਮੇਟੀ ਉਸ ਉੱਤੇ ਵਿਸਤਾਰਤ ਰੀਪੋਰਟ ਜਨਤਕ ਕਰੇ। ਜਨਤਕ ਕਰਨ ਉਪਰੰਤ ਸੰਗਤਾਂ ਦੀ ਰਾਏ ਸ਼ਾਮਲ ਕਰਕੇ ਫਾਈਨਲ ਰਿਪੋਰਟ ਜਾਰੀ ਕੀਤੀ ਜਾਵੇ। ਇਸ ਦੇ ਅਧਾਰ ਤੇ ਹੀ ਪੰਜ ਪਿਆਰੇ ਸਰਬ ਸੰਮਤੀ ਨਾਲ ਆਪਣਾ ਫੈਸਲਾ ਸੁਣਾਉਣ ਜੋ ਅਕਾਲ ਤਖ਼ਤ ਤੋਂ ਜਾਰੀ ਮੱਤਾ ਮਣਿਆ ਜਾਵੇ। ਉਦਾਹਰਣ ਵਜੋਂ ਸਲਾਹਕਾਰ ਅਤੇ ਕੰਮਕਾਜ ਕਮੇਟੀ ਦਾ ਹੇਠ ਇੱਕ ਮਾਡਲ ਦਿੱਤਾ ਹੈ:
ਜੁਡੀਸ਼ਲ ਕਮਿਸ਼ਨ
ਸਾਰਾ ਕਾਰਜ ਨਿਰਧਾਰਤ ਮਾਪਦੰਡਾਂ ਅਤੇ ਕਾਰਜ ਪ੍ਰਣਾਲੀ ਵਿਚ ਚੱਲੇ ਇਸ ਲਈ ਤਿੰਨ ਮੈਂਮਬਰੀ ਜੁਡੀਸ਼ਲ ਕਮਿਸ਼ਨ ਬਣਾਈ ਜਾਵੇ। ਅਗਰ ਕਿਸੇ ਮੈਂਮਬਰ ਜਾ ਉਮੀਦਵਾਰ ਬਾਰੇ ਸ਼ਿਕਾਇਤ ਆਵੇ ਕਿ ਉਹ ਨਿਰਧਾਰਤ ਮਾਪਦੰਡਾ ਤੇ ਪੂਰਾ ਨਹੀਂ ਉਤਰਦਾ / ਉਤਰਦੀ, ਤਾਂ ਉਸ ਬਾਰੇ ਜਾਂਚ ਕਰਨ। ਜਾਂਚ ਉਪਰੰਤ ਅਗਰ ਸ਼ਿਕਾਇਤ ਸਹੀ ਪਾਈ ਜਾਵੇ ਤਾਂ ਮੈਂਮਬਰ ਜਾਂ ਉਮੀਦਵਾਰ ਨੂੰ ਮੁਅੱਤਲ ਕੀਤਾ ਜਾਵੇ। ਜੁਡੀਸ਼ਲ ਕਮਿਸ਼ਨ ਦੇ ਮੈਂਮਬਰਾਂ ਦੀ ਚੋਣ ਵੀ ਸਲਾਹਕਾਰ ਅਤੇ ਵਰਕਿੰਗ ਕਮੇਟੀ ਹੀ ਕਰੇ। ਪੰਜ ਪਿਆਰੇ ਸਰਬੱਤ ਖਾਲਸਾ ਦੇ ੫੦੦ ਮੈਂਮਬਰ ਆਪਣੇ ਵਲੋਂ ਪੰਜ ਪਿਆਰਿਆਂ ਵਾਸਤੇ ਉਮੀਦਵਾਰਾਂ ਦੇ ਨਾਂ ਭੇਜਨ ਅਤੇ ਇਹਨਾ ਦਾ ਪੰਥ ਲਈ ਯੋਗਦਾਨ ਦਾ ਪੂਰਾ ਵੇਰਵਾ ਦੱਸਣ। ਇਹ ਸਾਰੇ ਨਾਮ ਅਤੇ ਵੇਰਵਾ ਆਨ ਲਾਈਨ ਪਾਇਆ ਜਾਵੇ। ਇਹ ਸਾਰੇ ਉਮੀਦਵਾਰ ਸਿੱਖੀ ਰਹਿਣੀ ਅਤੇ ਅਸੂਲਾਂ ਵਿਚ ਪ੍ਰਪੱਖ ਹੋਣ ਇਸ ਲਈ ਮਾਪਦੰਡ ਨਿਰਧਾਰਿਤ ਹੋਣ। ਅਗਰ ਕਿਸੇ ਨੂੰ ਇਹਨਾ ਉਮੀਦਵਾਰਾਂ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਉਹ ਅਪਣੀ ਸ਼ਿਕਾਇਤ ਜੁਡੀਸ਼ਲ ਕਮਿਸ਼ਨ ਨੂੰ ਭੇਜੇ। ਸਾਰੇ ੫੦੦ ਮੈਂਮਬਰ ਹਰ ਇਕ ਉਮੀਦਵਾਰ ਦੀ ਯੋਗਤਾ ਅਤੇ ਦੱਸੇ ਵੇਰਵੇ ਅਨੁਸਾਰ ਉਹਨਾ ਨੂੰ ਪਾਰਦਰਸ਼ੀ ਤਰੀਕੇ ਨਾਲ ਰੇਟਿੰਗ ਦੇਣ। ਰੇਟਿੰਗ ਦੇ ਅਧਾਰ ਤੇ ਸਿਖਰ ਦੇ ੨੦ ਉਮੀਦਵਾਰਾਂ ਵਿਚੋਂ ਸਲਾਹਕਾਰ ਅਤੇ ਵਰਕਿੰਗ ਕਮੇਟੀ ਪੰਜ ਨੂੰ ਚੁਣੇ, ਇਹ ਹੀ ਪੰਜ ਪਿਆਰੇ ਹੋਣ। ਪਾਰਦਰਸ਼ੀ ਰੇਟਿੰਗ ਦਾ ਤਰੀਕਾ ਨਿਰਧਾਰਿਤ ਕੀਤਾ ਜਾਵੇ ਤਾਕਿ ਚੋਣ ਕਮੇਟੀ ਦੇ ਮੈਂਮਬਰਾਂ ਉੱਤੇ ਨਿਜੀ ਰਾਏ ਹਾਵੀ ਨਾ ਹੋਵੇ। ਅਗਰ ਪੰਜ ਪਿਆਰਿਆਂ ਵਿਚੋਂ ਘਟੋ-ਘਟ ਦੋ ਔਰਤਾਂ ਲਈ ਰਾਖਵਾਂ ਰਖਿਆ ਜਾਵੇ ਤਾਂ ਇਹ ਬਹੁਤ ਅਗਾਂਹ ਵਧੂ ਕਦਮ ਹੋਵੇਗਾ। ਨਿਸ਼ਚਿਤ ਸਮਾਂ ਕਾਰਜ ਇਹ ਸਭ ਮੈਂਮਬਰ, ਜੁਡੀਸ਼ਲ ਚਮਿਸ਼ਨ ਅਤੇ ਪੰਜ ਪਿਆਰਿਆਂ ਦਾ ਸਮਾਂ ਕਾਰਜ ਨਿਰਧਾਰਤ ਹੋਵੇ (ਜਿਵੇਂ ਪੰਜ ਸਾਲ)। ਇਸ ਨਿਰਧਾਰਤ ਸਮੇਂ ਉਪਰੰਤ ਸਾਰੇ ਮੈਂਮਬਰ ਦੋਬਾਰਾ ਚੁਣੇ ਜਾਨ। ਪੁਰਾਣੇ ਮੈਂਮਬਰ ਦੁਬਾਰਾ ਚੁਣੇ ਜਾ ਸਕਦੇ ਹਨ ਕਿ ਨਹੀਂ ਇਸ ਬਾਰੇ ਆਮ ਰਾਏ ਬਣਾ ਲਈ ਜਾਵੇ। ਨਿਸ਼ਚਿਤ ਸਮਾਂ ਕਾਰਜ ਇਹਨਾ ਕਾਰਨਾ ਕਰਕੇ ਲਾਹੇਵੰਧ ਹੈ: ੧) ਨਵਾਂ ਹੁਨਰ ਅਤੇ ਨਵੇਂ ਸੁਝਾਅ ਦੇ ਮੌਕੇ ਬਹੁਤ ਵੱਧ ਜਾਂਦੇ ਹਨ। ੨) ਇਸ ਨਾਲ ਅਕਾਲ ਤਖ਼ਤ ਦੀ ਸੰਸਥਾ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਅਧੀਨ ਨਹੀਂ ਆਵੇਗੀ। ੩) ਨਵੇਂ-ਨਵੇਂ ਮੈਂਮਬਰਾਂ ਨੂੰ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਣ ਨਾਲ, ਇਹ ਪੂਰੀ ਪ੍ਰਕਰਿਆ ਪੰਥ ਨੂੰ ਵੱਖ-ਵੱਖ ਖਿੱਤੀਆਂ ਵਿਚ ਕਈ ਲੀਡਰ ਪੈਦਾ ਕਰੇਗੀ। ਇਹ ਸਮੁਚਾ ਢਾਂਚਾ ਬਗੈਰ ਕਿਸੇ ਰੋਕ ਦੇ ਚਲਦਾ ਰਹੇ ਇਸ ਲਈ ਸਰਬੱਤ ਖਾਲਸਾ ਦੇ ੫੦੦ ਮੈਂਮਬਰ, ਸਲਾਹਕਾਰ ਅਤੇ ਵਰਕਿੰਗ ਕਮੇਟੀ, ਜੁਡੀਸ਼ਲ ਕਮਿਸ਼ਨ ਅਤੇ ਪੰਜ ਪਿਆਰੇ, ਇਹਨਾ ਦਾ ਕਾਰਜ ਇੱਕੋ ਸਮੇਂ ਸ਼ੁਰੂ ਅਤੇ ਖਤਮ ਨਾ ਹੋਵੇ। ਇੱਕ ਉਦਾਹਰਣ ਇਸ ਤਰਾਂ ਹੋ ਸਕਦਾ ਹੈ: ਪਹਿਲਾ ਸਾਲ- ੫੦੦ ਮੈਂਮਬਰਾ ਦੀ ਚੋਣ ਦੂਜਾ ਸਾਲ- ਸਲਾਹਕਾਰ ਅਤੇ ਵਰਕਿੰਗ ਕਮੇਟੀ ਦਾ ਗਠਨ ਤੀਜਾ ਸਾਲ- ਪੰਜ ਪਿਆਰਿਆਂ ਦੀ ਚੋਣ ਚੌਥਾ ਸਾਲ ਪੰਜਵਾਂ ਸਾਲ- ਜੁਡੀਸ਼ਲ ਕਮਿਸ਼ਨ ਦੀ ਚੋਣ ਛੇਵਾਂ ਸਾਲ- ੫੦੦ ਮੈਂਮਬਰਾ ਦੀ ਚੋਣ ਸਤਵਾਂ ਸਾਲ- ਸਲਾਹਕਾਰ ਅਤੇ ਵਰਕਿੰਗ ਕਮੇਟੀ ਦਾ ਗਠਨ ਅੱਠਵਾਂ ਸਾਲ- ਪੰਜ ਪਿਆਰਿਆਂ ਦੀ ਚੋਣ ਨੌਵਾਂ ਸਾਲ ਦੱਸਵਾਂ ਸਾਲ- ਜੁਡੀਸ਼ਲ ਕਮਿਸ਼ਨ ਦੀ ਚੋਣ । ਨੋਟ: ਇਸ ਵਿਵਸਥਾ ਨੂੰ ਸ਼ੁਰੂ ਕਰਨ ਵਾਸਤੇ ਪਹਿਲੀ ਜੁਡੀਸ਼ਲ ਕਮਿਸ਼ਨ ਦਾ ਗਠਨ ਇਸ ਸਿਸਟਮ ਤੋਂ ਬਾਹਰ ਹੋ ਕੇ ਪਹਿਲੇ ਸਾਲ ਹੀ ਕਰਨਾ ਪਵੇਗਾ, ਜੋ ਕਿ ਪੰਜਵੇਂ ਸਾਲ ਵਿਚ ਆਕੇ ਨਿਰਧਾਰਿਤ ਚੋਣ ਵਿਵਸਥਾ ਅਧੀਨ ਹੋ ਜਾਵੇਗਾ। ਜੁਡੀਸ਼ਲ ਕਮਿਸ਼ਨ ਨੂੰ ਪੰਜਵੇਂ ਸਾਲ ਰਖਣ ਦਾ ਇਹ ਕਾਰਨ ਹੈ ਕਿ ਇਸਦਾ ਕਾਰਜ ਸਮਾਂ ਵਧੇਰੇ ਉਹਨਾ ਮੈਂਮਬਰਾਂ ਦੇ ਸਹਿਯੋਗ ਜਾਂ ਨਿਗਰਾਨੀ ਵਾਸਤੇ ਹੋਵੇਗਾ ਜਿਹਨਾ ਦਾ ਕਮਿਸ਼ਨ ਦੀ ਚੋਣ ਵਿਚ ਕੋਈ ਹਿੱਸਾ ਨਹੀਂ ਰਿਹਾ ਸੀ। ਫੰਡਿੰਗ ਇਸ ਸਾਰੇ ਢਾਂਚੇ ਦੀ ਸਫ਼ਲਤਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਾਇਆ ਦੀ ਘਾਟ ਕਾਰਨ ਕੋਈ ਕਾਰਜ ਨਾ ਰੁਕੇ। ਇਸ ਵਿਚ ਕੋਈ ਸ਼ਕ ਨਹੀਂ ਪੰਜ ਪਿਆਰਿਆਂ ਦੀ ਨਿਗਰਾਨੀ ਹੇਠ ਜੋ ਵੀ ਪੰਥਕ ਹਿੱਤਾ ਲਈ ਕਾਰਜਾਂ ਦੀ ਲੋੜ ਪਵੇਗੀ, ਉਹਨਾ ਸਭ ਵਾਸਤੇ ਪੈਸੇ ਚਾਹੀਦੇ ਹੋਣਗੇ। ਸਰਬੱਤ ਖਾਲਸਾ ਦੇ ਕਾਰਜ ਖੇਤਰ ਉੱਤੇ ਵੀ ਆਮ ਸਹਿਮਤੀ ਦੀ ਲੋੜ ਹੈ। ਪਰ ਹੇਠ ਲਿੱਖੇ ਕਾਰਜ ਤਾਂ ਆਉਣੇ ਚਾਹੀਦੇ ਹਨ: ੧) ਸਿੱਖ ਇਤਿਹਾਸ ਦੀ ਖੋਜ ੨) ਧਰਮ ਪਰਚਾਰ ਦੇ ਕਾਰਜ ਅਤੇ ਨਵੇਂ ਪਰਚਾਰਕ ਤਿਆਰ ਕਰਨੇ। ੩) ਸਿਕਲੀਗਰ, ਵੰਜਾਰੇ, ਮੱਜਬੀ ਅਤੇ ਹੋਰ ਪਿਛੜੇ ਸਿੱਖਾਂ ਦੇ ਆਰਥਿਕ ਸੁਧਾਰ ਲਈ ਉੱਦਮ। ੪) ਜੇਲਾਂ ਵਿਚ ਬੰਦ ਬੇਕਸੂਰ ਸਿੱਖਾਂ ਲਈ ਕਾਨੂੰਨੀ ਪੈਰਵੀ। ੫) ਗੁਰੂ ਘਰਾਂ ਨੂੰ ਰਾਜਸੀ ਗਲਬੇ ਤੋਂ ਮੁਕਤ ਕਰਨ ਲਈ ਕਾਨੂੰਨੀ ਜਾਂ ਸਮਾਜਕ ਮੁਹਿੰਮ। ੬) ਸਿੱਖਾਂ ਦੇ ਮੱਤਭੇਦ ਅਤੇ ਭੱਖਦੇ ਮੱਸਲਿਆਂ ਬਾਰੇ ਵਿਚਾਰ ਵਿਮਰਸ਼। ਉੱਪਰ ਦਿੱਤੇ ਕੁਛ ਉਦਾਹਰਣ ਹਨ। ਇਸ ਤੋਂ ਇਲਾਵਾ ਪੰਜ ਪਿਆਰਿਆਂ ਦੇ ਟੂਰ ਜਾਂ ਹੋਰ ਮੈਂਮਬਰਾਂ ਦੇ ਕੰਮ-ਕਾਜ ਲਈ ਖਰਚੇ ਵੀ ਹੋਣਗੇ। ਕਹਿਣ ਦਾ ਭਾਵ ਹੈ ਕਿ ਮਾਇਆ ਦੇ ਸਰੋਤ ਤੋਂ ਬਗੈਰ ਕੁਛ ਨਹੀਂ ਚਲਣਾ। ਇਸਦੀ ਫੰਡਿੰਗ ਪਾਰਦਰਸ਼ੀ ਢੰਗ ਨਾਲ ਆਨ ਲਾਈਨ ਕੀਤੀ ਜਾਵੇ। ਇਹ ਦੋ ਤਰੀਕੇ ਤੋਂ ਹੋ ਸਕਦੀ ਹੈ: ੧) ਸਰਬੱਤ ਖਾਲਸਾ ਵਿਚ ਸ਼ਾਮਲ ਸਾਰੀਆਂ ਜਥੇਬੰਦੀਆਂ ਵਾਸਤੇ ਸਲਾਨਾ ਭੇਟਾ ਨਿਸ਼ਚਤ ਕੀਤੀ ਜਾਵੇ। ੨) ਆਮ ਸਿੱਖ ਵੀ ਅਪਣੀ ਸਮਰਥਾ ਅਨੁਸਾਰ ਦਸਵੰਧ ਵਿਚੋਂ ਮਾਇਆ ਆਨ ਲਾਈਨ ਜਮਾਂ ਕਰਾ ਸਕੇ। ਆਨ ਲਾਈਨ ਅਤੇ ਫੰਡਿੰਗ ਦਾ ਹਿਸਾਬ ਕਿਤਾਬ ਰਖਣ ਵਾਸਤੇ ਆਈ.ਟੀ. ਅਤੇ ਫਾਈਨੈਂਸ ਟੀਮ ਰੱਖੀ ਜਾਵੇ। ਨਿਰਧਾਰਤ ਸਮੇਂ ਤੇ ਇਸਦਾ ਔਡਿਟ ਕਿਤਾ ਜਾਵੇ। ਸ਼ੁਰੂ ਕਿਥੋਂ ਕਰਿਏ ਸ਼ੁਰੂਆਤ ਕਰਨ ਵਾਸਤੇ ਹੇਠ ਲਿੱਖੇ ਕਦਮ ਚੁਕੇ ਜਾਣੇ ਚਾਹਿਦੇ ਹਨ: ੧) ਸਭ ਤੋਂ ਪਹਿਲਾਂ ਸੁਹਿਰਦ ਸਿੱਖਾਂ ਦੀ ਇੱਕ ਟੀਮ ਨੂੰ ਇਸ ਵਿਵਸਥਾ ਨੂੰ ਖੜਾ ਕਰਨ ਦਾ ਜਿੰਮਾ ਅਪਣੇ ਹੱਥਾਂ ਵਿਚ ਲੈਣਾ ਪਵੇਗਾ। ੨) ਸਰਬੱਤ ਖਾਲਸਾ ਦੇ ਨਾਮ ਤੇ ਵੈਬਸਾਈਟ ਅਤੇ ਮੋਬਾਈਲ ਐਪ ਤਿਆਰ ਕੀਤੀ ਜਾਵੇ। ੩) ਵੱਧ ਤੋਂ ਵੱਧ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਅਤੇ ਵਿਚਾਰ ਵਿਮਰਸ਼ ਨਾਲ ਉਹਨਾ ਨੂੰ ਸਰਬੱਤ ਖਾਲਸਾ ਵਿਚ ਸ਼ਾਮਲ ਕੀਤਾ ਜਾਵੇ। ੪) ਸੋਸ਼ਲ ਮੀਡਿਆ ਅਤੇ ਸਿੱਖ ਚੈਨਲਾਂ ਦੀ ਸਹਾਇਤਾ ਨਾਲ ਸੰਗਤ ਵਿਚ ਇਸ ਬਾਰੇ ਜਾਗਰਤੀ ਲਿਆਈ ਜਾਵੇ। ੫) ਪਹਿਲੀ ਜੁਡੀਸ਼ਲ ਕਮਿਸ਼ਨ ਦਾ ਗਠਨ ਕਿਤਾ ਜਾਵੇ। ੬) ਪੂਰੀ ਵਿਵਸਥਾ ਦਾ ਵਿਧੀ ਵਿਧਾਨ ਫਾਈਨਲ ਕੀਤਾ ਜਾਵੇ। ੭) ਵਿਵਸਥਾ ਖੜੀ ਕਰਣ ਉਪਰੰਤ ਮੁਢਲੀ ਟੀਮ ਭੰਗ ਹੋ ਜਾਵੇ। ਇਥੇ ਇਹ ਗਲ ਮਣ ਕੇ ਚਲਣੀ ਚਾਹੀਦੀ ਹੈ ਕਿ ਇਸ ਕਾਰਜ ਵਾਸਤੇ ਸਭ ਤੋਂ ਵੱਧ ਰੁਕਾਵਟ ਉਹਨਾ ਜਥੇਬੰਦੀਆਂ, ਬਾਬੇ ਅਤੇ ਡੇਰੇਦਾਰਾਂ ਵਲੋਂ ਹੀ ਆਵੇਗੀ ਜਿਹਨਾ ਨੇ ਸਿਆਸੀ ਮਦਦ ਨਾਲ ਮੋਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਇਸ ਗਲ ਦਾ ਪੂਰਾ ਜ਼ੋਰ ਲਗਾਉਣ ਗਿਆਂ ਕਿ ਇਸ ਮੁਹਿੰਮ ਨਾਲ ਜੁੜਨ ਵਾਲੇ ਸੁਹਿਰਦ ਸਿੱਖਾਂ ਨੂੰ ਪੰਥ ਦੋਖੀ ਗਰਦਾਨ ਕੇ ਆਮ ਸੰਗਤ ਨੂੰ ਗੁਮਰਾਹ ਕੀਤਾ ਜਾ ਸਕੇ। ਸਿੱਖਾਂ ਨੂੰ ਇਹ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਨੇ ਆਪਣੇ ਖਾਲਸੇ ਨੂੰ ਪਾਤਸ਼ਾਹੀ ਬਖ਼ਸ਼ੀ ਹੈ ਜਿਸਦਾ ਰਾਹ ਅਕਾਲ ਤਖ਼ਤ ਦਰਸਾਉਂਦਾ ਹੈ। ਇਸ ਤੇ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ, ਬਸ ਜ਼ਰੂਰਤ ਹੈ ਸਿੱਖਾਂ ਨੂੰ ਅਕਾਲ ਤਖ਼ਤ ਦੇ ਸਿਧਾਂਤ ਹੇਠ ਇਕੱਠੇ ਹੋਣ ਦੀ।
0 Comments
Leave a Reply. |