Sikh Saakhi
  • Home
  • About
  • Saakhi
  • Our Books
  • Blog
  • Merchandise
  • Contact
  • Privacy Policy
  • Home
  • About
  • Saakhi
  • Our Books
  • Blog
  • Merchandise
  • Contact
  • Privacy Policy
Search by typing & pressing enter

YOUR CART

The Incisive Pen


10/9/2020 1 Comment

ਭਗਤ ਨਾਮਦੇਵ ਜੀ ਨਾਲ ਜੁੜੇ ਚਮਤਕਾਰਾਂ ਦਾ ਇਤਿਹਾਸਕ ਤੇ ਵਿਚਾਰਧਾਰਕ ਮੁਲਾਂਕਣ

Historical & ideological assessment on the miracles associated with Bhagat Namdev Ji

ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਨੂੰ ਅਧਾਰ ਬਣਾਕੇ ਇਤਿਹਾਸ ਦੀ ਪੜਚੋਲ ਕੀਤੀ ਜਾਵੇ। ਪਰ ਪੂਜਾਰੀ ਕਹਾਣੀ ਨੂੰ ਅਧਾਰ ਬਣਾਕੇ ਗੁਰਬਾਣੀ ਨੂੰ ਉਸ ਵਿਚ ਫਿੱਟ ਕਰਦਾ ਹੈ।

Picture
ਵਿਸ਼ੇ ਤੇ ਚਰਚਾ ਕਰਨ ਤੋਂ ਪਹਿਲਾਂ ਆਓ ਭਗਤ ਨਾਮਦੇਵ ਜੀ ਦੇ ਜੀਵਨ ਵਿਚ ਵਾਪਰੀ ਇੱਕ ਘਟਨਾ ਤੋਂ ਸ਼ੁਰੂਆਤ ਕਰਿਏ:
 
ਕਹਾਣੀ- ਇਕ ਵਾਰ ਭਗਤ ਜੀ ਆਪਣੇ ਸਾਥੀਆਂ ਨਾਲ ਸਮੁੰਦਰੀ ਸਫ਼ਰ ਤੇ ਇਕ ਬੇੜੇ ਰਾਹੀਂ ਜਾ ਰਹੇ ਸਨ। ਅਚਾਨਕ ਮੌਸਮ ਖਰਾਬ ਹੋਣ ਨਾਲ ਸਮੁੰਦਰ ਵਿਚ ਬਹੁਤ ਭਾਰੀ ਤੂਫ਼ਾਨ ਆ ਗਿਆ। ਤੂਫ਼ਾਨ ਇਤਨਾ ਤੇਜ਼ ਸੀ ਕਿ ਬੇੜੇ ਤੇ ਸਵਾਰ ਲੋਕਾਂ ਕੋਲੋਂ ਚੱਪੂ ਮਾਰਨ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਜਿਸ ਨਾਲ ਬੇੜਾ ਪੂਰੀ ਤਰਾਂ ਬੇਕਾਬੂ ਹੋ ਗਿਆ। ਭਗਤ ਜੀ ਸਮਝ ਗਏ ਇਸ ਮੂਸੀਬਤ ਤੋਂ ਅਗਰ ਕੋਈ ਬਚਾ ਸਕਦਾ ਹੈ ਤਾਂ ਉਹ ਪ੍ਰਭੂ ਬੀਠਲ ਹੀ ਹੈ। ਭਗਤ ਨਾਮਦੇਵ ਜੀ ਨੇ ਅਰਦਾਸ ਕੀਤੀ ਕਿ ਹੇ ਬੀਠਲ ਆਪਣੇ ਭਗਤਾਂ ਦੀ ਲਾਜ ਰੱਖ, ਅਸੀਂ ਚੱਪੂ ਮਾਰਨ ਤੋਂ ਅਸਮਰਥ ਹਾਂ ਅਤੇ ਤਰਨਾ ਭੀ ਨਹੀਂ ਆਉਂਦਾ। ਹੇ ਕੇਸ਼ਵ! ਤੂੰ ਆਪ ਹੀ ਆਪਣੀ ਬਾਂਹ ਦੇਕੇ ਸਾਡੀ ਰੱਖਿਆ ਕਰ ਅਤੇ ਡੁਬਣ ਤੋਂ ਬਚਾ। ਪਰਮਾਤਮਾ ਨੇ ਭਗਤ ਜੀ ਦੀ ਅਰਦਾਸ ਸੁਣੀ ਅਤੇ ਆਪਣੀ ਬਾਂਹ ਦੇਕੇ ਬੇੜਾ ਪਾਰ ਲਗਾਇਆ। ਆਖੋ ਜੀ ਵਾਹਿਗੁਰੂ! ਇਸ ਘਟਨਾ ਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਆਪ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰਾਂ ਦਰਜ ਹੈ:
ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥
ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ ਪਾਰਿ ਉਤਾਰੇ ਕੇਸਵਾ ॥੩॥
ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥ (ਭ : ਨਾਮਦੇਵ, ਪੰਨਾ 1196)
 
ਕਹਾਣੀ ਦੀ ਪੜਚੋਲ- ਇਹ ਲੇਖ ਪੜਣ ਵਾਲੇ ਸਾਰੇ ਸਜਣਾ ਤੋਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਕਿ ਉਪਰ ਲਿਖੀ ਕਹਾਣੀ ਮੇਰੀ ਆਪਣੀ ਮਨੋਕਲਪਿਤ ਝੂਠੀ ਕਹਾਣੀ ਹੈ। ਐਸਾ ਕੁਝ ਨਹੀਂ ਹੋਈਆ। ਇਸਦਾ ਮਕਸਦ ਕੇਵਲ ਇਹ ਸਮਝਾਉਣਾ ਸੀ ਕਿ ਗੁਰਬਾਣੀ ਦੇ ਐਸੇ ਬਹੁਤ ਸ਼ਬਦ ਹਨ ਜਿਨ੍ਹਾਂ ਦਾ ਅੱਖਰੀ ਅਰਥ ਕਰ ਕੇ ਮਨੋਕਲਪਿਤ ਕਹਾਣੀ ਬਣਾਕੇ ਸੰਗਤ ਨੂ ਗੁਮਰਾਹ ਕੀਤਾ ਜਾ ਹਕਦਾ ਹੈ। ਬਾਬਾ ਫ਼ਰੀਦ ਜੀ ਦੀ ਉਹ ਕਾਲਪਨਿਕ ਤਸਵੀਰ ਹਰ ਕਿਸੇ ਦੇ ਚਿੱਤ ਵਿਚ ਉਕਰੀ ਹੋਈ ਹੈ ਜਿਸ ਵਿਚ ਬਿਰਧ ਕਮਜ਼ੋਰ ਸ਼ਰੀਰ ਨਾਲ ਉਹ ਆਪਣੇ ਹੱਥ ਦਿਆਂ ਦੋ ਉਂਗਲਾਂ ਆਪਣੀ ਅੱਖਾਂ ਵਲ ਕਰਕੇ ਕੋਲ ਟਾਹਣੀ ਤੇ ਬੈਠੇ ਕਾਂ ਨੂੰ ਸਮਝਾ ਰਹੇ ਹਨ। ਇਹ ਤਸਵੀਰ ਵੀ ਗੁਰਬਾਣੀ ਸ਼ਬਦ ਦੇ ਭਾਵ ਅਰਥ ਨੂੰ ਨਾ ਸਮਝਦੇ ਹੋਏ ਅੱਖਰੀ ਅਰਥਾਂ ਨੂੰ ਹੀ ਅਧਾਰ ਬਣਾਕੇ ਬਣਾਈ ਗਈ ਹੈ। ਅਗਰ ਉਪਰ ਲਿੱਖੀ ਝੂਠੀ ਕਹਾਣੀ ਦੇ ਅਧਾਰ ਤੇ ਕੋਈ ਤਸਵੀਰ ਤਿਆਰ ਕਰ ਲਈ ਜਾਵੇ ਜਿਸ ਵਿਚ ਇਕ ਬੇੜੀ ਤੂਫ਼ਾਨ ਵਿਚ ਫਸੀ ਦਿੱਸ ਰਹੀ ਹੋਵੇ, ਭਗਤ ਨਾਮਦੇਵ ਜੀ ਅਸਮਾਨ ਵਲ ਹੱਥ ਕਰਕੇ ਅਰਦਾਸ ਕਰ ਰਹੇ ਹੋਣ ਅਤੇ ਅਸਮਾਨ ਤੋਂ ਇਕ ਲੰਮੀ ਬਾਂਹ ਬੇੜੀ ਨੂੰ ਹੱਥ ਦੇ ਰਹੀ ਹੋਵੇ ਤਾਂ ਇਹ ਕਹਾਣੀ ਭੋਲੀ-ਭਾਲੀ ਸੰਗਤ ਦੇ ਮਨਾ ਤੇ ਹੋਰ ਪੱਕੀ ਹੋ ਜਾਵੇਗੀ। ਜੇਕਰ ਸਮੁੰਦਰ ਕਿਨਾਰੇ ਕੋਈ ਮੰਦਿਰ ਵੀ ਬਣਾ ਦਿੱਤਾ ਜਾਵੇ ਜਿਸਦੇ ਬਾਹਰ ਬੋਰਡ ਤੇ ਇਹ ਕਹਾਣੀ ਲਿੱਖ ਦਿੱਤੀ ਜਾਵੇ ਅਤੇ ਉਪਰ ਦਰਸਾਈ ਤਸਵੀਰ ਵੀ ਮੰਦਿਰ ਵਿਚ ਲਗੀ ਹੋਵੇ ਫਿਰ ਤਾਂ ਚੜਾਵੇ ਦੇ ਗੱਫ਼ੇ ਨਹੀਂ ਸੰਭਾਲ ਹੋਣੇ।
 
ਉਪਰ ਦਰਜ ਵਾਕ ਵਿਚ ਆਏ ਸ਼ਬਦ- ਸਮੁੰਦਰ, ਤੂਫ਼ਾਨ, ਬੇੜੀ, ਚੱਪੂ (ਖੇਵ), ਅਤੇ ਬਾਂਹ ਦਾ ਭਾਵ ਅਰਥ- ਸੰਸਾਰ, ਮਾਯਾ, ਜੀਵਨ, ਮਨਮੱਤ, ਅਤੇ ਗੁਰਮੱਤ ਕਰਨਾ ਹੈ। ਇਸ ਸ਼ਬਦ ਦੀ ਵਿਚਾਰ ਇਸ ਤਰਾਂ ਹੈ:
ਸ਼ਬਦ ਅਰਥ: ਹੇ ਬੀਠਲ ਪਿਤਾ! ਹੇ ਗੋਬਿੰਦ! ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ।1। ਰਹਾਉ।
ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਇਸ ਸੰਸਾਰ-ਸਮੁੰਦਰ ਵਿਚ) ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ, ਮੇਰਾ ਸਰੀਰ ਇਹਨਾਂ ਵਿਚ ਡੁੱਬਦਾ ਜਾ ਰਿਹਾ ਹੈ।1।
ਹੇ ਬੀਠਲ! ਮੇਰੀ ਜ਼ਿੰਦਗੀ ਦੀ ਬੇੜੀ ਤੂਫ਼ਾਨ (ਮਾਯਾ ਜਾਂ ਭਰਮ) ਵਿਚ ਫਸ ਗਈ ਹੈ, ਮੈਂ ਇਸ ਨੂੰ ਚੱਪੂ (ਆਪਣੀ ਮੱਤ) ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ।2।
ਹੇ ਕੇਸ਼ਵ! ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ।3।
(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ– (ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ (ਗੁਰੂ ਦੀ ਮੱਤ) ਫੜਾ, ਦਾਤਾ! ਬਾਂਹ ਫੜਾ।4।       
 
ਮਨੋਕਲਪਿਤ ਕਹਾਨੀਆਂ ਨੂੰ ਪ੍ਰਚਾਰਨ ਲਈ ਪੂਜਾਰੀ ਜਿਸ ਮਨੋਵਿਗਿਆਨਕ ਤਕਨੀਕ ਨੂੰ ਅਪਣਾਉਂਦਾ ਹੈ ਉਸਨੂੰ ਸਮਝਣਾ ਬਹੁਤ ਜ਼ਰੂਰੀ ਹੈ। ਚੰਚਲ ਮਨ ਹਰ ਪ੍ਰਾਪਤੀ ਸ਼ਾਰਟਕੱਟ ਰਾਹੀਂ ਚਾਹੁੰਦਾ ਹੈ, ਜਿਸ ਕਰਕੇ ਉਹ ਚਮਤਕਾਰ ਵਾਲੀ ਕਹਾਣੀ ਨੂੰ ਮਣਨ ਵਿਚ ਅਨੰਦ ਮਹਿਸੂਸ ਕਰਦਾ ਹੈ। ਪੂਜਾਰੀ ਇਸੇ ਆਤਮਿਕ ਕਮਜ਼ੋਰੀ ਦਾ ਸ਼ਰਦਾ ਦੇ ਨਾਂ ਤੇ ਫਾਇਦਾ ਚੁੱਕਦਾ ਹੈ। ਸਭ ਤੋਂ ਪਹਿਲਾਂ ਸ਼ਬਦਾਂ ਦੇ ਅੱਖਰੀ ਅਰਥ ਕਰਕੇ ਕਹਾਣੀ ਬਣਾਈ ਜਾਂਦੀ ਹੈ, ਉਸਦੀ ਬਾਰ-ਬਾਰ ਕਥਾ ਕੀਤੀ ਜਾਂਦੀ ਹੈ। ਪਹਿਲਾਂ ਕਹਾਣੀ ਸੁਣਾਈ ਜਾਂਦੀ ਹੈ, ਉਪਰੰਤ ਸ਼ਬਦ ਸੁਣਾਇਆ ਜਾਂਦਾ ਹੈ। ਜਿਵੇਂ ਇਸ ਲੇਖ ਦੇ ਅਰੰਭ ਵਿਚ ਪਹਿਲਾਂ ਮਨੋਕਲਪਿਤ ਕਹਾਣੀ ਲਿੱਖੀ, ਉਪਰੰਤ ਸ਼ਬਦ ਲਿਖਿਆ। ਇਸ ਨਾਲ ਸੁਣਨ ਵਾਲੇ ਦੀ ਸੋਚ ਤੇ ਬੰਨ੍ਹ ਵੱਜ ਜਾਂਦਾ ਹੈ ਅਤੇ ਉਹ ਸ਼ਬਦ ਨੂੰ ਕਹਾਣੀ ਤੋਂ ਬਾਹਰ ਵੱਢੇ ਵਰਤਾਰੇ ਵਿਚ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਨੂੰ ਅਧਾਰ ਬਣਾਕੇ ਇਤਿਹਾਸ ਦੀ ਪੜਚੋਲ ਕੀਤੀ ਜਾਵੇ। ਪਰ ਪੂਜਾਰੀ ਕਹਾਣੀ ਨੂੰ ਅਧਾਰ ਬਣਾਕੇ ਗੁਰਬਾਣੀ ਨੂੰ ਉਸ ਵਿਚ ਫਿੱਟ ਕਰਦਾ ਹੈ।
    
ਭਗਤ ਜਾਂ ਗੁਰੂ ਸਾਹਿਬਾਨ ਦਾ ਵਖ-ਵਖ ਧਾਰਮਿਕ ਅਸਥਾਨਾ ਤੇ ਜਾਕੇ ਗੋਸ਼ਟੀ ਕਰਨਾ ਕੋਈ ਅੱਤਕਥਨੀ ਨਹੀਂ। ਪਰ ਉਥੇ ਜਾਣ ਦਾ ਮਕਸਦ ਕੀ ਸੀ ਅਤੇ ਕੀ ਵਿਚਾਰ ਹੋਈ ਇਹ ਜਾਣਨਾ ਜ਼ਰੁਰੀ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਹਰ ਧਰਮ ਦੇ ਅਸਥਾਨਾ ਤੇ ਗਏ- ਸਨਾਤਨ, ਯੋਗ, ਬੋਧ, ਇਸਲਾਮ, ਜੈਨ, ਆਦਿ। ਪਰ ਗੁਰੂ ਸਾਹਿਬ ਜੀ ਦਾ ਜਾਣਾ ਕੋਈ ਤੀਰਥ ਯਾਤਰਾ ਦੀ ਭਾਵਨਾ ਨਾਲ ਨਹੀਂ ਬਲਕਿ ਸੱਚ ਦੇ ਗਿਆਨ ਦਾ ਪ੍ਰਸਾਰ ਅਤੇ ਪੂਜਾਰੀ ਦੇ ਝੂਠ ਦਾ ਪਾਜ ਉਖੇੜਨਾ ਸੀ। ਇਸੇ ਤਰਾਂ ਭਗਤ ਸਾਹਿਬਾਨ ਵੀ ਆਪਣੇ ਜੀਵਨ ਕਾਲ ਵਿਚ ਕਈ ਧਰਮ ਅਸਥਾਨਾ ਤੇ ਗਏ ਜਿਸਦਾ ਮਕਸਦ ਬ੍ਰਾਹਮਣ ਵਲੋਂ ਜਾਤ-ਅਧਾਰਿਤ ਵਿਤਕਰੇ ਖਿਲਾਫ ਲੋਕਾਂ ਨੂੰ ਜਾਗਰੁਕ ਕਰਨਾ, ਧਰਮ ਦੇ ਨਾਂ ਤੇ ਠੱਗੀ ਤੋਂ ਲੋਕਾਂ ਨੂੰ ਬਚਾਕੇ ਇੱਕ ਕਰਤਾਰ ਦੀ ਵਿਚਾਰ ਨਾਲ ਜੋੜਨਾ ਸੀ। ਪਰ ਜੇਕਰ ਉਸ ਯਾਤਰਾ ਦੇ ਨਾਲ ਕਿਸੇ ਮਿੱਥ ਨੂੰ ਜੋੜ ਦੇਵੋ ਤਾਂ ਵਿਚਾਰ ਬਹੁਤ ਪਿਛੇ ਰਹਿ ਜਾਂਦੀ ਹੈ ਜੋ ਪੂਜਾਰੀ ਦੀ ਜਕੜ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੂੰਦਾ ਹੈ। ਸ਼ਬਦ ਵਿਚਾਰ ਦੀ ਧਾਰ ਨੂੰ ਖੂੰਡਾ ਕਰਨ ਦਾ ਜੋ ਤਰੀਕਾ ਬ੍ਰਾਹਮਣ ਨੇ ਹਰ ਥਾਂ ਵਰਤਿਆ ਹੈ, ਉਹ ਹੈ ਚਮਤਕਾਰੀ ਕਹਾਣੀ ਮਿੱਥ ਕੇ ਲੋਕਾਈ ਦਾ ਸਾਰਾ ਧਿਆਨ ਚਮਤਕਾਰ ਵਲ ਲਗਾ ਦੇਣਾ ਤਾਂਕਿ ਸ਼ਬਦ ਵਿਚਾਰ ਤੋਂ ਤੋੜਿਆ ਜਾ ਸਕੇ।
 
ਭਗਤ ਨਾਮਦੇਵ ਜੀ ਨੇ ਬੜੇ ਕਰੜੇ ਸ਼ਬਦਾਂ ਵਿਚ ਜਿਥੇ ਬ੍ਰਾਹਮਣ ਦੇ ਘੜੇ ਊਚ-ਨੀਚ ਤੇ ਅਧਾਰਿਤ ਸਮਾਜ ਦਾ ਵਿਰੋਧ ਕੀਤਾ ਉਥੇ ਹੀ ਦੇਵੀ-ਦੇਵਤੀਆਂ ਦਾ ਖੰਡਨ ਕਰਕੇ ਇਕ ਪਰਮੇਸ਼ਵਰ ਦਾ ਸੰਦੇਸ਼ ਦਿੱਤਾ। ਪਰ ਸਮਾਂ ਪਾ ਕੇ ਭਗਤ ਨਾਮਦੇਵ ਜੀ ਦੇ ਜੀਵਨ ਨਾਲ ਕਈ ਕਰਾਮਾਤੀ ਕਹਾਣੀਆਂ ਜੋੜ ਦਿੱਤੀ ਗਈਆਂ। ਇਸੇ ਤਰਾਂ ਦੀਆਂ ਕਹਾਣੀਆਂ ਬਾਕੀ ਭਗਤਾਂ ਅਤੇ ਗੁਰੂ ਸਾਹਿਬਾਨਾ ਦੇ ਜੀਵਨ ਨਾਲ ਵੀ ਜੋੜੀਆਂ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਸਮਾਜ ਤੇ ਬੜਾ ਨਕਰਾਤਮਕ ਅਸਰ ਹੂੰਦਾ ਹੈ। ਇਨਸਾਨ ਗੁਰ-ਉਪਦੇਸ਼ ਸਹਾਰੇ ਸਮਾਜ ਵਿਚ ਸੰਘਰਸ਼ ਕਰਨ ਦੀ ਥਾਂ ਅੰਨੀ ਸ਼ਰਧਾ ਦੀ ਖਿਆਲੀ ਦੁਨਿਆ ਵਿਚ ਚਲੇ ਜਾਂਦਾ ਹੈ ਅਤੇ ਮਾਨਸਿਕ ਗੁਲਾਮ ਬਣ ਜਾਂਦਾ ਹੈ।
 
ਮਨੋਕਲਪਿਤ ਕਹਾਣੀਆਂ ਆਮ ਲੋਕਾਂ ਦੇ ਸੰਸਕਾਰ ਦਾ ਹਿੱਸਾ ਬਣਦੀਆਂ ਕੋਈ ਬਹੁਤਾ ਸਮਾਂ ਨਹੀਂ ਲਗਦਾ। ਹੁਣ ਸਿੱਖ ਸਮਾਜ ਵਿਚ ਹੇਮਕੁੰਟ ਦੀ ਉਦਾਹਰਣ ਹੀ ਲੈ ਲਵੋ। 1960 ਦੇ ਦਹਾਕੇ ਵਿਚ ਉੱਤਰਾਖੰਡ ਦੀ ਰਮਣੀਕ ਪਹਾੜੀਆਂ ਵਿਚ ਇਕ ਥਾਂ ਨਿਅਤ ਕਰਕੇ ਗੁਰਦੁਆਰਾ ਉਸਾਰਿਆ ਜਾਂਦਾ ਹੈ ਜਿਸਨੂੰ ਬਚਿਤ੍ਰ ਨਾਟਕ ਦੀ ਮਿੱਥਕ ਦੇ ਅਧਾਰ ਤੇ ਹੇਮਕੁੰਟ ਨਾਮ ਦਿੱਤਾ ਜਾਂਦਾ ਹੈ। ਅਜ ਕੁਝ ਦਹਾਕੀਆਂ ਬਾਦ ਹੀ ਮਿਥਿਹਾਸ ਤੇ ਅਧਾਰਤ ਇਸ ਗੁਰੂਦੁਆਰੇ ਦੇ ‘ਦਰਸ਼ਨ’ ਕਰਨ ਵਾਲੀ ਸੰਗਤਾਂ ਦੀ ਗਿਣਤੀ ਚਮਕੌਰ ਦੀ ਗੜੀ ਦੇ ਇਤਿਹਾਸਕ ਸ਼ਹੀਦੀ ਅਸਥਾਨ ਨਾਲੋਂ ਕਿਤੇ ਵਧ ਹੈ। ਚੰਚਲ ਮਨ ਵਿਚ ਇਤਿਹਾਸ ਦੀ ਜਗ੍ਹਾ ਮਿਥਿਹਾਸ ਨੂੰ ਸਥਾਪਿਤ ਹੂੰਦੀਆਂ ਸਮਾਂ ਨਹੀਂ ਲਗਦਾ ਅਤੇ ਫਿਰ ਇਹ ਸਮਾਜ ਦੇ ਸੰਸਕਾਰ ਦਾ ਹਿੱਸਾ ਬਣ ਜਾਂਦੇ ਹਨ। ਗੁਰੂ ਸਾਹਿਬ ਨੇ ਇਸ ਗੰਭੀਰ ਮਾਨਸਕ ਬਿਮਾਰੀ ਤੋਂ ਸਮਾਜ ਨੂੰ ਕੱਢਣ ਵਾਸਤੇ ਪਰਮਾਤਮਾ ਦੇ ਬੇਅੰਤ ਗੁਣਾ ਦੀ ਵੱਢੀ ਲਕੀਰ ਖਿੱਚ ਦਿੱਤੀ ਜਿਸ ਸਾਹਮਣੇ ਚਮਤਕਾਰਾਂ ਦੇ ਭਰਮ ਦੀ ਲਕੀਰ ਖੁਦ-ਬ-ਖੁਦ ਛੋਟੀ ਪੈ ਜਾਵੇ:
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥ (ਮ : 1, ਪੰਨਾ 2)
 
ਗੁਰੂ ਸਾਹਿਬ ਇਹ ਸਾਫ਼-ਸਾਫ਼ ਸਮਝਾਂਦੇ ਹਨ ਕਿ ਏਕੰਕਾਰ ਦਾ ਗੁਣਾਂ ਰੂਪੀ ਸੱਚਾ ਨਾਮ ਮਨ ਵਿਚ ਵੱਸ ਜਾਵੇ ਇਹੀ ਸਭ ਤੋਂ ਵੱਡੀ ਕਰਾਮਾਤ ਹੈ:
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥ (ਮ : 3, ਪੰਨਾ 650)
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (ਮ : 1, ਪੰਨਾ 6)
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ (ਮ : 3, ਪੰਨਾ 593)
 
ਪਰ ਜਿਹੜੀਆਂ ਕਰਾਮਾਤਾਂ ਨੂੰ ਅਵਰਾ ਸਾਦ, ਮੋਹ ਜਾਂ ਧ੍ਰਿਗ ਕਿਹਾ ਗਿਆ ਹੈ ਜੇ ਉਨ੍ਹਾਂ ਨੂੰ ਹੀ ਸ਼ਬਦ ਦੀ ਟੇਕ ਮਨ ਲਿਆ ਜਾਵੇ ਤਾਂ ਇਸ ਦਾ ਕਾਰਨ ਮਨ ਉੱਤੇ ਬ੍ਰਾਹਮਣੀ ਸੰਸਕਾਰਾਂ ਦੀ ਪਈ ਮੋਟੀ ਪਰਤ ਹੀ ਹੋ ਸਕਦਾ ਜੋ ਗੁਰੂ ਸ਼ਬਦ ਸਿਧਾਂਤ ਨਾਲ ਜੁੜ ਕੇ ਹੀ ਉਤਰ ਸਕਦੀ ਹੈ।
 
ਭਗਤ ਨਾਮਦੇਵ ਜੀ ਨਾਲ ਜੁੜੀਆਂ ਕਰਾਮਾਤਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਉਹ ਗਲਤੀ ਨਹੀਂ ਦੋਹਰਾਵਾਂਗੇ, ਇਸਲਈ ਪਹਿਲਾਂ ਸ਼ਬਦ ਦੀ ਵਿਚਾਰ ਕਰਾਂਗੇ ਉਪਰੰਤ ਕਹਾਣੀ ਦੀ ਪੜਚੋਲ। ਆਉ ਭਗਤ ਨਾਮਦੇਵ ਜੀ ਦੇ ਸ਼ਬਦਾਂ ਦੀ ਇੱਕ-ਇੱਕ ਕਰਕੇ ਤਿੰਨ ਸ਼ਬਦਾਂ ਦੀ ਵਿਚਾਰ ਕਰਿਏ:
 


​ਪਹਿਲਾ ਸ਼ਬਦ:
ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ 
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ 
ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ 
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥ (ਭ. ਨਾਮਦੇਵ, ਪੰਨਾ 1164)
 
ਅਰਥ: ਮੈਂ ਹੱਸਦੇ ਖੇਲਦੇ (ਆਪਣੀ ਮੌਜ ਵਿਚ) ਤੇਰੇ ਮੰਦਿਰ ਆਇਆ ਸੀ (ਵਿਚਾਰ ਗੋਸ਼ਟੀ ਕਰਨ)। ਨਾਮਦੇਵ ਨੂੰ ਭਗਤੀ (ਸੱਚ ਦੀ ਵਿਚਾਰ) ਕਰਦੇ ਨੂੰ ਪਕੜਕੇ ਉਠਾ ਦਿੱਤਾ। ੧।
ਮੈਂ ਨੀਵੀਂ ਜਾਤ ਤੋਂ ਆਉਂਦਾ ਹਾਂ, ਤੇ ਜਾਦਵ ਵੰਸ਼ੀਆਂ ਦਾ ਰਾਜ ਹੈ। ਮੈਨੂੰ ਛੀਂਬੇ ਦੇ ਘਰ ਜਨਮ ਕਿਉਂ ਦਿੱਤਾ? ਰਹਾਉ ।
ਮੈਂ ਆਪਣੀ ਕੰਬਲੀ (ਸਾਜੋ-ਸਮਾਨ) ਚੁੱਕ ਕੇ ਉਥੋਂ ਪਰਤ ਗਿਆ ਅਤੇ ਮੰਦਿਰ ਦੇ ਪਿਛਲੇ ਪਾਸੇ ਜਾ ਬੈਠਾ। ੨।
ਮੈਂ (ਨਾਮਦੇਵ) ਜਿਵੇਂ ਜਿਵੇਂ ਤੇਰੇ ਗੁਣਾਂ ਦੀ ਵਿਚਾਰ ਕਰਦਾ ਗਿਆ, ਭਗਤ ਜਨਾਂ ਦੇ ਵਾਸਤੇ (ਮਾਨੋ) ਮੰਦਿਰ ਹੀ ਫਿਰ ਗਿਆ ਹੋਵੇ। (ਭਾਵ, ਸੰਗਤ ਮੰਦਿਰ ਵਿਚ ਜੁੜਨ ਦੀ ਬਜਾਏ ਭਗਤ ਜੀ ਦੀ ਸੱਚ ਦੀ ਵਿਚਾਰ ਸੁਣਨ ਵਾਸਤੇ ਇਕੱਠੀ ਹੋਣ ਲਗ ਗਈ)। ੩।
 
ਦੂਜਾ ਸ਼ਬਦ:
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥ ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥ (ਭ. ਨਾਮਦੇਵ, ਅੰਗ 1292)
 
ਅਰਥ: ਮੈਨੂੰ ਤੂੰ ਨਾ ਵਿਸਾਰੀਂ, ਮੈਨੂੰ ਤੂੰ ਨਾ ਭੁਲਾਈਂ। ਤੈਨੂੰ ਕੋਈ ਨਹੀਂ ਭੁਲਿਆ, ਤੂੰ ਤਾਂ ਘਟ-ਘਟ ਵਿਚ ਰੱਮਿਆ ਹੋਇਆ ਹੈਂ। (ਭਾਵ, ਮੈਨੂੰ ਆਪਣੀ ਸ਼ਰਨ ਵਿਚ ਲਵੋ)। ਰਹਾਉ ।
ਆਪਣੇ-ਆਪ ਨੂੰ ਉੱਚ ਜਾਤੀ ਦੇ ਮਣਨ ਵਾਲਿਆਂ (ਪੂਜਾਰੀਆਂ) ਨੂੰ ਇਹ ਭਰਮ ਹੈ ਜੋ ਮੇਰੇ ਤੇ ਕ੍ਰੋਧਿਤ ਹੂੰਦੇ ਹਨ। ਹੇ ਮੇਰੇ ਰੱਬ ਬੀਠਲ! ਤੂੰ ਤਾਂ ਸਾਰੀਆਂ ਦਾ ਬਾਪ ਹੈਂ ਪਰ ਇਹ (ਤੇਰੇ ਬੰਦਿਆਂ ਨੂੰ) ਸ਼ੂਦਰ-ਸ਼ੂਦਰ ਕਹਿ ਕਹਿ ਕੇ ਮਾਰ ਭਜਾਉਂਦੇ ਹਨ, ਅਸੀਂ ਕਿ ਕਰਿਏ? ੧।
ਮਰਨ ਤੋਂ ਬਾਦ ਮਿਲਨ ਵਾਲੀ ਮੁਕਤੀ ਦਾ ਕਿ ਲਾਭ ਜਿਸ ਬਾਰੇ ਕੋਈ ਨਹੀਂ ਜਾਣਦਾ। ਭਾਵ ਜੀਉਂਦੇ-ਜੀ ਇਸ ਗੁਲਾਮੀ ਤੋਂ ਸਾਨੂੰ ਮੁਕਤੀ ਚਾਹੀਦੀ ਹੈ। ਇਹ ਪੰਡਿਤ ਸਾਨੂੰ ਮੁਰਦਿਆਂ ਦਾ ਮਾਸ ਖਾਣ ਵਾਲਾ (ਢੇਢ) ਨੀਚ ਕਹਿੰਦੇ ਹਨ। ਤੇਰੇ ਬੰਦਿਆਂ ਦੀ ਜ਼ਲਾਲਤ ਅਸਲ ਵਿਚ ਤੇਰੀ ਹੀ ਸ਼ੋਭਾ ਨੂੰ ਘਟ ਕਰਦਾ ਹੈ। ੨।
ਪਰ ਤੂੰ ਦਿਆਲੂ, ਸਭ ਤੇ ਕ੍ਰਿਪਾ ਕਰਨ ਵਾਲਾ ਹੈਂ। ਤੂੰ ਹਰ ਥਾਂ ਮੋਜੂਦ ਬੇਅੰਤਤਾ ਦਾ ਸਵਾਮੀ ਹੈਂ। ਨਾਮਦੇਵ ਦਾ ਮਨ-ਮੰਦਿਰ ਤੁਸਾਂ (ਸੱਚੇ ਗਿਆਨ ਵਾਸਤੇ) ਫ਼ੇਰ ਦਿੱਤਾ ਹੈ, ਪਰ (ਜਾਤ ਅਭਿਮਾਨੀ) ਪੰਡਿਤਾਂ ਨੇ ਸੱਚ ਵਲ ਪਿਠ ਕੀਤੀ ਹੋਈ ਹੈ। ੩।
 
ਵਿਚਾਰ: ਉਪਰ ਦਿੱਤੇ ਦੋਨਾਂ ਸ਼ਬਦਾਂ ਵਿਚ ਬ੍ਰਾਹਮਣ ਵਲੋਂ ਘੜੀ ਜਾਤ ਅਧਾਰਤ ਅਸਮਾਨਤਾ ਤੇ ਖੜੇ ਸਮਾਜ ਉੱਤੇ ਜ਼ੋਰਦਾਰ ਹਮਲਾ ਕਿਤਾ ਹੈ। ਇਨ੍ਹਾਂ ਸ਼ਬਦਾਂ ਵਿਚ ਨਾ ਸਿਰਫ ਸਮਾਜ ਵਿਚ ਸ਼ੂਦਰਾਂ ਨਾਲ ਹੁੰਦੀ ਧੱਕੇਸ਼ਾਹੀ ਅਤੇ ਮਾਰ ਕੁਟਾਈ ਖਿਲਾਫ ਅਵਾਜ਼ ਚੁਕੀ ਗਈ ਹੈ ਬਲਕਿ ਬ੍ਰਾਹਮਣ ਵਲੋਂ ਬਣਾਏ ਮਰਨ ਉਪਰੰਤ ਮੁਕਤੀ ਦੇ ਸੰਕਲਪ ਨੂੰ ਵੀ ਨਕਾਰਿਆ ਹੈ। ਭਗਤ ਨਾਮਦੇਵ ਜੀ ਦਾ ਜੀਵਨ ਕਾਲ 1270 ਤੋ 1350 ਈ: ਮਣਿਆ ਜਾਂਦਾ ਹੈ। ਆਪ ਜੀ ਮਹਾਰਾਸ਼ਟਰਾ ਦੇ ਵਿਚ ਵਾਰਕਰੀ ਪੰਥ ਦੇ ਬਾਣੀ ਸਨ ਜੋ ਕਿ ਬ੍ਰਾਹਮਣੀ ਜੂਲੇ ਖਿਲਾਫ ਸਮਾਜ ਵਿਚ ਬਰਾਬਰੀ ਲਈ ਇਕ ਜਦੋ-ਜਹਿਦ ਸੀ। ਸਮਾਂ ਪਾਕੇ ਇਸਦਾ ਸਰੂਪ ਬਦਲ ਗਿਆ ਅਤੇ ਮਨੋਕਲਪਿਤ ਕਹਾਣੀਆਂ ਨੇ ਇਸਦੀ ਵਿਦਰੋਹ ਦੀ ਵਿਚਾਰਧਾਰਾ ਨੂੰ ਮੁੜ ਬ੍ਰਾਹਮਣੀ ਰੰਗਤ ਵਿਚ ਰੰਗ ਦਿੱਤਾ। ਵਾਰਕਰੀ ਪੰਥ ਨੂੰ ਮਣਨ ਵਾਲੇ ਜਾਤ-ਪਾਤ ਦੇ ਵਿਤਕਰੇ ਨੂੰ ਮਿੱਟਾ ਕੇ ਇੱਕ ਵੱਡੇ ਜੱਥੇ ਦੇ ਰੂਪ ਵਿਚ ਭਜਨ ਕਰਦੇ ਗੱਲੀਆਂ, ਪਿੰਡਾ, ਸ਼ਹਿਰਾਂ ਵਿਚੋਂ ਲੰਗਦੇ ਅਤੇ ਹੋਰਾਂ ਨੂੰ ਵੀ ਕੀਰਤਨ ਰਾਂਹੀ ਰੱਬ ਦੀ ਯਾਦ ਵਿਚ ਜੋੜਦੇ। ਭਗਤ ਨਾਮਦੇਵ ਜੀ ਨੇ ਕੁਛ ਸਮਾਂ ਪੰਜਾਬ (ਘੁਮਾਣ, ਗੁਰਦਾਸਪੁਰ) ਵਿਚ ਵੀ ਬਤੀਤ ਕੀਤਾ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖਾਂ ਵਿਚ ਪ੍ਰਭਾਤ ਫੇਰੀ ਜਾਂ ਨਗਰ ਕੀਰਤਨ ਦਾ ਪਿਛੋਕੜ ਵਾਰਕਰੀ ਪੰਥ ਨਾਲ ਹੀ ਜੁੜਦਾ ਹੈ।
 
ਅਜ ਦੇ ਮਹਾਰਾਸ਼ਟਰਾ ਵਿਚ ਉਸ ਸਮੇਂ ਜਾਦਵ ਵੰਸ਼ ਦਾ ਰਾਜ ਸੀ ਜਿਸਦਾ ਅੰਤ 1317 ਵਿਚ ਖਿਲਜੀ ਸਲਤਨਤ ਦੇ ਕਬਜ਼ਾ ਕਰਨ ਨਾਲ ਹੋਇਆ। 1320 ਤੋਂ ਬਾਦ ਤੁਗਲਕ ਸਲਤਨਤ ਦਾ ਅਰੰਭ ਹੋਇਆ। ਇਹ ਸਭ ਰਾਜਨਿਤਕ ਪਰਿਵਰਤਨ ਭਗਤ ਨਾਮਦੇਵ ਜੀ ਦੇ ਸਮੇਂ ਹੀ ਹੋਇਆ। ਪਹਿਲੇ ਸ਼ਬਦ ਵਿਚ ਆਏ 'ਜਾਦਿਮ ਰਾਇਆ' ਦਾ ਭਾਵ ਜਾਦਵ ਵੰਸ਼ੀਆਂ ਦੇ ਰਾਜ ਤੋਂ ਹੀ ਜਾਪਦਾ ਹੈ। ਕਈ ਇਸਦਾ ਅਰਥ ਕ੍ਰਿਸ਼ਨ ਜੀ ਨਾਲ ਜੋੜਕੇ ਪਰਮਾਤਮਾ ਵਾਸਤੇ ਕਰਦੇ ਹਨ। ਪਰ ਇਸ ਸ਼ਬਦ ਵਿਚ ਅਖੋਤੀ ਉੱਚੀ ਜਾਤ ਵਲੋਂ ਨੀਵੀਂ ਜਾਤ ਨਾਲ ਵਿਤਕਰੇ ਦੀ ਗਲ ਕੀਤੀ ਗਈ ਹੈ। ਭਗਤ ਜੀ ਨੇ ਇੱਕ ਹੋਰ ਜਗ੍ਹਾ 'ਜਾਦਵ' ਦੀ ਵਰਤੋਂ ਕੀਤੀ ਹੈ ਅਤੇ ਉੱਥੇ ਵੀ ਹੰਕਾਰ ਕਾਰਨ ਜਾਦਵਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ: ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ (ਭ. ਨਾਮਦੇਵ, ਪੰਨਾ 692)
ਭਗਤ ਜੀ ਨੇ ਤਾਂ ਕਈ ਜਗ੍ਹਾ ਪਰਮਾਤਮਾ ਨੂੰ ਕੁਲ ਰਹਿਤ 'ਅਕੁਤ' ਲਿਖਿਆ ਹੈ, ਜਿਵੇਂ:
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥ ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥ (ਭ. ਨਾਮਦੇਵ, ਪੰਨਾ 1292)
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥ (ਭ. ਨਾਮਦੇਵ, ਪੰਨਾ 1351)
 
ਪਰ ਅਫ਼ਸੋਸ ਇਨ੍ਹਾਂ ਸ਼ਬਦਾਂ ਇਚ ਆਏ 'ਦੇਹੁਰਾ ਫਿਰੈ' ਜਾਂ 'ਫੇਰਿ ਦੀਆ ਦੇਹੁਰਾ' ਦੇ ਅੱਖਰੀ ਅਰਥ ਨੂੰ ਹੀ ਸ਼ਬਦ ਦੀ ਟੇਕ ਬਣਾਕੇ ਮੰਦਿਰ ਦੇ ਘੁੰਮ ਜਾਨ ਦੀ ਕਰਾਮਾਤ ਨਾਲ ਜੋੜ ਦਿੱਤਾ ਗਿਆ। ਜਿਸ ਸ਼ਬਦ ਨੇ ਸਮਾਜ ਵਿਚ ਅਸਮਾਨਤਾ ਦੇ ਖਿਲਾਫ ਲੜਨ ਲਈ ਪ੍ਰੇਰਨਾ ਸੀ, ਹੁਣ ਉਹ ਸ਼ਰਧਾਲੂਆਂ ਨੂੰ ਉਨ੍ਹਾਂ ਹੀ ਮੂਰਤੀਆਂ ਦੇ 'ਦਰਸ਼ਨ' ਕਰਨ ਲਈ ਲਾ ਦਿੱਤਾ ਜਿਸ ਬਾਰੇ ਭਗਤ ਜੀ ਫਰਮਾਉਂਦੇ ਹਨ:
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ 
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥ (ਭ. ਨਾਮਦੇਵ, ਪੰਨਾ 525)
 
ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੇ ਰਸਤੇ ਦਾਦੂ ਦੁਵਾਰੇ (ਨਰੈਣਾ, ਰਾਜਸਥਾਨ) ਸੰਤ ਜੈਤ ਰਾਮ ਦੇ ਨਾਲ ਮੁਲਾਕਾਤ ਲਈ ਰੁਕੇ। ਮਕਬੂਲ ਸਾਖੀ ਹੈ ਕਿ ਗੁਰੂ ਜੀ ਨੇ ਆਪਣੇ ਤੀਰ ਨਾਲ ਸੰਤ ਦਾਦੂ ਦੀ ਸਮਾਧ ਤੇ ਨਮਸਕਾਰ ਕੀਤਾ। ਇਹ ਦੇਖ ਕੇ ਕੋਲ ਖੜੇ ਸਿੱਖਾਂ ਸਖਤ ਇਤਰਾਜ਼ ਕੀਤਾ ਕਿ ਸਮਾਧਾਂ ਨੂੰ ਨਮਸਕਾਰ ਕਰਨ ਤੋਂ ਤਾਂ ਆਪ ਜੀ ਨੇ ਹੀ ਵਰਜਿਆ ਹੈ। ਆਪਣੇ ਸਿੱਖਾਂ ਦੀ ਚੇਤਨਤਾ ਨੂੰ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਕਿਹਾ ਕਿ ਇਸ ਗਲਤੀ (ਜੋ ਕਿ ਜਾਨ ਬੁਝ ਕੇ ਕੀਤੀ ਸੀ) ਲਈ ਉਨ੍ਹਾਂ ਨੂੰ ਸਜ਼ਾ ਲਗਾਉ। ਪਰ ਅਫ਼ਸੋਸ ਅਜ ਗੁਰੂ ਦੇ ਸਿੱਖ ਦੁਮਾਲਾ ਸਜਾਕੇ ਅਤੇ ਗਾਤਰਾ ਪਾਕੇ ਨਾਗਨਾਥ ਮੰਦਿਰ ਦੀਆਂ ਮੂਰਤੀਆਂ ਦੇ 'ਦਰਸ਼ਨ' ਕਰਨ ਹੀ ਨਹੀਂ ਜਾਂਦੇ ਸਗੋਂ ਯੂ-ਟਯੂਬ ਉਤੇ 'ਦੇਹੁਰਾ ਫਿਰੈ' ਦੀ ਕਹਾਣੀ ਸੁਣਾ ਰਹੇ ਹੁੰਦੇ ਹਨ ਅਤੇ ਦੂਸਰੀਆਂ ਨੂੰ ਵੀ ਮੂਰਤੀਆਂ ਦੇ 'ਦਰਸ਼ਨ' ਕਰਨ ਲਈ ਪ੍ਰੇਰਿਤ ਕਰ ਰਹੇ ਦਿਸਦੇ ਹਨ। ਗੁਰੂ ਦੇ ਸਿੱਖ ਜੋ ਗੁਰਬਾਣੀ ਸਿਧਾਂਤ ਨੂੰ ਸਿਰਮੋਰ ਸਮਝਦੇ ਸਨ ਇਤਨੇ ਚੇਤਨ ਸਨ ਕਿ ਦਸ਼ਮੇਸ਼ ਪਿਤਾ ਤੇ ਵੀ ਸਵਾਲ ਚੁਕਣ ਦੇ ਸਮਰਥ ਸਨ, ਅਜ ਦੂਜੀਆਂ ਨੂੰ ਮੂਰਤੀਆਂ ਦੇ ਦਰਸ਼ਨ ਕਰਵਾ ਰਹੇ ਹਨ। ਇਸ ਆਤਮਿਕ ਗਿਰਾਵਟ ਨੂੰ ਹੀ ਤਾਂ ਕਰਾਮਾਤੀ ਕਹਾਣੀਆਂ ਦਾ ਕਹਿਰ ਕਹਿੰਦੇ ਹਨ ਜੋ ਬ੍ਰਾਹਮਣਵਾਦ ਦਾ ਮਜ਼ਬੂਤ ਹਥਿਆਰ ਹੈ।
 
ਇਹ ਦੋਵੇਂ ਸ਼ਬਦ ਭਗਤ ਨਾਮਦੇਵ ਜੀ ਦੇ ਪ੍ਰਚਾਰਕ ਦੌਰਿਆਂ ਦੋਰਾਨ ਵਾਪਰੀ ਘਟਨਾ ਦੇ ਹੋ ਸਕਦੇ ਹਨ, ਜਦ ਉਹ ਮੰਦਿਰਾਂ ਵਿਚ ਇੱਕ ਕਰਤਾਰ ਦਾ ਸੰਦੇਸ਼ ਦੇਣ ਪਹੁੰਚੇ ਹੋਣਗੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਹਰਿਦੁਆਰ, ਜਗਨਾਥ ਆਦਿ ਅਸਥਾਨਾ ਤੇ ਏਕੰਕਾਰ ਦਾ ਸੰਦੇਸ਼ ਦੇਣ ਗਏ ਸਨ। ਪਰ ਉਥੇ ਦੇ ਪੂਜਾਰੀਆਂ ਨੂੰ ਇਹ ਬਰਦਾਸ਼ਤ ਨਾ ਹੋਇਆ ਕਿ ਨੀਵੀਂ ਜਾਤ ਦਾ ਕਿਵੇਂ ਬ੍ਰਾਹਮਣ ਦੀਆਂ ਮਨੌਤਾਂ ਨੂੰ ਚੁਣੌਤੀ ਦੇ ਸਕਦਾ ਹੈ, ਜਿਸ ਕਰਕੇ ਭਗਤ ਜੀ ਨੂੰ ਕਈ ਜਗ੍ਹਾ ਤੋਂ ਧੱਕੇ ਪਏ ਹੋਣਗੇ। ਉਨ੍ਹਾਂ ਦੇ ਸ਼ਬਦਾਂ ਵਿਚ ਜਾਤ-ਪਾਤ ਦੇ ਕੋਹੜ ਕਾਰਨ ਸਮਾਜ ਵਿਚ ਅਸਮਾਨਤਾ ਖਿਲਾਫ਼ ਜ਼ੋਰਦਾਰ ਵਿਦਰੋਹ ਝਲਕਦਾ ਹੈ। ਇਹ ਵਿਤਕਰਾ ਤਾਂ ਅਜ ਤਕ ਜਾਰੀ ਹੈ। ਚਾਹਿਦਾ ਤਾਂ ਇਹ ਸੀ ਭਗਤ ਜੀ ਦੇ ਇਨ੍ਹਾਂ ਸ਼ਬਦਾਂ ਰਾਂਹੀ ਸਮਾਜ ਦੇ ਇਸ ਕੋਹੜ ਦਾ ਪਾਜ ਉਖਾੜਕੇ ਅਖੋਤੀ ਨੀਵੀਂ ਜਾਤੀ ਦੇ ਲੋਕਾਂ ਨੂੰ ਇਸ ਬੁਰਾਈ ਖਿਲਾਫ਼ ਲੜਨ ਲਈ ਪ੍ਰੇਰਿਤ ਕਰਦੇ। ਪਰ ਮੰਦਿਰ ਦੇ ਘੁੰਮ ਜਾਨ ਦੀ ਕਹਾਣੀ ਜੋੜ ਕੇ ਉਨ੍ਹਾਂ ਮੰਦਿਰਾਂ ਦੇ ਹੀ ਉਪਾਸ਼ਕ ਬਣਾ ਦਿੱਤਾ, ਜਿਥੋਂ ਸ਼ੂਦਰਾਂ ਨੂੰ ਪਹਿਲਾਂ ਵੀ ਧੱਕੇ ਪੈਂਦੇ ਸਨ ਅਤੇ ਅਜ ਵੀ ਐਸੀਆਂ ਖਬਰਾਂ ਆਮ ਹਨ। ਪਰ ਅਜ ਸ਼ੂਦਰਾਂ ਵਾਸਤੇ ਕਿਸੇ ਮੰਦਿਰ ਨੂੰ ਘੁੰਮਦੇ ਨਹੀਂ ਦੇਖਿਆ।
 
ਇਹ ਘਟਨਾ ਔਂਡਾ, ਮਹਾਰਾਸ਼ਟਰਾ ਵਿਚ ਸਥਿਤ ਨਾਗਨਾਥ ਮੰਦਿਰ ਨਾਲ ਜੋੜੀ ਜਾਂਦੀ ਹੈ ਅਤੇ ਮੰਦਿਰ ਦਾ ਮੂੰਹ ਪੂਰਬ ਦੀ ਜਗ੍ਹਾ ਪੱਛਮ ਵਲ ਹੋਣ ਨੂੰ ਮੰਦਿਰ ਦੇ ਫ਼ਿਰ ਜਾਨ ਦੇ ਸਬੂਤ ਵਲੋਂ ਪੇਸ਼ ਕੀਤਾ ਜਾਂਦਾ ਹੈ। ਨਾਗਨਾਥ ਦਾ ਮੰਦਿਰ ਇੱਕ ਜਯੋਤਿਰਲਿੰਗ ਹੈ ਭਾਵ ਸ਼ਿਵ ਮੰਦਿਰ ਹੈ। ਇਸਦਾ ਮੋਜੂਦਾ ਢਾਂਚਾ ਜਾਦਵ ਵੰਸ਼ ਦੇ ਰਾਜ ਸਮੇਂ ਤੇਰਵੀਂ ਸ਼ਤਾਬਦੀ ਵਿਚ ਤਿਆਰ ਕੀਤਾ ਗਿਆ ਸੀ। ਪਰ ਮੂਲ ਢਾਂਚਾ ਇਸ ਤੋਂ ਵੀ ਪੁਰਾਨਾ ਦਸਿਆ ਜਾਂਦਾ ਹੈ। ਵੈਸੇ ਹਰ ਪੁਰਾਤਨ ਮੰਦਿਰ ਨਾਲ ਕੋਈ ਨਾ ਕੋਈ ਮਨੋਕਲਪਿਤ ਚਮਤਕਾਰੀ ਕਹਾਣੀ ਜੋੜੀ ਜਾਂਦੀ ਹੈ। ਮੰਦਿਰ ਦੇ ਘੁੰਮ ਜਾਨ ਦੀ ਕਹਾਣੀ ਵੀ ਅਨੇਕਾ ਕਹਾਣੀਆਂ ਵਿਚੋਂ ਇੱਕ ਹੈ।
 
ਮਿਲਦੀ ਜੁਲਦੀ ਕਹਾਣੀ ਅਠਵੀਂ ਸ਼ਤਾਬਦੀ ਦੇ ਮਸ਼ਹੂਰ ਦੇਓ ਸੁਰਯਾ ਮੰਦਿਰ (ਔਰੰਗਾਬਾਦ, ਬਿਹਾਰ) ਦੀ ਵੀ ਹੈ। ਮਨੋਕਲਪਿਤ ਕਹਾਣੀ ਅਨੁਸਾਰ ਔਰੰਗਜ਼ੇਬ ਜਦ ਇਸ ਮੰਦਿਰ ਨੂੰ ਢਾਹੁਣ ਆਇਆ ਤਾਂ ਪੁਜਾਰੀਆਂ ਨੇ ਬੇਨਤੀ ਕੀਤੀ ਕਿ ਮੰਦਿਰ ਨੂੰ ਨਾ ਢਾਹੋ। ਔਰੰਗਜ਼ੇਬ ਨੇ ਚੁਨੌਤੀ ਦਿੱਤੀ ਅਗਰ ਕਲ ਸਵੇਰ ਤਕ ਇਸ ਮੰਦਿਰ ਦਾ ਮੂੰਹ ਦੂਜੇ ਪਾਸੇ ਘੁੰਮ ਜਾਏ ਤਾਂ ਉਹ ਨਹੀਂ ਢਾਹੇਗਾ। ਪੁਜਾਰੀ ਸਾਰੀ ਰਾਤ ਮੰਦਿਰ ਵਿਚ ਬੈਠਕੇ ਪੂਜਾ ਕਰਦੇ ਰਹੇ। ਜਦ ਸਵੇਰ ਹੋਈ ਤਾਂ ਮੰਦਿਰ ਦਾ ਮੂੰਹ ਪੂਰਬ ਦੀ ਜਗ੍ਹਾ ਪੱਛਮ ਵਲ ਹੋ ਗਿਆ ਅਤੇ ਮੰਦਿਰ ਢਾਹੇ ਜਾਨ ਤੋਂ ਬਚ ਗਿਆ। ਯੂ-ਟਯੂਬ ਵਾਲੇ ਵੀਰਾਂ ਨੂੰ ਬੇਨਤੀ ਹੈ ਦੇਓ ਸੁਰਯਾ ਮੰਦਿਰ ਦੇ ਪੂਜਾਰੀਆਂ ਵਾਸਤੇ ਵੀ ਇੱਕ-ਅੱਧਾ ਵਿਡਿਓ ਬਣਾ ਦਿਉ। ਪਰ ਇਸ ਮੰਦਿਰ ਦੇ ਪਰਿਸਰ ਵਿਚੋਂ ਪਾਲੀ ਭਾਸ਼ਾ ਵਿਚ ਲਿਖੇ ਸ਼ਿਲਾਲੇਖ ਮਿਲੇ ਹਨ ਜੋ ਇਸਨੂੰ ਪੁਰਾਤਨ ਬੋਧ ਮੱਠ ਹੋਣ ਵਲ ਸੰਕੇਤ ਕਰਦੇ ਹਨ।
 
ਭਗਤ ਨਾਮਦੇਵ ਜੀ ਮਹਾਦੇਵ (ਸ਼ਿਵ) ਅਤੇ ਹੋਰ ਦੇਵੀ-ਦੇਵਤੀਆਂ ਦੀ ਪੂਜਾ ਤੋਂ ਬੜੇ ਸਾਫ਼-ਸਾਫ਼ ਲਫ਼ਜ਼ਾਂ ਵਿਚ ਵਰਜਦੇ ਹਨ ਅਤੇ ਇਨ੍ਹਾਂ ਦੀ ਪੂਜਾ ਕਰਨ ਵਾਲੀਆਂ ਨੂੰ ਭਟਕੇ ਹੋਏ ਰਾਹ ਤੇ ਪਏ ਦੱਸ ਰਹੇ ਹਨ:
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥ (ਭ. ਨਾਮਦੇਵ, ਪੰਨਾ 874)
ਇੱਕ ਹੋਰ ਸ਼ਬਦ ਵਿਚ ਭਗਤ ਜੀ ਸਮਝਾਂਦੇ ਹਨ ਕਿ ਮੂਰਖ ਪੂਜਾਰੀ ਇਨ੍ਹਾਂ ਨੂੰ ਆਪ ਹੀ ਦੇਵਤੇ ਕਹਿੰਦਾ ਹੈ ਅਤੇ ਆਪ ਹੀ ਇਨ੍ਹਾਂ ਬਾਰੇ ਐਸੀਆਂ ਮਨੋਕਲਪਿਤ ਕਹਾਣੀਆਂ ਸੁਣਾਉਂਦਾ ਹੈ ਜੋ ਹਾਸੋਹੀਣੀਆਂ ਹਨ। ਭਗਤ ਜੀ ਅਪਣਾ ਮੱਤ ਸਾਫ਼ ਕਰ ਦਿੰਦੇ ਹਨ ਕਿ ਉਨ੍ਹਾਂ ਦਾ ਪਰਮਾਤਮਾ ਉਹੀ ਹੈ ਜੋ ਸਰਬਵਿਆਪਕ ਹੈ, ਉਹ ਕਿਸੇ ਦੇਹੁਰੇ (ਮੰਦਿਰ) ਜਾਂ ਮਸਜਿਦ ਵਿਚ ਨਹੀਂ ਬਝਿਆ:
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥ (ਭ. ਨਾਮਦੇਵ, ਪੰਨਾ 875)
 
ਕ੍ਰਾਂਤੀ - ਪ੍ਰਤੀਕ੍ਰਾਂਤੀ ਦੇ ਇਤਿਹਾਸ ਤੋਂ ਅਣਜਾਨ ਸਿੱਖ ਪ੍ਰਚਾਰਕ
ਭਾਰਤ ਦੇ ਪੁਰਾਤਨ ਮੰਦਿਰਾਂ ਬਾਰੇ ਕੁਛ ਗਲਾਂ ਜਾਣਨੀਆਂ ਬਹੁਤ ਜ਼ਰੂਰੀ ਹਨ। ਮੌਰਯਾ ਸਮਰਾਟ ਅਸ਼ੋਕ (270ਈ:ਪੂ:, 2300 ਸਾਲ ਪਹਿਲਾਂ) ਦੇ ਸਮੇਂ ਭਾਰਤ ਦੇ ਮੂਲਨਿਵਾਸਿਆਂ ਵਿਚ ਬੋਧ ਧਰਮ ਪ੍ਰਮੁਖ ਸੀ। ਬ੍ਰਾਹਮਣਾ ਦਾ ਵੈਦਿਕ ਮੱਤ ਸਮਾਜ ਤੇ ਕਾਬਜ਼ ਹੋਣ ਦੀ ਤਰਲੋ-ਮੱਛੀ ਵਿਚ ਸੀ।
 
ਮਸ਼ਹੂਰ ਇਤਿਹਾਸਕਾਰ ਡੀ.ਅਨ. ਝਾ ਲਿਖਦੇ ਹਨ- “ਸ਼ਰਮਣਾ (ਬੁਧ ਅਤੇ ਜੈਨ) ਉੱਤੇ ਅਤਿਆਚਾਰ ਦੇ ਸਬੂਤ ਮੌਰਯਾ ਸਾਮਰਾਜ ਦੇ ਅੰਤ ਤੋਂ ਬਾਅਦ ਬੋਧੀ ਸਾਹਿਤ (ਦਿਵਯਾਵਦਨਾ) ਤੋਂ ਮਿਲਦੇ ਹਨ, ਜੋ ਕਿ ਬ੍ਰਾਹਮਣ ਸ਼ਾਸਕ ਪੁਸ਼ਯਮਿੱਤਰ ਸ਼ੁੰਗਾ ਨੂੰ ਬੁੱਧ ਧਰਮ ਦੇ ਇੱਕ ਬਹੁਤ ਵੱਡੇ ਅਤਿਆਚਾਰਕ ਵਜੋਂ ਦਰਸਾਉਂਦਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਇਕ ਵੱਡੀ ਸੈਨਾ ਨਾਲ ਮਾਰਚ ਕੀਤਾ, ਸਤੂਪਾਂ ਨੂੰ ਤਬਾਹ ਕਰ ਦਿੱਤਾ, ਮੱਠਾਂ ਨੂੰ ਸਾੜਿਆ ਅਤੇ ਸਕਲਾ (ਸਿਆਲਕੋਟ) ਵਿਚ ਸੰਨਿਆਸੀਆਂ ਨੂੰ ਮਾਰਿਆ ਗਿਆ। ਉਸਨੇ ਇਕ-ਇਕ ਸ਼ਰਮਣ ਦੇ ਸਿਰ ਲਈ ਸੌ ਦੀਨਾਰ ਦੇਣ ਦਾ ਐਲਾਨ ਕੀਤਾ। ਪੰਜਵੀ ਸ਼ਤਾਬਦੀ ਵਿਚ ਗੁਪਤਾ ਕਾਲ ਦੇ ਸਮੇਂ ਆਇਆ ਚੀਨੀ ਯਾਤਰੂ ਫਾ-ਸਿਅਨ (Fa-hsien) ਸ਼ਰਾਵਸਤੀ (ਉਤਰ ਪ੍ਰਦੇਸ਼), ਜਿੱਥੇ ਮਹਾਤਮਾ ਬੁਧ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਤੀਤ ਕੀਤਾ ਸੀ, ਵਿਚ ਬੋਧ ਸਤੂਪਾਂ ਦੀ ਤਬਾਹੀ ਦੀ ਗਵਾਹੀ ਭਰਦਾ ਹੈ। ਚੀਨੀ ਬੋਧੀ ਯਾਤਰੀ ਹੁਆਨ ਸਾਂਗ (Hsuan Tsang), ਜਿਸਨੇ ਸਾਲ 631 ਅਤੇ 645 ਦੇ ਵਿੱਚਕਾਰ ਹਰਸ਼ਵਰਧਨ ਦੇ ਰਾਜ ਦੇ ਦੌਰਾਨ ਭਾਰਤ ਦਾ ਦੌਰਾ ਕੀਤਾ, ਦੱਸਦਾ ਹੈ ਕਿ ਛੇਵੀਂ ਸਦੀ ਦੇ ਹੁਣ (Huna) ਸ਼ਾਸਕ ਮਿਹਰਕੁਲਾ, ਜੋ ਕਿ ਸ਼ਿਵ ਦਾ ਭਗਤ ਸੀ, ਨੇ 1600 ਬੋਧੀ ਸਤੂਪਾਂ ਅਤੇ ਮੱਠਾਂ ਨੂੰ ਨਸ਼ਟ ਕੀਤਾ ਅਤੇ ਹਜ਼ਾਰਾਂ ਬੋਧੀ ਭਿਕਸ਼ੂਆਂ ਨੂੰ ਮਾਰ ਦਿੱਤਾ। ਚੀਨੀ ਸਰੋਤ ਤਾਂ ਮਿਹਰਕੁਲਾ ਨੂੰ ‘ਸੱਚੇ ਧਰਮ ਨੂੰ ਖਤਮ ਕਰਨ ਦੇ ਇਰਾਦੇ ਨਾਲ ਆਇਆ ਅਵਤਾਰ’ ਲਿਖਦੇ ਹਨ। ਹੁਆਨ ਸਾੰਗ ਦੱਸਦਾ ਹੈ ਕਿ ਗੌੜਾ ਦੇ ਰਾਜੇ ਸ਼ਸ਼ਾਂਕਾ ਨੇ ਬਿਹਾਰ ਦੇ ਬੋਧਗਯਾ ਵਿਖੇ ਬੋਧੀ ਦਰੱਖਤ ਨੂੰ ਕੱਟ ਦਿੱਤਾ (ਉਹ ਜਗ੍ਹਾ ਜਿਥੇ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ) ਅਤੇ ਬੁੱਧ ਦੀ ਮੂਰਤੀ ਨੂੰ ਸਥਾਨਕ ਮੰਦਰ ਤੋਂ ਹਟਾ ਦਿੱਤਾ, ਅਤੇ ਹੁਕਮ ਦਿੱਤਾ ਕਿ ਇਸ ਨੂੰ ਮਹੇਸ਼ਵਰ (ਸ਼ਿਵ) ਦੀ ਮੂਰਤੀ ਨਾਲ ਬਦਲਿਆ ਜਾਵੇ। ਪਾਲਾ ਸ਼ਾਸਕਾਂ ਦੇ ਸਮੇਂ (ਜੋ ਬੋਧੀ ਸਨ) ਬੋਧਗਯਾ ਦੁਬਾਰਾ ਬੋਧੀਆਂ ਦੇ ਕਬਜ਼ੇ ਹੇਠ ਆ ਗਿਆ। ਬੋਧਗਯਾ ਮੁਢ ਤੋਂ ਹੀ ਭਾਰਤੀ ਇਤਿਹਾਸ ਵਿੱਚ ਧਾਰਮਿਕ ਮੁਕਾਬਲੇਬਾਜ਼ੀ ਦਾ ਸਥਾਨ ਬਣਿਆ ਹੋਇਆ ਹੈ। ਰਵਾਇਤੀ ਲੇਖੇ ਅਤੇ ਪੁਰਾਤੱਤਵ ਸਬੂਤ ਸੁਝਾਅ ਦਿੰਦੇ ਹਨ ਕਿ ਉੱਥੋਂ ਦਾ ਮਹਾਬੋਧੀ ਮੰਦਰ ਵਾਰ-ਵਾਰ ਢਾਹਿਆ ਗਿਆ ਸੀ ਅਤੇ ਦੁਬਾਰਾ ਬਣਾਇਆ ਗਿਆ ਸੀ। ਗਯਾ ਨੇੜੇ ਪੁਰਾਨ ਗ੍ਰੰਥਾਂ ਅਨੁਸਾਰ ਪ੍ਰਮੁੱਖਤਾ ਨਾਲ ਪਿੱਤਰੀ ਤੀਰਥ ਸਥਾਪਿਤ ਕੀਤਾ ਗਿਆ ਜਿਥੇ ਮਰਨ ਉਪਰੰਤ ਸੰਸਕਾਰ ਕੀਤੇ ਜਾਨ। ਗਿਆਰ੍ਹਵੀਂ ਸਦੀ ਦੇ ਅੱਧ ਵਿਚ ਇਥੇ ਵਿਸ਼ਨੂੰ ਮੰਦਰ ਦੀ ਸਥਾਪਨਾ ਲਈ ਜਗ੍ਹਾ ਨਿਰਧਾਰਤ ਕੀਤੀ ਗਈ ਸੀ, ਜਿਸਦੀ ਜ਼ਮੀਨ ਅਤੇ ਰੇਲਿੰਗ ਮੁੜ ਵਰਤੋਂ ਵਾਲੀ ਸਮਗਰੀ ਨਾਲ ਬਣੀ ਹੋਈ ਸੀ। ਉੱਥੋਂ ਦਾ ਆਧੁਨਿਕ ਵਿਸ਼ਨੁਪਦ ਮੰਦਰ ਅਠਾਰਵੀਂ ਸਦੀ ਦੇ ਅਖੀਰ ਵਿਚ ਇੰਦੌਰ ਦੀ ਰਾਣੀ ਅਹਿਲਿਆ ਬਾਈ ਹੋਲਕਰ ਦੁਆਰਾ ਬਣਾਇਆ ਗਿਆ ਸੀ।“
 
ਔਂਡਾ ਦੇ ਨਾਗਨਾਥ ਮੰਦਿਰ ਦੀ ਮੁਰੰਮਤ ਅਤੇ ਉਪਰਲੀ ਈਮਾਰਤ ਵੀ ਅਹਿਲਿਆ ਬਾਈ ਹੋਲਕਰ ਨੇ ਹੀ ਬਣਵਾਈ ਸੀ। ਪਰ ਉਸਨੇ ਇਸਦੇ ਨਾਲ ਕੋਈ ਨਾਮਦੇਵ ਜੀ ਦਾ ਮੰਦਿਰ ਨਹੀਂ ਬਣਵਾਯਾ। ਨਾਮਦੇਵ ਜੀ ਦਾ ਮੰਦਿਰ ਬਹੁਤ ਬਾਦ ਵਿਚ ਬਣਿਆ ਹੈ। ਨਾਗਨਾਥ ਮੰਦਿਰ ਦੀ ਦੀਵਾਰਾਂ ਤੇ ਲਗੀਆਂ ਮੂਰਤੀਆਂ ਵੀ ਵਿਸ਼ਨੂ ਜਾਂ ਸ਼ਿਵ ਦੀਆਂ ਘਟ ਅਤੇ ਬੁਧ ਦੀਆਂ ਵਧ ਜਾਪਦੀਆਂ ਹਨ। ਇਥੇ ਇਹ ਗਲ ਦੱਸਣੀ ਜ਼ਰੂਰੀ ਹੈ ਕਿ 'ਨਾਗ' ਭਾਰਤ ਦੇ ਉਨ੍ਹਾਂ ਕਬਾਇਲੀ ਲੋਕਾਂ ਨੂੰ ਕਹਿੰਦੇ ਸਨ ਜੋ ਸ਼ਰੀਰ ਤੇ ਬਹੁਤ ਘਟ ਕਪੜੇ ਪਾਉਂਦੇ ਸਨ। ਇਨ੍ਹਾਂ ਵਿਚੋਂ ਬਹੁਤੇ ਭਿਕਸ਼ੂ ਬਣੇ ਸਨ ਅਤੇ ਬੁੱਧ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਅਜ ਵੀ ਥਾਈਲੈਂਡ ਵਿਚ ਜਦ ਕੋਈ ਭਿਕਸ਼ੂ ਬਣਦਾ ਹੈ ਉਸਨੂੰ ਨਾਗ ਕਿਹਾ ਜਾਂਦਾ ਹੈ। ਇਸਲਈ 'ਨਾਗਨਾਥ' ਦਾ ਮਤਲਬ ਵੀ ਭਿਕਸ਼ੂਆਂ ਦਾ ਨਾਥ, ਭਾਵ ਮਹਾਤਮਾ ਬੁੱਧ ਤੋਂ ਹੀ ਹੈ।
 
ਡੀ.ਅਨ. ਝਾ ਲਿਖਦੇ ਹਨ ਕਿ ਮਹਾਰਾਸ਼ਟਰ ਵਿਚ, ਜੋ ਤਕਰੀਬਨ ਇਕ ਹਜ਼ਾਰ ਪੱਥਰ ਵਾਲੀਆਂ ਗੁਫਾਵਾਂ ਅਤੇ ਮੰਦਰਾਂ ਦਾ ਘਰ ਹੈ, ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹੋ ਸਕਦੀਆਂ ਹਨ ਜਿੱਥੇ ਬੁੱਧ ਸਮਾਰਕ ਜਾਂ ਤਾਂ ਨਸ਼ਟ ਕਰ ਦਿੱਤੇ ਸਨ ਜਾਂ ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਓਸਮਾਨਾਬਾਦ ਜ਼ਿਲੇ ਵਿਚ ਤੇਰ ਜਾਂ ਪ੍ਰਾਚੀਨ ਤਗਾਰਾ, ਪੁਣੇ ਜ਼ਿਲੇ ਵਿਚ ਲੋਨਾਵਾਲਾ ਨੇੜੇ ਕਾਰਲੇ, ਅਤੇ ਔਰੰਗਾਬਾਦ ਜ਼ਿਲੇ ਵਿਚ ਏਲੋਰਾ ਤਾਂ ਪ੍ਰਮੁਖ ਹਨ। ਕਾਰਲੇ ਵਿਖੇ, ਚੱਟਾਨਾਂ ਨਾਲ ਕੱਟੇ ਮੱਠ ਵਿਚ ਸਥਾਪਿਤ ਸਤੂਪ ਨੂੰ ਇਕ ਵੱਡੇ ਲਿੰਗ ਵਿਚ ਬਣਾਇਆ ਗਿਆ ਤਾਂ ਜੋ ਬੁੱਧ ਸਥਾਨ ਇਕ ਸ਼ਿਵ ਮੰਦਰ ਬਣ ਸਕੇ।
 
ਪ੍ਰਬੋਧਨਕਾਰ ਠਾਕਰੇ ਜੋ ਮਹਾਰਾਸ਼ਟਰਾ ਦੇ ਕੱਟੜ ਹਿੰਦੂਤਵੀ ਨੇਤਾ ਬਾਲ ਠਾਕਰੇ ਦੇ ਪਿਤਾ ਅਤੇ ਉੱਧਵ ਠਾਕਰੇ ਦੇ ਦਾਦਾ ਸਨ, ਨੇ ਪੁਰਾਤਨ ਮੰਦਿਰਾਂ ਤੇ ਮਰਾਠੀ ਵਿਚ ਇਕ ਕਿਤਾਬ ਲਿਖੀ ਹੈ। ਉਹ ਲਿਖਦੇ ਹਨ ਕਿ ਦੂਸਰੀ ਜਾਂ ਤੀਸਰੀ ਸ਼ਤਾਬਦੀ ਤਕ ਬ੍ਰਾਹਮਣੀ ਮੱਤ ਵਿਚ ਮੰਦਿਰ ਦਾ ਕੋਈ ਸੰਕਲਪ ਨਹੀਂ ਸੀ ਹੂੰਦਾ ਅਤੇ ਨਾ ਹੀ ਪੁਰਾਤਨ ਵੈਦਿਕ ਸਾਹਿਤ ਵਿਚ ਮੰਦਿਰ ਦੀ ਕੋਈ ਕਲਪਨਾ ਸੀ, ਅੱਗ ਦੇ ਨਾਲ ਯੱਗ ਹੁੰਦੇ ਸਨ। ਜਿਨ੍ਹੇ ਵੀ ਪੁਰਾਤਨ ਹਿੰਦੂ ਮੰਦਿਰ ਹਨ, ਉਹ ਅਸਲ ਵਿਚ ਬੋਧ ਵਿਹਾਰ, ਮੱਠ ਜਾਂ ਸਤੂਪ ਹੀ ਸਨ। ਆਦੀ ਸ਼ੰਕਰਾਚਾਰਯਾ ਨੇ ਸਤਵੀਂ ਸ਼ਤਾਬਦੀ ਵਿਚ ਛੱਤਰੀਆਂ ਨੂੰ ਨਾਲ ਲੈਕੇ ਬੋਧ ਭਿਕਸ਼ੂਆਂ ਦਾ ਕਤਲੇਆਮ ਕੀਤਾ ਅਤੇ ਬ੍ਰਾਹਮਣੀ ਮੱਤ ਨੂੰ ਸੰਜੀਵਨੀ ਦਿੱਤੀ। ਬੁੱਧ ਦੀ ਮੂਰਤੀਆਂ ਨੂੰ ਤੋੜੀਆ ਗਿਆ ਅਤੇ ਕਈ ਜਗ੍ਹਾ ਤੇ ਉਸ ਵਿਚ ਕੁਛ ਤਬਦੀਲੀ ਕਰ ਕੇ ਸ਼ੰਕਰ (ਸ਼ਿਵ) ਦੀ ਮੂਰਤੀ ਬਣਾ ਦਿੱਤਾ। ਇਸੇ ਕਰਕੇ ਭਾਰਤ ਵਿਚ ਪੁਰਾਤਨ ਮੰਦਿਰਾਂ ਵਿਚੋਂ ਵਧੇਰੇ ਮੰਦਿਰ ਸ਼ਿਵ ਮੰਦਿਰ ਹਨ।
 
ਅਜ ਦੀ ਅਯੋਧਿਆ ਦਾ ਪੁਰਾਣਾ ਨਾਂ ਸਾਕੇਤ ਸੀ ਜੋ ਬਹੁਤ ਵੱਢਾ ਬੋਧ ਵਿਹਾਰ ਹੁੰਦਾ ਸੀ। ਮਥੁਰਾ ਵੀ ਅਪਣੇ ਸਮੇਂ ਦਾ ਮਸ਼ਹੂਰ ਬੋਧ ਵਿਹਾਰ ਸੀ। ਡਾ: ਬੀ.ਆਰ. ਅੰਬੇਦਕਰ ਕਹਿੰਦੇ ਹਨ ਕਿ ਭਾਰਤ ਦਾ ਪੁਰਾਤਨ ਇਤਿਹਾਸ ਬੋਧ ਅਤੇ ਬ੍ਰਾਹਮਣਾਂ ਦੇ ਵਿਚ ਟੱਕਰ ਦੀ ਵਾਰਤਾ ਹੀ ਹੈ। ਇਸੇ ਨੂੰ ਕ੍ਰਾਂਤੀ - ਪ੍ਰਤੀਕ੍ਰਾਂਤੀ ਵੀ ਕਹਿੰਦੇ ਹਨ। ਪਰ ਅਫ਼ਸੋਸ ਸਿੱਖਾਂ ਦੇ ਸ਼੍ਰੋਮਣੀ ਅਖਵਾਉਂਦੇ ਕਥਾਵਾਚਕ ਵੀ ਭਾਰਤੀ ਖਿਤੇ ਵਿਚ ਵਾਪਰੇ ਕ੍ਰਾਂਤੀ - ਪ੍ਰਤੀਕ੍ਰਾਂਤੀ ਦੇ ਇਤਿਹਾਸ ਤੋਂ ਪੂਰੀ ਤਰਾਂ ਅਣਜਾਨ ਹੀ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਬਾਰੇ ਜ਼ਿਆਦਾ ਪੁਰਾਤਨ ਸਾਹਿਤ ਪਾਲੀ ਭਾਸ਼ਾ ਵਿਚ ਹੈ ਅਤੇ ਨਵੀਂਆਂ ਖੋਜਾਂ ਅੰਗਰੇਜ਼ੀ ਵਿਚ ਹਨ। ਪੰਜਾਬੀ ਵਿਚ ਅਨੁਵਾਦ ਸਿਫ਼ਰ ਮਾਤਰ ਹੀ ਹੈ। ਸਾਡੇ ਕਥਾਵਾਚਕ ਗੁਰਬਾਣੀ ਦੇ ਅਰਥ ਕਰਨ ਲਗਿਆਂ "ਸੂਦੁ ਸੂਦੁ ਕਰਿ ਮਾਰਿ ਉਠਾਇਓ" ਦੀ ਚੀਸ ਨੂੰ ਮਹਿਸੂਸ ਕਰਨ ਦੀ ਥਾਂ "ਫੇਰਿ ਦੀਆ ਦੇਹੁਰਾ" ਦੇ ਅੱਖਰੀ ਅਰਥਾਂ ਤੇ ਟੇਕ ਰਖਣ ਵਿਚ 'ਅਨੁਭਵ' ਮਹਿਸੂਸ ਕਰਦੇ ਹਨ। ਜਿਹੜੇ ਕਥਾਵਾਚਕ ਇਹ ਮਿੱਥ ਪ੍ਰਚਾਰਦੇ ਹੋਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰਾਂ ਦਾ ਗਿਆਨ ਲੈਣ ਵਾਸਤੇ ਸਿੱਖਾਂ ਨੂੰ ਕਾਸ਼ੀ ਭੇਜਿਆ ਉਨ੍ਹਾਂ ਤੋਂ ਐਸੀ ਆਸ ਰਖਣੀ ਵੀ ਬਈਮਾਨੀ ਹੈ। ਪਰ ਜਿਨ੍ਹਾਂ ਨੇ ਗੁਰਬਾਣੀ ਸਿਧਾਂਤ ਨੂੰ ਕੱਸਵਟੀ ਮਣਿਆ ਉਹ ਦਾਦੂ ਦਵਾਰੇ ਵਾਪਰੀ ਘਟਨਾ ਤੋਂ ਸੇਧ ਲੈਣਗੇ, ਪਰ ਬ੍ਰਾਹਮਣੀ ਸੰਸਕਾਰਾਂ ਦੇ ਪ੍ਰਭਾਵ ਹੇਠ ਜੋ ਕਹਾਣੀ ਨੂੰ ਕੱਸਵਟੀ ਮਣਦੇ ਹਨ ਉਨ੍ਹਾਂ ਨੂੰ ਮੰਦਿਰ ਘੁਮਿਆ ਹੀ ਨਜ਼ਰ ਆਵੇਗਾ, ਕਾਸ਼ੀ ਤੋਂ ਲਿਆ ਸ਼ਾਸਤਰਾਂ ਦੇ ਗਿਆਨ ਦਾ ਰੰਗ ਤਾਂ ਸਾਹਮਣੇ ਆਉਣਾ ਹੀ ਹੈ।
 
ਗੁਰਬਾਣੀ ਵਿਚ ਉਹ ਸਾਰੇ ਸ਼ਬਦ ਆਏ ਹਨ ਜੋ ਉਸ ਸਮੇਂ ਸਨਾਤਨ, ਇਸਲਾਮਿਕ, ਜੈਨ ਆਦਿ ਮੱਤਾਂ ਦੇ ਨਾਲ-ਨਾਲ ਸਮਾਜ ਵਿਚ ਨਿਰੰਤਰ ਚਲ ਰਹੇ ਕ੍ਰਾਂਤੀ - ਪ੍ਰਤੀਕ੍ਰਾਂਤੀ ਦੇ ਇਤਿਹਾਸ ਨਾਲ ਸੰਬਧਤ ਹਨ। ਇਹ ਬੜੇ ਅਫ਼ਸੋਸ ਦੀ ਗਲ ਹੈ ਕਿ ਸਿੱਖ ਪੰਥ ਦੇ ਬਹੁਤੇ ਪ੍ਰਚਾਰਕ ਕੇਵਲ ਸਨਾਤਨੀ ਗ੍ਰੰਥਾਂ ਦੇ ਗਿਆਨ ਨੂੰ ਹੀ ਅਧਾਰ ਬਣਾ ਕੇ ਗੁਰਬਾਣੀ ਦੀ ਵਿਆਖਿਆ ਕਰਦੇ ਹਨ। ਹੁਣ ਤਾਂ ਇਥੋਂ ਤਕ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਵਾਸਤੇ ਪੁਰਾਨ ਗ੍ਰੰਥ ਨੂੰ ਪੜਨਾ ਪਵੇਗਾ। ਕੁਰਾਨ ਜਾਂ ਹਦੀਸ ਨੂੰ ਪੜੇ ਬਗੈਰ ਅਰਥ ਕਿਵੇਂ ਸਮਝ ਲਗ ਜਾਂਦੇ ਹਨ, ਇਸ ਬਾਰੇ ਵੀ ਉਹ ਜ਼ਰੂਰ ਦਸਣ। ਇਥੇ ਇੱਕ ਬਹੁਤ ਜ਼ਰੂਰੀ ਤੱਥ ਨਹੀਂ ਭੁਲਣਾ ਚਾਹੀਦਾ ਕਿ ਭਗਤ ਨਾਮਦੇਵ ਜੀ ਤੇਰਵੀਂ-ਚੋਦਵੀਂ ਸ਼ਤਾਬਦੀ ਦੇ ਸਨ। ਉਸ ਸਮੇਂ ਪੁਰਾਣਿਕ ਗ੍ਰੰਥਾਂ ਦਾ ਸਵਰੂਪ ਬਹੁਤ ਵਖਰਾ ਸੀ। ਸਨਾਤਨੀ ਮੱਤ ਵਿਚ ਸਭ ਤੋਂ ਮਕਬੂਲ ਭਾਗਵਤ ਪੁਰਾਨ ਗ੍ਰੰਥ ਹੈ। ਇਤਹਾਸਕਾਰਾਂ ਦਾ ਮਣਨਾ ਹੈ ਕਿ ਇਹ ਅਠਵੀਂ ਸ਼ਤਾਬਦੀ ਵਿਚ ਲਿਖਿਆ ਗਿਆ ਸੀ ਪਰ ਇਸ ਵਿਚ ਅਠਾਰਵੀਂ ਸ਼ਤਾਬਦੀ ਤਕ ਕਈ ਤਬਦੀਲੀਆਂ ਹੁੰਦੀਆਂ ਰਹੀਆਂ। ਵੱਖ-ਵੱਖ ਸਥਾਨ ਅਤੇ ਭਾਸ਼ਾ ਅਨੁਸਾਰ ਵੀ ਕਈ ਭੇਦ ਹਨ, ਇੱਕਸਾਰਤਾ ਨਹੀਂ। ਅਜ ਦੇ ਕਾਸ਼ੀ ਦੇ ਗ੍ਰੰਥ ਪੂਰੀ ਤਰਾਂ ਨਾਲ ਤੇਰਵੀਂ ਸ਼ਤਾਬਦੀ ਨਾਲ ਮੇਲ ਨਹੀਂ ਖਾਂਦੇ। ਮੁਬਾਰਕ ਹੈ ਪੁਰਾਨਾਂ ਦਾ ਅਧਿਅਨ ਕਰਨਾ ਜੇਕਰ ਉਹ ਪੜ੍ਹਨ ਤੋਂ ਬਾਦ ਤੁਸੀਂ ਸ਼ਿਵ ਮੰਦਿਰ ਵਿਚ ਪੂਜਾਰੀਆਂ ਨੂੰ ਕਹਿ ਸਕੋ: ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥ ਦੂਜੇ ਧਰਮਾਂ ਦੇ ਗ੍ਰੰਥਾਂ ਬਾਰੇ ਗਿਆਨ ਹਾਸਿਲ ਕਰਨ ਵਿਚ ਕੋਈ ਬੁਰਾਈ ਨਹੀਂ, ਪਰੰਤੂ ਇੱਕ ਪਾਸੇ ਦਾ ਗਿਆਨ ਲੈਕੇ ਗੁਰਬਾਣੀ ਨੂੰ ਉਨ੍ਹਾਂ ਪੋਰਾਣਿਕ ਗ੍ਰੰਥਾਂ ਦੀ ਰੋਸ਼ਨੀ ਵਿਚੋਂ ਦੇਖਣਾ ਜਾਂ ਤੇ ਮੂਰਖਤਾ ਹੈ ਜਾਂ ਫਿਰ ਬਦਨੀਤੀ।    
 



​ਤੀਸਰਾ ਸ਼ਬਦ:
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥
ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥
ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥
ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥
ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥
ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥
ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥
ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥
ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥
ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥
ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥ (ਭ. ਨਾਮਦੇਵ, ਪੰਨਾ 1165-1166)
 
ਅਰਥ: (ਮੁਹੰਮਦ-ਬਿਨ-ਤੁਗ਼ਲਕ) ਸੁਲਤਾਨ ਪੁੱਛਦਾ ਹੈ– ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ (ਕਰਾਮਾਤ) ਵੇਖਣੇ ਚਾਹੁੰਦਾ ਹਾਂ।1।
ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ (ਤੇ ਆਖਣ ਲੱਗਾ-), ਮੈਂ ਤੇਰਾ ਹਰੀ ਬੀਠਲੁ ਵੇਖਣਾ ਚਾਹੁੰਦਾ ਹਾਂ।1। ਰਹਾਉ।
ਗਾਂ ਨੂੰ ਅਗਰ ਮਾਰ ਦੇਇਏ, ਉਸਨੂੰ ਜੀਵਾਲ ਕੇ ਦਿਖਾ। ਕਿਉਂ ਨਾ ਇਥੇ ਹੀ (ਸਭ ਦੇ ਸਾਹਮਣੇ) ਗਾਂ ਦੀ ਗਰਦਨ ਤੇ ਵਾਰ ਕਰਕੇ ਉਸਨੂੰ ਮਾਰ ਦੇਇਏ।2।
(ਮੈਂ ਆਖਿਆ-) ਸੁਲਤਾਨ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ? ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ।3।
ਮੇਰਾ ਕੀਤਾ ਕੁਝ ਨਹੀਂ ਹੋ ਸਕਦਾ, ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ (ਭਾਵ, ਪਰਮਾਤਮਾ ਦਾ ਹੁਕਮ ਸਭ ਤੇ ਇੱਕ ਸਮਾਨ ਲਾਗੂ ਹੁੰਦਾ ਹੈ)।4।
ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ, ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਉਕਸਾ ਕੇ ਚਾੜ੍ਹ ਦਿੱਤਾ।5।
(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ (ਤੇ ਆਖਣ ਲੱਗੀ) ਤੂੰ ਰਾਮ ਦੀ ਗਲ ਅਤੇ ਖ਼ੁਦਾ ਦੀ ਬੰਦਗੀ ਛੱਡ ਦੇ (ਭਾਵ- ਸੱਚ ਦਾ ਪ੍ਰਚਾਰ, ਜੋ ਪੂਜਾਰੀਆਂ ਅਤੇ ਰਾਜਿਆਂ ਨੂੰ ਪਸੰਦ ਨਹੀਂ ਆਉਂਦਾ ਬੰਦ ਕਰ ਦੇ)।6।
(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ; ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ।7।
ਹਾਥੀ ਆਪਣੀ ਸੁੰਡ ਨਾਲ ਚੋਟ ਕਰਦਾ ਚਲਦਾ ਹੈ, ਨਾਮਾ ਪਰਮਾਤਮਾ ਦੇ ਆਸਰੇ (ਨਿਰਭਉ ਹੋ ਕੇ) ਹੋਰ ਉਭਰਦਾ ਹੈ।8।
(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ, ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ (ਹਾਥੀ ਸਾਹਮਣੇ ਦੇਖ ਵੀ ਮੋਤ ਤੋਂ ਨਹੀਂ ਡਰਿਆ)।9।
(ਭਗਤ ਜੀ ਦੇ ਸ਼ਰਧਾਲੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਬੇਨਤੀ ਸੁਣ, ਨਾਮਦੇਵ ਦੇ ਤੋਲ ਦੇ ਬਰਾਬਰ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ)।10।
(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ, (ਕਿਉਂਕਿ ਇਸ ਤਰ੍ਹਾਂ) ਦੀਨ ਛੱਠ ਕੇ ਦੌਲਤ ਇਕੱਠੀ ਕਰਨਾ ਹੋਵੇਗਾ (ਜੋ ਕਿ ਹਰਾਮ ਹੈ)।11।
ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ ਤੇ ਹੱਥਾਂ ਤੇ ਵੀ ਤਾਲਾ (ਬੰਨ੍ਹੇ ਹੋਏ) ਹੈ। ਪਰ ਫਿਰ ਭੀ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ।12।
ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਕਿਸੇ ਦੇ ਡਰ ਅਧੀਨ ਨਹੀਂ ਆਵੇਗਾ)।13।
ਜਦੋਂ ਸੱਤ ਘੜੀਆਂ (ਨਾਮੇ ਨੂੰ ਬੰਧਕ ਬਣਾਏ) ਗੁਜ਼ਰੀਆਂ ਸੁਣੀਆਂ, ਤਾਂ ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ (ਭਾਵ ਸ਼ਰਧਾਲੂ ਸਾਥੀਆਂ ਦਿਆਂ ਅਰਦਾਸਾਂ ਬੇਨਤੀਆਂ ਅਜੇ ਤਕ ਨਾ ਸੁਣੀਆਂ ਗਈਆਂ)।14।
(ਬੱਸ! ਉਸੇ ਵੇਲੇ ਮਾਨੋ) ਖੰਭਾਂ ਦੇ ਫੜਕਣ ਦਾ ਖੜਾਕ ਆਇਆ (ਹੱਥਾਂ-ਪੈਰਾਂ ਦੀਆਂ ਬੇੜੀਆਂ ਖੋਲੇ ਜਾਨ ਨੂੰ ਰੂਪਮਾਨ ਕੀਤਾ ਹੈ), ਗਰੁੜ (ਮਾਇਆ ਰੂਪੀ ਜ਼ਹਿਰ ਨੂੰ ਕੱਟਣ ਵਾਲਾ ਗੁਰ ਸ਼ਬਦ) ਤੇ ਚੜ੍ਹ ਕੇ ਗੋਬਿੰਦ ਆ ਗਏ ।15।
ਆਪਣੇ ਭਗਤ ਦੀ ਰੱਖਿਆ ਕਰਨ ਲਈ, ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ (ਭਾਵ ਗੁਰ ਸ਼ਬਦ ਦੀ ਵਿਚਾਰ ਨੇ ਸੁਲਤਾਨ ਦਾ ਮਨ ਬਦਲ ਦਿੱਤਾ)।16।

(ਗੋਪਾਲ ਨੇ ਆਖਿਆ) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ, ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ।17।
ਜੇ ਤੂੰ ਆਖੇਂ ਤਾਂ ਮਰੀ ਗਾਂ ਜਿਵਾਲ ਦਿਆਂ, ਸਭ ਨੂੰ ਦੇਖ ਕੇ ਤਸੱਲੀ ਹੋ ਜਾਵੇਗੀ।18।
ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ, (ਗਊ ਨੂੰ) ਰੱਸੀ ਨਾਲ ਬੰਨ੍ਹ ਦੇਉ। (ਤਾਂ ਉਹਨਾਂ) ਗਾਂ ਦਾ ਦੁਧ ਚੋ ਲਿਆ ਅਤੇ ਵੱਛੇ ਨੂੰ ਵੀ ਗਾਂ ਨਾਲ ਮਿਲਾ ਦਿੱਤਾ।19।
ਦੁੱਧ ਚੋ ਕੇ ਜਦੋਂ ਉਹਨਾਂ (ਸ਼ਰਧਾਲੂ ਸਾਥੀਆਂ ਨੇ) ਮਟਕੀ ਭਰ ਲਈ, ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ।20।
ਬਾਦਸ਼ਾਹ ਮਹਲਾਂ ਵਿਚ ਚਲਾ ਗਿਆ, ਉਸ ਉਤੇ (ਫੈਸਲਾ ਕਰਨ ਲਈ) ਆਉਖੀ ਘੜੀ ਆ ਗਈ।21।
ਬਾਦਸ਼ਾਹ ਵਲੋਂ ਕਾਜ਼ੀਆਂ ਤੇ ਮੌਲਵੀਆਂ ਨੇ ਬੇਨਤੀ ਕੀਤੀ, ਹੇ ਹਿੰਦੂ! ਮੈ (ਬਾਦਸ਼ਾਹ ਨੇ) ਤੇਰੀ ਗਾਂ ਬਖ਼ਸ਼ ਦਿੱਤੀ ਹੈ (ਭਾਵ, ਮਾਰ ਦੇਣ ਦਾ ਈਰਾਦਾ ਛੱਡ ਦਿੱਤਾ ਹੈ ਅਤੇ ਕਰਾਮਾਤ ਦੇਖਣ ਦੀ ਹੱਠ ਛੱਡ ਦਿੱਤੀ ਹੈ)।22।
ਨਾਮਾ ਆਖਦਾ ਹੈ– ਹੇ ਬਾਦਸ਼ਾਹ! ਸੁਣ, ਮੈਨੂੰ ਇਕ ਤਸੱਲੀ ਦਿਵਾ ਦੇਹ।23।
ਇਸ ਇਸ਼ਵਾਸ ਦਾ ਇਹੋ ਪੈਮਾਨਾ ਹੈ, ਜੇ ਬਾਦਸ਼ਾਹ ਸੱਚ ਤੇ ਤੁਰੇਂ ਅਤੇ ਚੰਗੇ ਸੁਭਾਉ ਵਿਚ ਰਹੇਂ (ਭਾਵ, ਫੈਸਲੇ ਗੁਸੇ ਵਿਚ ਨਹੀਂ, ਬਲਕਿ ਲੋਕਾਈ ਦੇ ਭਲੇ ਲਈ ਹੋਣ)।24।
ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ, (ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ।25।
(ਤੇ ਕੁਛ ਲੋਕ ਸ਼ੰਕਾ ਕਰਨ ਲਗੇ) ਜੇ ਐਤਕੀਂ ਗਾਂ (ਨੂੰ ਮਾਰ ਦਿੱਤਾ ਹੁੰਦਾ ਤੇ ਉਹ) ਨਾ ਜੀਊਂਦੀ, ਫਿਰ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ।26।
ਪਰ ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ, ਕਿਉਂਕੀ ਪ੍ਰਭੂ ਆਪਣੇ ਭਗਤਾਂ ਨੂੰ (ਨਿਰਭਉ ਬਣਾਕੇ) ਪਾਰ ਕਰ ਦਿੰਦਾ ਹੈ (ਭਾਵ ਗੁਣਾ ਕਰਕੇ ਸ਼ੋਭਾ ਹੁੰਦੀ ਹੈ)।27।
ਸਾਰਾ ਕਲੇਸ਼ ਪਾਉਣ ਵਾਲੇ ਨਿੰਦਕਾਂ (ਸ਼ਿਕਾਇਤਾਂ ਕਰਨ ਵਾਲੇ) ਨੂੰ ਬਹੁਤ ਦੁਖ ਲਗਿਆ, (ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਤੇ ਪਰਮਾਤਮਾ ਵਿਚ ਕੋਈ ਭੇਦ ਨਹੀਂ ਰਹਿ ਗਿਆ।28। 
 
ਵਿਚਾਰ: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ (ਮਃ ੩, ਪੰਨਾ 647)

ਭਾਵ, ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ।
 
ਗੁਰਬਾਣੀ ਦਾ ਇਹ ਮਹਾਵਾਕ ਜੇ ਪੱਲੇ ਬਣ ਲਈਏ ਫਿਰ ਸਮਝ ਪੈ ਜਾਵੇਗੀ ਕਿ ਸਾਖੀ ਦੇ ਪਰਥਾਏ ਜੋ ਭਗਤ ਜੀ ਨਿਰਭਉ ਦਾ ਉਪਦੇਸ਼ ਦੇ ਰਹੇ ਹਨ ਉਹ ਸਭ ਵਾਸਤੇ ਸਾਂਝਾ ਹੈ ਅਤੇ ਹਰ ਕੋਈ ਉਸ ਰਸਤੇ ਤੇ ਚਲ ਸਕਦਾ ਹੈ। ਪਰ ਜੇ ਮਰੀ ਗਉ ਨੂੰ ਜੀਵਾਲਣ ਦੀ ਕਹਾਣੀ ਮਣਨੀ ਹੈ ਫਿਰ ਇਹ ਸਾਡੇ-ਤੁਹਾਡੇ (ਸਗਲ ਜਹਾਨ) ਵਾਸਤੇ ਨਹੀਂ, ਬੱਸ ਮਨ ਪਰਚਾਵੇ ਦੀ ਕਹਾਣੀ ਹੀ ਰਹਿ ਜਾਵੇਗੀ।  
 
ਇਸ ਘਟਨਾ ਦਾ ਜੋ ਕਾਰਨ ਬਣਿਆ ਉਸ ਬਾਰੇ ਸ਼ਬਦ ਦੇ ਅਖ਼ੀਰ ਦੀ ਪੰਕਤੀ ਵਿਚ ਸਾਫ਼ ਦੱਸ ਦਿੱਤਾ ਹੈ। ਇਹ ਜਿਹੜੇ ਨਿੰਦਕਾਂ ਦੀ ਗਲ ਭਗਤ ਜੀ ਕਰ ਰਹੇ ਹਨ ਇਹ ਹੋਰ ਕੋਈ ਨਹੀਂ ਉਹੀ ਹਨ ਜਿਨ੍ਹਾਂ ਨੀਵੀਂ ਜਾਤ ਵਾਲੀਆਂ ਨੂੰ "ਸੂਦੁ ਸੂਦੁ ਕਰਿ ਮਾਰਿ ਉਠਾਇਓ" ਕੀਤਾ ਸੀ। ਬ੍ਰਾਹਮਣ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਲੋਕ ਮੰਦਿਰਾਂ ਨੂੰ ਛੱਠ ਕੇ ਅਖੋਤੀ ਨੀਂਵੀਂ ਜਾਤ ਦੇ ਭਗਤ ਨਾਮਦੇਵ ਜੀ ਨੂੰ ਸੁਣਨ ਲਈ ਇਕੱਠੇ ਹੋਣ। ਇਸਦੇ ਨਾਲ-ਨਾਲ ਭਗਤ ਜੀ ਨੇ ਲੋਕਾਂ ਨੂੰ ਸਮਝਾਈਆ ਕਿ ਬ੍ਰਾਹਮਣ ਦੀਆਂ ਮਨੌਤਾਂ ਹੋਰ ਕੁਛ ਨਹੀਂ ਸਿਰਫ਼ ਪਾਖੰਡ ਹਨ: 
ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ 
ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥ (ਭ. ਨਾਮਦੇਵ, ਪੰਨਾ 973)
ਇਹ ਨਿੰਦਕ ਹਰ ਸਮੇਂ ਵਿਚ ਸਰਕਾਰਾਂ ਨਾਲ ਭਾਈਵਾਲ ਬਣਾ ਕੇ ਪੂਜਾਰੀ ਖਿਲਾਫ਼ ਉੱਠੀ ਅਵਾਜ਼ ਨੂੰ ਦਬਾਉਣ ਦੀ ਸਾਜਿਸ਼ ਕਰਦੇ ਰਹਿੰਦੇ ਹਨ। ਇਹੀ ਨਿੰਦਕਾਂ ਨੇ ਗੁਰੂ ਅਮਰ ਦਾਸ ਜੀ ਦੇ ਖਿਲਾਫ਼ ਝੂਠੀਆਂ ਸ਼ਿਕਾਇਤਾਂ ਅਕਬਰ ਪਾਸ ਭੇਜੀਆਂ ਸਨ। ਅਕਬਰ ਨੇ ਗੁਰੂ ਸਾਹਿਬ ਨੂੰ ਦਰਬਾਰ ਵਿਚ ਆਕੇ ਆਪਣਾ ਪੱਖ ਰਖਣ ਲਈ ਸੁਨੇਹਾ ਭੇਜਿਆ। (ਗੁਰੂ) ਰਾਮ ਦਾਸ ਜੀ ਨੇ ਜਦ ਅਕਬਰ ਕੋਲ ਪਹੁੰਚ ਕੇ ਏਕੰਕਾਰ ਦਾ ਸਮਾਨਤਾ ਤੇ ਖੜਾ ਸਿੱਖੀ ਸਿਧਾਂਤ ਸਮਝਾਇਆ (ਬਗੈਰ ਕਿਸੇ ਚਮਤਕਾਰ ਦੇ) ਤਾਂ ਬਾਦਸ਼ਾਹ ਸਮਝ ਗਿਆ ਕਿ ਬ੍ਰਾਹਮਣਾਂ ਦਿਆਂ ਸ਼ਿਕਾਇਤਾਂ ਝੂਠ ਦਾ ਪੁਲੰਦਾ ਹਨ।
 
ਮੁਹੰਮਦ-ਬਿਨ-ਤੁਗ਼ਲਕ ਨੇ ਦੱਖਣ ਵਿਚ ਆਪਣੇ ਰਾਜ ਦਾ ਵਿਸਤਾਰ ਕਰਨ ਲਈ ਆਪਣੀ ਰਾਜਧਾਨੀ 1327 ਵਿਚ ਦਿੱਲੀ ਤੋਂ ਤਬਦੀਲ ਕਰਕੇ ਦੌਲਤਾਬਾਦ ਕਰ ਦਿੱਤੀ ਸੀ। ਜਾਦਵ ਵੰਸ਼ ਦੇ ਰਾਜ ਦੀ ਰਾਜਧਾਨੀ ਦੇਉਗਿਰੀ ਸੀ, ਇਸੇ ਦਾ ਨਾਮ ਬਦਲ ਕੇ ਦੌਲਤਾਬਾਦ ਰਖਿਆ ਗਿਆ। 1335 ਵਿਚ ਸੁਲਤਾਨ ਨੇ ਆਪਣੀ ਰਾਜਧਾਨੀ ਮੁੜ ਦਿੱਲੀ ਕਰ ਦਿੱਤੀ ਸੀ। ਭਗਤ ਨਾਮਦੇਵ ਜੀ ਨਾਲ ਵਾਪਰੀ ਇਹ ਘਟਨਾ 1327 ਤੋਂ 1335 ਦੇ ਵਿਚਕਾਰ ਦੀ ਹੋ ਸਕਦੀ ਹੈ ਜਦ ਸੁਲਤਾਨ ਮਹਾਰਾਸ਼ਟਰਾ ਵਿਚ ਸੀ। ਮੁਹੰਮਦ-ਬਿਨ-ਤੁਗ਼ਲਕ ਨੂੰ ਅਪਣੇ ਰਾਜ ਲਈ ਜੋ ਵੀ ਖਤਰਾ ਲਗਦਾ ਸੀ ਉਹ ਹਰ ਉਸ ਇਨਸਾਨ ਨੂੰ ਬੜੀ ਬੇਰਿਹਮੀ ਨਾਲ ਮਾਰਦਾ ਸੀ। ਜ਼ਰੂਰ ਉਸ ਇਲਾਕੇ ਦੇ ਬ੍ਰਾਹਮਣਾਂ ਨੇ ਭਗਤ ਜੀ ਦੇ ਖਿਲਾਫ ਸੁਲਤਾਨ ਕੋਲ ਝੂਠੀਆਂ ਸ਼ਿਕਾਇਤਾਂ ਪਹੁੰਚਾਈਆਂ ਹੋਣਗੀਆਂ। ਇਸ ਸ਼ਬਦ ਤੋਂ ਸਾਫ਼ ਹੋ ਜਾਂਦਾ ਹੈ ਕਿ ਸੁਲਤਾਨ ਭਗਤ ਜੀ ਦੀ ਨਿਰਭਉ ਅਵਸਥਾ ਦੇ ਨਾਲ-ਨਾਲ ਉਨ੍ਹਾਂ ਦੇ ਸ਼ਰਧਾਲੂਆਂ ਦਾ ਸਾਥ ਦੇਣ ਤੋਂ ਪ੍ਰਭਾਵਿਤ ਸੀ। ਉਸ ਨੂੰ ਵੀ ਇਹ ਇਹਸਾਸ ਹੋ ਗਿਆ ਹੋਵੇਗਾ ਇਕ ਉਸ ਕੋਲ ਝੂਠੀਆਂ ਸ਼ਿਕਾਇਤਾਂ ਹੀ ਪੁਜੀਆਂ ਹਨ।
 
ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬਾਬਰ ਨੇ ਜੇਲ ਵਿਚ ਕੈਦ ਕੀਤਾ ਸੀ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਗਵਾਲਿਅਰ ਦੇ ਕਿੱਲੇ ਵਿਚ ਕੈਦ ਕੀਤਾ ਸੀ। ਇਨ੍ਹਾਂ ਨੂੰ ਮੁਗਲ ਬਾਦਸ਼ਾਹਾਂ ਵਲੋਂ ਛੱਡਨ ਦਾ ਕਾਰਨ ਵੀ ਇਹ ਹੀ ਬਣਿਆ ਸੀ। ਨਿਰਭਉ ਅਵਸਥਾ ਵਿਚ ਗੁਰੂ ਸਾਹਿਬ ਵਲੋਂ ਦੂਜੇ ਕੈਦੀਆਂ ਨੂੰ ਢਾਰਸ ਦੇਣ ਦੀਆਂ ਖਬਰਾਂ ਬਾਦਸ਼ਾਹ ਤਕ ਪੁਜੀਆਂ ਸਨ। ਗਵਾਲਿਅਰ ਦੇ ਕਿੱਲੇ ਬਾਹਰ ਤਾਂ ਸਿੱਖ ਸੰਗਤ ਵਹੀਰਾਂ ਘੱਤ ਕੇ ਕਿੱਲੇ ਦੀ ਦਿਵਾਰ ਨੂੰ ਨੱਤਮਸਤਕ ਹੋਣ ਪੁਜਦੀਆਂ ਸਨ। ਇਹ ਸਭ ਨੂੰ ਵੇਖ ਕੇ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਣ ਵਿਚ ਹੀ ਆਪਣਾ ਰਾਜਨੀਤਕ ਲਾਭ ਸਮਝਿਆ। ਨਿਰਭਉ ਅਵਸਥਾ ਵਿਚ ਸਿਧਾਂਤਾ ਤੇ ਕਦੇ ਸਮਝੋਤਾ ਨਹੀਂ ਹੋ ਸਕਦਾ। ਸਿਧਾਂਤਾ ਤੇ ਸਮਝੋਤਾ ਕਰਨ ਨਾਲੋਂ ਰੱਬ ਦਾ ਸੱਚਾ ਭਗਤ ਸ਼ਹਾਦਤ ਨੂੰ ਪਰਵਾਨ ਕਰਦਾ ਹੈ, ਜੋ ਰਾਹ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਜੀ ਨੇ ਚੁਣਿਆ ਸੀ।
 
ਇਸ ਸ਼ਬਦ ਦੀ ਤੀਸਰੀ ਅਤੇ ਚੌਥੀ ਪੰਕਤੀ ਵਿਚ ਭਗਤ ਨਾਮਦੇਵ ਜੀ ਨੇ ਸਾਫ਼-ਸਾਫ਼ ਸਮਝਾ ਦਿੱਤਾ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਮਰਿਆ ਹੋਇਆ ਜੀਵ ਦੁਬਾਰਾ ਜੀਵਤ ਨਹੀਂ ਹੋ ਸਕਦਾ। ਇਹ ਸਿਧਾਂਤ ਪੱਕਾ ਕਰਵਾਉਣ ਦੇ ਬਾਦ ਇਸ ਨਾਲ ਸਮਝੋਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਜਿਸ਼ਾਂ ਤੇ ਪਰਦਾ ਪਿਆ ਰਹੇ ਇਸੇ ਲਈ ਮਰੀ ਹੋਈ ਗਾਂ ਨੂੰ ਜੀਵਾਲਣ ਦੀ ਕਹਾਣੀ ਦਾ ਪ੍ਰਚਾਰ ਕੀਤਾ ਗਿਆ। ਪਰ ਜੇਕਰ ਕੋਈ ਇਹ ਕਹੇ ਕਿ ਮਰੇ ਸ਼ਰੀਰ ਵਿਚ ਦੁਬਾਰਾ ਜੀਵਨ ਨਹੀਂ ਆ ਸਕਦਾ ਤਾਂ ਅਗੋਂ ਝੱਟ ਜਵਾਬ ਮਿਲਦਾ ਹੈ- ਸਤਿਗੁਰੁ ਮੇਰਾ ਮਾਰਿ ਜੀਵਾਲੈ ॥ (ਮਃ ੫, ਪੰਨਾ 1142) ਇਸੇ ਗਲ ਤੋਂ ਤਾਂ ਲੇਖ ਦੀ ਸ਼ਰੂਆਤ ਕੀਤੀ ਸੀ ਕਿ ਕਹਾਣੀ ਨੂੰ ਅਧਾਰ ਬਣਾਕੇ ਗੁਰਬਾਣੀ ਨੂੰ ਫਿੱਟ ਕੀਤਾ ਜਾਂਦਾ ਹੈ। ਮਾਰ ਜੀਵਾਲਣ ਤੋਂ ਭਾਵ ਗੁਰੂ ਦੇ ਗਿਆਨ ਸਦਕਾ ਮਾਯਾ ਵਿਚ ਭਿੱਜੀ ਸੁਰਤ ਨੂੰ ਮਾਰ ਕੇ ਨਰੋਆ ਆਤਮਕ ਜੀਵਨ ਦੇਣ ਦੀ ਗਲ ਹੈ।
 
ਮੋਰੋਕੋ (Morocco) ਦਾ ਮਸ਼ਹੂਰ ਯਾਤਰੂ ਇੱਬਨ ਬਤੂਤਾ (Ibn Batuta) ਬਹੁਤ ਪ੍ਰਸਿੱਧ ਹੋਇਆ ਹੈ। ਉਸਨੇ ਦੁਨਿਆ ਦੇ ਵੱਖ-ਵੱਖ ਦੇਸ਼ਾਂ ਦੀ ਅਪਣੀ ਯਾਤਰਾ ਦੇ ਬੜੇ ਲੰਮੇ ਵੇਰਵੇ ਲਿੱਖੇ ਹਨ। ਉਹ 1334-1341 ਤਕ ਭਾਰਤ ਵਿਚ ਰਿਹਾ ਅਤੇ ਸੁਲਤਾਨ ਨੇ ਉਸ ਨੂੰ ਦਿੱਲੀ ਸਲਤਨਤ ਵਿਚ ਕਾਦੀ (ਜੱਜ) ਦੀ ਨੋਕਰੀ ਤੇ ਰਖਿਆ ਸੀ। ਉਸ ਵਲੋਂ ਦਿੱਤੇ ਕੁਛ ਵੇਰਵੇਆਂ ਦਾ ਇਥੇ ਜ਼ਿਕਰ ਕਰਦੇ ਹਾਂ ਜੋ ਭਗਤ ਜੀ ਦੇ ਸਮਕਾਲੀ ਮਹੌਲ ਨੂੰ ਸਮਝਨ ਵਿਚ ਲਾਭਕਾਰੀ ਹੋ ਸਕਦਾ ਹੈ।
 
ਉਹ ਮੁਹੰਮਦ-ਬਿਨ-ਤੁਗ਼ਲਕ ਬਾਰੇ ਲਿਖਦਾ ਹੈ “ਇਹ ਸੱਭ ਦਾ ਬਾਦਸ਼ਾਹ ਹੈ, ਇਹ ਤੋਹਫ਼ੇ ਲੈਣ-ਦੇਣ ਅਤੇ ਲਹੂ ਵਹਾਉਣ ਦਾ ਸ਼ੌਕੀਨ ਹੈ। ਉਸਦੇ ਦਰਵਾਜ਼ੇ ਤੇ ਹਰ ਸਮੇਂ ਗਰੀਬ ਲੋਕ ਅਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਜ਼ਿੰਦਾ ਲੋਕ ਮੌਤ ਦੇ ਘਾਟ ਉਤਾਰੇ ਜਾਂਦੇ ਹਨ। ਉਸਦੀ ਖੁੱਲ੍ਹ-ਦਿਲੀ ਅਤੇ ਹਿੰਮਤ ਦੇ ਨਾਲ-ਨਾਲ ਅਪਰਾਧੀਆਂ ਪ੍ਰਤੀ ਉਸਦੀ ਕਰੂਰਤਾ ਅਤੇ ਹਿੰਸਾ ਦੀਆਂ ਕਹਾਣੀਆਂ ਮੌਜੂਦ ਹਨ।“
ਇੱਬਨ ਬਤੂਤਾ ਬਾਦਸ਼ਾਹ ਦੇ ਦਰਬਾਰ ਨੂੰ ਇਸ ਤਰਾਂ ਬਿਆਣਦਾ ਹੈ, "ਇੱਕ ਸੌ ਸ਼ਸਤ੍ਰ-ਧਾਰੀ ਸੱਜੇ ਪਾਸੇ ਅਤੇ ਇਨ੍ਹੇ ਹੀ ਖੱਬੇ ਪਾਸੇ, ਢਾਲਾਂ, ਤਲਵਾਰਾਂ ਅਤੇ ਭਾਲੇ ਲੈਕੇ ਖੜੇ ਹੁੰਦੇ ਹਨ। ਹੋਰ ਕਾਰਜਕਰਤਾ ਅਤੇ ਵਿਸ਼ਿਸ਼ਟ ਲੋਕ ਹਾਲ ਦੇ ਨਾਲ ਸੱਜੇ ਅਤੇ ਖੱਬੇ ਖੜ੍ਹੇ ਹੁੰਦੇ ਹਨ। ਫਿਰ ਉਹ ਸੱਠ ਘੋੜੇ ਸ਼ਾਹੀ ਸਾਜ਼ ਨਾਲ ਲੈਸ ਲੈ ਕੇ ਆਉਂਦੇ ਹਨ ਜਿਨ੍ਹਾਂ ਵਿਚੋਂ ਅੱਧੇ ਸੱਜੇ ਅਤੇ ਅੱਧੇ ਖੱਬੇ ਪਾਸੇ ਹੁੰਦੇ ਹਨ, ਜਿਥੇ ਸੁਲਤਾਨ ਉਨ੍ਹਾਂ ਨੂੰ ਵੇਖ ਸਕਦਾ ਹੈ। ਉਪਰੰਤ ਪੰਜਾਹ ਹਾਥੀ ਲਿਆਏ ਜਾਂਦੇ ਹਨ, ਜਿਹੜੇ ਰੇਸ਼ਮੀ ਕਪੜੇ ਨਾਲ ਸ਼ਿੰਗਾਰੇ ਹੋਏ ਹਨ, ਅਤੇ ਅਪਰਾਧੀਆਂ ਨੂੰ ਮਾਰਨ ਵਿਚ ਵਧੇਰੇ ਕੁਸ਼ਲਤਾ ਲਈ ਉਨ੍ਹਾਂ ਦੇ ਦੰਦਾਂ ਨੂੰ ਲੋਹੇ ਨਾਲ ਜੱੜੀਆ ਜਾਂਦਾ ਹੈ। ਹਰੇਕ ਹਾਥੀ ਦੀ ਗਰਦਨ ਤੇ ਉਸਦਾ ਮਹਾਵਤ ਬੈਠਾ ਹੁੰਦਾ ਹੈ, ਜੋ ਹੱਥ ਵਿਚ ਲੋਹੇ ਦੀ ਕੁਲਹਾੜੀ ਨਾਲ ਹਾਥੀ ਨੂੰ ਮਾਰਕੇ ਉਸ ਤੋਂ ਜੋ ਕੰਮ ਕਰਵਾਉਣਾ ਹੁੰਦਾ ਹੈ ਉਸਦਾ ਨਿਰਦੇਸ਼ ਦਿੰਦਾ ਹੈ। ਹਰੇਕ ਹਾਥੀ ਦੀ ਪਿੱਠ ਤੇ ਇਕ ਵੱਡਾ ਪੇਟੀ-ਨੁਮਾ ਆਸਣ ਹੁੰਦਾ ਹੈ ਜਿੱਥੇ ਵੀਹ ਦੇ ਕਰੀਬ ਸਿਪਾਹੀ (ਹਾਥੀ ਦੇ ਆਕਾਰ ਅਨੁਸਾਰ ਘਟ ਜਾਂ ਵੱਧ) ਬੈਠ ਸਕਦੇ ਹਨ। ਇਨ੍ਹਾਂ ਹਾਥੀਆਂ ਨੂੰ ਸੁਲਤਾਨ ਦਾ ਆਦਰ ਕਰਨ ਅਤੇ ਸਿਰ ਝੁਕਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਅਤੇ ਜਦੋਂ ਹਾਥੀ ਅਜਿਹਾ ਕਰਦੇ ਹਨ ਤਾਂ ਸਾਰੇ ਦਰਬਾਰੀ ਉੱਚੀ ਆਵਾਜ਼ ਵਿੱਚ ਬੋਲਦੇ ਹਨ- ਬਿਸਮਿਲਾਹ।“
ਇੱਕ ਵਾਰ ਇੱਬਨ ਬਤੂਤਾ ਖੁਦ ਸੁਲਤਾਨ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਤ ਦੀ ਸਜ਼ਾ ਤੋਂ ਖੁਸ਼ਕਿਸਮਤੀ ਨਾਲ ਬਚ ਗਿਆ। ਸੁਲਤਾਨ ਇੱਕ ਸੂਫ਼ੀ (ਸ਼ਿਹਾਬ-ਅਦ-ਦੀਨ) ਦੇ ਨਾਲ ਉਸਦੇ ਮੇਲ ਮਿਲਾਪ ਤੋਂ ਖੁਸ਼ ਨਹੀਂ ਸੀ ਜੋ ਬਾਗੀ ਸੁਰ ਰੱਖਦਾ ਸੀ। 
ਸੂਫ਼ੀ ਨੇ ਸੁਲਤਾਨ ਦੀ ਰਾਜਨੀਤੀ ਦੀ ਆਲੋਚਨਾ ਕੀਤੀ ਅਤੇ ਸੁਲਤਾਨ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬਦਲੇ ਵਿਚ ਸੁਲਤਾਨ ਨੇ ਇਸਦੀ ਦਾੜ੍ਹੀ ਦੇ ਇੱਕ-ਇੱਕ ਕਰਕੇ ਵਾਲਾਂ ਨੂੰ ਪੁਟਵਾਇਆ, ਫਿਰ ਉਸਨੂੰ ਦਿੱਲੀ ਤੋਂ ਬਾਹਰ ਕੱਢ ਦਿੱਤਾ। ਬਾਅਦ ਵਿਚ ਸੁਲਤਾਨ ਨੇ ਉਸਨੂੰ ਦਰਬਾਰ ਵਿਚ ਵਾਪਸ ਆਣ ਦਾ ਆਦੇਸ਼ ਦਿੱਤਾ, ਜਿਹੜਾ ਸੂਫ਼ੀ ਨੇ ਇਨਕਾਰ ਕਰ ਦਿੱਤਾ। ਉਸਨੂੰ ਗ੍ਰਿਫਤਾਰ ਕਰ ਲਿਆ ਗਿਆ, ਬਹੁਤ ਹੀ ਭਿਆਨਕ ਢੰਗ ਨਾਲ ਤਸੀਹੇ ਦਿੱਤੇ ਗਏ, ਫਿਰ ਉਸਦਾ ਸਿਰ ਕਲਮ ਕਰ ਦਿੱਤਾ ਗਿਆ। ਅਗਲੇ ਦਿਨ ਸੁਲਤਾਨ ਨੇ ਉਸਦੇ ਦੋਸਤਾਂ ਦੀ ਸੂਚੀ ਦੀ ਮੰਗ ਕੀਤੀ, ਜਿਸ ਵਿਚ ਇੱਬਨ ਬਤੂਤਾ ਦਾ ਨਾਮ ਸ਼ਾਮਲ ਸੀ। ਨੌਂ ਦਿਨਾਂ ਤੱਕ ਉਹ ਨਿਗਰਾਨੀ ਹੇਠ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਦਹਿਸ਼ਤ ਵਿੱਚ ਰਿਹਾ। ਉਹ ਲਿਖਦਾ ਹੈ, "ਮੈਂ ਪੰਜ ਦਿਨ ਲਗਾਤਾਰ ਰੋਜ਼ੇ ਰੱਖੇ, ਹਰ ਰੋਜ਼ ਸ਼ੁਰੂ ਤੋਂ ਅੰਤ ਤਕ ਕੁਰਾਨ ਪੜ੍ਹੀ, ਅਤੇ ਪਾਣੀ ਤੋਂ ਬਿਨਾਂ ਕੁਝ ਵੀ ਚੱਖ ਕੇ ਨਹੀਂ ਦੇਖਿਆ। ਪੰਜ ਦਿਨਾਂ ਬਾਅਦ ਮੈਂ ਆਪਣਾ ਰੋਜ਼ਾ ਤੋੜ ਲਿਆ ਅਤੇ ਫਿਰ ਹੋਰ ਚਾਰ ਦਿਨ ਤੱਕ ਰੋਜ਼ੇ ਰੱਖੇ, ਅਤੇ ਉਸ ਸ਼ੇਖ ਦੀ ਮੌਤ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ, ਅੱਲਾ ਦੀ ਉਸਤੱਤ ਕਰੋ।" ਇਸ ਘਟਨਾ ਉਪਰੰਤ ਸੁਲਤਾਨ ਨੇ ਇੱਬਨ ਬਤੂਤਾ ਨੂੰ ਚੀਨ ਦਾ ਰਾਜਦੂਤ ਨਿਯੁਕਤ ਕੀਤਾ ਅਤੇ ਉਹ ਚੀਨ ਦੀ ਯਾਤਰਾ ਲਈ ਨਿਕਲ ਗਿਆ।
 
ਇੱਬਨ ਬਤੂਤਾ ਦੇ ਉਪਰ ਦਿੱਤੇ ਵੇਰਵੇ ਵਿਚੋਂ ਕੁਛ ਨੁਕਤੇ:
1) ਸੁਲਤਾਨ ਅਪਣੇ ਰਾਜ ਦੇ ਹਰ ਉਸ ਸ਼ਖਸ ਨੂੰ ਬੇਰਿਹਮੀ ਨਾਲ ਮਾਰ ਦਿੰਦਾ ਸੀ, ਜਿਹੜਾ ਉਸ ਨੂੰ ਅਪਣੇ ਰਾਜ  ਦੇ ਖਿਲਾਫ਼ ਜਾਪੇ। ਉਹ ਨਾ ਸਿਰਫ ਹਿੰਦੂ ਬਲਕਿ ਮੁਸਲਿਮ ਫ਼ਕੀਰਾਂ ਨੂੰ ਵੀ ਨਹੀਂ ਬਖਸ਼ਦਾ ਸੀ। ਪਰ ਉਹ ਸਜ਼ਾ ਪੜਤਾਲ ਕਰਨ ਉਪਰੰਤ ਦਿੰਦਾ ਸੀ ਅਤੇ ਨਿਰਦੋਸ਼ ਨੂੰ ਛੱਠ ਦਿੱਤਾ ਜਾਂਦਾ ਸੀ, ਜਿਵੇਂ ਇੱਬਨ ਬਤੂਤਾ ਨੂੰ ਛੱਠ ਦਿੱਤਾ ਗਿਆ ਸੀ (ਬਗੈਰ ਕੋਈ ਚਮਤਕਾਰ ਵੇਖੇ)।
2) ਹਾਥੀ ਦੁਆਰਾ ਕੁਚਲ ਕੇ ਮਾਰ ਦੇਣ ਦੀ ਸਜ਼ਾ ਭਰੇ ਦਰਬਾਰ ਵਿਚ ਦਿੱਤੀ ਜਾਂਦੀ ਸੀ। ਪਰ ਹਾਥੀਆਂ ਨੂੰ ਸਿਖਲਾਈ ਮਿਲੀ ਸੀ ਕਿ ਮਾਰਨਾ ਹੈ, ਕੇਵਲ ਡਰਾਉਣਾ ਹੈ ਜਾਂ ਨਮਸਕਾਰ ਕਰਨੀ ਹੈ। ਇਹ ਹਾਥੀ ਦੀ ਪਿੱਠ ਤੇ ਬੈਠਾ ਮਹਾਵਤ ਨਿਰਦੇਸ਼ ਦਿੰਦਾ ਸੀ ਜੋ ਸੁਲਤਾਨ ਦੇ ਆਦੇਸ਼ ਅਨੁਸਾਰ ਹੁੰਦਾ ਸੀ।
 
ਮਰੀ ਗਉ ਨੂੰ ਜੀਵਾਲਣ ਦੀ ਕਹਾਣੀ ਇਤਨੀ ਮਕਬੂਲ ਹੋ ਗਈ ਕਿ ਇਸ ਸ਼ਬਦ ਦੇ ਅਰਥ ਕਰਨ ਲਗਿਆਂ ਸੋਚ ਦੇ ਬੰਨ੍ਹ ਵਜਨਾ ਸੁਭਾਵਿਕ ਹੈ। ਇਸ ਲਈ ਇਸ ਸ਼ਬਦ ਦੀ ਜ਼ਿਆਦਾ ਪੰਕਤੀਆਂ ਦੇ ਅਰਥ ਕਹਾਣੀ ਨੂੰ ਅਧਾਰ ਬਣਾ ਕੇ ਹੀ ਕੀਤੇ ਗਏ। ਦੂਸਰੀ ਪੰਕਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਵਲੋਂ ਕੀਤੇ ਹਨ ਕਿ "(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ, ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ।" ਇਨ੍ਹਾਂ ਅਰਥਾਂ ਨਾਲ ਕਹਾਣੀ ਦਾ ਮੁਢ ਬੱਝ ਗਿਆ ਅਤੇ ਅਗਲੀਆਂ ਪੰਕਤੀਆਂ ਦੇ ਅਰਥ ਵੀ ਉਸੇ ਤਰੀਕੇ ਨਾਲ ਕੀਤੇ ਗਏ ਜਿਸ ਨਾਲ ਕਹਾਣੀ ਦੀ ਨਿਰੰਤਰਤਾ ਬਰਕਰਾਰ ਰਹੇ। ਚਾਹੀਦਾ ਤਾਂ ਇਹ ਸੀ ਕਿ ਸਿਧਾਂਤ ਦੀ ਨਿਰੰਤਰਤਾ ਨੂੰ ਬਰਕਰਾਰ ਰਖਦੀਆਂ ਅਰਥ ਕੀਤੇ ਜਾਂਦੇ। 22ਵੀਂ ਪੰਕਤੀ ਵਿਚ ਤਾਂ ਅਰਥ ਸਾਫ਼ ਬਣਦੇ ਹਨ ਕਿ "ਹੇ ਹਿੰਦੁ! ਮੈ (ਬਾਦਸ਼ਾਹ ਨੇ) ਤੇਰੀ ਗਾਂ ਬਖ਼ਸ਼ ਦਿੱਤੀ ਹੈ (ਭਾਵ, ਮਾਰ ਦੇਣ ਦਾ ਈਰਾਦਾ ਛੱਡ ਦਿੱਤਾ ਹੈ ਅਤੇ ਕਰਾਮਾਤ ਦੇਖਣ ਦੀ ਹੱਠ ਛੱਡ ਦਿੱਤੀ ਹੈ)।" ਜਿਸ ਤੋਂ ਪਤਾ ਲਗਦਾ ਹੈ ਕਿ ਕਿਸੇ ਗਾਂ ਨੂੰ ਮਾਰਿਆ ਹੀ ਨਹੀਂ ਸੀ, ਕੇਵਲ ਸਵਾਲ-ਜੁਆਬ ਚਲ ਰਿਹਾ ਸੀ। ਪਰ ਪ੍ਰੋ: ਸਾਹਿਬ ਸਿੰਘ ਜੀ ਨੇ ਇਸਦੇ ਅਰਥ ਕੀਤੇ-"ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ।"
  

15ਵੀਂ ਤੇ 16ਵੀਂ ਪੰਕਤੀ ਵਿਚ ਗੋਬਿੰਦ ਦਾ ਗਰੁੜ ਤੇ ਚੜ ਕੇ ਆਣ ਤੋਂ ਭੁਲੇਖਾ ਨਹੀਂ ਪੈਣਾ ਚਾਹੀਦਾ ਕਿਉਂਕੀ ਇਥੇ ਭਗਤ ਜੀ ਨੇ ਅਪਣੇ ਆਪ ਨੂੰ ਬੇੜੀਆਂ ਤੋਂ ਅਜ਼ਾਦ ਹੋਣ ਅਤੇ ਬਾਦਸ਼ਾਹ ਦੇ ਮਨ ਬਦਲਾਵ ਨੂੰ ਗੁਰ-ਸ਼ਬਦ ਦੇ ਸਹਾਰੇ ਪਰਮਾਤਮਾ ਦੀ ਕਲਾ ਦਸਿਆ ਹੈ। ਗੁਰਬਾਣੀ ਵਿਚ ਗੁਰੜ ਮਾਇਆ ਰੂਪੀ ਸੱਪ ਦੇ ਜ਼ਹਿਰ ਨੂੰ ਕੱਟਣ ਵਾਲਾ ਗੁਰ ਸ਼ਬਦ ਦੱਸਿਆ ਹੈ:
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥ (ਮ : ੩, ਪੰਨਾ 1260)
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ (ਮ : ੩, ਪੰਨਾ 1415)
ਯਾਦ ਰਹੇ ਭਗਤ ਨਾਮਦੇਵ ਜੀ ਦਾ ਰੱਬ ਉਹੀ ਹੈ ਜੋ ਕਦੇ ਆਂਦਾ-ਜਾਂਦਾ ਨਹੀਂ, ਹਰ ਸਮੇਂ ਨਾਲ ਹੀ ਹੈ, ਉਹ ਸਰਬਵਿਆਪਕ ਹਾਜਰਾ ਹਜੂਰ ਹੈ:
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ (ਭ. ਨਾਮਦੇਵ, ਪੰਨਾ 525) 
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥ (ਭ. ਨਾਮਦੇਵ, ਪੰਨਾ 988) 
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ (ਭ. ਨਾਮਦੇਵ, ਪੰਨਾ 485)
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥ (ਭ. ਨਾਮਦੇਵ, ਅੰਗ 485)
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ ॥ (ਭ. ਨਾਮਦੇਵ, ਪੰਨਾ 727)
 
ਇਸੇ ਤਰਾਂ 17ਵੀਂ ਤੇ 18ਵੀਂ ਪੰਕਤੀ ਵਿਚ ਭਗਤ ਜੀ ਪਰਮਾਤਮਾ ਵਿਚ ਅਪਣਾ ਪੂਰਨ ਵਿਸ਼ਵਾਸ ਦਰਸਾ ਰਹੇ ਹਨ। ਪਰਮਾਤਮਾ ਕੁਛ ਵੀ ਕਰ ਸਕਦਾ ਹੈ- ਧਰਤੀ ਟੇਢੀ ਕਰਨੀ ਜਾਂ ਉਲਟਾ ਦੇਣੀ, ਮਰੀ ਗਉ ਜੀਵਾਲ ਦੇਣੀ, ਆਦਿ। ਇਨ੍ਹਾਂ ਪੰਕਤੀਆਂ ਦੇ ਭਾਵ ਅਰਥ ਸਮਝਣੇ ਹਨ, ਇਸ ਤੋਂ ਇਹ ਅਰਥ ਨਹੀਂ ਕੱਢਣਾ ਕਿ ਗਾਂ ਨੂੰ ਜੀਵਾਲ ਦਿੱਤਾ ਸੀ ਜਾਂ ਧਰਤੀ ਉਲਟਾ ਦਿੱਤੀ ਸੀ। ਏਕੰਕਾਰ ਨੂੰ ਹਾਜਰਾ ਹਜੂਰ, ਹਰ ਸ਼ਹਿ ਦਾ ਕਰਤਾ, ਸਰਬ ਕਲਾ ਸਮਰਥ ਜਾਣ ਕੇ ਹੀ ਤਾਂ ਰੱਬ ਦਾ ਭਗਤ ਨਿਰਭਉ ਦੀ ਉਸ ਪਰਮ ਅਵੱਸਥਾ ਨੂੰ ਪ੍ਰਾਪਤ ਕਰਦਾ ਹੈ ਜਿਥੇ ਸਿਧਾਂਤ ਦੀ ਰਾਖੀ ਲਈ ਮੌਤ ਨੂੰ ਉਹ ਟਿੱਚ ਜਾਣਦਾ ਹੈ। ਰਹਾਉ ਦੀ ਪੰਕਤੀ ਵਿਚ ਸ਼ਬਦ ਦੀ ਟੇਕ ਬਾਰੇ ਸਾਫ਼ ਹੈ ਕਿ ਹੰਕਾਰ ਵਿਚ ਆਇਆ ਮਨੁਖ (ਸੁਲਤਾਨ) ਭਗਤ ਨੂੰ ਡਰਾ ਕੇ (ਬੰਨ੍ਹ ਕੇ) ਉਸਦੇ ਸਿੱਦਕ ਦੀ ਪਰਖ ਕਰਦਾ ਹੈ।
 
ਆਖਰੀ ਸ਼ਬਦ: ਗੁਰੂ ਪਿਆਰਿਓ! ਸਮਾਜ ਵਿਚ ਜੋ ਵੀ ਤਬਦੀਲੀ ਆਉਂਦੀ ਹੈ ਉਹ ਕ੍ਰਾਂਤੀਕਾਰੀ ਵਿਚਾਰਾਂ ਨਾਲ ਹੀ ਆਉਂਦੀ ਹੈ। ਕਿਸੇ ਗੈਰ ਕੁਦਰਤੀ ਚਮਤਕਾਰ ਨੇ ਅਜ ਤਕ ਸਮਾਜ ਦਾ ਕੁਛ ਨਹੀਂ ਸਵਾਰਿਆ। ਪਰ ਸਮਾਜ ਉਹ ਉਚਾਈਆਂ ਨਾ ਛੂ ਸਕੇ ਇਸ ਲਈ ਪ੍ਰਤੀਕ੍ਰਾਂਤੀ ਦਾ ਦੌਰ ਵੀ ਨਿਰੰਤਰ ਚਲਦਾ ਰਹਿੰਦਾ ਹੈ। ਚਮਤਕਾਰੀ ਕਹਾਨੀਆਂ ਕ੍ਰਾਂਤੀ ਦੇ ਵੇਗ ਨੂੰ ਕਮਜ਼ੋਰ ਕਰਕੇ ਪ੍ਰਤੀਕ੍ਰਾਂਤੀ ਦਾ ਪੱਖ ਪੂਰਦੀਆਂ ਹਨ ਅਤੇ ਸੰਘਰਸ਼ ਦਾ ਰਾਹ ਰੋਕਦੀਆਂ ਹਨ। ਇੱਕ ਵਾਸਤੇ ਮੰਦਿਰ ਘੁੰਮ ਜਾਏ ਪਰ ਬਾਕੀ ਸ਼ੂਦਰਾਂ ਨੂੰ ਧੱਕੇ ਪੈਂਦੇ ਰਹਿਣ, ਇਹ ਨਾਬਰਾਬਰੀ ਸੰਸਾਰ ਦਾ ਨਿਯਮ ਤਾਂ ਹੋ ਸਕਦਾ ਹੈ ਪਰ ਕਰਤਾਰ ਦਾ ਨਹੀਂ। ਨਿਰਵੈਰ ਰੱਬ ਇਹ ਵਿਤਕਰਾ ਨਹੀਂ ਕਰ ਸਕਦਾ ਕਿ ਇੱਕ ਨੂੰ ਹਿਰਾਸਤ ਤੋਂ ਰਿਹਾ ਕਰਵਾਉਣ ਵਾਸਤੇ ਮਰੀ ਗਾਂ ਨੂੰ ਜੀਵਾਲ ਦੇਵੇ ਪਰ ਦੂਜੀਆਂ ਦੀ ਪੁਲਿਸ ਤਸ਼ਦਦ ਨਾਲ ਮੌਤ ਉਪਰੰਤ ਲਾਸ਼ ਵੀ ਨਾ ਮਿਲੇ। ਗੁਰਬਾਣੀ ਬਾਰ-ਬਾਰ ਸਮਝਾ ਰਹੀ ਹੈ ਕਿ ਏਕੰਕਾਰ ਦਾ ਹੁਕਮ ਨਿਰਵੈਰ ਹੈ, ਸਭ ਤੇ ਇੱਕ ਸਮਾਨ ਵਰਤਦਾ ਹੈ, ਉਹ ਤਾਂ ਪਾਪੀ-ਪੁਣੀ, ਨਿੰਦਾ-ਉਸਤੱਤ ਵਿਚ ਵੀ ਭੇਦ ਨਹੀਂ ਕਰਦਾ:
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥ 
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ (ਮ:੪, ਪੰਨਾ 1421) 
ਇਸੇ ਲਈ ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋਵੇ ਅਸਲ ਵਿਚ ਉਹ ਅੰਨ੍ਹਾ ਨਹੀਂ, ਅੰਨ੍ਹਾ ਤਾਂ ਉਹ ਹੈ ਜੋ ਹੁਕਮ ਨੂੰ ਨਹੀਂ ਸਮਝਦਾ:
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥ (ਮ:੨, ਪੰਨਾ 954)
 
ਗੈਰ ਕੁਦਰਤੀ ਚਮਤਕਾਰਾਂ ਵਿਚ ਸ਼ਰਦਾ ਜਿਥੇ ਮਨੁੱਖ ਨੂੰ ਆਤਮਿਕ ਪਖੋਂ ਕਮਜ਼ੋਰ ਕਰ ਦਿੰਦੀ ਹੈ, ਉਥੇ ਹੀ ਸਵਾਲ ਪੁੱਛਣ ਦੀ ਕਾਬਲੀਅਤ ਵੀ ਖਤਮ ਕਰ ਦਿੰਦੀ ਹੈ। ਮਨੁਖ ਦਾ ਬੋਧਿਕ ਵਿਕਾਸ ਉਥੇ ਤਕ ਹੀ ਹੈ ਜਿਥੇ ਤਕ ਉਸਦੇ ਸਵਾਲਾਂ ਦੀ ਪਹੁੰਚ ਹੈ। ਗੁਰਬਾਣੀ ਸਵਾਲ ਪੁਛਣ ਦੀ ਕਾਬਲੀਅਤ ਨੂੰ ਉਸ ਸਿਖਰ ਤੇ ਲੈ ਜਾਂਦੀ ਹੈ ਜਿਸਦੇ ਜਵਾਬ ਦੀ ਖੋਜ ਵਿਚ ਇਨਸਾਨ ਪਰਮਾਤਮਾ ਦੇ ਹੁਕਮ ਵਿਚ ਚਲਣੇ ਨੂੰ ਹੀ ਸੱਚਾ ਮਾਰਗ ਜਾਣ ਲੈਂਦਾ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਮ:੧, 
ਪੰਨਾ ੧)  
Share


Tweet

Title:
Text:
URL:
1 Comment
Dr.P.S.Grover
13/9/2020 09:14:39 am

Well researched article. We need such kind of awakening. This is the dire need of the hour. This kind of malpractice on the part of our kathakars And parcharaks has been continuing since time immemorial. Our top body never paid any attention to these aspects as rightly pointed out in the instant article. In fact the body itself is the breeding place for this kind of genre. To add fuel to the fire our publishers of Sikhi literature brought out books based on these kind of brahminical stories. Unfortunately most of the kathakars read these books and mislead and misdirect the gullible Sikh people. I reserve my my further comments for a later date. Thank you dear for the enlightening article.

Reply



Leave a Reply.

    Author

    Gurpreet Singh GP is a Sikh activist and is the Author of Bilingual (Punjabi & English) book - Sole Enemy Of A Sikh, Brahmanism (Sikh da Ikko Vaeree, Brahmanvaad)

    Categories

    All India Lockdown Opinion

    RSS Feed

Home
About
Saakhi
Our Books
Blog
Merchandise
Contact
Privacy Policy
Get it on Google Play
Copyright © 2020 Sikh Saakhi. All Rights Reserved.