Sikh Saakhi
  • Home
  • About
  • Saakhi
  • Our Books
  • Blog
  • Merchandise
  • Contact
  • Privacy Policy
  • Home
  • About
  • Saakhi
  • Our Books
  • Blog
  • Merchandise
  • Contact
  • Privacy Policy
Search by typing & pressing enter

YOUR CART

The Incisive Pen


31/10/2020 0 Comments

ਮਾਨਸਕ ਰੋਗਾਂ ਬਾਰੇ ਅਗਿਆਨਤਾ ਦੂਰ ਕਰਨਾ ਸਮੇਂ ਦੀ ਲੋੜ

ਜੇ ਸਿੱਖ ਰਾਜਨੀਤੀ ਨੂੰ 'ਮੀਰੀ' ​ਮਣਦਾ ਹੈ ਤਾਂ ਫ਼ਿਰ ਰਾਜਨੀਤੀ ਦੇ ਅਸਰ ਹੇਠ ਹੋਂਦੀਆਂ ਵਿਗਿਆਨਕ ਖੋਜਾਂ ਵੀ ਤਾਂ ਮੀਰੀ ਦਾ ਹਿੱਸਾ ਹੀ ਹੋਈਆਂ

Picture
ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ ॥੧॥
ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
ਕਹੁ ਨਾਨਕ ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥ {ਪੰਨਾ 188}
 
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ {ਪੰਨਾ 611}
 
ਚਿੰਤਾ ਰੋਗ ਜਾਂ ਮਨੋ ਰੋਗ ਤਨ ਦੇ ਰੋਗਾਂ ਵਾਂਗ ਵਾਸਤਵਿਕ ਹਨ। ਹਰ ਕਿਸਮ ਦੇ ਰੋਗ ਦਾ ਕਾਰਨ ਰੱਬੀ ਨਿਯਮਾਂ ਵਿਚ ਕੋਈ ਨਾ ਕੋਈ ਵਿਗਾੜ ਹੀ ਹੁੰਦਾ ਹੈ।

ਕਾਫ਼ੀ ਰੋਗ ਮਨੁਖ ਆਪਣੇ ਨਿਜੀ ਜੀਵਨ ਵਿਚ ਸੁਧਾਰ ਕਰਕੇ ਜਿਵੇਂ ਪੌਸ਼ਟਿਕ ਖੁਰਾਕ, ਕਸਰਤ ਜਾਂ ਧਿਆਨ ਨਾਲ ਦੂਰ ਕਰ ਸਕਦਾ ਹੈ। ਪਰ ਬਹੁਤ ਸਾਰੇ ਰੋਗ ਮਨੁਖ ਦੇ ਨਿਜੀ ਨਾ ਹੋ ਕੇ ਸਮਾਜ ਵਿਚ ਆਈ ਕੁਰੀਤੀਆਂ ਕਾਰਨ ਵੀ ਹੁੰਦੇ ਹਨ। ਜਿਵੇਂ ਕਾਰਖਾਨਿਆਂ ਅਤੇ ਖੇਤੀ ਪੈਦਾਵਾਰ ਵਧਾਣ ਵਾਸਤੇ ਵਰਤੇ ਜਾਂਦੇ ਕੈਮਿਕਲਾਂ ਨੇ ਪਾਣੀ ਵਿਚ ਪਰਦੂਸ਼ਨ ਕੀਤਾ ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਫ਼ੈਲੀਆਂ।

ਭੁਖਮਰੀ ਦੇ ਹਾਲਾਤਾਂ ਵਿਚ ਮਾਂ ਅਪਣੇ ਭਰੂਣ ਨੂੰ ਸਹੀ ਖੁਰਾਕ ਨਹੀਂ ਦੇ ਪਾਂਦੀ ਜਿਸ ਕਾਰਨ ਨਵਜਨਮੇ ਬੱਚੇ ਵਿਚ ਕਈ ਤਰਾਂ ਦੇ ਸ਼ਰੀਰਕ ਤੇ ਦਿਮਾਗੀ ਵਿਕਾਰ ਨਾਲ ਪੈਦਾ ਹੁੰਦੇ ਹਨ। ਯੁਨਿਸੈਫ ਦੀ ਰਿਪੋਰਟ (UNICEF, World Children’s Report 2019) ਅਨੁਸਾਰ ਪੂਰੀ ਦੁਨਿਆ ਵਿਚ ਪੰਜ ਸਾਲ ਦੀ ਉਮਰ ਤੋਂ ਛੋਟੇ ਕੁਪੋਸ਼ਿਤ ਬਚਿਆਂ ਵਿਚੋਂ ਸਭ ਤੋਂ ਵਧ ਭਾਰਤ ਵਿਚ ਹਨ। 

​
ਪੂਜਾਰੀ ਚਾਹੇ ਕੈਂਸਰ ਪੀੜਤਾਂ ਜਾਂ ਨਵਜਨਮੇ ਬਚਿਆਂ ਵਿਚ ਵਿਕਾਰਾਂ ਦਾ ਕਾਰਨ ਉਹਨਾ ਦੇ ਪਿਛਲੇ ਜਨਮ ਦੇ ਕਰਮ ਦੱਸੇ ਪਰ ਗੁਰੂ 'ਰਾਜੇ ਸੀਹ ਮੁਕਦਮ ਕੁਤੇ' ਨੂੰ ਦੋਸ਼ੀ ਹੀ ਮਣਦਾ ਹੈ।

ਕੋਰੋਨਾ ਵਾਈਰਸ ਕਾਰਨ ਲੋਕਾਂ ਦਾ ਇੱਕ-ਦੂਜੇ ਨਾਲ ਮੇਲ-ਮਿਲਾਪ ਬੰਦ ਹੋ ਗਿਆ। ਆਪਣੇ ਨਜ਼ਦੀਕੀਆਂ ਨੂੰ ਮਿਲਣਾ ਵੀ ਮੁਸ਼ਕਿਲ ਹੋ ਗਿਆ। ਲੋਕ ਧਾਰਮਕ ਅਸਥਾਨਾ ਤੇ ਵੀ ਨਾ ਜਾ ਪਾਏ। ਇਸ ਇੱਕਲੇਪਨ ਕਾਰਨ ਪੂਰੀ ਦੁਨਿਆ ਵਿਚ ਮਾਨਸਕ ਬੀਮਾਰੀਆਂ ਵਿਚ ਭਿਆਨਕ ਵਾਧਾ ਹੋਇਆ ਹੈ। ਇਥੋਂ ਤਕ ਕੀ ਮਰੀਜ਼ਾਂ ਦਾ ਈਲਾਜ ਕਰਦੇ ਡਾਕਟਰਾਂ ਵਿਚ ਵੀ ਤਨਾਅ ਭਰੇ ਮਾਹੌਲ ਕਾਰਨ ਮਾਨਸਕ ਬਿਮਾਰੀਆਂ ਵਧੀਆਂ ਹਨ। ਇਸਦਾ ਇੱਕ ਕਾਰਨ ਜ਼ਿਆਦਾ ਸਮਾਂ ਮੁੰਹ ਤੇ ਮਾਸਕ ਪਾਉਣਾ ਅਤੇ ਘੁਟਨ ਵਾਲੀ ਪੌਸ਼ਾਕ (PPE Kit) ਪਾਉਣਾ ਵੀ ਹੈ।

ਮਾਇਆ ਦਾ ਪ੍ਰਭਾਵ ਇਸ ਤਰਾਂ ਦੇ ਵਿਗਾੜ ਵਿਚੋਂ ਵੀ ਸਮਝਨਾ ਪਵੇਗਾ। ਇਸ ਰੱਬੀ ਹੁਕਮ ਦੇ ਵਰਤਾਰੇ ਦੀ ਸਮਝ ਵਿਚੋਂ ਹੀ ਦੁਆ-ਦਾਰੂ ਦੇ ਨਾਲ-ਨਾਲ ਸਮਾਜਕ ਚੇਤਨਤਾ ਦਾ ਰਸਤਾ ਅਪਣਾਉਣਾ ਪਵੇਗਾ। ਸਮਾਜਕ ਚੇਤਨਤਾ ਸਿਰਫ਼ ਜਾਗਰੁਕਤਾ ਹੀ ਨਹੀਂ ਬਲਕਿ ਕੁਦਰਤੀ ਸਰੋਤਾਂ (ਹਵਾ, ਪਾਣੀ, ਮਿੱਟੀ) ਦੀ ਸੰਭਾਲ ਅਤੇ ਪਰਦੂਸ਼ਨ ਕਰਦੇ ਭ੍ਰਿਸ਼ਟਾਚਾਰੀ ਤੰਤਰ ਖਿਲਾਫ਼ ਵਿਧਰੋਹ ਵੀ ਹੈ। ਇਸ ਰਸਤੇ ਦਾ ਪਾਂਧੀ ਹੀ ਹੁਕਮ ਵਿਚ ਕਿਹਾ ਜਾ ਸਕਦਾ ਹੈ ਅਤੇ ਇਹ ਹੀ ਪ੍ਰਭੂ ਦੀ ਸ਼ਰਨ ਹੈ ਜੋ 'ਕੋਟਿ ਬਿਘਨ' ਲਾ ਸਕਦਾ ਹੈ। ਮੀਰੀ ਪੀਰੀ ਦੇ ਗੁਣਾ ਦੇ ਸੁਮੇਲ ਨੂੰ ਇਸ ਪੱਖ ਤੋਂ ਵੀ ਸਮਝਣਾ ਪਵੇਗਾ। ਇਸ ਸਮਝ ਵਿਚੋਂ ਨਿਕਲੇ 'ਕਰਮ' ਹਰੀ ਦੀ ਭਗਤੀ ਬਣ ਜਾਂਦੇ ਹਨ, ਜਿਸ ਬਗੈਰ ਸਮਾਜ ਦਾ ਛੁਟਕਾਰਾ ਨਹੀਂ ਹੋਣਾ- ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥    

ਗੁਰੂ ਸਾਹਿਬ ਨੇ ਇਹ ਸਭ ਆਪ ਕਰ ਕੇ ਵਿਖਾਇਆ। ਜਿਥੇ ਗੁਰਬਾਣੀ ਨੇ ਸਿੱਖ ਨੂੰ ਰੱਬੀ ਹੁਕਮ ਨਾਲ ਜੋੜ ਕੇ ਉਸਦਾ ਰੂਹਾਨੀ ਵਿਕਾਸ ਕੀਤਾ ਉਥੇ ਹੀ ਗੁਰੂ ਅੰਗਦ ਸਾਹਿਬ ਜੀ ਨੇ ਜਗ੍ਹਾ-ਜਗ੍ਹਾ ਕੁਸ਼ਤੀ ਦੇ ਅਖਾੜੇ ਖੋਲੇ। ਗੁਰੂ ਅਰਜਨ ਸਾਹਿਬ ਜੀ ਨੇ ਤਰਨ-ਤਾਰਨ ਵਿਚ ਕੋਹੜੀ ਘਰ ਖੋਲਿਆ ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਕੀਰਤਪੁਰ ਵਿਚ ਬਹੁਤ ਵੱਡਾ ਦਵਾ-ਖਾਨਾ ਖੋਲਿਆ। ਗੁਰੂ ਹਰ ਕ੍ਰਿਸ਼ਨ ਜੀ ਨੇ ਦਿੱਲੀ ਵਿਚ ਚੇਚਕ ਦੇ ਮਰੀਜ਼ਾਂ ਦੀ ਸੇਵਾ ਕੀਤੀ ਅਤੇ ਮਰੀਜ਼ਾਂ ਨੇੜੇ ਰਹਿਣ ਕਾਰਨ ਉਹਨਾ ਖੁਦ ਨੂੰ ਬਿਮਾਰੀ ਨੇ ਆ ਘੇਰਿਆ। ਇਸ ਸਭ ਦੇ ਨਾਲ-ਨਾਲ ਕਪਟੀ ਪੂਜਾਰੀ ਅਤੇ ਸਮੇਂ ਦੇ ਜ਼ਾਲਮ ਹਾਕਮਾ ਖਿਲਾਫ਼ ਨਿਰੰਤਰ ਸੰਘਰਸ਼ ਚਲਦਾ ਰਿਹਾ। ਪਰ ਅਜ ਪੂਜਾਰੀ ਫ਼ਿਰ ਹਾਵੀ ਹੋ ਗਿਆ ਹੈ ਅਤੇ ਉਹ ਸਿੱਖੀ ਦੇ ਬਹੁ-ਪੱਖੀ ਗੁਣਾਂ ਨੂੰ ਉਜਾਗਰ ਨਹੀਂ ਹੋਣ ਦਿੰਦਾ ਜਿਸ ਕਾਰਨ ਸਿੱਖ ਵਿਵਸਥਾ-ਪਰਿਵਰਤਨ ਵਲ ਨਹੀਂ ਵਧ ਪਾ ਰਿਹਾ। ਮਾਨਸਕ ਰੋਗਾਂ ਬਾਰੇ ਅਗਿਆਨਤਾ ਵੀ ਇਸੇ ਕੜੀ ਦਾ ਹਿੱਸਾ ਹੈ।

​ਭਾਰਤ ਵਿਚ ਮਾਨਸਕ ਬਿਮਾਰੀਆਂ ਬਾਰੇ ਬਹੁਤ ਘਟ ਜਾਗਰੁਕਤਾ ਹੈ। ਜਿਸ ਕਰਕੇ ਲੋਕ ਬਾਬਿਆਂ ਜਾਂ ਡੇਰਿਆਂ ਤੇ ਜਾ ਕੇ ਆਪਣਾ ਸ਼ੋਸ਼ਣ ਕਰਵਾਉਂਦੇ ਹਨ। ਵਿਸ਼ਵ ਸਿਹਤ ਸੰਸਥਾ (WHO) ਅਨੁਸਾਰ ਦੁਨਿਆ ਵਿਚ 15% ਲੋਕ ਕਿਸੇ ਨਾ ਕਿਸੇ ਮਾਨਸਕ ਬਿਮਾਰੀ ਤੋਂ ਪ੍ਰਭਾਵਿਤ ਹਨ, ਜਦਕਿ ਭਾਰਤ ਵਿਚ ਇਹ ਇਸ ਤੋਂ ਵੀ ਵਧ ਹੈ। ਨੈਸ਼ਨਲ ਮੈਂਟਲ ਹੈਤਥ ਸਰਵੇ (NMH Survey 2016-2017) ਮੁਤਾਬਿਕ ਪੰਜਾਬ ਦਾ ਹਰ ਅਠਵਾਂ ਇਨਸਾਨ ਕਿਸੇ ਨਾ ਕਿਸੇ ਮਾਨਸਕ ਬਿਮਾਰੀ ਦਾ ਸ਼ਿਕਾਰ ਹੈ। 
​
ਮਾਨਸਕ ਬਿਮਾਰੀ ਕਈ ਤਰਾਂ ਦੀ ਹੋ ਸਕਦੀ ਹੈ। ਡਿਪਰੈਸ਼ਨ (Depression), ਔਬਸੈਸਿਵ ਕੰਪੱਲਸਿਵ ਡਿਸੌਰਡਰ (Obsessive Compulsive Disorder), ਬਾਈਪੋਲਰ (Bipoloar), ਮਨੋਭਾਜਨ (Schizophrenia), ਆਦਿ। ਮਨੋਰੋਗਾਂ ਕਰਕੇ ਇਨਸਾਨ ਨੂੰ ਕਈ ਤਰਾਂ ਦੇ ਭਰਮ ਅਤੇ ਪਰੇਸ਼ਾਨੀ ਹੁੰਦੀ ਹੈ। ਪਰ ਅਕਸਰ ਐਸੇ ਲੋਕਾਂ ਦੇ ਆਸ-ਪਾਸ ਰਹਿਣ ਵਾਲਿਆਂ ਨੂੰ ਮਨੋਰੋਗਾਂ ਬਾਰੇ ਘੱਟੋ-ਘੱਟ ਜਾਣਕਾਰੀ ਵੀ ਨਹੀਂ ਹੁੰਦੀ ਜਿਸ ਕਾਰਨ ਰੋਗੀਆਂ ਨੂੰ ਸਮੇਂ ਰਹਿੰਦੇ ਮਦਦ ਨਹੀਂ ਮਿਲ ਪਾਂਦੀ, ਜਿਸਦੇ ਗੰਭੀਰ ਸਿੱਟੇ ਨਿਕਲਦੇ ਹਨ।

ਇਹ ਸਭ ਮਨੋ ਵਿਗਿਆਨ ਦਾ ਵਿਸ਼ਾ ਹੈ। ਪਰ ਇਸ ਬਾਰੇ ਘਟ ਜਾਗਰੁਕਤਾ ਹੋਣ ਕਾਰਨ ਸਾਰੇ ਹੀ ਸਿਆਣੇ ਬਣੇ ਫਿਰਦੇ ਹਨ, ਤੇ ਫਿਰ ਧਾਰਮਕ ਲੋਕ ਕਿਵੇਂ ਪਿਛੇ ਰਹਿ ਜਾਣ। ਅਫ਼ਸੋਸ ਧਾਰਮਕ ਆਗੂਆਂ ਨੇ ਐਸੇ ਭਰਮਾਂ ਨੂੰ ਹੋਰ ਫ਼ੈਲਾਉਣ ਦਾ ਕੰਮ ਹੀ ਕੀਤਾ ਹੈ, ਜਿਸ ਕਾਰਨ ਸਮਾਜ ਵਿਚ ਮਾਨਸਕ ਬਿਮਾਰੀਆਂ ਬਾਰੇ ਅਗਿਆਨਤਾ ਕਾਇਮ ਹੈ। ਗੁਰੂਆਂ ਦਾ ਮਿਸਾਲੀ ਇਤਿਹਾਸ ਹੋਣ ਦੇ ਬਾਵਜੂਦ ਵੀ ਸਿੱਖ ਪਰਚਾਰਕਾਂ ਦਾ ਰੋਲ ਇਸ ਪੱਖੋਂ ਕੁਛ ਸ਼ਲਾਘਾਯੋਗ ਨਹੀਂ ਰਿਹਾ।

ਇਸ ਅਗਿਆਨਤਾ ਦਾ ਵੱਡਾ ਕਾਰਨ ਸਮਾਜ ਦੇ ਸਤਿਕਾਰ ਯੋਗ ਧਾਰਮਕ ਆਗੂ ਵੀ ਹਨ। ਜਿਵੇਂ ਗਿਆਨੀ ਸੰਤ ਸਿੰਘ ਜੀ ਸਮਕੀਨ ਅਕਸਰ ਕਥਾ ਕਰਦੇ-ਕਰਦੇ ਗੁਰਬਾਣੀ ਤੋਂ ਹਟ ਕੇ ਆਪਣੇ ਲੰਬੇ-ਲੰਬੇ ਨਿਜੀ ਤਜਰਬੇ ਸੁਣਾਉਣ ਲਗ ਜਾਂਦੇ ਸਨ ਜੋ ਕੀ ਉਹਨਾ ਨੂੰ ਵੱਖ-ਵੱਖ ਜਗ੍ਹਾ ਤੇ ਮਿਲੇ ਲੋਕਾਂ ਦੇ ਨਿਜੀ ਖਿਆਲ ਹੁੰਦੇ ਸਨ ਜੋ ਕਿਸੇ ਨਾ ਕਿਸੇ ਮਾਨਸਕ ਭਰਮਾਂ ਦਾ ਨਤੀਜਾ ਕਿਹਾ ਜਾ ਸਕਦਾ ਹੈ। ਲੋਕਾਂ ਨੂੰ ਐਸੀ ਕਹਾਨੀਆਂ ਬੜੀ ਰੋਚਕ ਲਗਦੀਆਂ ਹਨ। ਲੋਕੀਂ ਕੰਨ-ਰੱਸ ਨੂੰ ਹੀ ਰੂਹਾਨੀ ਅਨੰਦ ਸਮਝ ਬੈਠਦੇ ਹਨ ਅਤੇ ਐਸੇ ਯੂ-ਟਯੂਬ ਵਿਡੀਓ ਹੋਰਾਂ ਨਾਲ ਸ਼ੇਅਰ ਕਰਕੇ ਅਗਿਆਨਤਾ ਨੂੰ ਫੈਲਾਉਂਦੇ ਹਨ। ਇਸ ਨਾਲ ਸਮਾਜ ਵਿਚ ਭੂਤਾਂ-ਪਰੇਤਾਂ ਜਾਂ ਪਿਛਲੇ ਜਨਮਾਂ ਦਾ ਵੱਡੇ ਪਧਰ ਤੇ ਭਰਮ ਫੈਲਿਆ ਅਤੇ ਮਾਨਸਕ ਪਰੇਸ਼ਾਨੀਆਂ ਬਾਰੇ ਜਾਗਰੁਕਤਾ ਲਿਆਉਣ ਵਿਚ ਰੁਕਾਵਟ ਆਈ। ਕੁਛ ਭਰਮਾਂ ਬਾਰੇ ਚਰਚਾ ਕਰਨਾ ਜ਼ਰੂਰੀ ਹੈ:

ਮੌਤ ਦੇ ਨੇੜੇ ਦੇ ਤਜਰਬੇ (Near-Death Experiences, NDEs)
ਕਈ ਵਾਰ ਲੋਕ ਲੰਬੇ ਕੋਮਾ ਤੋਂ ਬਾਹਰ ਆਕੇ ਆਪਣੇ ਤਜਰਬੇ ਬਿਆਨ ਕਰਦੇ ਹਨ। ਦਿਲ ਦਾ ਦੌਰਾ ਪੈਣ ਤੋਂ ਬਾਦ ਹੋਸ਼ ਵਿਚ ਆਏ ਲੋਕਾਂ ਵਿਚ ਐਸਾ ਬਹੁਤ ਜ਼ਿਆਦਾ ਦੇਖਿਆ ਗਿਆ ਹੈ। ਐਸਾ ਵੀ ਹੁੰਦਾ ਹੈ ਕਈ ਵਾਰ ਰਿਸ਼ਤੇਦਾਰ ਦਿਲ ਦੀ ਧੜਕਣ ਬੰਦ ਹੋਣ ਕਾਰਨ ਮਰਿਆ ਸਮਝ ਲੈਂਦੇ ਹਨ, ਪਰ ਇਨਸਾਨ ਕੁਛ ਸਮੇਂ ਬਾਦ ਉਠ ਖਲੋਂਦਾ ਹੈ। ਦਰਅਸਲ ਦਿਲ ਦੀ ਧੜਕਣ ਬੰਦ ਹੋਣ ਉਪਰੰਤ ਵੀ ਦਿਮਾਗ ਦੇ ਕੁਛ ਹਿੱਸੇ ਚਲਦੇ ਰਹਿੰਦੇ ਹਨ। ਅਗਰ ਸਮੇਂ ਰਹਿੰਦਿਆਂ ਔਕਸੀਜਨ, ਸੀ.ਪੀ.ਆਰ. (CPR) ਜਾਂ ਕਿਸੇ ਹੋਰ ਵਜਾ ਨਾਲ ਦਿਲ ਦੀ ਧੜਕਣ ਵਾਪਸ ਆ ਜਾਵੇ ਤਾਂ ਇਨਸਾਨ ਮੁੜ ਉਠ ਖਲੋਂਦਾ ਹੈ। ਕਿਉਂਕੀ ਦਿਮਾਗ ਚਲ ਰਿਹਾ ਸੀ ਉਸਨੂੰ ਕਈ ਖਿਆਲ ਆਉਂਦੇ ਹਨ ਜਿਵੇਂ- ਸਵਰਗ, ਦੇਵਤੇ ਜਾਂ ਲੰਬੀ ਗੁਫ਼ਾ ਵਿਚੋਂ ਲੰਗਣਾ, ਆਦਿ। ਇਸੇ ਨੂੰ ਮੌਤ ਦੇ ਨੇੜੇ ਦੇ ਤਜਰਬੇ (Near-Death Experiences) ਦਾ ਨਾਂ ਦਿੱਤਾ ਗਿਆ ਹੈ।
​

ਆਧੁਨਿਕ ਸਮਝ ਅਨੁਸਾਰ ਦਿਮਾਗ ਦਾ ਕੰਮ ਕਰਨਾ ਬੰਦ (Brain-dead) ਹੋਣ ਨੂੰ ਮੌਤ ਮਨਿਆ ਜਾਂਦਾ ਹੈ। ਜਦੋਂ ਦਿਮਾਗ ਖੂਨ ਦੇ ਪ੍ਰਵਾਹ ਅਤੇ ਆਕਸੀਜਨ ਨਾਲ ਭੁੱਖਾ ਹੁੰਦਾ ਹੈ, ਮਰੀਜ਼ ਜਲਦ ਹੀ ਬੇਹੋਸ਼ ਹੋ ਜਾਂਦਾ ਹੈ। ਐਸੀ ਸਥਿਤੀ ਵਿਚ ਦਿਮਾਗ, ਜੋ ਕਿ ਬਿਜਲੀ ਦੀਆਂ ਗਤੀਵਿਧੀਆਂ ਪੈਦਾ ਕਰਨ ਦੇ ਸਮਰੱਥ ਰਹਿੰਦਾ ਹੈ, ਉਹ ਹੀ ਕਰਦਾ ਹੈ ਜੋ ਇਹ ਹਮੇਸ਼ਾਂ ਕਰਦਾ ਆਇਆ ਹੈ: ਇਹ ਵਿਅਕਤੀ ਦੇ ਅਨੁਭਵ, ਯਾਦਦਾਸ਼ਤ ਅਤੇ ਸਭਿਆਚਾਰਕ ਉਮੀਦਾਂ ਦੇ ਅਨੁਕੂਲ ਕਹਾਣੀ ਦੱਸਦਾ ਹੈ। ਇਸ ਤੋਂ ਲੰਘ ਰਹੇ ਵਿਅਕਤੀ ਲਈ, ਐਨਡੀਈ (NDEs) ਉਹਨਾ ਹੀ ਅਸਲ ਹੈ ਜਿਹਨਾ ਦਿਮਾਗ ਆਮ ਜਾਗਣ ਦੇ ਦੌਰਾਨ ਅਨੁਭਵ ਕਰਦਾ ਹੈ। ਜਦੋਂ ਪੂਰਾ ਦਿਮਾਗ ਪੂਰੀ ਤਰ੍ਹਾਂ ਬਿਜਲੀ ਦੇ ਨੁਕਸਾਨ ਕਾਰਨ ਬੰਦ ਹੋ ਜਾਂਦਾ ਹੈ, ਤਾਂ ਚੇਤਨਾ ਦੇ ਨਾਲ ਮਨ ਬੁਝ ਜਾਂਦਾ ਹੈ। ਜਦੋਂ ਆਕਸੀਜਨ ਅਤੇ ਖੂਨ ਦਾ ਪ੍ਰਵਾਹ ਬਹਾਲ ਹੁੰਦਾ ਹੈ, ਤਾਂ ਦਿਮਾਗ ਫਿਰ ਜਾਗ ਜਾਂਦਾ ਹੈ, ਅਤੇ ਤਜ਼ਰਬੇ ਦਾ ਬਿਰਤਾਂਤ ਫਿਰ ਸ਼ੁਰੂ ਹੁੰਦਾ ਹੈ।
​
ਭੂਤਾਂ-ਪਰੇਤਾਂ ਜਾਂ ਗੁਜ਼ਰ ਚੁਕੇ ਲੋਕਾਂ ਦਾ ਦਿਖਣਾ
ਭੂਤਾਂ-ਪਰੇਤਾਂ ਦਾ ਦਿਸਣਾ ਬਹੁਤ ਆਮ ਜਹੀ ਮਾਨਸਕ ਬਿਮਾਰੀ ਹੈ। ਸਮੇਂ ਸਿਰ ਈਲਾਜ ਹੋਣ ਨਾਲ ਇਹ ਜਲਦ ਹੀ ਠੀਕ ਵੀ ਹੋ ਜਾਂਦਾ ਹੈ। ਕਈ ਲੋਕਾਂ ਨੂੰ ਗੁਜ਼ਰ ਚੁਕੇ ਰਿਸ਼ਤੇਦਾਰਾਂ ਦਾ ਨਜ਼ਦੀਕ ਹੋਣ ਦਾ ਅਹਿਸਾਸ ਹੁੰਦਾ ਹੈ। ਕਈ ਵਾਰ ਇਹ ਬਹੁਤ ਸੁਖਦ ਅਨੁਭਵ ਹੁੰਦਾ ਹੈ। ਮਸ਼ਹੂਰ ਹਿੰਦੀ ਫ਼ਿਲਮ 'ਲਗੇ ਰਹੋ ਮੁਨਾ ਭਾਈ' ਨੇ ਇਸ ਮਸਲੇ ਤੇ ਜਾਗਰੁਕਤਾ ਲਿਆਉਣ ਵਿਚ ਸਾਕਾਰਾਤਮਕ ਰੋਲ ਨਿਭਾਯਾ ਸੀ। ਪਰ ਅਕਸਰ ਇਹ ਬਹੁਤ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਜੇਕਰ ਸਮੇਂ ਸਿਰ ਈਲਾਜ ਨਾ ਮਿਲੇ ਤਾਂ ਬੀਮਾਰੀ ਵਧ ਸਕਦੀ ਹੈ। ਸਮੇਂ ਸਿਰ ਈਲਾਜ ਕਰਾਉਣ ਨਾਲ ਇਹ ਭੂਤ-ਪਰੇਤ ਦਿਖਣੇ ਬੰਦ ਹੋ ਜਾਂਦੇ ਹਨ। ਅਗਿਆਨਤਾ ਵਸ਼ ਲੋਕ ਅਕਸਰ ਬਾਬਿਆਂ, ਡੇਰਿਆਂ ਜਾਂ ਤਾਂਤਰਿਕਾਂ ਦੇ ਚੱਕਰ ਵਿਚ ਫ਼ਸ ਜਾਂਦੇ ਹਨ।

​ਕਈ ਬਾਬਿਆਂ ਨੇ ਮਸ਼ਹੂਰ ਕੀਤਾ ਹੁੰਦਾ ਹੈ ਕਿ ਉਹਨਾ ਨੂੰ ਦੇਵੀ, ਦੇਵਤੇ ਜਾ ਗੁਰੂ ਦਰਸ਼ਨ ਦਿੰਦੇ ਹਨ। ਐਸੇ ਬਾਬਿਆਂ ਨੂੰ ਮੱਥਾ ਟੇਕਨ ਦੀ ਬਜਾਏ ਜਲਦ ਤੋਂ ਜਲਦ ਚੰਗੇ ਮਨੋਰੋਗਾਂ ਦੇ ਮਾਹਰ ਡਾਕਟਰ ਨੂੰ ਦਿਖਾਣਾ ਚਾਹੀਦਾ ਹੈ। ਇੱਕ ਸਿੱਖ ਦਾ ਸ਼ਬਦ-ਗੁਰੂ ਵਿਚ ਪੂਰਨ ਨਿਸ਼ਚਾ ਹੋਣਾ ਚਾਹੀਦਾ ਹੈ। ਸਿੱਖ ਨੂੰ ਸ਼ਬਦ-ਗੁਰੂ ਤੋਂ ਸਿਵਾ ਕਿਸੇ ਕਾਲਪਨਿਕ ਆਕਾਰ ਵਾਲੇ ਗੁਰੂ ਦੇ ਸ਼ਰੀਰ ਨੂੰ ਦੇਖਣ ਦੀ ਲਾਲਸਾ ਨਹੀਂ ਹੋਣੀ ਚਾਹੀਦੀ। ਜੇ ਮਨ ਵਿਚ ਐਸਾ ਫ਼ੁਰਨਾ ਹੈ ਕਿ ਕਦੇ ਕੋਈ ਸ਼ਰੀਰਕ ਰੂਪ ਵਿਚ ਗੁਰੂ ਦਰਸ਼ਨ ਦੇਣਗੇ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਮਜ਼ੋਰ ਨਿਸ਼ਚੇ ਦੀ ਨਿਸ਼ਾਨੀ ਹੀ ਕਹੀ ਜਾ ਸਕਦੀ ਹੈ। 

ਲੋਕ ਗੁਰੂ-ਸ਼ਬਦ ਦੇ ਭਾਵ ਨੂੰ ਸਮਝੇ ਬਗੈਰ ਅਕਸਰ ਇਹ ਕਹਿ ਦਿੰਦੇ ਹਨ ਕਿ ਗੁਰਬਾਣੀ ਵਿਚ ਵੀ ਭੂਤਾਂ ਪਰੇਤਾਂ ਦਾ ਜ਼ਿਕਰ ਆਇਆ ਹੈ। ਇਥੇ ਇਹ ਗਲ ਨਹੀਂ ਭੁਲਣੀ ਚਾਹੀਦੀ ਕਿ ਭੂਤ ਜਾਂ ਪਰੇਤ ਸ਼ਬਦ ਗੁਰਬਾਣੀ ਵਿਚ ਕਈ ਭਾਵਾਂ ਵਿਚ ਵਰਤੇ ਜਾਂਦੇ ਹਨ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨਕੋਸ਼ ਵਿਚ ਇਹਨਾ ਦੇ ਅਰਥ ਇਸ ਤਰਾਂ ਦੱਸੇ ਹਨ:

ਭੂਤ - ੧. ਇੱਕ ਜੱਟ ਜਾਤਿ। ੨. ਸੰ. ਵਿ- ਭਇਆ ਵੀਤਿਆ ਗੁਜ਼ਰਿਆ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍‍ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ.

ਪ੍ਰੇਤ - ਸੰ. ਵਿ- ਰਵਾਨਾ ਹੋਇਆ. ਗਿਆ ਹੋਇਆ। ੨. ਸੰਗ੍ਯਾ- ਮੁਰਦਾ. ਮੋਇਆ ਹੋਇਆ ਪ੍ਰਾਣੀ। ੩. ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ੪. ਨਰਕ ਵਿੱਚ ਰਹਿਣ ਵਾਲਾ ਜੀਵ। ੫. ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ, ਭੂਤ।

ਇਸੇ ਤਰਾਂ ਕਈ ਵਾਰ ਕੋਈ ਮਨੁਖ ਵੱਖਰੀਆਂ ਅਵਾਜ਼ਾਂ ਵਿਚ ਬੋਲਦਾ ਹੈ ਜਾਂ ਅਜੀਬ ਵਿਹਾਰ ਕਰਨ ਲਗ ਪੈਂਦਾ ਹੈ ਜੋ ਉਸ ਦੇ ਆਪਣੇ ਅਸਲ ਸਵਭਾਵ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਉਸਦੇ ਰਿਸ਼ਤੇਦਾਰ ਇਸ ਨੂੰ ਦੂਸਰੀ ਆਤਮਾ ਦਾ ਪਰਵੇਸ਼ ਸਮਝ ਬੈਠਦੇ ਹਨ। ਇਸਨੂੰ ਡਿਸੋਸੀਏਟਿਵ ਆਈਡੈਂਟਿਟੀ ਡਿਸਆਰਡਰ (Dissociative Identity Disorder, DID) ਕਹਿੰਦੇ ਹਨ। ਇਸ ਮਨੋ ਵਿਕਾਰ ਵਿਚ ਇੱਕ ਇਨਸਾਨ ਘੱਟੋ-ਘੱਟ ਦੋ ਵੱਖ-ਵੱਖ ਸ਼ਖਸੀਅਤਾਂ ਦੇ ਵਿਚ ਜੀਅ ਰਿਹਾ ਹੁੰਦਾ ਹੈ। ਇਹ ਅਕਸਰ ਉਹਨਾ ਵਿਚ ਦੇਖਿਆ ਗਿਆ ਹੈ ਜਿਹਨਾ ਦਾ ਬਚਪਨ ਵਿਚ ਸ਼ਰੀਰਕ ਸ਼ੋਸ਼ਣ ਹੋਇਆ ਹੋਏ ਜਾਂ ਜੰਗ ਵਰਗੇ ਹਾਲਾਤ ਵੇਖੇ ਹੋਣ। ਹਿੰਦੀ ਫ਼ਿਲਮ 'ਭੂਲ ਭੁਲਇਆ' ਦੀ ਕਹਾਣੀ ਦਾ ਵਿਸ਼ਾ ਇਸੇ ਬਿਮਾਰੀ ਤੇ ਅਧਾਰਤ ਸੀ। 

ਸਮੂਹਕ ਹਿਸਟੀਰੀਆ (Mass Hysteria)
ਮਨੋ ਵਿਕਾਰ ਇੱਕ ਆਦਮੀ ਤਕ ਸੀਮਤ ਹੋਣ ਤਾਂ ਉਸਦਾ ਨਜ਼ਦੀਕੀ ਉਸ ਵਿਚ ਬਦਲਾਅ ਮਹਿਸੂਸ ਕਰਕੇ ਮਦਦ ਕਰ ਸਕਦਾ ਹੈ। ਪਰ ਜਦ ਇੱਕੋ ਤਰਾਂ ਦੇ ਖਿਆਲ, ਅਵਾਂਜ਼ਾਂ ਜਾਂ ਆਕਾਰ ਇੱਕ ਨਾਲੋਂ ਵਧ ਲੋਕਾਂ ਨੂੰ ਮਹਿਸੂਸ ਹੋਣ ਲਗ ਜਾਣ ਤਾਂ ਵੱਡੇ ਪੱਧਰ ਤੇ ਲੋਕ ਇਸ ਨੂੰ ਸੱਚ ਮਣਨ ਲਗ ਜਾਂਦੇ ਨੇ ਅਤੇ ਮਦਦ ਮਿਲਣੀ ਮੁਸ਼ਕਲ ਹੋ ਜਾਂਦੀ ਹੈ।

ਸਮੂਹਕ ਹਿਸਟੀਰੀਆ ਉਹ ਵਰਤਾਰਾ ਹੈ ਜੋ ਸਮਾਜ ਵਿਚ ਫੈਲੀ ਅਫਵਾਹਾਂ ਅਤੇ ਡਰ ਕਾਰਨ ਇੱਕੋ ਜਹੇ ਭਰਮ ਭੁਲੇਖੇ ਨੂੰ ਇੱਕ ਅਬਾਦੀ ਵਿਚ ਸੰਚਾਰਿਤ ਕਰਦਾ ਹੈ। 'ਅਫਵਾਹਾਂ' ਅਤੇ 'ਡਰ' ਦਾ ਸੁਮੇਲ ਸਮਝਣਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਸਤਿਕਾਰਯੋਗ ਧਾਰਮਕ ਜਾਂ ਸਮਾਜਕ ਨੇਤਾ ਵੀ ਐਸੇ ਭਰਮਾਂ ਨਾਲ ਸਹਿਮਤ ਹੋਣ ਤਾਂ ਇਹ ਹੋਰ ਵੀ ਵੱਡੀ ਅਬਾਦੀ ਨੂੰ ਅਸਰ ਕਰਦਾ ਹੈ। ਇਸਨੂੰ ਸਮੂਹਕ ਮਨੋਵਿਗਿਆਨਕ ਬਿਮਾਰੀ (Mass Psychogenic Illness) ਜਾਂ ਸਮੂਹਕ ਜਨੂੰਨੀ ਵਿਵਹਾਰ (Collective Obsessional Behavior) ਵੀ ਕਹਿੰਦੇ ਹਨ।  

​ਪਿਛਲੇ ਕੁਛ ਸਾਲਾਂ ਵਿਚ ਸਮੂਹਕ ਹਿਸਟੀਰੀਆ ਦੇ ਉਦਾਹਰਣ ਜੋ ਬਹੁਤ ਮਸ਼ਹੂਰ ਹੋਏ:
੧) ਸਾਲ 1995 ਵਿਚ ਗਨੇਸ਼ ਦੀ ਮੂਰਤੀ ਦਾ ਦੁਧ ਪਿਣਾ ਬਹੁਤ ਚਰਚਾ ਦਾ ਵਿਸ਼ਾ ਰਿਹਾ। ਸਾਰਾ ਦੁਧ ਮੂਰਤੀ ਦੇ ਕੋਲ ਹੀ ਡਿਗ ਜਾਂਦਾ ਸੀ, ਫ਼ਿਰ ਵੀ ਲੋਕਾਂ ਨੂੰ ਮੂਰਤੀ ਹੀ ਦੁਧ ਪੀਂਦੀ ਨਜ਼ਰ ਆਈ।
​
੨) ਅਗਸਤ 2006 ਵਿਚ ਮੁੰਬਈ ਅਤੇ ਗੁਜਰਾਤ ਵਿਚ ਸਮੁੰਦਰ ਦਾ ਪਾਣੀ ਮਿੱਠਾ ਹੋਣ ਦੀ ਅਫਵਾਹ ਫੈਲੀ ਜੋ ਹਾਜੀ ਮਕਦੂਮ ਬਾਬਾ ਦਾ ਚਮਤਕਾਰ ਦੱਸਿਆ ਗਿਆ। ਲੋਕ ਵੱਡੀ ਤਾਦਾਰ ਵਿਚ ਸਮੁੰਦਰ ਦਾ ਗੰਦਾ ਪਾਣੀ ਪੀਣ ਲਗ ਪਏ।
੩) ਮਈ 2001 ਵਿਚ ਦਿੱਲੀ ਵਿਚ 'ਮੰਕੀ ਮੈਨ' (Monkey Man) ਦੇ ਹਮਲੇ ਕਰਨ ਦੀ ਅਫਵਾਹ ਫੈਲੀ। ਘੱਟੋ-ਘੱਟ 15 ਲੋਕਾਂ ਨੂੰ ਸੱਟਾਂ ਆਈਆਂ ਅਤੇ ਦੋ ਦੀ ਸੱਦਮੇ ਨਾਲ ਮੌਤ ਹੋਈ। ਮੈਡਿਕਲ ਰੀਪੋਰਟ ਤੋਂ ਪਤਾ ਲਗਾ ਕਿ ਜ਼ਖਮ ਸਵੈ-ਪ੍ਰਭਾਵਿਤ ਸਨ।
੪) ਜੁਲਾਈ 2017 ਵਿਚ ਦਿੱਲੀ ਅਤੇ ਹਰਿਆਣੇ ਦੇ ਪਿੰਡਾ ਵਿਚ ਔਰਤਾਂ ਨੇ ਕਿਸੇ ਰਹੱਸਮਈ ਤਾਕਤਾਂ ਹੱਥੋਂ ਅਪਣੇ ਵਾਲਾਂ ਦੀ ਗੁਤ ਕੱਟੇ ਜਾਣ ਦੀ ਗਲ ਦੱਸੀ।
੫) ਸਾਲ 2018 ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਬੱਚਾ-ਚੋਰੀ ਦੀ ਅਫਵਾਹ ਫੈਲੀ। ਇਸਨੇ ਘੱਟੋ-ਘੱਟ ੨੨ ਬੇਕਸੂਰ ਲੋਕਾਂ ਦੀ ਭੀੜ ਦੇ ਹੱਥੋਂ ਜਾਨ ਲੈ ਲਈ।
੬) 2019 ਵਿਚ ਚਮੋਲੀ, ਉੱਤਰਾਖੰਡ ਦੇ ਇੱਕ ਸਕੂਲ ਦੀਆਂ ਦਰਜਨਾਂ ਲੜਕੀਆਂ ਉੱਚੀ-ਉੱਚੀ ਚੀਕਣ ਲਗ ਪਈਆਂ ਅਤੇ ਹਿੰਸਕ ਵੀ ਹੋ ਗਈਆਂ। ਦਰਅਸਲ ਹੱੜਾਂ ਕਾਰਨ ਉਹਨਾ ਦੇ ਸਹ-ਪਾਠੀ ਦੀ ਮੌਤ ਹੋ ਗਈ ਸੀ, ਜਿਸਦੇ ਸੱਦਮੇ ਨੂੰ ਉਹ ਸਹਾਰ ਨਾ ਸਕੀਆਂ।

ਸਿੱਖ ਸਮਾਜ ਵੀ ਅਫਵਾਹਾਂ ਅਤੇ ਡਰ ਦੇ ਅਸਰ ਤੋਂ ਨਿਰਲੇਪ ਨਹੀਂ ਹੈ। ਹਜ਼ੂਰ ਸਾਹਿਬ ਵਿਚ ਭਾਂਡੇ ਖੜਕਣ ਦੀਆਂ ਅਵਾਜ਼ਾਂ ਸੁਣਨ ਦੀ ਗਵਾਈ ਦੇਣਾ ਜਾਂ ਕਿਸੇ ਧਾਰਮਕ ਅਸਥਾਨ ਤੇ ਸ਼ਹੀਦਾਂ ਨੂੰ ਪਹਿਰਾ ਕਰਦੇ ਦੇਖਣਾ ਸਮੂਹਕ ਹਿਸਟੀਰੀਆ ਦੀਆਂ ਹੀ ਉਦਾਹਰਣਾ ਹਨ।

ਮਨ ਦੀ ਇਸ ਸੁਕਸ਼ਮ ਕਮਜ਼ੋਰੀ ਨੂੰ ਰਾਜਨੇਤਾ ਬੜੀ ਚੰਗੀ ਤਰਾਂ ਜਾਣਦੇ ਹਨ। ਅਸੀਂ ਦੇਖਿਆ ਸੀ ਕਿਵੇਂ ਝੂਠੀਆਂ ਅਫ਼ਵਾਹਾਂ ਦੇ ਸਹਾਰੇ ਕਰੋਨਾ ਵਾਈਰਸ ਨੂੰ ਫੈਲਾਉਣ ਦਾ ਦੋਸ਼ ਲਗਾਕੇ ਮੁਸਲਮਾਨਾ ਖਿਲਾਫ਼ ਨਫ਼ਰਤ ਪੈਦਾ ਕੀਤੀ ਗਈ ਸੀ। ਇਸ ਨਫ਼ਰਤ ਨੇ ਕਈਆਂ ਦੀ ਜਾਨ ਲੈ ਲਈ ਸੀ। ਇਸ ਬ੍ਰਾਹਮਣਵਾਦੀ ਤੰਤਰ ਦਾ ਅਸਰ ਕਬੂਲਣ ਵਾਲਿਆਂ ਨੂੰ ਵਿਅੰਗਮਈ ਢੰਗ ਵਿਚ ਅਕਸਰ 'ਭਗਤ' ਕਰ ਕੇ ਸੰਬੋਧਨ ਕੀਤਾ ਜਾਂਦਾ ਹੈ।

ਮਿਲਦਾ-ਜੁਲਦਾ ਵਰਤਾਰਾ ਸਿੱਖ ਜਗਤ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸਿੱਖ ਵੀ ਬ੍ਰਾਹਮਣਵਾਦੀ ਤਾਕਤਾਂ ਦੇ ਪ੍ਰਭਾਵ ਹੇਠ ਆਏ ਧੜੇ, ਜਥੇਬੰਦੀਆਂ, ਬਾਬੇ, ਡੇਰੇ, ਕਥਾਵਾਚਕਾਂ ਦਾ 'ਭਗਤ' ਬਣਦਾ ਜਾ ਰਿਹਾ ਹੈ। ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਉਸਦੀ ਮਨਪਸੰਦ ਜਥੇਬੰਦੀ ਤੋਂ ਵੱਖ ਰਾਏ ਰਖਣ ਵਾਲੇ ਗੁਰਭਾਈ ਖਿਲਾਫ਼ ਉਹ ਨਫ਼ਰਤ ਕਰਨ ਲਗ ਜਾਂਦਾ ਹੈ ਤੇ ਸੋਧਾ ਲਾਉਣ ਜਾਂ ਗੁਰੁ ਘਰ ਦਿਆਂ ਸਟੇਜਾਂ ਤੋਂ ਬੇਦਖਲ ਕਰਨ ਦੇ ਫੁਰਮਾਨ ਜਾਰੀ ਕਰਨ ਲਗ ਜਾਂਦਾ ਹੈ। ਇਹ ਗੁਰਬਾਣੀ ਵਿਚਾਰਧਾਰਾ ਨੂੰ ਸੀਮਤ ਕਰ ਕੇ ਦੇਖਣ ਦੇ ਕੋਝੇ ਯਤਨ ਹਨ। ਇਸ ਰੁਝਾਣ ਨੂੰ ਜੇਕਰ ਨਾ ਰੋਕਿਆ ਗਿਆ ਤਾਂ ਇਹ ਪੰਥ ਨੂੰ ਬਹੁਤ ਪਿਛੇ ਧਕੇਲ ਦੇਵੇਗਾ। ਭਗਤ ਤਾਂ ਬਹੁਤ ਪਵਿੱਤਰ ਸ਼ਬਦ ਹੈ ਪਰ ਉਹ ਭਗਤ ਜੋ ਰੱਬੀ ਗੁਣਾ ਦਾ ਧਾਰਨੀ ਹੋਵੇ।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ {ਪੰਨਾ ੪}
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥ {ਪੰਨਾ 11}
 
ਗੁਰਬਾਣੀ ਬਾਰ-ਬਾਰ ਯਾਦ ਕਰਵਾਉਂਦੀ ਹੈ ਕਿ ਮਨੁਖੀ ਜੀਵਨ ਦਾ ਮਕਸਦ ਰੱਬੀ ਗੁਣਾ ਦਾ ਧਾਰਣੀ ਹੋਣਾ ਹੀ ਹੈ। ਰੱਬੀ ਗੁਣਾ ਤੋਂ ਘੱਟ ਅਗਰ ਮਨੁਖ ਅਪਣਾ ਨਿਸ਼ਚਾ ਕਿਸੇ ਚਮਤਕਾਰ, ਮੌਤ ਤੋਂ ਬਾਦ ਦੀ ਮੁਕਤੀ, ਸਵਰਗ, ਆਦਿ ਵਿਚ ਟਿਕਾਏਗਾ ਤਾਂ ਫ਼ਿਰ ਉਹ ਅਫਵਾਹਾਂ ਜਾਂ ਡਰ ਦਾ ਅਸਰ ਵੀ ਕਬੂਲ ਕਰੇਗਾ। ਪਰ ਗੁਰੂ ਆਸ਼ੇ ਅਨੁਸਾਰ ਅਗਰ ਸਿੱਖ ਨਿਰਭਉ ਨੂੰ ਧਿਆਏਗਾ ਫ਼ਿਰ ਕਿਸੇ ਕਿਸਮ ਦੇ ਡਰ ਅਤੇ ਭਰਮ ਉਸਨੂੰ ਡੋਲ ਨਹੀਂ ਸਕਣਗੇ।
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ {ਪੰਨਾ 11}
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥ ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥ {ਪੰਨਾ 296}
ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥  {ਪੰਨਾ 293} 
 
ਨਿਚੋੜ
ਜਿਵੇਂ ਕਿਸੇ ਦੀ ਹੱਡੀ ਟੁਟ ਜਾਏ ਉਹ ਹੱਡੀਆਂ ਦੇ ਡਾਕਟਰ ਕੋਲ ਜਾਵੇਗਾ, ਦਿਲ ਦਾ ਦੌਰਾ ਪੈਣ ਤੇ ਦਿਲ ਦੇ ਡਾਕਟਰ ਕੌਲ ਜਾਵੇਗਾ, ਅੱਖਾਂ ਦੀ ਤਕਲੀਫ਼ ਵਾਸਤੇ ਅੱਖਾਂ ਦੇ ਡਾਕਟਰ ਕੋਲ ਨਾ ਕਿ ਕਿਸੇ ਬਾਬੇ ਕੋਲ ਜਾਵੇਗਾ। ਉਸੇ ਤਰਾਂ ਮਾਨਸਕ ਰੋਗ ਦੇ ਈਲਾਜ ਵਾਸਤੇ ਵੀ ਮਨੋਰੋਗ ਦੇ ਡਾਕਟਰ ਕੋਲ ਜਾਵੋ ਨਾ ਕੀ ਕਿਸੇ ਡੇਰੇ ਜਾਂ ਕਿਸੇ ਬਾਬੇ ਕੋਲ। ਸਮਾਜ ਧਾਰਮਕ ਆਗੂਆਂ ਦਾ ਅਸਰ ਬਹੁਤ ਜਲਦੀ ਕਬੂਲਦਾ ਹੈ। ਸਿੱਖ ਪਰਚਾਰਕ ਸੰਗਤ ਨੂੰ ਇਸ ਬਾਰੇ ਵੀ ਜਾਗਰੁਕ ਕਰਨ ਤਾਂ ਸਮਾਜ ਦਾ ਬਹੁਤ ਭਲਾ ਹੋ ਸਕਦਾ ਹੈ। 

​ਜੇ ਸਿੱਖ ਰਾਜਨੀਤੀ ਨੂੰ 'ਮੀਰੀ' ਮਣਦਾ ਹੈ ਤਾਂ ਫ਼ਿਰ ਰਾਜਨੀਤੀ ਦੇ ਅਸਰ ਹੇਠ ਹੋਂਦੀਆਂ ਵਿਗਿਆਨਕ ਖੋਜਾਂ ਵੀ ਤਾਂ ਮੀਰੀ ਦਾ ਹਿੱਸਾ ਹੀ ਹੋਈਆਂ। ਗੁਰੂ ਵਲੋਂ ਬਖਸ਼ੇ ਮੀਰੀ-ਪੀਰੀ ਦੇ ਅਨਮੋਲ ਸਿਧਾਂਤ ਨੂੰ ਹਰ ਪੱਖ ਤੋਂ ਵੇਖਣਾ ਚਾਹੀਦਾ ਹੈ ਜਿਸ ਨਾਲ ਆਪਣੀ ਸਮਝ ਦਾ ਘੇਰਾ ਵਧੇ ਅਤੇ ਪੰਥ ਦਾ ਵਿਕਾਸ ਹੋਵੇ। ਜੇਹੜੀਆਂ ਵਿਗਿਆਨਕ ਖੋਜਾਂ ਪੀਰੀ ਦੇ ਦਿਸ਼ਾ ਨਿਰਦੇਸ਼ ਹੇਠ ਹੋਣਗੀਆਂ ਉਹ ਜਗਤ ਲਈ ਕਲਿਆਣਕਾਰੀ ਹੋਣਗੀਆਂ। ਕਿਉਂਕੀ ਸਿੱਖੀ ਦੀ ਪੀਰੀ ਰੱਬੀ ਹੁਕਮ ਦੀ ਸਮਝ ਵਿਚੋਂ ਜਨਮੀ ਹੈ।
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ {ਪੰਨਾ 72}
 
ਮਨੁਖੀ ਮਨ ਇੱਕ ਬੁਝਾਰਤ ਹੈ। ਇਹ ਅਣਗਿਣਤ ਸੰਸਕਾਰਾਂ ਦਾ ਸੁਮੇਲ ਹੈ। ਬਚਪਨ ਵਿਚ ਘੱਟੀਆਂ ਚੰਗੀ-ਮੰਦੀ ਯਾਦਾਂ, ਰਾਜਨਿਤਿਕ ਉਥਲ-ਪੁਥਲ ਵਿਚੋਂ ਪੈਦਾ ਹੋਏ ਹਾਲਾਤ, ਆਰਥਕ ਤੰਗੀ ਕਾਰਨ ਕੁਪੋਸ਼ਨ, ਅਖੋਤੀ ਨੀਵੀਂ ਜਾਤ ਵਿਚ ਪੈਦਾ ਹੋਣ ਕਾਰਨ ਗੁਲਾਮੀ ਜਾਂ ਅਖੋਤੀ ਉੱਚੀ ਜਾਤ ਦਾ ਹੰਕਾਰ, ਪੂਜਾਰੀ ਹੱਥੋਂ ਅਗਿਆਨਤਾ ਵਿਚ ਭਟਕਣਾ। ਇਹ ਸਭ ਹੀ ਤਾਂ ਕਈ ਜਨਮਾਂ ਦੀ ਕਾਲਖ ਹੈ ਜੋ ਮਨ ਤੇ ਲਗੀ ਪਈ ਹੈ।
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ {ਪੰਨਾ 651}
 
ਗੁਰੂ ਮੇਹਰ ਕਰੇ ਕਾਲਖ ਉੱਤਰ ਜਾਵੇ ਤਾਂਕੀ ਸਮਝ ਪੈ ਜਾਵੇ ਕਿ ਮਨ ਤਾਂ ਅਕਾਲ ਪੁਰਖ ਦੀ ਅੰਸ਼ ਹੀ ਹੈ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥ {ਪੰਨਾ 441}
Share


Tweet

Title:
Text:
URL:
0 Comments



Leave a Reply.

    Author

    Gurpreet Singh GP is a Sikh activist and is the Author of Bilingual (Punjabi & English) book - Sole Enemy Of A Sikh, Brahmanism (Sikh da Ikko Vaeree, Brahmanvaad)

    Categories

    All India Lockdown Opinion

    RSS Feed

Home
About
Saakhi
Our Books
Blog
Merchandise
Contact
Privacy Policy
Get it on Google Play
Copyright © 2020 Sikh Saakhi. All Rights Reserved.